ਗੁਰੂਆਂ, ਪੀਰਾਂ ਦੀ ਧਰਤੀ ''ਤੇ ਪਲ਼ੀ ਪੰਜਾਬੀ ਮਾਂ-ਬੋਲੀ ਦੀ ਹਾਲਤ ਤਰਸਯੋਗ ਬਣ ਗਈ ਹੈ : ਸੁਰਜੀਤ ਸਿੰਘ ਫਲੋਰਾ

Tuesday, Feb 22, 2022 - 09:26 PM (IST)

ਗੁਰੂਆਂ, ਪੀਰਾਂ ਦੀ ਧਰਤੀ ''ਤੇ ਪਲ਼ੀ ਪੰਜਾਬੀ ਮਾਂ-ਬੋਲੀ ਦੀ ਹਾਲਤ ਤਰਸਯੋਗ ਬਣ ਗਈ ਹੈ : ਸੁਰਜੀਤ ਸਿੰਘ ਫਲੋਰਾ

ਕੈਨੇਡਾ : 21 ਫਰਵਰੀ ਨੂੰ ਦੁਨੀਆ ਭਰ 'ਚ ‘ਕੌਮਾਂਤਰੀ ਮਾਂ-ਬੋਲੀ ਦਿਵਸ’ ਮਨਾਇਆ ਗਿਆ। ਮਾਂ-ਬੋਲੀ ਪੰਜਾਬੀ ਇਕ ਅਜਿਹੀ ਬੋਲੀ ਹੈ, ਜਿਸ ਨੂੰ ਜਿੰਨਾ ਵੀ ਪੜ੍ਹੀਏ, ਬੋਲੀਏ, ਸੁਣੀਏ, ਵਿਚਾਰੀਏ, ਦਿਲ ਨੂੰ ਸਕੂਨ ਮਿਲਦਾ ਹੈ। ਗੁਰੂਆਂ, ਪੀਰਾਂ, ਰਿਸ਼ੀਆਂ, ਮੁੰਨੀਆਂ ਦੀ ਧਰਤੀ ਪੰਜਾਬ 'ਚ ਪਲ਼ੀ ਇਸ ਪੰਜਾਬੀ ਮਾਂ-ਬੋਲੀ ਦੀ ਹਾਲਤ ਇੰਨੀ ਕੁ ਤਰਸਯੋਗ ਬਣ ਗਈ ਹੈ ਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦੈ ਕਿ ਅਸੀਂ ਪੰਜਾਬ ਸੂਬੇ ਵਿੱਚ ਨਹੀਂ ਸਗੋਂ ਕਿਸੇ ਦੂਸਰੇ ਦੇਸ਼ 'ਚ ਰਹਿੰਦੇ ਹਾਂ। ਪੰਜਾਬ ਉਸ ਧਰਤੀ ਦਾ ਨਾਂ ਹੈ, ਜਿੱਥੇ ਗੁਰੂਆਂ, ਪੀਰਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੀ ਬਾਣੀ ਨਾਲ ਇਸ ਨੂੰ ਅੱਗੇ ਤੋਰਿਆ। ਕੋਈ ਸਮਾਂ ਸੀ, ਜਦੋਂ ਪੰਜਾਬੀਆਂ ਦੀ ਇਕੱਲੇ ਭਾਰਤ 'ਚ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ ਵਿੱਚ ਵੀ ਵਾਹ-ਵਾਹ ਹੁੰਦੀ ਸੀ ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ ਪੰਜਾਬੀ ਪੰਜਾਬੀ ਨਹੀਂ ਰਿਹਾ।
 
ਮੈਂ ਆਪਣੀ ਪੰਜਾਬੀ ਮਾਂ-ਬੋਲੀ ਪ੍ਰਤੀ ਮੋਹ, ਪਿਆਰ, ਲਗਾਓ, ਹਸਰਤ ਦੀ ਗੱਲ ਕਰਦਾ ਹਾਂ। ਮੈਂ ਜਲੰਧਰ ਦੇ ਪਿੰਡ ਈਸ਼ਰਵਾਲ 'ਚ 15 ਅਗਸਤ 1970 'ਚ ਜਨਮ ਲਿਆ। ਛੋਟੇ ਹੁੰਦੇ ਪਿੰਡ ਦੇ ਗੁਰੂਘਰ ਦੇ ਗ੍ਰੰਥੀ ਨਾਲ ਨਜ਼ਦੀਕੀ ਦੋਸਤੀ ਹੋਣ ਕਾਰਨ ਬਾਣੀ ਦੀਆਂ ਲਗਾਮਾਤਰਾ ਬਾਣੀ ਨੂੰ ਪੜ੍ਹਨ ਦਾ 11-12 ਸਾਲ ਦੀ ਉਮਰ ਵਿੱਚ ਹੀ ਮੌਕਾ ਮਿਲਿਆ। 14 ਸਾਲਾਂ ਦਾ ਹੋਣ 'ਤੇ ਪਿਤਾ ਜੀ ਦਾ ਕੈਨੇਡਾ 'ਚ 1986 ’ਚ ਦਿਹਾਂਤ ਹੋ ਗਿਆ ਤੇ ਜਲੰਧਰ ਮਾਸੜ ਜੀ ਦੀ ਕੋਠੀ ਲਾਡੋਵਾਲੀ ਰੋਡ ਵਿਖੇ ਰਹਿਣ ਲੱਗ ਪਏ, ਜਿਥੇ ਅਖ਼ਬਾਰਾਂ ਪੜ੍ਹਨ ਦਾ ਸ਼ੌਕ ਜਾਗਿਆ ਤੇ ਹੌਲੀ-ਹੌਲੀ ਲਿਖਣ ਦਾ ਵੀ।

