ਕਹਾਣੀਨਾਮਾ ''ਚ ਪੜ੍ਹੋ ਕਹਾਣੀ ''ਨਵਿਆਂ ਰਾਹਾਂ ਦੇ ਪਾਂਧੀ''

07/21/2021 1:56:11 PM

ਬਾਬਾ ਜੀ! ਆਹ ਰਾਹ ਦੱਸਿਓ ਕਿੱਧਰ ਨੂੰ ਜਾਂਦਾ ਏ..? ਸੱਥ ਕੋਲੋਂ ਲੰਘਦੇ ਹੋਏ ਜਤਿੰਦਰ ਨੇ ਪੁੱਛਿਆ।
ਕਾਕਾ ਤੂੰ ਜਾਣਾ ਕਿੱਥੇ ਆ? ਤਾਸ਼ ਦੀ ਥਾਉਕੀ ਲਾਉਂਦੇ ਹੋਏ ਨੇ ਬਾਬੇ ਨੇ ਆਖਿਆ।
ਅਸੀਂ  ਕਿੱਲਿਆਂਵਾਲੀ ਜਾਣਾ ਐ...
ਉਹ ਜਵਾਨੋਂ ਏਧਰੋਂ ਖੱਬੇ ਹੋ ਜੋ...ਅੱਗੇ ਸੜਕ ਆਊ, ਫਿਰ ਸੱਜੇ ਹੋ ਜਾਇਓ..ਉਹ ਸਿੱਧੀ ਸੜਕ ਜਾਊ.. ਉਹ ਜੈਲਿਆ ਕਾਨੂੰ ਗ਼ਲਤ ਰਾਹ ਪਾਈ ਜਾਨਾਂ ਜੁਆਕਾਂ ਨੂੰ..
ਉਹ ਕਾਕਾ ਪਿੰਡ ਦੀ ਫਿਰਨੀ ਤੋਂ ਸੜਕ ਮੁੜੂ ਉਹ ਸਿਧੀ ਜਾਊ ਕਿਲਿਆਂਵਾਲੀ ਨੂੰ ...

ਅਜੇ ਤੁਰਨ ਹੀ ਲੱਗੇ । ਇੰਨੇ ਨੂੰ ਉਨ੍ਹਾਂ ਸਾਰਿਆਂ 'ਚ ਘੁਸਰ ਮੁਸਰ ਹੋਣ ਲੱਗੀ। ਸਹਿਮੀ ਜਿਹੀ ਅਵਾਜ਼ ਇਕ ਬਾਪੂ ਬੋਲਿਆ..."ਓ ਬੱਲਿਆ! ਸਾਹਮਣੇ ਸੜਕ ਆਊ..ਫਿਰ ਖੱਬੇ ਮੁੜ ਜੀਂ। ਅੱਗੋਂ ਹਰਪਾਲ ਦੀ ਹੱਟੀ ਤੋਂ ਫਿਰਨੀ ਆਊ..ਫਿਰ ਬੰਤੇ ਦੀ ਦੁਕਾਨ ਤੋਂ ਸੜਕ ਜਾਊ..ਅੱਗੋਂ ਕੱਚਾ ਨਾਲਾ ਲੰਘ ਕੇ ਸਿੱਧਾ ਹੀ ਰਾਹੇ ਪੈ ਜਾਈਂ.. ਠੀਕ ਐ ਠੀਕ ਐ ..ਬਜ਼ੁਰਗੋ! ਫਿਰ ਮਿਲਾਂਗੇ.

ਰਮਨ ਨੇ ਗੱਲ ਹਾਸੇ 'ਚ ਲੈਂਦੇ ਨੇ ਆਖਿਆ ਏਦੂੰ ਚੰਗਾਂ ਤਾਂ ਆਪਾਂ ਗੂਗਲ ਮੈਪ ਹੀ ਲਾ ਲੈਂਦੇ। ਹਾਂ! ਉਹ ਤਾਂ ਠੀਕ ਹੈ ਪਰ ਤੂੰ ਇਕ ਗੱਲ ਨੋਟ ਕੀਤੀ? ਕਿਹੜੀ? ਕਿ ਘੱਟ ਪੜ੍ਹੇ ਲਿਖੇ ਬੰਦੇ ਵੀ ਰਾਹ ਇਸ ਤਰ੍ਹਾਂ ਦੱਸ ਰਹੇ ਸੀ ਜਿਵੇਂ ਉਨ੍ਹਾਂ ਤੋਂ ਵਧੀਆ ਸਾਨੂੰ ਕੋਈ ਰਾਹ ਨਹੀਂ ਦੱਸ ਸਕਦਾ, ਜੇ ਅਨਪੜ੍ਹਾਂ ਦਾ ਇਹ ਹਾਲ ਐ ਤੇ ਆਪਣੇ ਵਰਗਿਆਂ ਦਾ ਕੀ ਹੋਊ? ਗੱਲ ਤਾਂ ਤੇਰੀ ਠੀਕ ਐ ਜਤਿੰਦਰ। ਰਾਹ ਵੀ ਇਕ ਸੀ ਤੇ ਸਾਰਿਆਂ ਹੀ ਠੀਕ ਦੱਸਿਆ। ਬਸ ਹਰ ਕੋਈ ਇਹੀ ਚਾਹੁੰਦਾ  ਸੀ ਕਿ ਮੇਰੇ ਦੱਸੇ ਰਾਹ 'ਤੇ ਚੱਲੇ। ਪਿੰਡ ਪਾਰ ਕਰਦਿਆਂ ਹੀ ਉਹ ਕਿੱਲਿਆਂਵਾਲੀ ਰਾਹ ਪੈ ਗਏ। ਇਕ ਪਿੰਡ ਦੇ ਨੇੜਿਓਂ ਲੰਘੇ ਤਾਂ ਜਤਿੰਦਰ ਬੋਲਿਆ, ਰਮਨ! ਇੱਥੇ ਮੇਰੀ ਭੂਆ ਰਹਿੰਦੀ ਏ ਮਿਲਦੇ ਚੱਲੀਏ... ਫਿਰ ਆਖੂ ਕੋਲੋਂ ਈ ਲੰਘ ਗਏ। ਜਿਵੇਂ ਤੈਨੂੰ ਠੀਕ ਲੱਗੇ..ਰਮਨ ਨੇ ਆਖਿਆ।

