ਮੇਰੇ ਪਿੰਡ ਦੇ ਲੋਕ 8 : ਗੁਰਦੇਬੋ ਭੂਆ

Sunday, Apr 26, 2020 - 10:05 AM (IST)

ਮੇਰੇ ਪਿੰਡ ਦੇ ਲੋਕ 8 : ਗੁਰਦੇਬੋ ਭੂਆ

ਰੁਪਿੰਦਰ ਸੰਧੂ
 

ਦਸ ਕੁ ਸਾਲ ਪਹਿਲਾਂ ਸਾਉਣ ਦੇ ਮਹੀਨੇ ਜਦੋਂ ਬਹੁਤੇ ਮੀਂਹ ਪੈਂਦੇ ਨੇ ਤਾਂ ਸਾਡੇ ਪਿੰਡ ਇਕ ਘਰ ਡਿੱਗ ਗਿਆ। ਸਾਰੇ ਪਿੰਡ ’ਚ ਅੱਧੀ ਰਾਤ ਨੂੰ ਕੋਹਰਾਮ ਮੱਚ ਗਿਆ। ਸਾਰਾ ਪਿੰਡ ਇੱਕਠਾ ਹੋ ਗਿਆ ਦਸਾਂ ਮਿੰਟਾ ’ਚ ਹੀ । ਬਾਬਾ ਜੀ ਨੇ ਗੁਰਦੁਆਰਾ ਸਾਹਿਬ ’ਚ ਛੇਤੀ-ਛੇਤੀ ਬੇਨਤੀ ਕੀਤੀ ਵੀ "ਭੂਆ ਗੁਰਦੇਬੋ ਦਾ ਘਰ ਡਿੱਗ ਗਿਆ, ਛੇਤੀ ਤੋਂ ਛੇਤੀ ਪਹੁੰਚੋਂ, ਸਾਰੇ ਜੀਅ ਛੱਤ ਦੇ ਥੱਲੇ ਦੱਬੇ ਹੋਣ ਦੀ ਗੱਲ ਨੇ ਲੋਕਾਂ ਦਾ ਤ੍ਰਾਹ ਕੱਢ ਦਿੱਤਾ। ਕਿਵੇਂ ਨਾ ਕਿਵੇਂ ਸਾਰੀ ਰਾਤ ’ਚ ਸਾਰਾ ਟੱਬਰ ਮਿੱਟੀ ਪਾਸੇ ਕਰ-ਕਰ ਸਾਰਾ ਟੱਬਰ ਥੱਲੋਂ ਕੱਢਿਆ। ਭੂਆ ਗੁਰਦੇਬੋ ,ਉਸ ਦੇ ਦੋਵੇਂ ਪੁੱਤਰ ਅਤੇ ਨੂੰਹਾਂ, ਤਿੰਨ ਪੋਤੇ ਤੇ ਤਿੰਨ ਪੋਤਰੀਆਂ ਸਮੇਤ ਗਿਆਰਾਂ ਜੀਅ ਦੱਬੇ ਹੋਏ ਸੀ ਘਰ ਜੀ ਛੱਤ ਥੱਲੇ। ਭੂਆ ਗੁਰਦੇਬੋ ਦੀ ਛੋਟੀ ਨੂੰਹ ਤਿੰਨ ਨਿਆਣਿਆਂ ਨੂੰ ਛੱਡ ਇਸ ਹਾਦਸੇ ’ਚ ਮੋਈ ਹੀ ਮਿਲੀ ਮਿੱਟੀ ਥੱਲਿਓਂ । ਸਾਰਾ ਪਿੰਡ ਗੱਲਾਂ ਕਰ ਰਿਹਾ ਸੀ, " ਵਿਚਾਰੀ ਭੂਆ ਨੇ ਜ਼ਿੰਦਗੀ ’ਚ ਸੁੱਖ ਦਾ ਸਾਹ ਲਿਆ ਹੀ ਨਹੀਂ ਕਦੇ । ਰੱਬ ਵੀ ਪਤਾ ਨਹੀਂ ਕੀ ਸੋਚ ਕੇ ਕਈਆਂ ਦੀ ਕਿਸਮਤ ਲਿਖਦਾ । 

