ਰਾਮ ਭਰੋਸੇ ਦਾਨ

12/02/2017 2:59:33 PM

ਅੱਜ ਜੈਸਲੀਨ ਹੋਰਾ ਦੇ ਘਰ ਜੈਸਮੀਨ ਅਤੇ ਕੁਵੰਰਪ੍ਰੀਤ ਵੀ ਆਏ ਹੋਏ ਸਨ| ਤਾਂ ਜਦੋਂ ਰਾਤ ਹੋਈ ਦੋਵੇਂ ਬੱਚੇ ਜੈਸਮੀਨ ਅਤੇ ਕੰਵਰਪ੍ਰੀਤ ਨੂੰ ਵੀ ਨਾਲ ਲੈ ਕੇ ਦਾਦਾ ਜੀ ਪਾਸ ਜਾ ਬੈਠੇ| ਯਸਵੀਰ ਨੇ ਕਿਹਾ, ''ਜੈਸਮੀਨ ਦੀਦੀ, ਦਾਦਾ ਜੀ ਸਾਨੂੰ ਹਰ ਰੋਜ਼ ਭਗਤ ਕਬੀਰ ਜੀ ਦੇ ਜੀਵਨ ਬਾਰੇ ਕੋਈ ਨਾ ਕੋਈ ਕਹਾਣੀ ਜਰੂਰ ਸੁਣਾਉਂਦੇ ਹਨ ਅੱਜ ਤੁਸੀਂ ਵੀ ਸਾਡੇ ਨਾਲ ਨਵੀਂ ਕਹਾਣੀ ਦਾ ਆਨੰਦ ਲਵੋਗੇ|'' ਤਾਂ ਜੈਸਮੀਨ ਵੀ ਬੋਲ ਪਈ, ''ਹਾਂ, ਦਾਦਾ ਜੀ, ਸਾਨੂੰ ਵੀ ਸੁਣਾਓ ਅੱਜ ਕੋਈ ਕਹਾਣੀ, ਮੈਂ ਸੁਣਿਆ ਏ ਕਿ ਕਬੀਰ  ਜੀ ਬਹੁਤ ਹੀ ਦਾਨੀ ਪੁਰਖ ਸਨ ਤਾਂ ਸਾਨੂੰ ਉਹਨਾਂ ਦੇ ਮਹਾਂਦਾਨੀ ਹੋਣ ਬਾਰੇ ਹੀ ਕੋਈ ਕਹਾਣੀ ਸੁਣਾਓ''
ਇਹ ਸੁਣ ਯਸ਼ਵੀਰ ਹੱਸ ਪਿਆ ਅਤੇ ਕਿਹਾ,'' ਲਓ, ਕਰ ਲਓ ਗੱਲ, ਕਬੀਰ ਜੀ ਤਾਂ ਆਪ ਹੀ ਬਹੁਤ ਗਰੀਬ ਸੀ, ਉਸਦੇ ਘਰ ਤਾਂ ਕਈ ਵਾਰ ਆਟਾ ਚਾਵਲ ਜਾਂ ਕੋਈ ਹੋਰ ਅਨਾਜ ਵੀ ਨਹੀਂ ਸੀ ਹੁੰਦੇ ਉਹ ਦਾਨ ਕਿੱਥੋ ਕਰਦਾ?'' ਯਸ਼ਵੀਰ ਦੀ ਗੱਲ ਸੁਣ ਦਾਦਾ ਜੀ ਨੇ ਕਹਾਣੀ ਸ਼ੁਰੂ ਕਰ ਦਿੱਤੀ,'' ਪੁੱਤਰ-ਯਸ਼ਵੀਰ ਠੀਕ ਕਹਿੰਦਾ ਹੈ ਕਿ  ਕਬੀਰ ਜੀ ਬਹੁਤ ਗਰੀਬ ਸਨ| ਉਹ ਬੜੀ ਮੁਸ਼ਕਿਲ ਨਾਲ ਖੱਡੀ ਤੇ ਕੱਪੜਾ ਬੁਣ ਕੇ, ਫਿਰ ਉਸਨੂੰ ਵੇਚ ਕੇ ਆਪਣੇ ਘਰ ਦਾ ਗੁਜਾਰਾ ਚਲਾ ਰਹੇ  ਸਨ| ਪਰ ਜਿਵੇਂ ਤੁਹਾਨੂੰ ਪਤਾ ਏ ਉਹ ਰਾਮ ਦੇ ਭਗਤ ਸਨ ਅਤੇ ਆਪਣੇ ''ਰਾਮ'' ਪਰ ਅਥਾਹ ਵਿਸ਼ਵਾਸ ਕਰਦੇ ਸੀ| ਜੋ ਕੋਈ ਵੀ ਉਨ੍ਹਾਂ ਦੇ ਕੋਲੋਂ ਚੀਜ ਮੰਗਦਾ ਤਾਂ ਕਬੀਰ ਜੀ ਹੱਸ ਕੇ ਉਸਨੂੰ ਦੇ ਦੇਂਦੇ|'' ਇਸ ਤਰ੍ਹਾਂ ਉਹ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਗਏ| ਬਹੁਤ ਸਾਰੇ ਸਾਧੂ-ਸੰਤ ਉਸਦੇ ਘਰ ਭੋਜਨ ਛੱਕਣ ਲਈ ਜਾਂ  ਕੱਪੜੇ ਲੀੜੇ ਲੈਣ ਲਈ ਆ ਜਾਇਆ ਕਰਦੇ ਸਨ| ਕਬੀਰ ਜੀ ਸਭ ਦੀ ਮੰਗ ਪੂਰੀ ਕਰਦੇ ਅਤੇ ਆਪਣੇ ਵੱਲੋਂ ਦਾਨ ਦੇ ਕੇ ਕਹਿੰਦੇ, 'ਇਹ ਮੇਰੇ ਰਾਮ ਦਾ ਦਿੱਤਾ ਹੋਇਆ ਏ|' ''
ਦਾਦਾ ਜੀ ਦੀ ਗੱਲ ਨੂੰ ਟੋਕਦਿਆ ਕੁੰਵਰਪ੍ਰੀਤ ਬੋਲਿਆ, '' ਇਸ ਤਰ੍ਹਾਂ ਤਾਂ ਕਬੀਰ ਜੀ ਦਾ ਘਰ ਧਰਮਸਾਲਾਂ ਹੀ ਬਣ ਗਿਆ ਹੋਵੇਗਾ ਅਤੇ ਉਹ ਕਿੱਥੋਂ ਕਰਦਾ ਹੋਵੇਗਾ ਅਜਿਹਾ ਪ੍ਰਬੰਧ ਦਾਦਾ ਜੀ ਨੇ ਫੇਰ ਦੱਸਣਾ ਸ਼ੁਰੂ ਕੀਤਾ,'' ਹਾਂ, ਬੱਚਿਓ! ਕਬੀਰ ਜੀ ਕੋਲ ਜੋ ਵੀ ਹੁੰਦਾ ਉਹ ਦਾਨ ਦੇ ਦੇਂਦਾ ਅਤੇ ਉਸਦੇ ਘਰਵਾਲੀ ''ਮਾਈ ਲੋਈ'' ਵੀ  ਕਦੇ ਗੁੱਸਾ ਨਾ ਕਰਦੀ| ਕਹਿੰਦੇ ਹਨ ਕਿ ਇੱਕ ਵਾਰ ਕਬੀਰ ਖੱਦਰ ਦਾ ਇੱਕ ਥਾਨ ਵੇਚਣ ਲਈ ਬਜ਼ਾਰ ਵਿੱਚ ਚਲੇ ਗਏ ਤਾਂ ਉਹਨਾਂ ਨੂੰ ਇੱਕ ਬਹੁਤ ਹੀ ਗਰੀਬ ਮੰਗਤਾਂ ਮਿਲ ਗਿਆ ਜਿਸਦੇ ਤਨ ਪਰ ਕੱਪੜਾ ਵੀ ਨਹੀਂ ਸੀ| ਉਸ ਮੰਗਤੇ ਨੇ ਕਬੀਰ ਜੀ ਨੂੰ ਕੁਝ ਦੇਣ ਲਈ ਕਿਹਾ| ਤਾਂ ਕਬੀਰ ਜੀ ਨੇ ਪੁੱਛਿਆ, ''ਭਾਈ ਤੈਨੂੰ ਕੀ ਚਾਹੀਦਾ ਹੈ?'' ਤਾਂ ਮੰਗਤੇ ਨੇ ਉੱਤਰ ਦਿੱਤਾ,'' ਧੋਤੀ, ਚਾਦਰ ਅਤੇ ਕਮੀਜ਼|'' ਤਾਂ ਕਬੀਰ ਜੀ ਨੇ ਉਸਨੂੰ ਸਾਰਾ ਹੀ ਖੱਦਰ ਦਾ ਥਾਨ ਦੇ ਦਿੱਤਾ| ਮੰਗਤਾ ਦੂਰ ਨਿਕਲ ਗਿਆ ਤਾਂ ਕਬੀਰ ਜੀ ਨੇ ਸੋਚਿਆ ਕਿ ਉਹ ਤਾਂ ਇੱਹ ਕੱਪੜਾ ਵੇਚ ਕੇ ਘਰ ਲਈ ਆਟਾ, ਦਾਲਾਂ ਅਤੇ ਗੁੜ ਲੈਣ ਲਈ ਆਏ ਸੀ ਹੁਣ ਕੀ ਕਰੇਗਾ? ਪਰ ਉਸਨੇ ਗੱਲ ਰਾਮ ਭਰੋਸੇ ਛੱਡ ਦਿੱਤੀ|''
