‘ਪੰਜਾਬ’ : ਗੁਰੂਆਂ, ਪੀਰਾਂ, ਯੋਧਿਆਂ, ਸੂਰਵੀਰਾਂ ਦੀ ਧਰਤੀ

05/19/2020 3:55:56 PM

ਪੰਜਾਬ

ਗੁਰੂਆਂ, ਪੀਰਾਂ, ਯੋਧਿਆਂ, ਸੂਰਵੀਰਾਂ ਦੀ ਧਰਤੀ,

 ਗੁਰੂ ਘਰਾਂ, ਹਰਿਆਲੀ ਤੇ ਖੁਸ਼ਹਾਲੀ ਨਾਲ,’ਪੰਜ -ਆਬ' ਕਹਾਵੇ।

                 ਗੁੰਮ ਗਿਆ ਜੋ ਖਿੜਿਆ  ਸੀ ਕਦੇ ਫੁੱਲ ਗੁਲਾਬ ਦਾ,

                   ਦਾਤਾ ਸਾਰੇ ਦੇਸ਼ ਦਾ  ਅੱਜ ਪਿਆ ਹੱਥੀਂ ਜ਼ਹਿਰ ਉਗਾਵੇ।

ਸੱਤਰਾਂ ਕਿਸੇ ਕਵੀ ਦੀਆਂ ਅੱਜ ਰੋਵਣ ਤੇ ਕੁਰਲਾਵਣ,

ਕਰਜ਼ੇ ਹੇਠਾਂ ਦੱਬਿਆ ਕਿਸਾਨ ਵਿਚਾਰਾ,ਆਪ ਨੂੰ ਫਾਹੇ ਲਾਵੇ।

                      ਬੱਚੇ ਸੋਹਲ ਬਾਹਲੇ ਹੋ ਗਏ,

                       ਕਣਕ,ਝੋਨਾ,ਸਰੋਂ, ਤੋਰੀਆ ਹੁਣ ਖੇਤੀਂ ਕੌਣ ਉਗਾਵੇ।

ਪਾੜ੍ਹਿਆਂ ਘੱਤੀਆਂ ਵਿਦੇਸ਼ੀਂ ਵਹੀਰਾਂ,

ਡਰਦੇ ਗਰਮੀ ਸਰਦੀ ਤਾਈਂ,ਦਾਤੀ,ਰੰਬਾ,ਕਹੀ ਹੁਣ ਖੇਤ ਚ ਕੌਣ ਚਲਾਵੇ।

                 ਦਿਨੇ ਦੁਪਹਿਰੇ ਸੀਰੀ ਲੈ ਕੇ ,ਬਾਪੂ ਗੁੱਡੇ ਪੈਲੀ ,

                  ਹਾੜੀ ਸਾਉਣੀ ਸਾਂਭੇ ,ਆਪੇ,ਆਪੇ ਪੈਲੀ ਵਾਹਵੇ।

ਬਰਸਾਤ, ਹਨੇਰੀ ,ਸੋਕੇ ਮਾਰਿਆ,

ਪੁੱਤਾਂ ਧੀਆਂ ਲਈ ਲਿਆ ਕਰਜਾ ਹੁਣ ,ਦੱਸੋ ਕਿਵੇਂ ਉਤਾਰੇ?

                         ਯਾਰਾਂ ਬੇਲੀਆਂ, ਰਿਸ਼ਤੇਦਾਰਾਂ , ਕਿਸੇ ਨਾ ਬਾਂਹ ਫੜਾਈ,

                          ਬਣਦਾ ਕੁਝ ਨਾ ਦੇਖ ਹਾਰ, ਮੌਤ ਨੂੰ ਗਲੇ ਲਗਾਵੇ।

ਰੇਹਾਂ ਸਪਰੇਹਾਂ ਬਿਨ ਖੇਤੀ ਨਾ ਹੁੰਦੀ,

ਹੀਲਾ ਦੇਖ ਨਾ ਕੋਈ ਹੋਰ, ਦੁਨੀਆਂ ਜ਼ਹਿਰ ਪਈ ਖਾਵੇ।

                               ਪਾਣੀ, ਹਵਾ ਵੀ ਹੋ ਗਏ ਗੰਧਲੇ,

                                ਬੰਦਾ ਭੱਜ ਕਿੱਧਰ ਨੂੰ ਜਾਵੇ।

ਉੱਡ ਪੁੱਗ ਗਈ ਹਰੀ ਕ੍ਰਾਂਤੀ,

ਥਿਆਵੇ ਨਾ ਹਰਿਆਲੀ ਖੇਤੀਂ, ਖੁਸ਼ਹਾਲੀ ਕਿਥੋਂ ਆਵੇ?

                                        ਬੇਰੋਜ਼ਗਾਰੀ ਇੰਜ ਮਾਰਿਆ,

                                         ਜਵਾਨੀ, ਨਸ਼ਿਆਂ, ਟੀਕਿਆਂ ਚ ਰੁੜ੍ਹਦੀ ਜਾਵੇ।

ਭੇਂਟ ਚੜ੍ਹ ਗਈਆਂ ਲੱਖਾਂ ਜਵਾਨੀਆਂ,

ਘਰ ਘਰ ਵਿੱਚ, ਨਿੱਤ ਸਿਵਿਆਂ ਦੀ ਵਾਜ ਆਵੇ।

                               ਸਿਆਸਤਦਾਨਾਂ ਪਾਈ, ਆਪਣੀ, ਕਾਂਵਾਂ ਰੌਲੀ,

                                ਗਰੀਬ ਦੀ ਕੋਈ ਸੁਣਦਾ ਨਹੀਂਓਂ,ਪਿਆ ਥਾਂ ਥਾਂ ਟੱਕਰਾਂ ਖਾਵੇ।

ਧਰਤੀ ਅਕਾਸ਼ ਪਏ ਕੁਰਲਾਉਂਦੇ,ਬਾਬਾ ਨਾਨਕਾ,

ਪਾ ਜਾ ਫੇਰੀ ਇੱਕ ਵਾਰੀ ਫਿਰ, ਬਿਨ ਤੇਰੇ ਜਗ ਨੂੰ ਕੌਣ ਬਚਾਵੇ?


rajwinder kaur

Content Editor

Related News