ਕੁਝ ਇਸ ਤਰ੍ਹਾਂ ਦਾ ਸੀ ਸਾਡੇ ਸਮੇਂ ਦਾ ਸਕੂਲ

8/5/2020 2:41:43 PM

ਸਮਾਂ ਬਹੁਤ ਬਲਵਾਨ ਹੁੰਦਾ ਹੈ। ਇੱਕ ਵਾਰੀ ਲੰਘ ਜਾਵੇ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ। ਬੱਸ ਅਤੀਤ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਦੀ ਮੱਠੀ-ਮੱਠੀ ਪੀੜ ਹਮੇਸ਼ਾ ਲਈ ਦੇ ਜਾਂਦਾ ਹੈ। ਹੁਣ ਜਦੋਂ ਕਦੇ ਅੱਜ ਦੇ ਸਕੂਲ ਦੀ ਜ਼ਿੰਦਗੀ ਅਤੇ ਸਾਡੇ ਸਮੇਂ ਦੇ ਸਕੂਲ ਦੀ ਜ਼ਿੰਦਗੀ ਸੋਚਦੇ ਹਾਂ ਤਾਂ ਇਉਂ ਲੱਗਦਾ ਹੈ ਜਿਵੇਂ ਕਿਸੇ ਹੋਰ ਦੁਨੀਆਂ ਦੇ ਬਸ਼ਿੰਦੇ ਬਣ ਗਏ ਹਾਂ। ਉਪਰੀ ਜਿਹੀ ਦੁਨੀਆਂ ਸਭ ਬਨਾਉਟੀ ਜਿਹਾ। ਸਾਡੇ ਸਮੇਂ ਦਾ ਸਕੂਲ ਤਾਂ ਬੱਸ ਸਾਡੇ ਵੇਲੇ ਦਾ ਹੀ ਸੀ, ਖੁੱਲ੍ਹਾ ਜਿਹਾ ਪੰਜ-ਦਸ ਕਮਰਿਆਂ ਵਾਲਾ ,ਇੱਕ ਮਾਸਟਰਾਂ ਦਾ ਦਫਤਰ ,ਕਿੰਨ੍ਹੇ ਦਰਖੱਤ ਅਤੇ ਰੰਗ-ਬਰੰਗੀ ਦੁਪਹਿਰ ਖਿੜੀ ਦੀਆਂ ਕਿਆਰੀਆਂ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਜਦੋਂ ਸਵੇਰੇ ਅਸੈਂਬਲੀ ਹੋਣੀ ਤਾਂ ਮਾਸਟਰ ਨੇ ਕਹਿਣਾ ਜਿਹੜੇ ਨਹਾ ਕੇ ਨਹੀਂ ਆਏ ਖੜ੍ਹੇ ਹੋ ਜਾਉ ਪਰ ਕਿਸੇ ਨੇ ਵੀ ਨਾ ਹੋਣਾ ਤਾਂ ਉਨ੍ਹਾਂ ਕਹਿਣਾ ਲਿਆਉ ਮੇਰਾ ਥਰਮਾਮੀਟਰ ਕਰੀਏ ਚੈੱਕ ਤਾਂ ਸਾਰਿਆਂ ਨੇ ਝੱਟ ਖੜ੍ਹੇ ਹੋ ਜਾਣਾ ਤੇ ਫੇਰ ਹੋਣੀ ਸਭ ਦੀ ਸੇਵਾ। ਇਉਂ ਹੁੰਦੀ ਦਿਨ ਦੀ ਸ਼ੁਰੂਆਤ। ਉਹ ਪ੍ਰਾਇਮਰੀ ਸਕੂਲ ਵਿੱਚ ਲੱਗੀ ਨੀਲੇ ਰੰਗ ਦੀ ਵਰਦੀ ਜਦੋਂ ਕਦੇ ਨਵੀਂ ਨਵੀਂ ਸਵਾਈ ਹੋਣੀ ਤਾਂ ਇਉਂ ਲੱਗਦਾ ਸੀ ਜਿਵੇਂ ਯੂਨਾਨ ਦੇ ਬਾਦਸ਼ਾਹ ਹੋਈਏ। ਮਾਮੇ, ਚਾਚੇ ਜਾਂ ਭਰਾ ਦਾ ਵਿਆਹ ਹੋਣਾ ਤਾਂ ਉਹੋ ਵਰਦੀ ਹੀ ਹੁੱਬ ਕੇ ਪਾ ਬਰਾਤ ਵੀ ਚੜ੍ਹ ਜਾਂਦੇ ਸੀ।

