ਸਰਪੰਚ ਦੀ ਕਹਾਣੀ

05/25/2018 2:22:10 PM


ਬੰਤ ਸਿੰਘ ਸੰਧੂ ਆਪਣੇ ਘਰ ਦੇ ਵਿਹੜੇ ਵਿਚ ਬੜੀ ਬੇਚੈਨੀ ਨਾਲ ਘੁੰਮ ਰਿਹਾ ਸੀ। ਉਸਦੇ ਮੱਥੇ ਤੇ
ਚਿੰਤਾ ਦੀਆਂ ਲਕੀਰਾਂ ਸਾਫ ਦੇਖੀਆਂ ਜਾ ਸਕਦੀਆਂ ਸਨ। ਉਹ ਵਾਰ-ਵਾਰ ਜੇਬ ਵਿਚ ਹੱਥ ਪਾਉਂਦਾ ਤੇ
ਆਪਣਾ ਰੁਮਾਲ ਕੱਢ ਕੇ ਮੱਥੇ ਦੇ ਆਉਂਦੇ ਪਸੀਨੇ ਨੂੰ ਸਾਫ ਕਰਦਾ। ਉਸਨੇ ਆਪਣੀ ਘਰਵਾਲੀ ਕਰਮ ਕੌਰ ਨੂੰ
ਆਵਾਜ਼ ਮਾਰੀ।
“ਕਰਮ ਕੁਰੇ... ਇਕ ਕੱਪ ਚਾਹ ਲਿਆਈ ਮੇਰੇ ਲਈ।''
“ਜੀ ਬਣਾਉਣੀ ਆਂ..।“ ਉਸਦੀ ਘਰਵਾਲੀ ਕਰਮ ਕੌਰ ਨੇ ਅੰਦਰੋਂ ਹੀ ਆਪਣੇ ਪਤੀ ਨੂੰ ਜੁਆਬ
ਦਿੱਤਾ।
ਬੰਤ ਸਿੰਘ ਸੰਧੂ ਫਿਰ ਤੇਜ਼ੀ ਨਾਲ ਆਪਣੇ ਘਰ ਦੇ ਵਿਹੜੇ ਵਿਚ ਘੁੰਮਣ ਲੱਗਾ। ਇੰਨੀ ਦੇਰ ਨੂੰ ਕਰਮ
ਕੌਰ ਅੰਦਰੋਂ ਚਾਹ ਬਣਾ ਕੇ ਲਿਆਈ ਅਤੇ ਆਪਣੇ ਘਰਵਾਲੇ ਨੂੰ ਪ੍ਰੇਸ਼ਾਨ ਦੇਖ ਕੇ ਪੁੱਛਿਆ।
“ਕੀ ਗੱਲ ਸਰਦਾਰ ਜੀ, ਬੜੇ ਪ੍ਰੇਸ਼ਾਨ ਲੱਗ ਰਹੇ ਹੋ?''
“ਕੁਝ ਨਹੀਂ... ਬੱਸ ਐਵੇਂ ਹੀ।“ ਬੰਤ ਸਿੰਘ ਨੇ ਬੇ-ਧਿਆਨੇ ਜਿਹੇ ਨੇ ਜੁਆਬ ਦਿੱਤਾ।
“ਨਹੀਂ ਜੀ, ਕੋਈ ਗੱਲ ਤਾਂ ਹੈ...?“ ਕਰਮ ਕੌਰ ਨੇ ਆਪਣੇ ਪਤੀ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ
ਨੂੰ ਦੇਖ ਲਿਆ ਸੀ।
“ਆਹ ਸਰਪੰਚੀ ਵਾਲਾ...!“ਬੰਤ ਸਿੰਘ ਨੇ ਆਪਣਾ ਵਾਕ ਪੂਰਾ ਨਾ ਕੀਤਾ।
“ਕੀ ਸਰਪੰਚੀ ਵਾਲਾ...?“ ਕਰਮ ਕੌਰ ਅਸਲ ਗੱਲ ਜਾਨਣ ਲਈ ਕਾਹਲੀ ਸੀ।
“ਤੈਨੂੰ ਤਾਂ ਪਤਾ ਹੀ ਹੈ ਕਰਮ ਕੁਰੇ... ਆਪਾਂ ਪਿਛਲੇ 10 ਸਾਲਾਂ ਤੋਂ ਪਿੰਡ ਦੇ ਸਰਪੰਚ ਹਾਂ... ਪਰ
ਐਤਕੀ ਸਰਕਾਰ ਨੇ ਨਵਾਂ ਪੰਗਾ ਪਾ ਦਿੱਤਾ ਹੈ।“ਬੰਤ ਸਿੰਘ ਨੇ ਆਪਣੀ ਘਰਵਾਲੀ ਕਰਮ ਕੌਰ ਨੂੰ ਪੂਰੀ ਗੱਲ
ਦੱਸਦਿਆਂ ਕਿਹਾ।
“ਕਿਹੜਾ ਪੰਗਾ...?''