ਘਰ ਪਹੁੰਚੇ। ਚਾਹ ਪਾਣੀ ਪੀਤਾ ਤੇ ਗੱਲਾਂ ਕਰਨ ਲੱਗ ਪਏ। ਭੂਆ ਆਖਣ ਲੱਗੀ ਜੀਤਿਆ! ਕਮਲ ਨੇ ਹੁਣ ਬਾਰਾਂ ਕਰ ਲਈਆਂ ਨੇ ਇਨੂੰ ਕਿੱਥੇ ਪੜ੍ਹਨੇ ਪਾਈਏ? ਇਹ ਕੱਲ ਸ਼ਹਿਰ ਕਾਲਜ ਵੀ ਪਤਾ ਕਰ ਆਈ ਐ ...
ਭੂਆ ਦੀ ਗੱਲ ਅਜੇ ਚੱਲ ਹੀ ਰਹੀ ਸੀ ਕਿ ਗੁਆਂਢੀਆਂ ਦੇ ਜੁਆਕ ਕੋਲ ਆ ਬੈਠੇ । ਇਕ ਬੋਲਿਆ.. ਤਾਈ! ਉੱਥੇ ਪੜ੍ਹਾਉਣ ਦਾ ਫ਼ਾਇਦਾ ਕੋਈ ਨਹੀਂ ...ਮੈਂ ਵੀ ਉਥੋਂ ਪੜ੍ਹਿਆਂ ਆ..ਕੋਈ ਪੜ੍ਹਾ ਕੇ ਖ਼ੁਸ਼ ਨਹੀਂ। ਪ੍ਰੋਫੈਸਰਾਂ ਦੀ ਆਪਸੀ ਨਹੀਂ ਬਣਦੀ। ਇਕ ਦੂਜੇ ਦੀ ਖਿੱਚੋਤਾਣ 'ਚ ਲੱਗੇ ਰਹਿੰਦੇ।

ਕੋਲ ਖੜੀ ਨਿੰਮੋ ਬੋਲੀ "ਇਹ ਗੱਲ ਤਾਂ ਵੈਸੇ ਠੀਕ ਐ ਚਾਚੀ, ਮੈਨੂੰ ਵੀ ਸਾਲ ਹੋ ਗਿਆ ਉੱਥੇ ਪੜ੍ਹਦੀ ਨੂੰ ਬਸ ਜਿੰਨਾ ਕੁ ਆਪ ਪੜ੍ਹ ਲਈਏ ਬਸ ਉਹੀ ਪੱਕਾ ਏ...ਸਾਡੇ  ਪ੍ਰੋਫੈਸਰ ਤਾਂ ਨਿੱਤ ਤਨਖਾਹਾਂ ਦਾ ਰੌਲਾ ਪਾਈ ਰੱਖਦੇ ਨੇ..।"
ਜਤਿੰਦਰ ਆਖਣ ਲੱਗਿਆ "ਪੜ੍ਹਨਾ ਤਾਂ ਭੂਆ ਕਮਲ ਨੇ ਹੀ ਐ...ਅਧਿਆਪਕਾਂ ਦਾ ਚੰਗਾ ਗਾਈਡ ਕੀਤਾ ਹੀ ਹਮੇਸ਼ਾ ਕੰਮ ਆਉਂਦਾ"।