ਪੜ੍ਹੋ ਇਹ ਵੀ ਖਬਰ - ਪੰਜਾਬ ’ਚ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਬਣਿਆ ‘ਹੈਰੋਇਨ’ (ਵੀਡੀਓ)

ਮਾਂ ਵਲੋਂ ਬੜ੍ਹੀ ਰੀਝ ਨਾਲ ਸਿਲਾਈ ਕਰ ਕੇ ਦਿੱਤਾ ਰੇਹ ਵਾਲੇ ਗੱਟੇ ਦਾ ਬਸਤਾ ਵਿੱਚ ਸਟੀਲ ਦੀ ਡੱਬੀ ਵਿੱਚ ਪਾਏ ਦੋ ਪਰਾਠੇ ਜਿੰਨ੍ਹਾਂ ਦਾ ਕੁਝ ਸੁਆਦ ਤਾਂ ਸਕੂਲ ਜਾਂਦਿਆਂ ਹੀ ਦੇਖ ਲੈਂਦੇ ਸੀ । ਮੇਰੇ ਵਾਂਗ ਕਈ ਬੱਚੇ ਸਕੂਲ ਰੋਂਦੇ ਹੀ ਆਉਂਦੇ ਕਈ ਮਾਵਾਂ ਕੁੱਟਦੀਆਂ-ਕੁੱਟਦੀਆਂ ਸਕੂਲ ਛੱਡ ਕੇ ਜਾਂਦੀਆਂ। ਇਹ ਸਿਲਸਿਲਾ ਪੂਰੀ ਪਹਿਲੀ ਜਮਾਤ ਤੱਕ ਚਲਦਾ ਰਹਿੰਦਾ। ਉਦੋਂ ਬੈਠਣ ਲਈ ਟਾਟ ਨਹੀਂ ਹੁੰਦੇ ਸਨ। ਰੇਹ ਵਾਲੀ ਬੋਰੀ ਦਾ ਗੱਟਾ ਹੀ ਸਾਡਾ ਟਾਟ ਹੁੰਦਾ ਸੀ ਸੱਚ ਜਾਣੋਂ, ਜੋ ਸੁਆਦ ਉਸ ਗੱਟੇ 'ਤੇ ਬੈਠ ਕੇ ਮਿਲਦਾ ਸੀ ਉਹ ਅੱਜ ਤੱਕ ਕਾਲਜਾਂ, ਯੂਨੀਵਰਸਿਟੀਆਂ ਦੇ ਡਿਸਕਾਂ ਅਤੇ ਕੁਰਸੀਆਂ 'ਤੇ ਬੈਠ ਕੇ ਨਹੀਂ ਮਿਲਿਆ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਬੋਰੀ ਦੇ ਬਸਤੇ ਵਿੱਚ ਪਾਈ ਫੱਟੀ, ਸਲੇਟ, ਸਲੇਟੀ, ਕੈਦਾ, ਦਵਾਤ, ਛਿਆਹੀ ਅਤੇ ਕਾਨੇ ਦੀ ਘੜੀ ਹੋਈ ਕਲਮ ਕੁੱਲ ਦੌਲਤ ਹੁੰਦੀ ਸੀ। ਫੱਟੀਆਂ ਪੋਚਣ ਲਈ ਸਕੂਲ ਦੀ ਇੱਕ ਨੁੱਕਰ ਵਿੱਚ ਛੋਟੀ ਜਿਹੀ ਖੇਲ ਬਣੀ ਹੁੰਦੀ ਸੀ, ਜਿੱਥੇ ਕੁੜੀਆਂ-ਮੁੰਡੇ ਇਕੱਠੇ ਹੀ ਫੱਟੀਆਂ ਪੋਚਦੇ ਕਦੇ-ਕਦੇ ਕੋਈ ਜ਼ਿਆਦਾ ਸ਼ਰਾਰਤੀ ਕਿਸੇ ਦੀ ਛਾਲ ਵੀ ਲਵਾ ਦਿੰਦਾ ਸੀ। ਇੱਕ ਵਾਰੀ ਮੇਰੀ ਵੀ ਛਾਲ ਲੱਗੀ ਸੀ। ਇਸ ਖੇਲ ਵਿੱਚ ਪਰ ਫਿਰ ਵੀ ਜ਼ਿਆਦਾ ਗੁੱਸਾ ਨਾ ਆਉਣਾ ਬੱਸ ਘੜੀ-ਪਲ ਦਾ ਗੁੱਸਾ ਛੁੱਟੀ ਹੋਣ ਤੱਕ ਫੇਰ ਉਹੋ ਜਿਹੇ ਹੋ ਜਾਈਦਾ ਸੀ। ਕਿਸੇ ਦਿਨ ਟੂਟੀ ਨਾ ਆਉਣੀ ਤਾਂ ਮਾਸਟਰ ਨੇ ਬਾਹਰ ਬਣੇ ਛੱਪੜ 'ਤੇ ਫੱਟੀਆਂ ਪੋਚਣ ਘੱਲ ਦੇਣਾ । ਫੱਟੀਆਂ ਸਕਾਉਣ ਦਾ ਵੀ ਆਪਣਾ ਹੀ ਅੰਦਾਜ ਹੁੰਦਾ ਸੀ ਜਦੋਂ ਫੱਟੀ ਸਕਾਉਣੀ ਤਾਂ ਇਹ ਸਤਰਾਂ ਬੱਚੇ ਆਮ ਹੀ ਮੂੰਹੋਂ ਬੋਲਦੇ :-

