ਹੁਸਨ ਦੇ ਥੋੜ੍ਹਾ ਜਿਹਾ
Wednesday, Jul 04, 2018 - 04:09 PM (IST)
ਹੁਸਨ ਦੇ ਥੋੜ੍ਹਾ ਜਿਹਾ
ਚੰਨ ਨੂੰ ਸਜਾਉਣਾ ਹੈ
ਬਾਹਰ ਆ ਜਰਾ
ਧਰਤ ਤੋਂ ਹਨੇਰਾ ਪੂੰਝਣਾ ਹੈ
ਦਿਨ ਕਦੇ ਅੰਬਰ 'ਚੋਂ
ਨਹੀਂ ਚੜ੍ਹਿਆ
ਤੂੰ ਜਾਗੀ ਹੋਵੇਂਗੀ ਵਾਲਾਂ ਦਾ ਜੂੜਾ ਕਰਦੀ
ਉਦਾਸ ਦਿਲ ਪਲ ਭਰ ਵਿਰੇ ਨੇ
ਜੁਲਫਾਂ ਛੰਡੀਆਂ ਹੋਣੀਆਂ ਤੈਂ ਛੱਤ ਤੇ ਚੜ੍ਹ ਕੇ
ਫੁੱਲ ਪੱਤੇ ਹੱਸੇ ਨੇ
ਮੁਸਕਰਾਈ ਹੋਵੇਂਗੀ ਸ਼ਰਮਾ ਕੇ ਬੂਹੇ ਓਹਲੇ
ਹਰਿਆਵਲ ਨੱਚੀ ਹੈ
ਰਿਮਝਿਮ ਵਰਸੀ ਹੋਣੀ
ਤੇਰੇ ਕੇਸਾਂ ਦੀਆਂ ਘਟਾਵਾਂ 'ਚੋਂ
ਦੁਪਹਿਰ ਖਿੜੀ ਹੈ ਫਿਰ ਅੱਜ
ਤੇਰੀ ਮੁਲਾਕਾਤ ਦਾ ਭੁਲੇਖਾ ਪੈਂਦਾ ਹੈ
ਮੋਰ ਕੂਕਿਆ ਹੈ
ਉਦਾਸ ਡਾਲੀਆਂ ਤੇ ਕੋਂਪਲਾਂ ਨੱਚਣਗੀਆਂ
ਫੁੱਲ ਹੱਸਣਗੇ
ਕੋਇਲ ਬੋਲੀ ਹੈ
ਕਿਸੇ ਦੇ ਹੋਟਾਂ ਦੀ ਪਿਆਸ ਬੁੱਝੇਗੀ
ਸੀਨਾ ਠਰੇਗਾ ਕਿਸੇ ਸੂਰਜ ਦਾ
ਡਾ. ਅਮਰਜੀਤ ਟਾਂਡਾ