9ਵੀਂ ਤੱਕ ਪਹੁੰਚਦਿਆ ਦਸੰਬਰ 89 ’ਚ ਵੀਜ਼ਾ ਆਉਣ 'ਤੇ ਕੈਨੇਡਾ ਪਰਿਵਾਰ ਸਮੇਤ ਪਹੁੰਚ ਗਿਆ, ਜਿਥੇ ਨਵੀਂ ਬੋਲੀ, ਨਵੇਂ ਲੋਕ, ਨਵਾਂ ਵਾਤਾਵਰਨ ਸੀ। ਉਸ ਸਮੇਂ ਕੈਨੇਡਾ 'ਚ ਪੰਜਾਬੀਆਂ ਦਾ ਬਹੁਤਾ ਬੋਲਬਾਲਾ ਨਹੀਂ ਸੀ। ਉਦੋਂ ਹੁਣ ਵਾਂਗ ਰੌਣਕ ਜਾਂ ਹਰ ਸ਼ਹਿਰ ਵਿੱਚ ਗੁਰੂਘਰ ਨਹੀਂ ਸਨ ਹੁੰਦੇ। ਇਥੇ ਆ ਕੇ ਅੰਗਰੇਜ਼ੀ ਸਕੂਲ, ਲੋਕ ਤੇ ਅੰਗਰੇਜ਼ੀ 'ਤੇ ਨਿਰਭਰ ਹੋ ਕੇ ਰਹਿਣਾ ਪੈ ਗਿਆ। ਪੰਜਾਬੀ ਪੇਪਰਾਂ ਤੋਂ ਦੂਰ, ਬੋਲੀ ਤੋਂ ਦੂਰ, ਮਨ ਉਦਾਸ ਜਿਹਾ ਰਹਿਣ ਲੱਗ ਪਿਆ। ਕੁਝ ਦੇਰ ਬਾਅਦ ਜਦ ਕੈਨੇਡਾ 'ਚ ਕੁਝ ਪੈਰ ਜੰਮਣ ਲੱਗੇ ਤਾਂ ਕੁਝ ਅਖ਼ਬਾਰ ਗਰੋਸਰੀ ਸਟੋਰਾਂ 'ਤੇ ਪਏ ਨਜ਼ਰ ਆਏ ਪਰ ਉਨ੍ਹਾਂ 'ਚ ਉਹ ਭਾਰਤੀ ਪੰਜਾਬ ਵਾਲੀ ਖੁਸ਼ਬੂ, ਮਹਿਕ ਤੇ ਰੰਗਤ ਨਜ਼ਰ ਨਹੀਂ ਆਈ। 