'ਸੁੱਕ-ਸੁੱਕ ਫੱਟੀਏ, ਲੂੰਗਾਂ ਦੀਏ ਜੱਟੀਏ
ਲੂੰਗ ਬਥੇਰੇ, ਖਾਵਾਂਗੇ ਸਵੇਰੇ
ਵੱਡਾ ਵੀਰ ਆਉਗਾ, ਨਹਿਰ ਟਪਾਉਗਾ
ਨਹਿਰ ਗਈ ਟੁੱਟ, ਫੱਟੀ ਗਈ ਸੁੱਕ।

ਆਮ ਅਰਥਾਂ ਦੇ ਹਿਸਾਬ ਨਾਲ ਇਨ੍ਹਾਂ ਸਤਰਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਪਰ ਫੱਟੀ ਸਕਾਉਣ ਵੇਲੇ ਇਨ੍ਹਾਂ ਸਤਰਾਂ ਦਾ ਅਹਿਮ ਰੋਲ ਹੁੰਦਾ ਸੀ। ਫਿਰ ਲਾਇਨਾਂ ਮਾਰ ਕੇ ਮਾਸਟਰ ਤੋਂ ਪੂਰਨੇ ਪਵਾਉਣੇ ਫਿਰ ਬਲੇਟ ਨਾਲ ਕਾਨੇ ਦੀ ਸਾਰੇ ਆਪਣੇ ਆਪਣੇ ਹਿਸਾਬ ਨਾਲ ਕਲਮ ਘੜਦੇ ਸਨ ਕੋਈ ਮੋਟੀ, ਕੋਈ ਪਤਲੀ। ਫਿਰ ਫੱਟੀ ਲਿਖਣ ਦਾ ਟਾਇਮ ਆਉਂਦਾ ਤਾਂ ਕਿਸੇ ਕੋਲ ਛਿਆਹੀ ਨਾ ਹੋਣੀ ਤਾਂ ਉਹਨੇ ਕੱਲ ਨੂੰ ਛਿਆਹੀ ਦੀ ਪੁੜੀ ਲਿਆ ਕੇ ਦੇਣ ਦੇ ਬਦਲੇ ਉਹਦੀ ਦਵਾਤ ਵਿੱਚੋਂ ਉਧਾਰੀ ਛਿਆਹੀ ਲੈ ਲੈਣੀ। ਜੇ ਕਿਸੇ ਦੀ ਛਿਆਹੀ ਕੱਚੀ ਹੋਣੀ ਤਾਂ ਉਸ ਨੂੰ ਪੱਕੀ ਕਰਨ ਦਾ ਇਕ ਵੱਖਰਾ ਹੀ ਤਰੀਕਾ ਹੁੰਦਾ ਸੀ ਇਕ ਜਾਣੇ ਨੇ ਛਿਆਹੀ ਵਾਲੀ ਦਵਾਤ ਹਲਾਉਣੀ ਤੇ ਦੂਜੇ ਨੇ ਕਹਿਣਾ ਕਾਲਾ ਡੱਡੂ ਆ ਗਿਆ ਕੇ ਨਹੀਂ, ਕਾਲਾ ਡੱਡੂ ਆ ਗਿਆ ਕੇ ਨਹੀਂ ਤਾ ਛਿਆਹੀ ਹਲਾਉਣ ਵਾਲਾ ਉਦੋਂ ਤੱਕ ਨਹੀਂ ,ਨਹੀਂ ਕਹਿੰਦਾ ਜਦੋਂ ਤੱਕ ਛਿਆਹੀ ਪੂਰੀ ਪੱਕੜੇ ਨਾ ਹੋ ਜਾਂਦੀ।

