ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ ''ਸ਼ਰਧਾ''

08/02/2021 2:13:32 PM

'ਬਾਬਾ ਜੀ, ਅਰਦਾਸ ਕਰਿਓ! ਘਰ ਦੀ ਚੜ੍ਹਦੀ ਕਲਾ ਤੇ ਜੀਆਂ ਦੀ ਤੰਦਰੁਸਤੀ  ਲਈ, ਜਦੋਂ ਮੁੰਡਾ ਤੁਰਨ ਫਿਰਨ ਲੱਗ ਗਿਆ ਤੇ ਲੱਤ ਪੂਰੀ ਤਰ੍ਹਾਂ ਠੀਕ ਹੋ ਗਈ, ਅਖੰਡ-ਪਾਠ ਕਰਵਾਂਵਾਂਗੇ ਗੁਰੂ ਦਾ ਧੰਨਵਾਦ ਕਰਨ ਲਈ ਆਪਣੇ ਗੁਰਦੁਆਰਾ ਸਾਹਿਬ'
ਸੌ ਦਾ ਨੋਟ ਪਰਸ 'ਚੋਂ ਕੱਢਕੇ ਜਗਤਾਰ ਸਿੰਘ ਗੁਰਦੁਆਰੇ ਦੇ ਪਾਠੀ ਸਿੰਘ ਨੂੰ ਫੜ੍ਹਾਉਂਦਾ ਬੋਲਿਆ!
ਬਾਬਾ ਜੀ , 'ਪਰੇਸ਼ਾਨੀਆਂ ਖਹਿੜਾ ਨਹੀਂ ਛੱਡਦੀਆਂ, ਪਤਾ ਨੀ ਕੀ ਭੁੱਲ ਹੋਈ ਐ? 
ਤਿੰਨ ਕੁ ਮਹੀਨੇ ਪਹਿਲਾਂ ਮੇਰੀ ਮੈਡਮ ਨੂੰ ਹਰਟ ਅਟੈਕ ਆ ਗਿਆ ਸੀ, ਮਸਾਂ ਬਚੀ ਸੀ, ਵੱਡੀ ਕੁੜੀ ਦਾ ਤਲਾਕ ਹੋ ਗਿਆ, ਮੁੰਡੇ ਦੀ ਐਕਸੀਡੈਂਟ ਵਿੱਚ ਲੱਤ ਟੁੱਟ ਗਈ ਹੈ,
ਕੱਲ੍ਹ ਪਲੇਟਿੰਗ ਹੋਈ ਆ ...!'
“ਬਾਬਾ ਜੀ...ਮੇਰੀ ਸ਼ੂਗਰ ਢਾਈ ਸੌ ਤੋਂ ਥੱਲੇ ਨੀਂ ਹੁੰਦੀ', 
ਸ਼ਾਇਦ ਜਗਤਾਰ ਸਿੰਘ ਬਾਬਾ ਜੀ ਕੋਲ ਮਨ ਦੀ ਉਦਾਸੀ ਜ਼ਾਹਿਰ ਕਰ ਰਿਹਾ ਸੀ!'
“ਬਾਬਾ ਜੀ, ਆਹ ਮੇਰਾ ਫੋਨ ਨੰਬਰ ਲਿਖ ਲਵੋ ਤੇ ਮੈਨੂੰ ਆਵਦਾ ਨੰਬਰ ਲਿਖਾ ਦਿਓ” ...ਜਾਣ ਲੱਗਾ ਜਗਤਾਰ ਸਿੰਘ ਬਾਬਾ ਜੀ ਨੂੰ ਕਹਿ ਰਿਹਾ ਸੀ ...!
ਜਗਤਾਰ ਸਿੰਘ ਬਿਆਲੀ ਕਿੱਲ੍ਹਿਆਂ ਦਾ ਮਾਲਿਕ ਸਿਆਸਤ ਵਿੱਚ ਵੀ ਹਿੱਸਾ ਲੈਂਦਾ ! ਵੱਡਿਆਂ ਲੀਡਰਾਂ ਨਾਲ ਉੱਠਣੀ ਬਹਿਣੀ ਹੋਣ ਕਰਕੇ ਚੰਗਾ ਨਾਮ ਸੀ ਇਲਾਕੇ ਵਿੱਚ ...! ਆਪਣੀ ਖੇਤੀਬਾੜੀ ਕਾਰਨ ਰੋਜ਼ਾਨਾ ਸ਼ਹਿਰ ਤੋਂ ਚੌਵੀ ਕਿਲੋਮੀਟਰ ਦੂਰ ਪਿੰਡ ਆਉਂਦਾ। ਪਿੰਡ ਦੀਆਂ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦਾ। ਦੋ ਕੁ ਮਹੀਨਿਆਂ ਬਾਅਦ ਬਾਬਾ ਜੀ ਨੇ  ਜਗਤਾਰ ਸਿੰਘ ਦੇ ਪਰਿਵਾਰ ਦਾ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਤੇ ਦੱਸਿਆ, “ਜਗਤਾਰ ਸਿਆਂ, ਅਖੰਡ-ਪਾਠਾਂ ਦੀ ਲੜ੍ਹੀ ਸ਼ੁਰੂ ਹੋ ਚੁੱਕੀ ਹੈ ਗੁਰੂ ਘਰ, ਜੇ ਤੁਹਾਡਾ ਟਾਈਮ ਹੋਵੇ ਤਾਂ ਅਖੰਡ-ਪਾਠ ਦੀ ਸੇਵਾ ਲਿਖ ਦੇਈਏ ...!”
ਜਗਤਾਰ ਸਿੰਘ ਨੇ ਘਰ ਸਲਾਹ ਮਸ਼ਵਰਾ ਕਰਕੇ ਬਾਬਾ ਜੀ ਤੋਂ ਆਖੰਡ ਪਾਠ ਦਾ ਟਾਈਮ ਲੈ ਲਿਆ ਤੇ ਬਾਬਾ ਜੀ ਨੂੰ ਕਿਹਾ 'ਬਾਬਾ ਜੀ ਉੱਕੀ ਪੁੱਕੀ ਆਖੰਡ ਪਾਠ ਦੀ ਸੇਵਾ ਦੱਸੋ ,ਲੰਗਰ ਦਾ ਇੰਤਜ਼ਾਮ ਨਹੀਂ ਕਰਨਾ ਤੇ ਨਾ ਹੀ ਸੰਗਤ ਨੂੰ ਸੱਦਾ ਦੇਣਾ ਹੈ, ਕੌਣ ਸੇਵਾ ਕਰੂੰ, ਬਾਬਾ ਜੀ ਤਿੰਨ ਦਿਨ?'
“ਤੁਸੀਂ ਬਣਦੀ ਸੇਵਾ ਦੱਸੋ”
ਬਾਬਾ ਜੀ ਨੇ ਉੱਕਾ -ਪੁੱਕਾ ਸਤਵੰਜਾ ਸੌਂ ਰੁਪਇਆ ਸੇਵਾ ਲੈ ਲਈ। ਮਿੱਥੇ ਦਿਨ 'ਤੇ ਸਮੇਂ ਮੁਤਾਬਿਕ ਜਗਤਾਰ ਸਿੰਘ ਨੇ ਆਖੰਡ ਪਾਠ ਦੀ ਆਰੰਭਤਾ ਦੀ ਅਰਦਾਸ ਵਿੱਚ ਹਾਜ਼ਰੀ ਭਰੀ। ਪੰਜ ਪਾਠੀ ਸਿੰਘ ਆਖੰਡ ਪਾਠ ਪੜ੍ਹਦੇ ਰਹੇ ... ਤੀਸਰੇ ਦਿਨ ਹੁਣ ਭੋਗ ਦੇ ਸਲੋਕ ਪੜ੍ਹੇ ਜਾ ਰਹੇ ਸਨ ਤਾਂ ਬਾਬਾ ਜੀ ਨੂੰ ਜਗਤਾਰ ਸਿੰਘ ਦਾ ਫੋਨ ਆ ਗਿਆ !
“ਬਾਬਾ ਜੀ, ਜ਼ਰੂਰੀ ਕੰਮ ਪੈ ਗਿਆ ਹੈ! ਫਲਾਣੇ ਲੀਡਰ ਦੀ ਮਾਂ ਦੇ ਸਸਕਾਰ 'ਤੇ ਜਾ ਰਿਹਾ ਹਾਂ ਤੇ ਹੁਣ ਮੈਂ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕਦਾ।'

