ਪੰਦਰਾਂ ਲੱਖ ਅਤੇ ਬਹੱਤਰ ਹਜ਼ਾਰ ਨੇ ਉਲਝਾਏ ਵੋਟਰ
Saturday, Apr 13, 2019 - 04:24 PM (IST)
ਗਰੀਬ ਅਤੇ ਲੋੜਵੰਦ ਨੂੰ ਉਸਦੀ ਜਰੂਰਤ ਦੇਖ ਕੇ ਲਲਚਾਉਣਾਂ ਅਤੇ ਲਾਲਚ 'ਚ ਫਸਾ ਕੇ ਉਸਦੀ ਕੀਮਤੀ ਵੋਟ ਆਪਣੇ ਪੱਖ 'ਚ ਪਵਾ ਲੈਣਾ ਲੋਕਤੰਤਰ ਦੇ ਚਿੱਟੇ ਦਿਨ ਹੁੰਦੇ ਕਤਲ ਦੀ ਗਵਾਹੀ ਭਰਦਾ ਹੈ। ਚੋਣਾਂ ਦਾ ਵਿਗਲ ਵੱਜਦੀ ਸਾਰ ਸਿਆਸੀ ਪਾਰਟੀਆਂ ਹਿੰਦੋਸਤਾਨ ਦੀ ਆਮ ਜਨਤਾ ਨੂੰ ਭਰਮਾਉਣ ਦਾ ਕੰਮ ਸ਼ੁਰੂ ਕਰ ਦਿੰਦੀਆਂ ਹਨ ਜੋ ਚੋਣਾਂ ਖਤਮ ਹੋਣ ਸਾਰ ਇੱਕ ਬੀਤੇ ਦੀ ਗੱਲ ਬਣ ਜਾਂਦਾ ਹੈ। ਪੰਜ ਸਾਲ ਪਹਿਲਾਂ ਇੱਕ ਰਾਜਸੀ ਦਲ ਵਲੋਂ ਹਰੇਕ ਭਾਰਤੀ ਦੇ ਖਾਤੇ 'ਚ ਪੰਦਰਾਂ ਲੱਖ ਆਉਣ ਵਾਲੀ ਕਹੀ ਗੱਲ ਨਿਰ੍ਹਾ ਝੂਠ ਨਿਕਲੀ। ਆਮ ਲੋਕਾਂ ਨੂੰ ਉਮੀਦ ਸੀ ਕੀ ਦੇਰ ਸਵੇਰ ਕਹੀ ਗੱਲ ਨੁੰ ਪੁਗਾਇਆ ਜਾਵੇਗਾ ਅਤੇ ਪੰਦਰਾਂ ਲੱਖ ਆਉਣ ਨਾਲ ਉਹਨਾਂ ਨੂੰ ਆਰਥਿਕ ਗਰੀਬੀ ਤੋਂ ਛੁਟਕਾਰਾ ਮਿਲੇਗਾ ਪਰ ਅਜਿਹਾ ਨਹੀਂ ਹੋਇਆ ਉਲਟਾ ਮਹਿੰਗਾਈ ਵੱਧ ਗਈ ਜਿਸ ਨੇ ਗਰੀਬ ਦੀ ਰਸੋਈ ਦਾ ਖਰਚਾ ਵਧਾ ਦਿੱਤਾ। ਪੰਦਰਾਂ ਲੱਖ ਨੂੰ ਉਡੀਕਦੇ ਉਡੀਕਦੇ ਅੱਕੇ ਹੋਏ ਬਹੁਤੇ ਲੋਕਾਂ ਨੇ ਆਪਣੇ ਬੈਂਕ ਖਾਤੇ ਵੀ ਬੰਦ ਕਰਵਾ ਦਿੱਤੇ। ਇਹ ਉਹ ਝੂਠ ਸੀ ਜਿਸ ਨੇ ਇੱਕ ਪਾਰਟੀ ਨੂੰ ਲੋਕ ਸਭਾ ਚੋਣਾ 'ਚ ਇਤਿਹਾਸਿਕ ਜਿੱਤ ਦਵਾ ਕੇ ਹਿੰਦੋਸਤਾਨ ਦੀ ਸਿਆਸੀ ਵਾਗਡੋਰ ਫੜਾ ਦਿੱਤੀ।