ਪੜ੍ਹੋ ਇਹ ਵੀ ਖਬਰ - ਜਾਣੋ ਗੁਜਰਾਤ ਦੇ ਜੂਨਾਗੜ੍ਹ ਨੂੰ ਪਾਕਿਸਤਾਨ ਨੇ ਕਿਉਂ ਦਰਸਾਇਆ ਆਪਣੇ ਨਵੇਂ ਨਕਸ਼ੇ ''ਚ (ਵੀਡੀਓ)

ਸੱਚ ਜਾਣੋਂ ਇਹ ਕਿੰਨਾ ਰਮਣੀਕ ਮਾਹੌਲ ਹੁੰਦਾ ਸੀ। ਫੇਰ ਮਾਸਟਰ ਨੇ ਕੈਦਾ ਪੜਨ ਲਈ ਕਹਿਣਾ ਸਭ ਨੇ ਇਕ ਇਕ ਕਰਕੇ ਅੱਗੇ ਆ ਕੇ ਕੈਦਾ ਪੜ੍ਹਨਾ ਇੰਝ ਕਈਆਂ ਦੀਆਂ ਵਿੱਚ ਬਰੇਕਾਂ ਲੱਗ ਜਾਣੀਆਂ । ਏਨੇ ਨੂੰ ਅੱਧੀ ਛੁੱਟੀ ਹੋ ਜਾਣੀ ਸਾਰੀਆਂ ਨੇ ਆਪਣੀ ਆਪਣੀ ਲਿਆਂਦੀ ਹੋਈ ਟੋਲੀਆਂ ਬਣਾ ਕੇ ਰੋਟੀ ਖਾਣੀ। ਕਦੇ ਕਿਸੇ ਨੂੰ ਆਦਤ ਹੁੰਦੀ ਤਾਂ ਉਹ ਰੋਟੀ ਚੋਰੀ ਕਰਕੇ ਵੀ ਰੋਟੀ ਖਾਂਦਾ ਸੀ। ਸਾਰੇ ਉਸਨੂੰ ਰੋਟੀ ਚੋਰ ਕਹਿੰਦੇ ਸਨ। ਰੋਟੀ ਖਾਣ ਤੋਂ ਬਾਅਦ ਸਕੂਲ ਦੇ ਬਾਹਰ ਗੋਲੀਆ ਟੋਫੀਆਂ ਵਾਲਿਆਂ ਦੀਆਂ ਆਵਾਜ਼ਾਂ ਆਉਂਦੀਆਂ ਜਿਹੜੇ ਜਵਾਕ ਘਰੋਂ ਰੁਪਈਆ ਧੇਲੀ ਲਿਆਉਂਦੇ, ਉਹ ਰੇਹੜੀ ਤੋਂ ਜਾ ਕੇ ਗੋਲੀਆਂ ਟੋਫੀਆਂ ਖਰੀਦ ਲੈਂਦੇ। ਫੇਰ ਸਾਰੇ ਮੁੰਡੇ ਕੁੜੀਆਂ ਨੇ ਇਕੱਠੇ ਲੁਕਣ ਮੀਚੀ ਸੂਹਣ ਸੁਲਾਈ ਖੇਡਣੀ, ਹਰ ਕੁੜੀ ਵਿੱਚੋਂ ਆਪਣੀ ਭੈਣ ਦਾ ਚਿਹਰਾ ਦਿਸਣਾ। ਕਿੰਨੀ ਅਪਣਤ ਅਤੇ ਸਿਆਣਪ ਸੀ, ਉਸ ਛੋਟੀ ਜਿਹੀ ਉਮਰੇ । ਇਸ ਤੋਂ ਬਾਅਦ ਵਾਰੀ ਆਉਂਦੀ ਸਲੇਟਾਂ ਉੱਤੇ ਗਿਣਤੀ ਲਿਖਣ ਦੀ ਜਦੋਂ ਕਿਸੇ ਕੋਲ ਸਲੇਟੀ ਨਾ ਹੋਣੀ ਜਾਂ ਉਹ ਸਲੇਟੀ ਖਾ ਜਾਂਦਾ ਸੀ ਤਾਂ ਉਸਨੂੰ ਸਲੇਟੀ ਕਿਸੇ ਕੋਲੋਂ ਮੰਗਣੀ ਪੈਂਦੀ ਸੀ ਉਹਦੇ ਸਲੇਟੀ ਮੰਗਣ ਦਾ ਆਪਣਾ ਹੀ ਤਜਰਬਾ ਹੁੰਦਾ ਸੀ। ਉਹ ਆਪਣੀ ਸਲੇਟ ’ਤੇ ਕੋਈ ਚਿੱਤਰ ਬਣਾ ਕੇ ਇਹ ਆਵਾਜ਼ ਲਗਾਉਂਦਾ...