“ਐਤਕੀ ਸਰਕਾਰ ਨੇ ਆਪਣੇ ਪਿੰਡ ਨੂੰ ਰੀਜ਼ਰਵ ਪਿੰਡ ਐਨਾਲ ਦਿੱਤਾ ਹੈ।''
“ਇਹ ਰੀਜ਼ਰਵ ਕੀ ਹੁੰਦਾ ਹੈ ਜੀ...?“ ਕਰਮ ਕੌਰ ਨੂੰ ਗੱਲ ਦੀ ਪੂਰੀ ਤਰ੍ਹਾਂ ਸਮਝ ਨਹੀਂ ਸੀ
ਆਈ।
“ਆਹੀ ਕਿ ਆਪਣੇ ਪਿੰਡ ਤੋਂ ਕੋਈ ਉੱਚੀ ਜਾਤ ਵਾਲਾ ਸਰਪੰਚ ਨਹੀਂ ਬਣ ਸਕਦਾ ਬਲਕਿ ਕੋਈ
ਪਛੜੀ ਜਾਤ ਵਾਲਾ ਹੀ ਪਿੰਡ ਦਾ ਸਰਪੰਚ ਬਣੂ।“ ਬੰਤ ਸਿੰਘ ਨੇ ਪੂਰੀ ਗੱਲ ਆਪਣੀ ਘਰਵਾਲੀ ਕਰਮ ਕੌਰ
ਨੂੰ ਸਮਝਾਉਂਦਿਆਂ ਕਿਹਾ।
“ਇਹ ਤਾਂ ਬਹੁਤ ਗਲਤ ਹੋਇਆ... ਭਲਾ ਕੋਈ ਪਛੜੀ ਜਾਤ ਵਾਲਾ ਜੱਟਾਂ ਤੇ ਸਰਪੰਚੀ ਕਰੂਗਾ
ਹੁਣ।“ ਕਰਮ ਕੌਰ ਨੇ ਗੁੱਸੇ ਨਾਲ ਕਿਹਾ।
“ਸਰਕਾਰ ਨੇ ਇਹੀ ਐਲਾਨ ਕੀਤਾ ਹੈ।“ਬੰਤ ਸਿੰਘ ਵੀ ਪ੍ਰੇਸ਼ਾਨ ਸੀ।
“ਚਲੋ ਕੋਈ ਨਾ... ਤੁਸੀਂ ਚਿੰਤਾ ਨਾ ਕਰੋ, ਆਪਾਂ ਤਾਂ ਆਪਣਾ ਰਾਜ ਚਲਾ ਲਿਆ ਪੂਰੇ 10 ਸਾਲ,
ਹੁਣ ਜਿਹੜਾ ਮਰਜ਼ੀ ਕਰੇ ਸਰਪੰਚੀ... ਆਪਾਂ ਕੀ ਲੈਣਾ?“ ਕਰਮ ਕੌਰ ਨੇ ਇਹ ਗੱਲ ਆਪਣੇ ਘਰਵਾਲੇ ਨੂੰ
ਤਸੱਲੀ ਦੇਣ ਲਈ ਕਹੀ।
“ਆਪਣੀ ਸਰਪੰਚੀ ਜਾਂਦੀ ਹੈ ਤਾਂ ਜਾਵੇ... ਪਰ ਕੋਈ ਪਛੜੀ ਜਾਤ ਵਾਲਾ ਸਰਪੰਚ ਸਾਹਬ ਕਹਾਊ...
ਇਹ ਨਹੀਂ ਸਹਿ ਹੋਣਾ ਜੱਟਾਂ ਤੋਂ...!“ਬੰਤ ਸਿੰਘ ਸੰਧੂ ਨੂੰ ਵੀ ਆਪਣੀ ਸਰਪੰਚੀ ਦੀ ਕੋਈ ਫਿਕਰ ਨਹੀਂ ਸੀ
ਬਲਕਿ ਕਿਸੇ ਪਛੜੀ ਜਾਤ ਵਾਲੇ ਦੇ ਸਰਪੰਚ ਬਣਨ ਤੇ ਇਤਰਾਜ਼ ਸੀ।
“ਇਹ ਤਾਂ ਜੀ ਤੁਸੀਂ ਠੀਕ ਕਹਿੰਦੇ ਹੋ... ਪਰ ਚੰਦਰੀ ਸਰਕਾਰ ਮੂਹਰੇ ਕਿਸੇ ਦਾ ਕੀ ਵੱਸ ਚੱਲਦੈ?
