ਸਿੱਖ ਇਤਿਹਾਸ ਤੋਂ ਬੇਮੁੱਖ ਅਜੋਕੀ ਪੀੜ੍ਹੀ
Tuesday, Jan 29, 2019 - 01:19 PM (IST)

ਮਨੁੱਖੀ ਸੁਭਾਅ ਮੁਢ ਤੋਂ ਹੀ ਇਤਿਹਾਸ ਪ੍ਰੇਮੀ ਰਿਹਾ ਹੈ। ਮਨੁੱਖ ਦੀ ਆਪਣੇ ਵੱਡੇ-ਵਡੇਰਿਆਂ ਤੋਂ ਇਤਿਹਾਸ ਜਾਨਣ ਦੀ ਜਗਿਆਸਾ ਸਦਾ ਤਤਪਰ ਰਹੀ ਹੈ। ਬਚਪਨ ਤੋਂ ਹੀ ਬੱਚੇ ਮਾਂ-ਬਾਪ, ਦਾਦਾ ਦਾਦੀ ਆਦਿ ਕੋਲ ਬੈਠ ਕੇ ਇਤਿਹਾਸ ਜਾਨਣ ਦੀ ਇੱਛਾ ਪ੍ਰਗਟ ਕਰਦੇ ਹਨ। ਇਤਿਹਾਸ 'ਚ ਐਨੀ ਬਲਵਾਨਤਾ ਹੈ ਕਿ ਉਹ ਲੰਮਾ-ਲੰਮਾ ਸਮਾਂ ਆਪਣੀ ਕੌਮ ਦੇ ਯੋਧਿਆਂ ਦੀ ਅਗਵਾਈ ਕਰ ਸਕਦਾ ਹੈ, ਜੇਕਰ
ਉਸ ਨੂੰ ਸੁਰੱਖਿਅਤ ਰੱਖ ਕੇ ਪ੍ਰਚਾਰ, ਪਾਸਾਰ 'ਚ ਲਿਆਂਦਾ ਜਾਵੇ। ਇਤਿਹਾਸ ਨੀਹਾਂ ਹਨ, ਜਿਸ ਦੇ ਸਹਾਰੇ ਕੌਮ ਦਾ ਮਹਿਲ ਟਿਕਿਆ ਹੋਇਆ ਹੈ। ਅੱਜ ਜੇਕਰ ਸਿੱਖ ਕੌਮ ਦੀ ਸਮੁੱਚੇ ਸੰਸਾਰ 'ਚ ਵਾਹ-ਵਾਹ ਹੁੰਦੀ ਹੈ ਤਾਂ ਉਸਦਾ ਕਾਰਨ ਸਿਰਫ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਹੈ। ਇਸ ਨੂੰ ਭੁੱਲਣਾ ਸਾਡੀ ਵੱਡੀ ਅਕਰਿਤਘਣਤਾ ਹੈ। ਇਤਿਹਾਸ 'ਚੋਂ ਸਾਨੂੰ ਸੁਚੱਜੀ ਜੀਵਨ ਜਾਚ, ਮੁਸੀਬਤ ਸਮੇਂ ਅਡੋਲ ਰਹਿਣ, ਸੱਚ ਦੇ ਪਹਿਰੇਦਾਰ ਬਣਨ, ਮਾਨਵਤਾ ਦੀ ਸੇਵਾ ਕਰਨ, ਇਬਾਦਤ ਕਰਨ ਅਤ ਕੌਮ ਲਈ ਹੱਸ-ਹੱਸ ਕੁਰਬਾਨੀਆਂ ਦੇਣ ਆਦਿ ਇਖ਼ਲਾਕੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਮਿਲਦੀ ਹੈ। ਪਰ ਅਜੋਕੇ ਬੱਚਿਆਂ ਦੀ ਇਤਿਹਾਸ ਜਾਨਣ ਦੀ ਰੁੱਚੀ ਕਿਵੇਂ ਘੱਟ ਹੋਈ? ਇਸ
ਲਈ ਬਹੁਤ ਸਾਰੇ ਕਾਰਨ ਹਨ। ਮਨੁੱਖੀ ਮਨ ਨੇ ਬਹੁਤ ਤਰੱਕੀ ਕੀਤੀ, ਫਲਸਰੂਪ ਵੱਖ-ਵੱਖ ਔਖੇ ਮਜ਼ਮੂਨ ਬੱਚਿਆਂ ਨੂੰ ਪੜ੍ਹਾਉਣ ਲਈ ਆਧੁਨਿਕ ਢੰਗ ਤਰੀਕੇ ਅਪਣਾਏ ਗਏ।