ਗਾਚੀ ਸਲੇਟੀ ਦੇ ਦਿਉ, ਮੂਰਤ ਵੇਖ ਲਓ।
ਗਾਚੀ ਸਲੇਟੀ ਦੇ ਦਿਉ, ਮੂਰਤ ਵੇਖ ਲਓ।

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਜਦੋਂ ਕਿਸੇ ਨੇ ਮੂਰਤ ਦੇਖਣੀ ਹੁੰਦੀ ਤਾਂ ਉਸਨੂੰ ਪਹਿਲਾਂ ਸਲੇਟੀ ਦੇਣੀ ਪੈਂਦੀ ਫੇਰ ਮੂਰਤ ਦੇਖ ਸਕਦਾ ਸੀ। ਇਸ ਤਰ੍ਹਾਂ ਉਹ ਆਪਣੀ ਸਲੇਟੀ ਦਾ ਬੰਦੋਬਸਤ ਕਰ ਲੈਂਦਾ ਸੀ। ਇਨ੍ਹਾਂ ਸਲੇਟੀਆਂ ਗਾਚੀਆਂ ਦੇਣ ਵਾਲਿਆਂ ਅੰਦਰ ਕਿਹੜਾ ਦਿਆਲੂ ਬੰਦਾ ਵਸਦਾ ਸੀ, ਜਿਹੜਾ ਕਦੇ ਮੱਥੇ ਵੱਟ ਨਾ ਪਾਉਂਦਾ । ਫੇਰ ਜਦੋਂ ਸਾਰੀ ਛੁੱਟੀ ਹੋਣ ਵਾਲੀ ਹੁੰਦੀ ਤਾਂ ਵਾਰੀ ਆਉਂਦੀ ਪਹਾੜੇ ਸੁਣਾਉਣ ਦੀ ਮਾਸਟਰ ਨੇ ਵਾਰੀ ਵਾਰੀ ਸਿਰ ਕੋਲ ਬੁਲਾ ਕੇ ਪਹਾੜੇ ਸੁਣਾਉਣ ਲਈ ਕਹਿਣਾ ਜਿਹੜੇ ਬੱਚੇ ਨੂੰ ਪਹਾੜੇ ਨਾ ਆਉਣੇ ਤਾਂ ਉਹਨਾਂ ਨੂੰ ਮੁਰਗੇ ਬਣਾਉਣ ਦਾ ਰਿਵਾਜ ਆਮ ਪ੍ਰਚਲਿਤ ਸੀ ਕਦੇ ਕਦੇ ਇਹ ਮੁਰਗੇ ਨੂੰ ਤੋਰਿਆ ਵੀ ਜਾਂਦਾ ਸੀ। ਉਦੋਂ ਦੂਜੇ ਬੱਚੇ ਬਹੁਤ ਹੱਸਦੇ ਸਨ, ਕਈ ਵਾਰੀ ਕੋਈ ਜਰਵਾਣਾ ਹੱਸਣ ਵਾਲਿਆਂ ਤੇ ਜਾਣ ਸਮੇਂ ਚਾਰ ਚਪੇੜਾਂ ਵੀ ਧਰ ਦਿੰਦਾ ਸੀ।