ਨਿੰਮੋ ਕਹਿਣ ਲੱਗੀ, "ਜਤਿੰਦਰ ਤੈਨੂੰ ਨਹੀਂ ਪਤਾ ਉੱਥੋਂ ਦੇ ਮਾਹੌਲ ਦਾ..ਉੱਥੇ ਤਾਂ ਇਹੋ ਜਿਹੇ ਲੋਕ ਵੀ ਨੇ ਜਿਹੜੇ ਪ੍ਰਿੰਸੀਪਲ ਤੋਂ ਲੈ ਕੇ ਚਪੜਾਸੀ ਤੱਕ ਦੀ ਚਾਪਲੂਸੀ ਕਰਦੇ ਨੇ। ਜਿੰਨਾ ਚਿਰ ਸਾਰੇ ਜਣੇ ਇਕ ਦੂਜੇ ਦੀ ਚੁਗਲੀ ਨਾ ਕਰਨ ਇਨ੍ਹਾਂ ਦਾ ਤਾਂ ਦਿਨ ਹੀ ਨਹੀਂ ਲੰਘਦਾ...ਮੈਨੂੰ ਪਤਾ ਮੈਂ ਕਿਵੇ ਦਿਨ ਕਟ ਰਹੀ ਆਂ.. ਤੁਸੀਂ ਕਿਸੇ ਪ੍ਰਾਈਵੇਟ ਕਾਲਜ ਪੜ੍ਹਨੇ ਪਾ ਦਿਉ..
 
ਜਤਿੰਦਰ ਨੇ ਜਵਾਬ ਦਿੰਦਿਆਂ ਆਖਿਆ, ਭੈਣੇ! ਇਹ ਤਾਂ ਹਰ ਕਿਤੇ ਚਲਦਾ। ਸੰਸਥਾ ਕਦੇ ਮਾੜੀ ਨਹੀਂ ਹੁੰਦੀ। ਨਾਲੇ ਜਿੱਥੋਂ ਪੜ੍ਹ ਕੇ ਜਾਈਏ ਉਨੂੰ ਕਦੇ ਮਾੜਾ ਨਹੀਂ ਆਖੀਦਾ। ਕਮਲ ਜਦੋਂ ਤੂੰ ਕੁਝ ਬਣ ਗਈ ਤੂੰ ਇਸੇ ਕਾਲਜ ਨੂੰ ਸਲਾਮ ਕਰਿਆ ਕਰੇਂਗੀ। ਭੂਆ ਜੇ ਕਮਲ ਨੂੰ ਠੀਕ ਲੱਗਦਾ ਤਾਂ ਪਾ ਦਿਓ ਪੜ੍ਹਨੇ..। ਹੁਣ ਅਸੀਂ ਚਲਦੇ ਆ..ਫਿਰ ਮਿਲਾਂਗੇ।

ਰਮਨ ਆਖਣ ਲੱਗਿਆ .."ਜਤਿੰਦਰ! ਤੂੰ ਕੋਈ ਜ਼ੋਰ ਦੇ ਕੇ ਸਲਾਹ ਨਹੀਂ ਦਿੱਤੀ ਕਿ ਕਮਲ ਨੂੰ ਕਿਹੜੇ ਕਾਲਜ ਲਾਉਣਾ ਚਾਹੀਦਾ ? ਰਮਨ! ਅਜੇ ਬਥੇਰਿਆਂ ਤੋਂ ਭੂਆ ਨੇ ਪੁੱਛਣਾ ਤੇ ਬਥੇਰਿਆਂ ਨੇ ਸਲਾਹਾਂ ਦੇਣੀਆਂ...। ਸਾਡਾ ਮਾਸਟਰ ਆਖਿਆ ਕਰਦਾ ਸੀ ਕਿ ਜ਼ਰੂਰੀ ਨਹੀਂ ਕਿ ਏ.ਸੀ. ਆਲੇ ਸਕੂਲਾਂ 'ਚ ਹੀ ਪੜ੍ਹਾਈ ਵਧੀਆ ਹੁੰਦੀ ਹੋਵੇ। ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ। ਮੈਂ ਤਾਂ ਘਰੋਂ ਬੋਰੀ ਲਿਜਾ ਕੇ ਮਾਸਟਰਾਂ ਦੇ ਚਰਨਾਂ 'ਚ ਬੈਠ ਕੇ ਪੜ੍ਹਨ ਵਾਲੇ ਵੀ ਅਫਸਰ ਬਣਦੇ ਦੇਖੇ ਨੇ... ਸਹੀ ਗੱਲ ਹੈ ਵੈਸੇ ਤੇਰੀ..ਰਮਨ ਨੇ ਸਿਰ ਹਿਲਾਉਂਦੇ ਹੋਏ ਨੇ ਆਖਿਆ।

ਸਲਾਹਾਂ ਦਾ ਕੀ ਐ ਜਿਹੜੇ ਕੋਲ ਖੜ੍ਹ ਜਾਵਾਂਗੇ ਉਹੀ ਦੇਣ ਲੱਗ ਜਾਊ। ਨਾਲੇ ਪਿੱਛੇ ਰਾਹ ਪੁੱਛ ਕੇ ਦੇਖ ਤਾਂ ਲਿਆ। ਹਰ ਕੋਈ ਚਾਹੁੰਦਾ ਕਿ ਮੇਰੇ ਦੱਸੇ ਰਾਹ ਤੇ ਚੱਲੇ....।

ਸੁਰਜੀਤ ਸਿੰਘ 'ਦਿਲਾ ਰਾਮ
ਸੰਪਰਕ 99147-22933


 


Harnek Seechewal

Content Editor

Related News