ਲੋਕਾਂ ਦੇ ਜ਼ਜ਼ਬਾਤਾਂ ਦਾ ਕਤਲ ਕਰਕੇ ਕੀਤੀ ਹੋਈ ਸਿਆਸਤ ਨਹੀਂ ਪਾਪ ਹੁੰਦਾ ਹੈ ਪਰ ਲੋਕਤੰਤਰ 'ਚ ਸ਼ਾਇਦ ਇਸ ਨੂੰ ਪਾਪ ਨਹੀਂ ਸਿਆਸੀ ਕਲਾਬਾਜੀ ਸਮਝਿਆ ਜਾਂਦਾ ਹੈ। ਸਿਆਸੀ ਨੇਤਾ ਇਹ ਕਲਾਬਾਜੀ ਹਰ ਪੰਜ ਸਾਲਾਂ ਬਾਅਦ ਮਾਰਦੇ ਹਨ ਅਤੇ ਲੋਕਾਂ ਨੂੰ ਆਪਣੀ ਕਲਾ ਦਿਖਾ ਕੇ ਵੋਟਾਂ ਬਟੋਰ ਕੇ ਸਿਆਸੀ ਤਖਤਾਂ ਦੇ ਮਾਲਕ ਬਣ ਜਾਂਦੇ ਹਨ। ਇਹ ਵਰਤਾਰਾ ਹਿੰਦੋਸਤਾਨ 'ਚ ਆਜ਼ਾਦੀ ਤੋਂ ਬਾਅਦ ਨਿਰੰਤਰ ਚੱਲ ਰਿਹੈ। ਪੰਦਰਾਂ ਲੱਖ ਨੂੰ ਉਡੀਕਦਿਆਂ ਆਮ ਲੋਕਾਂ ਦੀਆਂ ਦਰਦ ਕਰਦੀਆਂ ਅੱਖਾਂ ਦੀ ਚੀਸ ਕੁੱਝ ਘਟੀ ਹੀ ਸੀ ਕਿ ਇੱਕ ਹੋਰ ਸਿਆਸੀ ਕਲਾਬਾਜ ਨੇ ਕਲਾਬਾਜੀ ਮਾਰਦੇ ਹੋਏ ਗਰੀਬ ਲੋਕਾਂ ਨੂੰ ਹਰ ਸਾਲ ਬਹੱਤਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਆਮ ਲੋਕ ਹੁਣ ਇਸ ਨੂੰ ਵੀ ਇੱਕ ਝੂਠ ਹੀ ਸਮਝ ਰਹੇ ਹਨ ਕਿਉਂਕਿ ਵਾਰ ਵਾਰ ਰਾਜ ਕਰ ਰਹੀਆਂ ਪਾਰਟੀਆਂ ਝੂਠੇ ਬਿਆਨ ਦੇ ਕੇ ਲੋਕਾਂ 'ਚ ਆਪਣਾ ਵਿਸ਼ਵਾਸ਼ ਖੋ ਬੈਠੀਆਂ ਹਨ ਜਿਸ ਨੂੰ ਦੁਬਾਰਾ ਹਾਸਿਲ ਕਰਨਾ ਹੁਣ ਔਖਾ ਹੈ। ਬਚਪਨ 'ਚ ਉਸ ਸ਼ਰਾਰਤੀ ਨੌਜਵਾਨ ਵਾਲੀ ਕਹਾਣੀ ਤਾਂ ਸਭ ਨੇ ਹੀ ਪੜੀ ਹੋਣੀ ਐ ਜੋ ਭੇਡਾਂ ਚਾਰਦਾ ਹੋਇਆ ਰੌਲ਼ਾ ਪਾਉਣ ਲੱਗ ਜਾਂਦਾ ਹੈ ਕਿ, ਸ਼ੇਰ ਆਇਆ ਸ਼ੇਰ ਆਇਆ ਬਚਾਉ। ਪਿੰਡ ਦੇ ਲੋਕ ਉਸਦੀ ਆਵਾਜ ਸੁਣ ਕੇ ਉਸਨੂੰ ਬਚਾਉਣ ਜਾਂਦੇ ਹਨ ਪਰ ਉਹ ਖਚਰਾ ਹਾਸਾ ਹੱਸ ਕੇ ਕਹਿੰਦਾ ਹੈ ਕਿ ਉਸ ਨੇ ਤਾਂ ਮਜ਼ਾਕ ਕੀਤਾ ਸੀ। ਇੱਕ ਦਿਨ ਫਿਰ ਉਸਨੇ ਅਜਿਹਾ ਹੀ ਕੀਤਾ, ਪਿੰਡ ਦੇ ਲੋਕ ਉਸਨੂੰ ਫਿਰ ਬਚਾਉਣ ਗਏ ਪਰ ਫਿਰ ਝੂਠ ਨਿਕਲਿਆ। ਇੱਕ ਇਨ ਅਸਲੀਅਤ 'ਚ ਸ਼ੇਰ ਉਸ ਨੌਜਵਾਨ ਨੂੰ ਝਪਟਣ ਆ ਗਿਆ। ਉਸ ਨੇ ਆਪਣੀ ਜਾਨ ਬਚਾਉਣ ਲਈ ਚੀਕਾਂ ਮਾਰੀਆਂ ਅਤੇ ਲੋਕਾਂ ਨੂੰ ਆਪਣੀ ਮਦਦ ਲਈ ਬੁਲਾਇਆ ਪਰ ਕੋਈ ਵੀ ਉਸਨੂੰ ਬਚਾਉਣ ਨਾ ਆਇਆ, ਪਿੰਡ ਦਿਆਂ ਲੋਕਾਂ ਨੇ ਉਸਦੀਆਂ ਚੀਕਾਂ ਨੂੰ ਬਨਾਉਟੀ ਸਮਝ ਕੇ ਮਦਦ ਲਈ ਜਾਣਾ ਠੀਕ ਨਾ ਸਮਝਿਆ ਅਤੇ ਨੌਜਵਾਨ ਮੌਤ ਦੇ ਮੂੰਹ ਜਾ ਪਿਆ।