ਫਿਰ ਅਗਲੇ ਦਿਨ ਮਾਵਾਂ ਸਕੂਲ ਆਉਂਦੀਆਂ ਤੇ ਕੁੱਟਣ ਵਾਲੇ ਦੀ ਹੋਰ ਛਿੱਤਰ ਪਰੇਡ ਹੁੰਦੀ। ਪਰ ਇਹ ਗੁੱਸਾ ਗਿਲਾ ਜ਼ਿਆਦਾ ਦਿਨਾਂ ਦਾ ਨਹੀਂ ਹੁੰਦਾ ਸੀ। ਦੋ ਪਈਆਂ, ਵਿਸਰ ਗਈਆਂ ,ਸ਼ਾਵਾ ਮੇਰੀ ਢੂਈ ਦੇ। ਛੁੱਟੀ ਹੋਣ ਬਾਅਦ ਸਿੱਧਾ ਘਰੇ ਨਾ ਜਾਣਾ ਰਾਹ ਵਿੱਚ ਲੱਗੀਆਂ ਪਹਾੜੀ ਕਿੱਕਰਾਂ ਦੇ ਤੁੱਕੇ ਚੁਗਣੇ ਕੁਝ ਰੋੜੇ ਮਾਰ ਕੇ ਝਾੜਨੇ ਕੁਝ ਬਸਤੇ ਪਾ ਲੈਣੇ ਕੁਝ ਹੱਥ ਵਿੱਚ ਫੜ੍ਹ ਖਾਂਦੇ ਜਾਣਾ। ਸਕੂਲ ਵੀ ਕਾਫੀ ਦੂਰ ਸੀ ਪਰ ਕਦੇ ਥੱਕੇ-ਹੰਬੇ ਨਹੀਂ ਸੀ ਪਤਾ ਨਹੀਂ ਏਨਾਂ ਬਲ ਇੰਨੀ ਛੋਟੀ ਉਮਰ ਵਿੱਚ ਕਿੱਥੋਂ ਆ ਗਿਆ ਸੀ। ਪਰ ਹੁਣ ਸੋਚਦਾ ਹਾਂ ਕਿ ਸਮਾਂ ਏਨਾ ਬਦਲ ਜਾਵੇਗਾ ਕਿ ਬੱਚੇ ਮਾਸਟਰਾਂ ਦੇ ਲੱਫੜ ਮਾਰਨਗੇ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਬੇਇੱਜ਼ਤੀ ਕਰਨਗੇ, ਰਾਹ ਘੇਰਨਗੇ, ਜਿੰਨਾਂ ਮਾਸਟਰਾਂ ਦਾ ਇਕ ਬੋਲ ਸਾਡੇ ਈ ਕਾਨੂੰਨ ਬਣ ਜਾਂਦਾ ਸੀ। ਮਾਂ-ਪਿਉ ਦਾ ਕਿਹਾ ਤਾਂ ਮੋੜ ਸਕਦੇ ਸੀ ਪਰ ਅਧਿਆਪਕ ਦਾ ਕਿਹਾ ਕਦੇ ਨਹੀ ਮੋੜਦੇ ਸੀ। ਇਹ ਜਾਂ ਤਾਂ ਸਾਡੇ ਮਾਂ-ਪਿਉ ਦੀ ਚੰਗੀ ਸਿੱਖਿਆ ਜਾਂ ਚੰਗੇ ਸਮੇਂ ਦੀ ਨਿਸ਼ਾਨੀ ਸੀ। ਹੁਣ ਜਦੋਂ ਕਾਲਜ ਦੇ ਪ੍ਰੋਫੈਸਰਾਂ ਨਾਲ ਵੀ ਗੱਲ ਹੁੰਦੀ ਹੈ ਤਾਂ ਬੜਾ ਦੁੱਖ ਹੁੰਦਾ ਜਦੋਂ ਉਹ ਕਹਿੰਦੇ ਹੁਣ ਕਾਹਦੀ ਪੜ੍ਹਾਈ, ਹੁਣ ਤਾਂ ਬੱਚੇ ਕਲਾਸਾਂ ‘ਚ ਬੈਠੇ ਮੋਬਾਇਲ ਚੈਟ ਕਰੀ ਜਾਂਦੇ, ਨਸ਼ੇ ਕਰੀ ਜਾਂਦੇ ਐ। ਜੇ ਕਿਸੇ ਨੂੰ ਘੂਰੀ ਦਾ ਬਾਅਦ ’ਚ ਸਾਨੂੰ ਘੇਰ ਲੈਦਾਂ। ਇਹ ਠੀਕ ਹੈ ਕਿ ਸਮੇਂ ਨਾਲ ਬਦਲਾਵ ਜ਼ਰੂਰੀ ਹੈ ਪਰ ਏਨਾਂ ਬਦਲਾਵ ਜਿਸ ਵਿੱਚ ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ, ਚੰਗੇ ਮਾੜੇ ਦੀ ਪਰਖ ਨਹੀਂ, ਅਧਿਆਪਕ ਦਾ ਸਤਿਕਾਰ ਨਹੀਂ ਅਤੇ ਮਾਂ-ਪਿਉ ਨਾਲ ਦੁਰਵਿਹਾਰ ਚੰਗੇ ਸਮੇਂ ਦੀ ਨਿਸ਼ਾਨੀ ਨਹੀਂ ਬਲਕਿ ਸਾਡੇ ਡਿੱਗ ਰਹੇ ਇਖਲਾਕ, ਸਾਡੇ ਮਾੜੇ ਆਚਰਣ ਦਾ ਜਿਉਂਦਾ ਜਾਗਦਾ ਸਬੂਤ ਹੈ।