ਕਰਮ ਕੌਰ ਨੇ ਕਿਹਾ।
“ਚਲੋ ਦੇਖਦੇ ਹਾਂ ਅੱਗੇ ਕੀ ਹੁੰਦੈ...।“ਬੰਤ ਸਿੰਘ ਇੰਨਾ ਕਹਿ ਕੇ ਖੇਤਾਂ ਵੱਲ ਨੂੰ ਤੁਰ ਪਿਆ ਅਤੇ
ਕਰਮ ਕੌਰ ਰਸੋਈ ਵਿਚ ਰੋਟੀ-ਟੁਕ ਕਰਨ ਲਈ ਚਲੀ ਗਈ।
ਦੂਜੇ ਦਿਨ ਬੰਤ ਸਿੰਘ ਸੰਧੂ ਅਤੇ ਉਸਦੇ ਸਾਥੀ ਘਰ ਦੇ ਵਿਹੜੇ ਵਿਚ ਬੈਠ ਕੇ ਇਸ ਮੁਸੀਬਤ ਦਾ
ਹੱਲ ਕੱਢਣ ਵਿਚ ਵਿਚਾਰ-ਚਰਚਾ ਕਰ ਰਹੇ ਸਨ।
“ਆਹ ਤਾਂ ਸਰਕਾਰ ਹੀ ਨਿਕੰਮੀ ਹੈ... ਬਈ ਕੋਈ ਪੁੱਛਣ ਆਲਾ ਹੋਵੇ ਜਦੋਂ ਪਿੰਡ ਜੱਟਾਂ ਦਾ ਹੈ ਫਿਰ
ਸਰਪੰਚ ਵੀ ਤਾਂ ਜੱਟ ਹੀ ਬਣਨਾ ਚਾਹੀਦਾ... ਕੋਈ ਕੰਮੀ ਕਿਵੇਂ ਪਿੰਡ ਦਾ ਸਰਪੰਚ ਬਣ ਸਕਦਾ ਹੈ?“ ਸੁੱਖਾ
ਸਿੰਘ ਨੇ ਆਪਣੇ ਮਨ ਦੇ ਗੁੱਸੇ ਨੂੰ ਕੱਢਦਿਆਂ ਕਿਹਾ।
“ਬਈ ਅੱਜਕਲ੍ਹ ਇਹਨਾਂ ਕੰਮੀਆਂ ਦੀ ਹਰ ਥਾਂ ਤੇ ਸੁਣਵਾਈ ਹੈ... ਜੱਟਾਂ ਨੂੰ ਕੌਣ ਪੁੱਛਦਾ ਹੁਣ।“
ਨਛੱਤਰ ਸਿੰਘ ਨੇ ਆਪਣੇ ਮਨ ਦੇ ਗੁਬਾਰ ਨੂੰ ਬੰਤ ਸਿੰਘ ਸੰਧੂ ਅਤੇ ਹੋਰ ਸਾਥੀਆਂ ਸਾਹਮਣੇ ਪੇਸ਼ ਕੀਤਾ।
“ਤੁਸੀਂ ਸਾਰੇ ਠੀਕ ਕਹਿ ਰਹੇ ਹੋ... ਪਰ ਐਤਕੀਂ ਆਪਣੇ ਪਿੰਡ ਦਾ ਸਰਪੰਚ ਤਾਂ ਕੋਈ ਨੀਵੀਂ ਜਾਤ
ਵਾਲਾ ਹੀ ਬਣੂ ਅਤੇ ਜੱਟਾਂ ਤੇ ਰਾਜ ਕਰੂ।“ ਬੰਤ ਸਿੰਘ ਨੇ ਬਹੁਤ ਦੁੱਖੀ ਲਿਹਾਜੇ ਵਿਚ ਕਿਹਾ।
ਬੰਤ ਸਿੰਘ ਸੰਧੂ ਦੇ ਵਿਹੜੇ ਵਿਚ ਬੈਠੇ ਸਾਰੇ ਆਪਣੀਆਂ ਵਿਚਾਰਾਂ ਕਰ ਹੀ ਰਹੇ ਸਨ ਕਿ ਕਰਮ ਕੌਰ
ਸਭ ਲਈ ਚਾਹ ਬਣਾ ਲਿਆਈ। ਸਭ ਨੇ ਚਾਹ ਵਾਲੇ ਗਿਲਾਸ ਫੜ੍ਹ ਲਏ ਅਤੇ ਸਰਪੰਚੀ ਦੀਆਂ ਵਿਚਾਰਾਂ ਫਿਰ
ਚੱਲ ਪਈਆਂ।
“ਸਰਪੰਚ ਸਾਹਬ, ਇਸ ਸਮੱਸਿਆ ਦਾ ਹੱਲ ਤਾਂ ਕੱਢਣਾ ਹੀ ਪਊ, ਭਾਵੇਂ ਜੋ ਮਰਜ਼ੀ ਹੋ ਜਾਵੇ।“