ਅਰਦਾਸ ਕੀਤੀ ਗਈ, ਹੁਕਮਨਾਮਾ ਸਾਹਿਬ ਲਏ ਗਏ!
ਬਾਬਾ ਜੀ ਭੋਗ ਉਪਰੰਤ ਕਹਿ ਰਹੇ ਸਨ , “ਗੁਰੂ ਘਰ ਦੇ ਪ੍ਰੀਤਵਾਨ ਭਾਈ ਜਗਤਾਰ ਸਿੰਘ ਨੇ ਕਿਸੇ ਟਾਈਮ ਪਰਿਵਾਰ 'ਤੇ ਆਏ ਦੁੱਖ ਦਲਿੱਦਰ ਦੂਰ ਕਰਨ ਲਈ ਗੁਰੂ ਮਹਾਰਾਜ ਕੋਲ ਅਰਦਾਸ ਬੇਨਤੀ ਕੀਤੀ ਸੀ, ਗੁਰੂ ਮਹਾਰਾਜ ਨੇ ਨੇੜੇ ਹੋ ਕੇ ਭਾਈ ਜਗਤਾਰ ਸਿੰਘ ਜੀ ਦੀ ਅਰਦਾਸ ਬੇਨਤੀ ਨੂੰ ਸੁਣਿਆ ਤੇ ਹੁਣ ਗੁਰੂ ਮਰਿਯਾਦਾ ਅਨੁਸਾਰ ਬੜੀਆਂ ਖੁਸ਼ੀਆਂ ਨਾਲ  ਭੋਗ ਪਾਏ ਗਏ ਹਨ। ਮਹਾਰਾਜ ਘਰ ਵਿੱਚ ਸੁੱਖ ਸ਼ਾਤੀ ਰੱਖਣ, ਦੁੱਖ ਦਲਿੱਦਰ ਦੂਰ ਕਰਨ ਤੇ ਅਗਾਂਹ ਤੋਂ ਗੁਰੂ ਮਹਾਰਾਜ ਸੇਵਾ ਲੈਣ ਕਰਨ ਦਾ ਬਲ ਬਖਸ਼ਣ।' ਵੱਟਸਐਪ 'ਤੇ ਹੁਕਮਨਾਮਾ ਸੁਣ ਕੇ ਜਗਤਾਰ ਸਿੰਘ ਬਹੁਤ ਖ਼ੁਸ਼ ਸੀ,ਕਿਸੇ ਟਾਈਮ ਦੀ ਸੁੱਖੀ ਸੁੱਖਣਾ ਲਾਹ ਕੇ ...!


ਰਾਜਵਿੰਦਰ ਕੌਰ
ਪਿੰਡ ਦੀਪ ਸਿੰਘ  ਵਾਲਾ 
ਫਰੀਦਕੋਟ

 


Harnek Seechewal

Content Editor

Related News