ਕਵਿਤਾ ਖਿੜਕੀ ''ਚ ਪੜ੍ਹੋ ਦੋ ਕਵਿਤਾਵਾਂ-''ਜੰਗ ਦੇ ਰੰਗ'' ਅਤੇ ''ਪਤੰਗ''

Tuesday, Mar 01, 2022 - 05:02 PM (IST)

ਜੰਗ ਦੇ ਰੰਗ 

ਖ਼ੂਨ ਮੂੰਹਾਂ ਚੋਂ ਉੱਗਲੇ ਤੋਪਾਂ ਬੰਬਾਂ ਨੇ 
ਸਦਾ ਤਬਾਹੀਆਂ ਦਿੱਤੀਆਂ ਖ਼ੂਨੀ ਜੰਗਾਂ ਨੇ 
ਮਾਵਾਂ ਦੇ ਪੁੱਤ ਨਿਗਲੇ ਸਦਾ ਹੀ ਜੰਗਾਂ ਨੇ 

ਬੱਚਾ ਰੋਵੇ ਮਰੀਓ ਮਾਂ ਦੀ, ਛਾਤੀ ਘੁੱਟ ਘੁੱਟ ਕੇ 
ਕਿਤੇ ਪੁੱਤ ਦੀ ਲਾਸ਼ 'ਤੇ ਰੋਵੇ,ਅੰਮੜੀ ਫੁੱਟ ਫੁੱਟ ਕੇ 
ਦੇਖ ਕੇ ਮੰਜ਼ਰ ਧਾਹ ਮਾਰੀ ਏ ਕੰਧਾਂ ਨੇ 
ਸਦਾ ਉਜਾੜੇ ਪਾਏ ਚੰਦਰੀਆਂ ਜੰਗਾਂ ਨੇ 

ਪਿਆਰ ਮੁਹੱਬਤ ਵਿਚ ਲਹੂ ਦੇ ਰੁਲ ਗਏ ਨੇ 
ਖ਼ੁਸ਼ੀਆਂ ਖੇੜੇ ਖੰਭ ਲਗਾ ਕੇ ਉੜ ਗਏ ਨੇ 
ਅਮਨ ਦੀਆਂ ਵੀ ਉਲਝ ਗਈਆਂ ਅੱਜ ਤੰਦਾਂ ਨੇ 
ਸਦਾ ਤਬਾਹੀਆਂ ਦਿੱਤੀਆਂ, ਮਿੱਤਰੋ ਜੰਗਾਂ ਨੇ 

ਲੀਡਰ ਚੰਦਰੇ ਝੂਠੇ ਡਰਾਮੇ ਕਰਦੇ ਆ 
ਇਹ ਸ਼ਤਰੰਜਾਂ ਖੇਡਣ ਫ਼ੌਜੀ ਮਰਦੇ ਆ 
ਭਾਈਆਂ ਦੇ ਨਾਲ ਭਾਈ ਲੜਾਤੇ ਵੰਡਾਂ ਨੇ 
ਪੁੱਤ ਮਾਵਾਂ ਦੇ ਡੰਗੇ, ਖ਼ੂਨੀ ਦੰਦਾਂ ਨੇ 
ਡੂੰਘੇ ਜ਼ਖ਼ਮ ਲਗਾਤੇ ਮਿੱਤਰੋ ਜੰਗਾਂ ਨੇ

ਤੋਪਾਂ ਦੇ ਨਾਲ ਸ਼ਾਂਤ ਸੁਨੇਹੇ, ਘੱਲ ਨਹੀਂ ਹੁੰਦੇ 
ਡਾਇਲਾਗ ਦੇ ਬਾਝੋਂ ਮਸਲੇ ,ਹੱਲ ਨਹੀਂ ਹੁੰਦੇ 
ਨਸੀਵਾਲੀਆ ਮੁਲਕ ਰੋਲਤੇ ਕੰਗਾਂ ਨੇ
ਮੁਹੱਬਤਾਂ ਵਾਲੇ ਦੀਪ ਬੁਝਾਤੇ ਜੰਗਾਂ ਨੇ 

   ਕੁਲਵੀਰ ਸਿੰਘ 


*********

ਪਤੰਗ 
ਆਸਮਾਨ 'ਚ ਉੱਡਦੀ ਪਤੰਗ 
ਪੰਛੀਆਂ ਜਿਹੀ ਇਸ ਦੀ ਉਡਾਨ 
ਰੰਗ ਬਿਰੰਗੀ ਹਰੀ ਨੀਲੀ ਲਾਲ
ਹਿੱਚਕੋਲੇ ਖਾਂਦੀ ਧੀਮੀ ਰਫ਼ਤਾਰ 
ਚਾਰਾਂ ਦਿਸ਼ਾਵਾਂ 'ਚ ਚੱਕਰ ਕੱਟਦੀ 
ਆਸਮਾਨ 'ਚ ਉੱਡਦੀ ਪਤੰਗ 

ਹਵਾ ਚੱਲਦੇ ਹੀ ਉੱਡਣ ਲੱਗਦੀ 
ਹਵਾ ਬੰਦ ਹੁੰਦੇ ਹੀ ਹੇਠਾਂ ਆਉਂਦੀ 
ਫ਼ਰ-ਫ਼ਰ ਕਰਦੀ ਸਰ ਸਰ ਕਰਦੀ
ਆਸਮਾਨ 'ਚ ਉੱਡਦੀ ਪਤੰਗ 

ਕਿੰਨੀ ਪਿਆਰੀ ਲੱਗਦੀ ਇਹ 
ਆਸਮਾਨ ਨਾਲ ਗੱਲਾਂ ਕਰਦੀ 
ਮਿੱਠੀ ਲੱਗਦੀ ਇਸ ਦੀ ਤਾਣ 
ਡੋਰ ਹੈ ਇਸਦੀ ਤਾਕਤ ਜਾਨ 
ਉਂਗਲ ਦੇ ਇਸ਼ਾਰੇ ਨਾਲ ਭਰੇ ਉਡਾਣ 
ਇਧਰ-ਉਧਰ ਉੱਡਦੀ ਫਰਫਰਾਂਦੀ 

ਕੱਟਦੇ ਹੀ ਆਈ ਬੋ ਦਾ ਸ਼ੋਰ ਸੁਣਾਵੇ
ਸਹਾਰਾ ਤਦ ਇਸ ਦਾ ਟੁੱਟਦਾ
ਬੱਚਿਆ ਦਾ ਗੁੱਸਾ ਹੈ ਫੁੱਟਦਾ 
ਡੋਰ ਤੋਂ ਟੁੱਟ ਕਹਿੰਦੀ ਪਤੰਗ 
ਟੁੱਟਣਾ ਜੁੜਣਾ ਸਾਡਾ ਜੀਵਨ 
ਇਹ ਸਿੱਖਿਆ ਦਿੰਦੀ ਪਤੰਗ 

ਵਰਿੰਦਰ ਸ਼ਰਮਾ 
 


Harnek Seechewal

Content Editor

Related News