ਸੁੱਖਾ ਸਿੰਘ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ।
“ਚਲੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ...!!!“ਬੰਤ ਸਿੰਘ ਨੇ ਮੱਠੀ ਜਿਹੀ ਆਵਾਜ਼ ਵਿਚ ਕਿਹਾ।
ਉਹ ਸਾਰੇ ਅਜੇ ਇਹ ਵਿਚਾਰ ਕਰ ਹੀ ਰਹੇ ਸਨ ਕਿ ਇੰਨੇ ਨੂੰ ਬੰਤ ਸਿੰਘ ਸੰਧੂ ਦਾ ਨੌਕਰ (ਸੀਰੀ)
ਨੇਕਾ ਦੁੱਧ ਦੀ ਭਰੀ ਬਾਲਟੀ ਲੈ ਕੇ ਉਹਨਾਂ ਦੇ ਵਿਹੜੇ ਵਿਚ ਆ ਗਿਆ ਅਤੇ ਕਰਮ ਕੌਰ ਨੂੰ ਕਿਹਾ।
“ਸਰਦਾਰਨੀ ਜੀ, ਸਸ ਰੀ ਕਾਲ਼।“
“ਸਸ ਰੀ ਕਾਲ਼..।“ ਕਰਮ ਕੌਰ ਨੇ ਜੁਆਬ ਦਿੱਤਾ।
“ਜੀ, ਆਹ ਦੁੱਧ ਫੜ੍ਹ ਲਉ...।“ਨੇਕ ਸਿੰਘ ਨੇ ਦੁੱਧ ਵਾਲੀ ਬਾਲਟੀ ਕਰਮ ਕੌਰ ਨੂੰ ਫੜ੍ਹਾਉਂਦਿਆਂ
ਕਿਹਾ।
“ਅੱਜ ਬੜੀ ਦੇਰ ਲਾ 'ਤੀ ਨੇਕਿਆ?“ ਕਰਮ ਕੌਰ ਨੇ ਨੇਕੇ ਤੋਂ ਦੇਰੀ ਦਾ ਕਾਰਨ ਪੁੱਛਿਆ।
“ਜੀ, ਨਿੱਕੀ (ਇੱਕ ਸਿੰਗੀ) ਮੱਝ ਨੇ ਦੇਰ ਕਰਵਾ 'ਤੀ... ਸਵੇਰ ਦੀ ਤੰਗ ਕਰ ਰਹੀ ਸੀ... ਹੁਣ ਜਾ
ਕੇ ਦੁੱਧ ਕੱਢਿਆ।“ਨੇਕੇ ਨੇ ਪੂਰੀ ਗੱਲ ਕਰਮ ਕੌਰ ਨੂੰ ਦੱਸਦਿਆਂ ਕਿਹਾ।
“ਠੀਕ ਹੈ...।“ਕਰਮ ਕੌਰ ਨੇ ਕਿਹਾ।
“ਚੰਗਾ ਸਰਦਾਰਨੀ ਜੀ, ਮੈਂ ਚੱਲਦਾਂ...।“
“ਠੀਕ ਹੈ... ਡੰਗਰ ਸ਼ਾਮੀ ਅੰਦਰ ਬੰਨ ਦੇਵੀਂ ਤੇ ਮੋਟਰ ਤੇ ਹੀ ਪੈ ਜਾਵੀਂ ਰਾਤੀਂ।“
“ਜੀ... ।“
ਨੇਕਾ ਘਰ ਦੇ ਵਿਹੜੇ ਵਿਚ ਆਇਆ ਜਿੱਥੇ ਬੰਤ ਸਿੰਘ ਅਤੇ ਉਸਦੇ ਸਾਥੀ ਬੈਠੇ ਸਰਪੰਚੀ ਬਾਰੇ
ਵਿਚਾਰਾਂ ਕਰ ਰਹੇ ਸਨ।
“ਸਰਦਾਰ ਜੀ, ਸਸ ਰੀ ਕਾਲ।“ ਨੇਕੇ ਨੇ ਬੰਤ ਸਿੰਘ ਸੰਧੂ ਦੇ ਕੋਲੋਂ ਲੰਘਦਿਆਂ ਉੱਚੀ ਆਵਾਜ਼ ਵਿਚ
ਕਿਹਾ।
ਬੰਤ ਸਿੰਘ ਨੇ ਜਦੋਂ ਨਜ਼ਰ ਘੁੰਮਾ ਕੇ ਆਪਣੇ ਨੌਕਰ ਨੇਕੇ ਵੱਲ ਦੇਖਿਆ ਤਾਂ ਇਕ ਪਲ ਲਈ ਉਸਦੀ
