ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਲਾਮ

08/17/2019 2:13:07 PM

ਦੇਸ਼ ਦੀ ਆਜ਼ਾਦੀ ਲਈ ਕਰਜ਼ਨ ਵਾਇਲੀ ਨੂੰ ਮਾਰਨ ਦੇ ਇਲਜ਼ਾਮ ਲਈ 17 ਅਗਸਤ 1909 'ਚ ਫਾਂਸੀ ਚੜ੍ਹੇ ਅੰਮ੍ਰਿਤਸਰ ਦੇ ਜੰਮੇ ਜਾਏ ਸੂਰਮੇ ਸ਼ਹੀਦ ਮਦਨ ਲਾਲ ਢੀਂਗਰਾ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਸ਼ਹੀਦ ਮਦਨ ਲਾਲ ਢੀਂਗਰਾ ਪਹਿਲੇ ਫਾਂਸੀ ਚੜ੍ਹੇ ਸ਼ਹੀਦ ਸਨ। ਉਨ੍ਹਾਂ ਦੀ ਯਾਦ 'ਚ ਰਾਜ ਕਸ਼ਮੀਰੀ ਜੀ ਦੇ ਇਹ ਬੋਲ ਦੁਹਰਾਉਣੇ ਚਾਹਾਂਗਾ।

ਵਤਨਾਂ ਦੇ ਲੇਖੇ ਲੱਗਦਾ ਏ ਇੱਕ- ਇੱਕ ਅਰਮਾਨ ਸ਼ਹੀਦਾਂ ਦਾ। 
ਤੇ ਦੇਸ਼ ਦੀ ਖਾਤਰ ਮਰਨਾ ਹੀ ਹੁੰਦੈ ਈਮਾਨ ਸ਼ਹੀਦਾਂ ਦਾ। 
ਦੇ ਦੇ ਕੁਰਬਾਨੀ ਵੀਰਾਂ ਦੀ, ਹਰ ਕੌਮ ਜਵਾਨੀ ਚੜ੍ਹਦੀ ਏ, 
ਵਤਨਾਂ ਦੇ ਸਿਰ ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ। 

ਆਜ਼ਾਦੀ ਦੇ 72 ਸਾਲ ਬੀਤਣ ਦੇ ਬਾਵਜੂਦ ਅੱਜ ਸ਼ਹੀਦ ਮਦਨ ਲਾਲ ਢੀਂਗਰਾ ਤੇ ਬਾਕੀ ਸ਼ਹੀਦ ਸੂਰਮੇ ਸਾਨੂੰ ਪੁੱਛਦੇ ਹਨ। 
ਮੰਨਿਆ ਕੁਝ ਵੀ ਨਹੀਂ ਬਾਕੀ ਰਿਹਾ
ਸਾਡੀਆਂ ਨਿਰਜਿੰਦ ਹੱਡੀਆਂ ਦੇ ਸਿਵਾ
ਫੇਰ ਵੀ ਸਾਡੀ ਤੁਹਾਡੀ ਸਾਂਝ ਹੈ
ਮੌਤ ਪਿੱਛੋਂ ਵੀ ਤੁਹਾਡੇ ਹਾਂ ਅਸੀਂ। 
ਤੁਸਾਂ ਸਾਡੀ ਮੌਤ ਦਾ ਮੁੱਲ ਪਾਵਣੈਂ
ਤੇ ਕਰਨੈਂ ਤੁਸਾਂ ਹੁਣ ਇਹ ਫ਼ੈਸਲਾ
ਕਿਸ ਲਈ ਸਨ ਅਸਾਂ ਜਾਨਾਂ ਮਾਰੀਆਂ
ਜਾਂ ਅਸੀਂ ਮਰ ਗਏ ਸਾਂ ਐਵੇਂ ਬੇਵਜ੍ਹਾ। 
ਸਮੇਂ ਦੇ ਹੋਠਾਂ ਦੀ ਫਰਕਣ ਹੋ ਤੁਸੀਂ
ਅਸੀਂ ਤਾਂ ਨਿਰਸ਼ਬਦ ਬੇ ਆਵਾਜ਼ ਹਾਂ। 
ਫੇਰ ਵੀ ਘੜੀ ਦੀ ਟਿਕ ਟਿਕ ਜਦੋਂ ਹੈ ਗੂੰਜਦੀ
ਇਹੋ ਹੀ ਪੈਗਾਮ ਦੇਂਦੀ ਹੈ ਸਦਾ
ਯਾਦ ਸਾਡੀ ਨੂੰ ਤੁਸਾਂ ਹੀ ਸਾਂਭਣਾ 
ਤੇ ਅਸਾਂ ਦੀ ਰੂਹ ਨੂੰ ਜਿਉਂਦੇ ਰੱਖਣਾ। 

ਇੰਡੋਨੇਸ਼ੀਅਨ ਕਵੀ ਅਨਵਰ ਦੀ ਇਹ ਕਵਿਤਾ ਵੀ ਕਿਸੇ ਵਕਤ ਰਾਜ ਕਸ਼ਮੀਰੀ ਜੀ ਨੇ ਪੰਜਾਬੀ 'ਚ ਅਨੁਵਾਦ ਕੀਤੀ ਸੀ। ਇਹ ਕਵਿਤਾ ਸ਼ਹੀਦਾਂ ਦੇ ਸੁਪਨਿਆਂ ਦਾ ਵਤਨ ਉਸਾਰਨ ਦਾ ਸੁਨੇਹਾ ਦਿੰਦੀ ਹੈ। ਨਾਲ ਹੀ ਰਾਜ ਕਸ਼ਮੀਰੀ ਜੀ ਦੀ ਇਹ ਰੁਬਾਈ ਪੜ੍ਹੋ
ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ। 
ਨਜ਼ਰ ਸੱਖਣੀ ਏ ਗਲਮਾ ਲੀਰੋ ਲੀਰ ਹਾਲੇ ਵੀ। 
ਤੇ 'ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜੀਰ ਹਾਲੇ ਵੀ। 
ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਲਾਮ!


ਗੁਰਭਜਨ ਗਿੱਲ


Aarti dhillon

Content Editor

Related News