ਪਰ ਅਜੋਕੇ ਮਨੁੱਖ ਨੇ ਬੱਚਿਆਂ ਨੂੰ ਇਤਿਹਾਸ ਪ੍ਰਤੀ ਜਾਣਕਾਰੀ ਦੇਣ ਤੋਂ ਕੰਨ੍ਹੀ ਕਤਰਾਈ। ਇਸ 'ਚ ਵੀ ਬਹੁਤ ਸਾਰੇ ਨਿੱਜੀ ਹਿਤ ਵੀ ਹੋ ਸਕਦੇ ਹਨ। ਪਹਿਲੇ ਸਮਿਆਂ 'ਚ ਮਾਪੇ ਆਪਣੇ ਬੱਚਿਆਂ ਨਾਲ ਲੰਮਾ-ਲੰਮਾ ਸਮਾਂ ਬੈਠਦੇ ਸਨ ਅਤੇ ਬੱਚਿਆਂ ਨੂੰ ਆਪਣੇ ਗੌਰਵਮਈ ਅਤੇ ਸੰਸਾਰ ਤੋਂ ਵਿਲੱਖਣ ਇਤਿਹਾਸ ਨਾਲ ਜੋੜਦੇ ਸਨ। ਪਰ ਅੱਜ ਨਾ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਹੈ ਅਤੇ ਨਾ ਹੀ ਬੱਚੇ ਮਾਪਿਆਂ ਕੋਲ ਬੈਠਣ ਲਈ ਰਾਜ਼ੀ ਹਨ। ਫਲਸਰੂਪ ਬੱਚੇ ਕੇਵਲ ਸਕੂਲੀ ਕਿਤਾਬਾਂ 'ਚ ਤੋੜ-ਮਰੋੜ ਕੇ ਪੇਸ਼ ਕੀਤੇ ਅਪੂਰਨ ਇਤਿਹਾਸ ਤੱਕ ਹੀ ਸੀਮਿਤ ਹੋ ਗਏ ਹਨ। ਜਿਸਦੇ ਸਿੱਟੇ ਵਜੋਂ ਬੱਚੇ ਕੌਮ ਦੇ ਸੂਰਬੀਰ ਯੋਧਿਆਂ ਪ੍ਰਤੀ ਪਿਆਰ ਦੀ ਭਾਵਨਾ ਦੇ ਬਦਲੇ ਨਫ਼ਰਤਮਈ ਵਤੀਰਾ ਧਾਰਨ ਕਰ ਰਹੇ ਹਨ, ਫਲਸਰੂਪ ਅਜੋਕੇ ਬੱਚਿਆਂ 'ਚ ਵੱਧ ਰਿਹਾ ਪਤਿਤਪੁਣਾ ਵੀ ਇਸੇ ਸਮੱਸਿਆ ਦਾ ਫਲ ਹੈ, ਜੋ ਸਾਡੇ ਲਈ ਵੱਡੀ ਚੁਣੌਤੀ ਹੈ। ਉੱਚੇ ਕਿਰਦਾਰਾਂ ਦੇ ਮਾਲਕ ਇਤਿਹਾਸ ਦੇ ਯੋਧਿਆਂ ਦੇ ਜੀਵਨ 'ਚੋਂ ਇਖ਼ਲਾਕੀ ਗੁਣਾਂ ਪ੍ਰਤੀ ਬੱਚਿਆਂ ਨੂੰ ਜਾਣੂ ਕਰਵਾਉਣਾ ਅੱਜ ਕੌਮ ਦੀ ਵੱਡੀ ਲੋੜ ਹੈ। ਇਤਿਹਾਸ ਕੌਮ ਲਈ ਉੱਡਣ ਲਈ ਖੰਭ ਹਨ। ਇਤਿਹਾਸ ਤੋਂ ਟੁੱਟੀਆਂ ਕੌਮਾਂ ਖੰਭ ਵਿਹੂਣੇ ਪੰਛੀਆਂ ਦੀ ਤਰਾਂ ਹਨ। ਲੋੜ ਹੈ ਆਧੁਨਿਕ ਢੰਗ ਅਪਣਾ ਕੇ ਬੱਚਿਆਂ 'ਚ ਇਤਿਹਾਸ
ਜਾਨਣ ਦੀ ਜਗਿਆਸਾ ਨੂੰ ਮੁੜ ਸੁਰਜੀਤ ਕਰਨ ਦੀ।
ਨਵਜੋਤ ਸਿੰਘ
ਸੰਪਰਕ:8437923269