ਸਾਨੂੰ ਇਹ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸਾਨੂੰ ਜ਼ਿੰਦਗੀ ਦੇ ਉਹ ਹਸੀਨ ਪਲ ਮਾਨਣ ਦਾ ਮੌਕਾ ਮਿਲਿਆ ਜਿਹੜੇ ਕੋਈ ਧਨਾਢ ਬੰਦਾ ਅਰਬਾਂ ਖਰਬਾਂ ਖਰਚ ਕੇ ਵੀ ਪ੍ਰਪਾਤ ਨਹੀਂ ਕਰ ਸਕਦਾ। ਉਦੋਂ ਮਨ ਬੜਾ ਗਦ ਗਦ ਹੋ ਜਾਂਦਾ ਹੈ ਜਦੋਂ ਕਿਸੇ ਸਕੂਲ ਜਾਂ ਕਾਲਜ ਅਧਿਆਪਕ ਨਾ ਫੋਨ ’ਤੇ ਗੱਲ ਕਰੀ ਦੀ ਹੈ ਤੇ ਅੱਗੋਂ ਅਧਿਆਪਕ ਕਹਿੰਦਾ ਹੈ ਕਿ ਮੈਨੂੰ ਤੇਰੇ ਨਾਲ ਗੱਲ ਕਰਕੇ ਇਉਂ ਲੱਗਦਾ ਹੈ ਜਿਵੇਂ ਮੈਨੂੰ ਪਰਮਵੀਰ ਚੱਕਰ ਮਿਲ ਗਿਆ ਹੋਵੇ। ਭਾਂਵੇ ਲੰਘਿਆ ਸਮਾਂ ਤਾਂ ਵਾਪਸ ਨਹੀਂ ਮੂੜ ਸਕਦਾ ਪਰ ਪਰਮਾਤਮਾ ਕਰੇ ਸਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਉਹ ਇਖਲਾਕ ਅਪਣਤ, ਸੱਚਾ -ਸੁੱਚਾ ਆਚਰਣ ਅਤੇ ਆਦਰ ਸਤਿਕਾਰ ਪਰਤ ਆਵੇ।

PunjabKesari

ਸਤਨਾਮ ਸਿੰਘ ਸ਼ਦੀਦ (ਸਮਾਲਸਰ)
ਮੋਬਾ:97108-60004


rajwinder kaur

Content Editor rajwinder kaur