ਅੱਜ ਭਾਰਤ ਦੇਸ਼ ਦੇ ਨੇਤਾਵਾਂ ਅਤੇ ਪਾਰਟੀਆਂ ਦੀ ਹਾਲਤ ਉਸ ਝੂਠੇ ਨੌਜਵਾਨ ਵਾਲੀ ਹੋ ਗਈ ਜਿਹਨਾਂ ਦੀਆ ਗੱਲਾਂ 'ਤੇ ਲੋਕ ਹੁਣ ਯਕੀਨ ਕਰਨ ਤੋਂ ਹੱਟ ਗਏ ਹਨ। ਚੋਣਾਂ ਤੋਂ ਪਹਿਲਾਂ ਕੋਈ ਸਿਆਸੀ ਨੇਤਾ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਅਤੇ ਮੋਬਾਇਲ ਫੋਨ ਦੇਣ ਦਾ ਵਾਅਦਾ ਕਰਦਾ ਹੈ ਅਤੇ ਕੋਈ ਲੋੜਵੰਦ ਪਰਿਵਾਰਾਂ ਨੂੰ ਚੀਨੀ ਚਾਹ ਪੱਤੀ ਦੇਣ ਦੀ ਗੱਲ ਕਰਦਾ ਹੈ। ਇਹ ਤਮਾਸ਼ਾ ਚੋਣਾਂ ਵਾਲੇ ਦਿਨ ਤੱਕ ਚੱਲਦਾ ਹੈ ਪਰ ਚੋਣਾਂ ਤੋਂ ਬਾਅਦ ਸਭ ਕੁੱਝ ਪਹਿਲਾਂ ਵਾਂਗ ਹੋ ਜਾਂਦਾ ਹੈ। ਪਰ ਵੱਡੇ ਵੱਡੇ ਵਾਅਦਿਆਂ ਦੇ ਪੂਰੇ ਹੋਣ ਦੀ ਆਸ 'ਚ ਵੋਟ ਪਾ ਕੇ ਘਰ ਪਰਤਿਆ ਵੋਟਰ ਰਾਜਸੀ ਲੋਕਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਦੁਨੀਆ ਦੇ ਇਸ ਵੱਡੇ ਲੋਕਤੰਤਰ ਦੇਸ਼ ਭਾਰਤ 'ਚ ਅਜੇ ਤੱਕ ਅਜਿਹਾ ਕੋਈ ਕਾਨੂੰਨਂ ਨਹੀ ਬਣਿਆ ਜਿਸ ਅਧੀਨ ਝੂਠੇ ਵਾਅਦੇ ਕਰਕੇ ਚੋਣ ਜਿੱਤਣ ਵਾਲੇ ਨੇਤਾ ਨੂੰ ਸਖਤ ਸਜ਼ਾ ਦੇਣ ਦਾ ਪ੍ਰਸਤਾਵ ਹੋਵੇ। ਜੇਕਰ ਅਜਿਹਾ ਕਾਨੂੰਨ ਹੋਵੇ ਤਾਂ ਕੋਈ ਵੀ ਨੇਤਾ ਲੋਕਾਂ ਨੁੰ ਝੂਠ ਬੋਲ ਕੇ ਵੋਟਾਂ ਪਵਾਉਣ ਦੀ ਕੋਸ਼ਿਸ਼ ਨਹੀ ਕਰੇਗਾ, ਪਰ ਅਜਿਹਾ ਇਸ ਮੁਲਕ 'ਚ ਨਹੀ ਹੋ ਰਿਹਾ। ਇੱਥੇ ਨੇਤਾ ਇੱਕਠੇ ਹੋ ਕੇ ਸੰਸਦ 'ਚ ਕਾਨੂੰਂਨ ਬਣਾਉਂਦੇ ਹਨ ਅਤੇ ਆਮ ਜਨਤਾ ਸਿਰਫ ਉਹਨਾਂ ਨੇ ਸਿਆਸੀ ਤਾਕਤ ਹਥਿਆਉਣ ਦਾ ਇੱਕ ਸਾਧਨ ਬਣਾ ਲਈ ਹੈ।