ਸੋਚ ਕਿਸੇ ਹੋਰ ਦੁਨੀਆ ਵਿਚ ਚਲੀ ਗਈ। ਉਸਦੀਆਂ ਨਜ਼ਰਾਂ ਅਚਾਨਕ ਚਮਕ ਉੱਠੀਆਂ ਜਿਵੇਂ ਉਸਨੂੰ ਕੋਈ
ਗੁਆਚੀ ਚੀਜ਼ ਲੱਭ ਗਈ ਹੋਵੇ। ਉਹ ਸੋਚਾਂ ਦੇ ਸਮੁੰਦਰ ਵਿਚ ਗੁਆਚ ਗਿਆ ਅਤੇ ਉਸਨੇ ਨੇਕੇ ਦੀ ਸਸ ਰੀ
ਕਾਲ ਦਾ ਕੋਈ ਜੁਆਬ ਨਾ ਦਿੱਤਾ।
ਇੰਨੀ ਦੇਰ ਨੂੰ ਨੇਕਾ ਸਾਰਿਆਂ ਦੇ ਨੇੜੇ ਆ ਗਿਆ ਤੇ ਉਸਨੇ ਫਿਰ ਉੱਚੀ ਆਵਾਜ਼ ਵਿਚ ਕਿਹਾ।
“ਮੈਂ ਕਿਹਾ ਸਰਦਾਰ ਜੀ, ਸਸ ਰੀ ਕਾਲ਼..।“
ਬੰਤ ਸਿੰਘ ਦੀਆਂ ਸੋਚਾਂ ਦੀ ਲੜ੍ਹੀ ਟੁੱਟ ਗਈ ਅਤੇ ਉਹ ਅੱਬੜਵਾਹੇ ਬੋਲਿਆ।
“ਸਸ ਰੀ ਕਾਲ਼ਥਥ ਸਸ ਰੀ ਕਾਲ।“
“ਕੀ ਗੱਲ ਸਰਦਾਰ ਜੀ, ਬੜੇ ਪ੍ਰੇਸ਼ਾਨ ਲੱਗ ਰਹੇ ਹੋ?“ ਨੇਕੇ ਨੇ ਆਪਣੇ ਮਾਲਕ ਨੂੰ ਪ੍ਰੇਸ਼ਾਨ ਦੇਖ ਕੇ
ਪੁੱਛਿਆ।
“ਨਹੀਂ, ਕੋਈ ਗੱਲ ਨਹੀਂ ਨੇਕਿਆ!''
“ਨਾ ਜੀ, ਕੋਈ ਗੱਲ ਤਾਂ ਹੈ... ਨਹੀਂ ਤਾਂ ਤੁਸੀਂ ਹਮੇਸ਼ਾ ਖੁਸ਼ ਹੀ ਰਹਿੰਦੇ ਹੋ ਪਰ ਅੱਜ ਬੜ੍ਹੇ ਮਾਯੂਸ
ਜਾਪਦੇ ਹੋ...।“ ਨੇਕੇ ਨੇ ਆਪਣੇ ਸਰਦਾਰ ਜੀ ਦੇ ਚਿਹਰੇ ਨੂੰ ਪੜ੍ਹ ਲਿਆ ਜਾਪਦਾ ਸੀ।
“ਹਾਂ ਨੇਕਿਆ, ਬੜੀ ਪ੍ਰੇਸ਼ਾਨੀ ਆਣ ਪਈ ਹੈ ਸਿਰ ਤੇ...।“
“ਕੀ ਗੱਲ ਹੋ ਗਈ...?“
ਇੰਨੇ ਚਿਰ ਨੂੰ ਅੰਦਰੋਂ ਕਰਮ ਕੌਰ ਵੀ ਆ ਗਈ ਅਤੇ ਆਪਣੇ ਨੌਕਰ ਨੇਕੇ ਨੂੰ ਸਾਰੀ ਗੱਲ ਕਹਿ
ਸੁਣਾਈ। ਨੇਕਾ ਪੂਰੀ ਗੱਲ ਸੁਣਨ ਤੋਂ ਬਾਅਦ ਬੋਲਿਆ।
“ਇਹ ਤਾਂ ਜੀ ਬਹੁਤ ਬੁਰਾ ਕੀਤਾ ਸਰਕਾਰ ਨੇ... ਭਲਾ ਜੇ ਸਰਦਾਰੀਆਂ ਜੱਟ ਨਾ ਕਰਨਗੇ ਤਾਂ ਫਿਰ
ਕੌਣ ਕਰੂਗਾ...?“ ਨੇਕੇ ਨੂੰ ਇਹ ਸੁਣ ਕੇ ਬੁਰਾ ਲੱਗਾ ਜਾਪਦਾ ਸੀ ਕਿ ਇਸ ਵਾਰ ਉਹਨਾਂ ਦਾ ਸਰਦਾਰ
ਸਰਪੰਚ ਨਹੀਂ ਬਣ ਸਕਦਾ।