ਜੈਸਲੀਨ ਬੋਲੀ,'' ਦਾਦਾ ਜੀ, ਜਦੋਂ ਉਹ ਖਾਲੀ ਹੱਥ ਘਰ ਗਿਆ ਹੋਵੇਗਾ ਤਾਂ ਘਰਵਾਲੇ ਤਾਂ ਬਹੁਤ ਹੀ ਨਰਾਜ਼ ਹੋਏ ਹੋਣਗੇ ਉਨ੍ਹਾਂ ਨੇ ਬਿਨਾ ਅਨਾਜ ਗੁਜਾਰਾ ਕਿਵੇਂ ਕੀਤਾ ਹੋਵੇਗਾ?'' ਦਾਦਾ ਜੀ ਨੇ ਵੀ ਅੱਖਾਂ ਬੰਦ ਕੀਤੀਆਂ ਅਤੇ ਕਹਿਣ ਲੱਗੇ, ''ਬੇਟਾ, ਜਦੋਂ ਕਬੀਰ ਘਰ ਪਹੁੰਚਿਆ ਤਾ ਉਸਦੀ ਮਾਂ ਨੇ ਪੁੱਛਿਆ ਕਿ ਕਬੀਰ ਨੇ ਇੰਨਾ ਆਟਾ, ਦਾਲਾਂ, ਗੁੜ, ਖੰਡ ਕਿਉਂ ਭੇਜ ਦਿੱਤਾ? ਉਹ ਤਾਂ ਥੋੜਾ ਕੱਪੜਾ ਹੀ ਲੈ ਕੇ ਬਜ਼ਾਰ ਗਿਆ ਸੀ| ਕਬੀਰ ਜੀ ਨੂੰ ਵੀ ਇਹ ਸੁਣ ਅਚੰਭਾ ਹੋਇਆ ਕਿ ਉਸਨੇ ਤਾਂ ਕੁਝ ਨਹੀਂ ਭੇਜਿਆ| ਪਰ ਜਿਉਂ ਹੀ ਕਬੀਰ ਘਰ ਦੇ ਅੰਦਰ ਗਿਆ ਤਾਂ ਪਦਾਰਥਾਂ ਦੇ ਢੇਰ ਲੱਗੇ ਸਨ ਤਾਂ ਉਸਦਾ ਰਾਮ ਪਰ ਭਰੋਸਾ ਹੋਰ ਵੀ ਪੱਕਾ ਹੋ ਗਿਆ|ਉਸਨੇ ਮਾਂ ਨੂੰ ਕਿਹਾ,'' ਮਾਂ! ਇਹ ਮੇਰੇ ਰਾਮ ਦੀ ਮਹਿਮਾ ਏ|''
''ਹੁਣ ਜੋ ਵੀ ਸਾਧੂ-ਸੰਤ ਉਧਰੋ ਨਿਕਲਦੇ ਤਾਂ ਉਹ ਦਾਨੀ ਕਬੀਰ ਜੀ ਨੂੰ ਜਰੂਰ ਮਿਲ ਕੇ ਜਾਂਦੇ ਅਤੇ 'ਮਾਈ ਲੋਈ' ਵੀ ਲੰਗਰ ਤਿਆਰ ਕਰਦੀ ਰਹਿੰਦੀ| ਇਕ ਵਾਰ ਪਾਖੰਡੀ ਬ੍ਰਾਹਮਣਾ ਨੇ ਕਬੀਰ ਜੀ ਨੂੰ ਨੀਵਾਂ ਦਿਖਾਉਣ ਲਈ ਉਸਦੇ ਘਰ ਜਾ ਕੇ ਭੋਜਨ ਕਰਨ ਦੀ ਸਕੀਮ ਬਣਾਈ ਅਤੇ ਕਈ ਪੰਡਤ ਇਕੱਠੇ ਹੋ ਕੇ ਕਬੀਰ ਜੀ ਦੇ ਘਰ ਭੋਜਨ ਮੰਗਣ ਲੱਗੇ ਤਾਂ ਕਬੀਰ ਜੀ ਨੇ ਉਹਨਾਂ ਨੂੰ ਪੰਗਤ ਵਿੱਚ ਬਿਠਾ ਕੇ ਕਿਹਾ,' ਤੁਹਾਨੂੰ ਮੇਰਾ ਰਾਮ ਭੋਜਨ ਜਰੂਰ ਖੁਆਵੇਗਾ|'' ਪਰ ਮਾਈ ਲੋਈ ਨੇ ਕਿਹਾ ਕਿ ਘਰ ਵਿੱਚ ਕੁਝ ਨਹੀਂ ਸੀ ਅਤੇ ਉਹ ਪੰਡਤਾਂ ਦੇ ਐਵੇ ਹੀ ਹੱਥ ਧੁਆਈ ਜਾਂਦੇ ਨੇ|'' ਤਾਂ ਲੋਈ ਦੀ ਗੱਲ ਸੁਣ ਕਰੀਬ ਜੀ ਨੇ ਕਿਹਾ,'' ਅੰਦਰ ਘੜੇ ਵਿੱਚ ਥੋੜੀ ਬਚੀ ਹੋਈ ਮਠਿਆਈ ਪਈ ਹੈ ਉਹ ਹੀ ਪੰਡਤਾਂ ਨੂੰ ਵਰਤਾਈ ਜਾਵੇ,'' ਪਰ ਜਦੋਂ ਮਾਈ ਲੋਈ ਅੰਦਰ ਗਈ ਤਾਂ ਅੰਦਰ ਕਈ ਪ੍ਰਕਾਰ ਦੀ ਮਠਿਆਈ ਥਾਂ ਥਾਂ ਪਈ ਸੀ| ਕਬੀਰ ਜੀ ਨੇ ਆਪਣੇ ਸੇਵਕਾਂ ਨੂੰ ਮਠਿਆਈ ਦੇ ਥਾਲ ਲਿਆ ਕੇ ਪੰਡਤਾਂ ਅੱਗੇ ਰੱਖਣ ਲਈ ਕਿਹਾ| ਪੰਡਤ ਮਠਿਆਈ ਛੱਕ ਕੇ ਨਿਹਾਲ ਹੋ ਗਏ ਅਤੇ ਧੰਨ ਕਬੀਰ ਧੰਨ ਕਬੀਰ ਕਰਨ ਲੱਗੇ| ਤਾਂ ਕਬੀਰ ਜੀ ਨੇ ਦੱਸਿਆ ਕਿ ਸਭ ਉਸਦੇ ਰਾਮ ਦੀ ਖੇਡ ਹੈ| ਇਸ ਤਰ੍ਹਾਂ ਉਹ ਪੰਡਤ ਕਬੀਰ ਦਾ ਨਿਰਾਦਰ ਕਰਨ ਵਿੱਚ ਅਸਫਲ ਰਹੇ|''
ਜੈਸਮੀਨ ਨੇ ਪੁੱਛਿਆ,'' ਤਾਂ ਕੀ ਦਾਦਾ ਜੀ, ਕਬੀਰ ਜੀ, ਇਸ ਤਰ੍ਹਾਂ ਹੀ ਦਾਨ-ਪੁੰਨ ਕਰਦੇ ਰਹੇ ਅਤੇ ਰਾਮ ਜੀ ਉਹਨਾਂ ਦੀ ਮਦਦ ਕਰਦੇ ਰਹੇ'' ? ਤਾਂ ਦਾਦਾ ਜੀ ਨੇ  ਕਿਹਾ,'' ਹਾਂ ਪੁੱਤਰ ਰੱਬ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ, ਉਹ ਤਾਂ ਆਪਣੇ ਭਗਤਾਂ ਨੂੰ ਪ੍ਰਰਖਦਾ ਵੀ ਹੈ ਅਤੇ ਉਹਨਾਂ ਦੀ ਲਾਜ ਵੀ ਰੱਖਦਾ ਹੈ| ਇਸ ਤਰ੍ਹਾਂ ਕਬੀਰ ਜੀ ਨੂੰ ਆਪਣੇ ਰਾਮ ਪਰ ਅਥਾਹ ਭਰੋਸਾ ਸੀ ਅਤੇ ਉਹ ਪ੍ਰਭੂ ਦੇ ਗੁਣ ਗਾਉਣਾ ਗਾਉਂਦਾ ਮਹਾਦਾਨੀ ਬਣ ਗਿਆ|'' ਹੁਣ ਰਾਤ ਕਾਫੀ ਹੋ ਚੁੱਕੀ ਸੀ, ਬੱਚਿਆਂ ਨੂੰ ਨੀਂਦ ਵੀ ਆਉਣ ਲੱਗੀ ਸੀ ਤਾਂ ਉਹ ਦੂਜੀ ਰਾਤ ਨਵੀਂ ਕਹਾਣੀ ਦਾ ਵਾਹਦਾ ਲੈ ਕੇ ਦਾਦਾ ਜੀ ਪਾਸੋ ਉੱਠ ਕੇ ਚਲੇ ਗਏ|
ਬਹਾਦਰ ਸਿੰਘ ਗੋਸਲ 
ਮਕਾਨ ਨੰ:3098, ਸੈਕਟਰ-37-ਡੀ
ਚੰਡੀਗੜ੍ਹ| ਮੋ: ਨੰ:9876452223


Related News