ਆਮ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਨੇਤਾ ਪੰਜ ਸਾਲ ਬਾਅਦ ਚੋਣਾ ਸਮੇਂ ਵੋਟਾਂ ਮੰਗਣ ਆਵੇ ਤਾਂ ਉਸ ਤੋਂ ਪਿਛਲੀ ਵਾਰ ਕੀਤੇ ਉਹਨਾਂ ਵਾਅਦਿਆਂ ਦਾ ਹਿਸਾਬ ਅਤੇ ਜਵਾਬ ਜਰੂਰ ਲਿਆ ਜਾਵੇ ਜਿਹਨਾਂ ਦੇ ਸਿਰ 'ਤੇ ਉੁਸ ਉਮੀਦਵਾਰ ਨੇ ਪਿਛਲੀ ਚੋਣ ਜਿੱਤੀ ਸੀ ਅਤੇ ਜਿਹਨਾਂ ਕੀਤੇ ਵਾਅਦਿਆਂ ਨੂੰ ਉਹ ਪੁਗਾਉਣ ਤੋਂ ਅਸਮਰੱਥ ਰਿਹਾ। ਇਹ ਕੰਮ ਆਮ ਲੋਕਾਂ ਨੂੰ ਹੀ ਕਰਨਾ ਪੈਣਾ ਹੈ ਜੇਕਰ ਇਹ ਸੋਚਾਂਗੇ ਕਿ ਸਿਆਸੀ ਨੇਤਾਵਾਂ ਨੂੰ ਕੀਤੇ ਵਾਅਦਿਆਂ ਲਈ ਜਵਾਬਦੇਹ ਬਣਾਉਣ ਲਈ ਕੋਈ ਕਾਨੂੰਨ ਬਣੇਗਾ ਤਾਂ ਮੇਰੀ ਸਮਝ ਅਨੁਸਾਰ ਇਹ ਇੱਕ ਭੁਲੇਖਾ ਹੀ ਹੋਵੇਗਾ। ਝੂਠ ਬੋਲ ਕੇ ਸਿਆਸੀ ਤਾਕਤ ਹੱਥਿਆਉਣ ਵਾਲੇ ਇਸ ਰਾਜਸੀ ਕੰਮ ਨੂੰ ਕੋਈ ਵੀ ਨੇਤਾ ਸਖਤ ਕਾਨੂੰਨ ਪਾਸ ਕਰਕੇ ਕੰਡਿਆਂ ਦੀ ਸੇਜ ਨਹੀ ਬਣਾਉਣਾਂ ਚਾਹੇਗਾ, ਇਸ ਲਈ ਇਹ ਕੰਮ ਆਮ ਲੋਕਾਂ ਨੂੰ ਆਪਣੇ ਸਿਰ 'ਤੇ ਹੀ ਕਰਨ ਲਈ ਤਿਆਰ ਰਹਿਣਾ ਚਾਹੀਦੈ। ਲੋਕਤੰਤਰ 'ਚ ਆਪਣੀ ਗੱਲ ਕਰਨ ਦਾ ਸਭ ਨੂੰ ਅਧਿਕਾਰ ਹੈ। ਜੇਕਰ ਆਮ ਲੋਕਾਂ ਦੀ ਤਾਕਤ ਇੱਕਜੁੱਟ ਹੋ ਕੇ ਅਜਿਹਾ ਹੰਭਲ਼ਾ ਮਾਰ ਲਵੇ ਤਾਂ ਗੰਧਲੀ ਹੋ ਚੁੱਕੀ ਰਾਜਨੀਤੀ ਵੀ ਕਾਫੀ ਹੱਦ ਤੱਕ ਸਾਫ ਹੋ ਜਾਵੇਗੀ ਅਤੇ ਝੂਠੇ ਵਾਅਦੇ ਕਰਕੇ ਆਮ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਸਿਆਸੀ ਨੇਤਾ ਵੀ ਵੋਟਰਾਂ ਦੇ ਜ਼ਜ਼ਬਾਤਾਂ ਨਾਲ ਖੇਡਣ ਦੀ ਹਿੰਮਤ ਨਹੀ ਕਰਨਗੇ।
ਪ੍ਰੋ:ਡਾ: ਧਰਮਜੀਤ ਸਿੰਘ ਮਾਨ (ਜਲਵੇੜਾ),
ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
ਜਿਲਾ – ਸ਼੍ਰੀ ਫਤਹਿਗੜ ਸਾਹਿਬ।