“ਉਹ ਤਾਂ ਤੂੰ ਸਮਝ ਰਿਹੈ ਨੇਕਿਆ... ਸਰਕਾਰ ਚੰਦਰੀ ਨੂੰ ਕੌਣ ਸਮਝਾਵੇ।“ ਕਰਮ ਕੌਰ ਨੇ ਨੇਕੇ
ਦੀ ਗੱਲ ਨੂੰ ਟੋਕਦਿਆਂ ਕਿਹਾ।
“ਹੁਣ ਕੀ ਹੋਊ ਸਰਦਾਰਨੀ ਜੀ...?“ ਨੇਕਾ ਇਸ ਸਮੱਸਿਆ ਦੇ ਹੱਲ ਬਾਰੇ ਜਾਨਣਾ ਚਾਹੁੰਦਾ ਸੀ।
“ਇਸ ਵਾਰ ਤੈਨੂੰ ਨਾ ਸਰਪੰਚ ਬਣਾ ਦਈਏ ਨੇਕਿਆ...।“ ਬੰਤ ਸਿੰਘ ਸੰਧੂ ਨੇ ਆਪਣੇ ਮਨ ਦੀ
ਗੱਲ ਕਰਦਿਆਂ ਕਿਹਾ।
“ਮੈਂ...!“
ਨੇਕਾ ਉੱਠ ਕੇ ਖੜ੍ਹਾ ਹੋ ਗਿਆ ਅਤੇ ਉਸ ਦੇ ਮੂੰਹੋਂ ਇਕ ਇਹੋ ਸ਼ਬਦ ਨਿਕਲਿਆ।
“ਹਾਂ ਨੇਕ ਸਿਆਂ ਇਸ ਵਾਰ ਆਪਣੇ ਪਿੰਡ ਦਾ ਸਰਪੰਚ ਕਿਸੇ ਪਛੜੀ ਜਾਤ ਵਾਲੇ ਨੇ ਹੀ ਬਣਨਾ ਹੈ,
ਇਸ ਲਈ ਮੈਂ ਸੋਚਿਆ ਕਿ ਸਰਪੰਚ ਤੈਨੂੰ ਬਣਾ ਦਿੰਦੇ ਹਾਂ, ਨਾਲੇ ਸਰਪੰਚੀ ਵੀ ਆਪਣੇ ਘਰ ਹੀ ਰਹੂਗੀ।“
ਬੰਤ ਸਿੰਘ ਸੰਧੂ ਨੇ ਨੇਕੇ ਨੂੰ ਪੂਰੀ ਗੱਲ ਸਮਝਾਉਂਦਿਆਂ ਕਿਹਾ।
“ਪਰ ਸਰਦਾਰ ਜੀ, ਅਸੀਂ ਤਾਂ ਤੁਹਾਡੇ ਗੁਲਾਮ ਹਾਂ... ਕਈ ਪੁਸ਼ਤਾਂ ਤੋਂ ਤੁਹਾਡੇ ਖੇਤਾਂ/ਘਰਾਂ ਵਿਚ
ਕੰਮ ਕਰਕੇ ਰੋਟੀ ਖਾ ਰਹੇ ਹਾਂ... ਤੁਸੀਂ ਸਾਡੇ ਲਈ ਰੱਬ ਦਾ ਰੂਪ ਹੋ... ਮੈਂ ਸਰਪੰਚ ਕਿਵੇਂ ਬਣ ਸਕਦਾ ਹਾਂ?“
ਨੇਕੇ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਾਫ਼ ਦੇਖੀਆਂ ਜਾ ਸਕਦੀਆਂ ਸਨ।
“ਉਏ ਮੁਰਖ਼ਾ, ਤੂੰ ਸਿਰਫ ਕਾਗਜ਼ੀ ਸਰਪੰਚ ਬਣਨਾ ਹੈ, ਅਸਲ ਸਰਪੰਚੀ ਤਾਂ ਜੱਟ ਹੀ ਕਰੂਗਾ।“
ਬੰਤ ਸਿੰਘ ਸੰਧੂ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰਦਿਆਂ ਕਿਹਾ।
“ਪਰ, ਮੇਰੇ ਕੋਲ ਤਾਂ ਇਕ ਧੇਲਾ ਵੀ ਨਹੀਂ ਹੈ ਸਰਦਾਰ ਜੀ...।“
“ਤੈਨੂੰ ਧੇਲਾ ਲਾਉਣ ਲਈ ਕਿਹਾ ਕਿਸ ਨੇ ਹੈ...?“
“ਪਰ...!“
“ਪਰ- ਪੁਰ ਕੁਝ ਨਹੀਂ... ਕੱਲ ਸਵੇਰੇ ਕਾਗਜ਼ ਭਰਨੇ ਨੇ ਤੇਰੇ ਸਰਪੰਚੀ ਦੇ... ਸਾਰਾ ਖਰਚਾ
ਸਾਡਾ... ਸਵੇਰੇ ਆ ਜਾਵੀਂ ਹਵੇਲੀ... ਫਿਰ ਕਚਹਿਰੀ ਜਾ ਕੇ ਕਾਗਜ਼ ਭਰ ਦੇਵਾਂਗੇ।“ ਬੰਤ ਸਿੰਘ ਸੰਧੂ ਨੇ ਨੇਕੇ
ਨੂੰ ਹੁਕਮ ਸੁਣਾਉਂਦਿਆਂ ਕਿਹਾ।
“ਜਿਵੇਂ ਤੁਹਾਡੀ ਮਰਜ਼ੀ ਸਰਦਾਰ ਜੀ...।“ ਹੁਣ ਤੱਕ ਨੇਕਾ ਹਾਰ ਮੰਨ ਚੁਕਿਆ ਸੀ। ਉਹ ਧਰਤੀ ਤੋਂ
ਉੱਠਿਆ ਤੇ ਡੰਗਰਾਂ ਦੇ ਬਰਾਂਡੇ ਵੱਲ ਨੂੰ ਤੁਰ ਪਿਆ।
ਅਗਲੇ ਦਿਨ ਬੰਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਨਾਲ ਜਾ ਕੇ ਨੇਕ ਸਿੰਘ ਦੇ ਸਰਪੰਚੀ ਦੇ ਕਾਗਜ਼
ਦਾਖ਼ਲ ਕਰ ਦਿੱਤੇ। ਸਾਰੇ ਪਿੰਡ ਵਿਚ ਵੋਟਾਂ ਲਈ ਬੰਤ ਸਿੰਘ ਨੇ ਨੋਟਾਂ ਦੀ ਬਰਸਾਤ ਕਰ ਦਿੱਤੀ। ਪੈਸੇ ਦੀ
ਤਾਕਤ ਅੱਗੇ ਕੋਈ ਤਾਕਤ ਬਹੁਤੀ ਦੇਰ ਟਿੱਕ ਨਹੀਂ ਸਕਦੀ। ਇਸ ਲਈ ਚੋਣ ਨਤੀਜਿਆਂ ਵਿਚ ਨੇਕ ਸਿੰਘ
ਪਿੰਡ ਦਾ ਸਰਪੰਚ ਐਲਾਨ ਦਿੱਤਾ ਗਿਆ।
ਬੰਤ ਸਿੰਘ ਸੰਧੂ ਦੇ ਘਰ ਲੋਕਾਂ ਦਾ ਮੇਲਾ ਲੱਗ ਗਿਆ। ਸਾਰੇ ਪਿੰਡ ਵਿਚ ਲੱਡੂ ਵੰਡੇ ਗਏ। ਢੋਲ ਦੀ
ਥਾਪ ਤੇ ਭੰਗੜੇ ਪਾਏ ਗਏ। ਸ਼ਰਾਬ ਵੰਡੀ ਗਈ ਕਿਉਂਕਿ ਬੰਤ ਸਿੰਘ ਸੰਧੂ ਨੇ ਆਪਣੇ ਦਿਮਾਗ ਦੀ ਖੇਡ ਰਾਹੀਂ
ਸਰਪੰਚੀ ਨੂੰ ਘਰੋਂ ਨਹੀਂ ਸੀ ਜਾਣ ਦਿੱਤਾ।
ਦੂਜੇ ਦਿਨ ਸ਼ਾਮ ਨੂੰ ਬੰਤ ਸਿੰਘ ਅਤੇ ਉਸਦੇ ਨੇੜਲੇ ਸਾਥੀ ਘਰ ਦੇ ਵਿਹੜੇ ਵਿਚ ਬੈਠੇ ਸ਼ਰਾਬ ਪੀ
ਰਹੇ ਸਨ। ਸਾਰੇ ਜੱਟ ਸ਼ਰਾਬ ਦੇ ਨਸ਼ੇ ਵਿਚ ਮਸਤ ਸਨ ਅਤੇ ਬੰਤ ਸਿੰਘ ਸੰਧੂ ਦੇ ਦਿਮਾਗ ਦੀਆਂ ਤਾਰੀਫਾਂ ਕਰ
ਰਹੇ ਸਨ।
“ਬਈ, ਸੰਧੂ ਸਾਹਬ... ਕਮਾਲ ਕਰ 'ਤੀ, ਸਰਪੰਚੀ ਵੀ ਘਰੇ ਰਹਿ ਗਈ ਤੇ ਸਰਕਾਰ ਨੂੰ ਵੀ ਮੂਰਖ਼