ਮੈਂ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਪਰ 9ਵੀਂ ਕਲਾਸ ਦੀ ਪੰਜਾਬੀ ਜੋ ਕੁਝ ਸਾਲਾਂ ‘ਚ ਅੱਧੀ ਰਹਿ ਗਈ ਸੀ, ਬਹੁਤ ਸਾਰੇ ਹਰਫ਼, ਕੰਨੇ ਸਿਆਰੀ, ਬਿਆਰੀ ਦੀਆਂ ਲਗਾਮਾਤਰਾਵਾਂ ਭੁੱਲ ਗਈਆਂ ਸਨ ਪਰ ਮੈਂ ਕੋਸ਼ਿਸ਼ ਨਹੀਂ ਛੱਡੀ। ਪੰਜਾਬੀ ਨੂੰ ਢਾਅ ਲਾਉਣ 'ਚ ਇਕ ਬਹੁਤ ਵੱਡਾ ਹੱਥ ਉਨ੍ਹਾਂ ਅਖ਼ਬਾਰਾਂ ਦਾ ਹੈ, ਜੋ ਅੱਜ ਵੱਡੀਆਂ-ਵੱਡੀਆਂ ਸੁਰਖ਼ੀਆਂ ਛਾਪ ਰਹੇ ਹਨ- ਮਾਂ-ਬੋਲੀ ਨੂੰ ਭੁੱਲ ਜਾਓਗੇ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਨੇ ਮੇਰੀਆਂ ਸਰਲ, ਟੁੱਟੀਆਂ-ਭੱਜੀਆਂ ਪੰਜਾਬੀ ਲਿਖ਼ਤਾਂ ਨੂੰ ਨਾ ਛਾਪ ਕੇ ਮੇਰੇ ਮਨ ਨੂੰ ਠੇਸ ਪਹੁੰਚਾਈ, ਜਿਸ ਨਾਲ ਮਨ ਨੂੰ ਅੱਜ ਤੱਕ ਨਿਰਾਸ਼ਤਾ ਹੀ ਮਿਲੀ ਹੈ। ਬਹੁਤ ਕੁਝ ਲਿਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਲਈ ਦਿਲ ਉਬਾਲੇ ਮਾਰਦਾ ਹੈ ਪਰ ਜਦ ਲਿਖ਼ਤ ਨੂੰ ਜੋ ਘੰਟਿਆਂਬੱਧੀ ਬੈਠ ਕੇ ਟਾਈਪ ਕੀਤੀਆਂ ਹੁੰਦੀਆਂ ਹਨ, ਆਪਣੇ ਪਰਿਵਾਰ, ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨਾਲ ਪਿਆਰ ਜਤਾਉਣ ਲਈ ਆਪਣੀ ਸਾਂਝ, ਆਪਣਾਪਨ, ਉਨ੍ਹਾਂ ਤੋਂ ਚੋਰੀ ਕਰਕੇ ਲਿਖੀਆਂ ਹੁੰਦੀਆਂ ਹਨ, ਇਸ ਆਸ ਨਾਲ ਕਿ ਕੁਝ ਅਖ਼ਬਾਰਾਂ ਵਾਲੇ ਇਸ ਨੂੰ ਛਾਪ ਕੇ ਲੋਕਾਂ ਤੱਕ ਪਹੁੰਚਾਉਣਗੇ, ਜਿਥੇ ਕਿ ਇਨ੍ਹਾਂ ਅਖ਼ਬਾਰਾਂ ਨੂੰ ਇਕ ਪ੍ਰਦੇਸੀ ਹੋਏ 16-17 ਸਾਲ ਦੇ ਯੁਵਕ ਨੂੰ ਮਾਣ-ਸਤਿਕਾਰ ਤੇ ਉਸ ਨੂੰ ਹੌਸਲਾ ਦੇ ਕੇ ਪੰਜਾਬੀ ਤੇ ਪੰਜਾਬੀਅਤ ਨਾਲ ਜੋੜਨਾ ਚਾਹੀਦਾ ਸੀ, ਉਥੇ ਉਨ੍ਹਾਂ ਨੇ ਮੈਨੂੰ ਪੰਜਾਬੀ ਤੋਂ ਦੂਰ ਕਰ ਦਿੱਤਾ ਤੇ ਵਿਦੇਸ਼ ਗਏ ਨੂੰ ਅੰਗਰੇਜ਼ ਹੀ ਬਣਾ ਦਿੱਤਾ। 

ਮੈਂ ਕੈਨੇਡਾ 'ਚ ਰਹਿ ਕੇ ਅੰਗਰੇਜ਼ੀ ਅਖ਼ਬਾਰਾਂ ਅਤੇ ਦੁਨੀਆ ਭਰ 'ਚ ਲਿਖ ਰਿਹਾ ਹਾਂ। ਅਮਰੀਕਾ, ਕੀਨੀਆ, ਇੰਗਲੈਂਡ, ਆਸਟ੍ਰੇਲੀਆ, ਜਰਮਨ ਦੇ ਅੰਗਰੇਜ਼ੀ ਪੇਪਰਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ, ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਪਰ ਜਦ ਵੀ ਕੁਝ ਪੰਜਾਬੀ ’ਚ ਲਿਖਣ ਲਈ ਦਿਲ ਕਰਦਾ ਹੈ ਤਾਂ ਮਨ ਅੰਦਰੋਂ ਅਵਾਜ਼ ਹਾਮੀ ਨਹੀਂ ਭਰਦੀ, ਜਿਸ ਦਾ ਅਸਿੱਧੇ ਜਾਂ ਸਿੱਧੇ ਤੌਰ 'ਤੇ ਇਹ ਅਖ਼ਬਾਰਾਂ ਵਾਲੇ ਹੀ ਜ਼ਿੰਮੇਵਾਰ ਹਨ, ਜੋ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵੱਡੀਆਂ-ਵੱਡੀਆਂ ਸੁਰਖ਼ੀਆਂ ਛਾਪਦੇ ਹਨ ਪਰ ਇਨ੍ਹਾਂ ਦੀ ਬਦੌਲਤ ''ਆਈ ਐੱਮ ਪੰਜਾਬੀ ਬਟ ਮੀ ਨੋ ਪੰਜਾਬੀ।''


author

Harnek Seechewal

Content Editor

Related News