ਬਣਾ 'ਤਾ।“ ਨਾਜਰ ਸਿੰਘ ਗਿੱਲ ਨੇ ਕਿਹਾ।
“ਇਹ ਤਾਂ ਬਈ... ਦਿਮਾਗੀ ਬੰਦਾ ਐ ਬਾਹਲਾ।“ਸੁੱਚਾ ਸਿੰਘ ਨੰਬਰਦਾਰ ਨੇ ਬੰਤ ਸਿੰਘ ਸੰਧੂ ਦੀ
ਤਾਰੀਫ਼ ਕਰਦਿਆਂ ਕਿਹਾ।
“ਛੱਡੋ ਯਾਰ ਤੁਸੀਂ ਪੈੱਗ ਲਾਓ...।“ਬੰਤ ਸਿੰਘ ਨੇ ਜ਼ਮੀਨ ਤੇ ਪਈ ਬੋਤਲ ਚੁੱਕਦਿਆਂ ਕਿਹਾ।
“ਪੈੱਗ ਤਾਂ ਲਾਉਣਾ ਹੀ ਹੈ ਆਪਾਂ ਸਰਪੰਚ ਸਾਹਬ... ਪਰ ਨਹੀਂ ਰੀਸਾਂ ਥੋਡੀਆਂ।“ ਨਾਜਰ ਨੇ ਫੇਰ
ਉਸੇ ਹੀ ਲਿਹਾਜੇ ਵਿਚ ਕਿਹਾ।
ਉਹ ਸਾਰੇ ਇਹਨਾਂ ਗੱਲਾਂ ਵਿਚ ਮਸਤ ਹੀ ਸਨ ਕਿ ਨੇਕਾ ਦੁੱਧ ਦੀ ਬਾਲਟੀ ਲੈ ਕੇ ਵਿਹੜੇ ਵਿਚ ਆ
ਗਿਆ ਤੇ ਕਰਮ ਕੌਰ ਨੂੰ ਆਵਾਜ਼ ਮਾਰ ਕੇ ਕਿਹਾ।
“ਸਰਦਾਰਨੀ ਜੀ, ਦੁੱਧ ਫੜ੍ਹ ਲਉ।“
“ਅੰਦਰ ਹੀ ਰੱਖ ਦੇ ਨੇਕਿਆ...।“ ਕਰਮ ਕੌਰ ਨੇ ਅੰਦਰੋਂ ਹੀ ਆਵਾਜ਼ ਦਿੱਤੀ।
ਨੇਕਾ ਦੁੱਧ ਦੀ ਬਾਲਟੀ ਅੰਦਰ ਰੱਖ ਕੇ ਜਿਵੇਂ ਹੀ ਡੰਗਰਾਂ ਦੇ ਬਰਾਂਡੇ ਵੱਲ ਨੂੰ ਮੁੜਨ ਲੱਗਾ।
“ਉਏ ਸਰਪੰਚਾ ਡੰਗਰਾਂ ਦਾ ਗੋਹਾ ਚੁੱਕ ਕੇ ਆਪਣੇ ਖੇਤਾਂ ਵਿਚ ਸੁੱਟ ਆਵੀਂ ਅੱਜ?“ ਬੰਤ
ਸਿੰਘ ਸੰਧੂ ਨਸ਼ੇ ਦੀ ਲੋਰ ਵਿਚ ਉੱਚੀ ਆਵਾਜ਼ ਵਿਚ ਬੋਲਿਆ।
“ਜੀ...।“ ਨੇਕੇ ਨੇ ਮੱਠੀ ਜਿਹੀ ਆਵਾਜ਼ ਵਿਚ ਕਿਹਾ।
ਇਹ ਸੁਣਕੇ ਬੰਤ ਸਿੰਘ ਸੰਧੂ ਦੇ ਨਾਲ ਬੈਠੇ ਉਸਦੇ ਸਾਥੀ ਉੱਚੀ ਆਵਾਜ਼ ਵਿਚ ਹੱਸ ਪਏ ਅਤੇ ਨੇਕਾ
ਆਪਣੀਆਂ ਅੱਖਾਂ ਸਾਫ਼ ਕਰਦਾ ਡੰਗਰਾਂ ਦੇ ਬਰਾਂਡੇ ਵੱਲ ਨੂੰ ਚੱਲ ਪਿਆ।
ਡਾ. ਨਿਸ਼ਾਨ ਸਿੰਘ ਰਾਠੌਰ
1054/1, ਵਾ ਨੰ 15- ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892- 33437 

 


Related News