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 7 : ਢੀਂਗੀ ਵਾਲੀ ਚਾਚੀ

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 6 : ਬਾਮੀ

ਭੂਆ ਗੁਰਦੇਬੋ ਸਾਡੇ ਪਿੰਡ ਦੇ ਅਮੀਰ ਨਾਈਆਂ ਦੇ ਪਰਿਵਾਰ ਦੀ ਧੀ ਸੀ। ਉਹ ਬੜੇ ਮਸ਼ਹੂਰ ਪਿੰਡ ਗੁੱਜਰਵਾਲ ਵਿਆਹੀ ਹੋਈ ਸੀ । ਮਾਪਿਆਂ ਨੇ ਧੀ ਲਈ ਤਕੜਾ ਟਰਾਂਸਪੋਰਟਰ ਲੱਭਿਆ ਸੀ । ਭੂਆ ਗੁਰਦੇਬੋ ਦੇ ਸਹੁਰਿਆਂ ਦੇ ਟਰੱਕ ਚੱਲਦੇ ਸੀ ਬੰਬੇ। ਭੂਆ ਵੀ ਜਦੋਂ ਵਿਆਹੀ ਗਈ ਤਾਂ ਆਪਣੇ ਘਰਵਾਲੇ ਨਾਲ ਬੰਬੇ ਹੀ ਰਹਿੰਦੀ ਸੀ । ਮੇਰੇ ਬੇਬੇ ਜੀ ਦੱਸਦੇ ਹੁੰਦੇ ਸੀ ਵੀ ," ਗੁਰਦੇਬੋ ਸਾੜੀਆਂ ਲਾਉਂਦੀ ਹੁੰਦੀ ਸੀ ਤੇ ਬੜੇ ਹੀ ਗਹਿਣੇ ਪਾਏ ਸੀ, ਸਹੁਰਿਆਂ ਨੇ ਉਸ ਨੂੰ। ਉਹ ਜਦੋਂ ਪੈਕੇ ਆਉਂਦੀ ਹੁੰਦੀ ਤਾਂ ਅਟੈਚੀਆਂ ’ਚ ਕੱਪੜੇ ਲਿਆਉਂਦੀ ਹੁੰਦੀ ਸੀ, ਉਨ੍ਹਾਂ ਵੇਲਿਆਂ ’ਚ ਤਾਂ ਲੋਕੀ ਝੋਲਿਆਂ ’ਚ ਕੱਪੜੇ ਪਾ ਕੇ ਲਿਜਾਂਦੇ ਹੁੰਦੇ ਸੀ। ਪਰ ਦੋ ਧੀਆਂ ਤੇ ਦੋ ਪੁੱਤਰ ਹੋਣ ਤੋਂ ਬਾਅਦ ਪਤਾ ਨਹੀਂ ਗੁਰਦੇਬੋ ਭੂਆ ਦੇ ਸੁੱਖ ਨੂੰ ਕਿਹਦੀਆਂ ਨਜ਼ਰਾਂ ਲੱਗ ਗਈਆਂ। ਉਹਦੇ ਘਰ ਵਾਲੇ ਨੇ ਉਹਨੂੰ ਛੱਡਕੇ ਬੰਬੇ ਹੀ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ । ਪਹਿਲਾਂ-ਪਹਿਲਾਂ ਤਾਂ ਭੂਆ ਵਿਚਾਰੀ ਗੁਜ਼ਾਰਾ ਕਰਦੀ ਰਹੀ ਸਭ ਸਹਿਕੇ ਵੀ ਪਰ ਜਦੋਂ ਗੱਲ ਕੁੱਟਮਾਰ ਤੱਕ ਅੱਪੜ ਗਈ ਤਾਂ ਨਿਆਣਿਆਂ ਨੂੰ ਲੈ ਕੇ ਪੇਕਿਆਂ ਦੇ ਪਿੰਡ ਆ ਗਈ ।

ਪੜ੍ਹੋ ਇਹ ਵੀ ਖਬਰ - ਕਣਕ ਦੀ ਵਾਢੀ ਅਤੇ ਮੰਡੀਕਰਨ ਵਿਚ ਦੇਰੀ ਦੀ ਵਜ੍ਹਾ: ਕੋਰੋਨਾ ਅਤੇ ਮੀਂਹ

ਪੜ੍ਹੋ ਇਹ ਵੀ ਖਬਰ - ਝੋਨੇ ਦੀ ਜਗ੍ਹਾ ਬੀਜੋ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ : ਡਾ. ਸੁਖਸਾਗਰ ਸਿੰਘ

ਭੂਆ ਗੁਰਦੇਬੋ ਦਾ ਇਕ ਭਰਾ, ਜਿਹੜਾ ਕਿਸੇ ਮਹਿਕਮੇ ’ਚ  ਵਧੀਆ ਅਹੁਦੇ ’ਤੇ ਸੀ, ਉਸ ਨੇ ਭੈਣ ਨੂੰ ਰਹਿਣ ਲਈ ਆਪਣਾ ਘਰ ਦੇ ਦਿੱਤਾ ਅਤੇ ਆਪ ਜਾ ਕੇ ਖੰਨੇ ਕੋਠੀ ਲੈ ਲਈ ਸੀ। ਭੂਆ ਗੁਰਦੇਬੋ ਦੀ ਮਾਂ ਵੀ ਞਾਲ ਸੀ ਰਹਿੰਦੀ ਸੀ ਉਸ ਦੇ। ਬੜੇ ਸਾਲ ਤਾਂ ਭੂਆ ਉਡੀਕਦੀ ਰਹੀ ਵੀ ਸ਼ਾਇਦ ਹਾਣ ਦੇ ਨੂੰ ਤਰਸ ਆਊ ਤੇ ਉਹ ਆਣਕੇ ਲੈ ਜਾਊ ਪਰ ਕਈ ਵਰ੍ਹਿਆਂ ਬਾਅਦ ਵੀ ਜਦੋਂ ਉਹ ਨਾ ਆਇਆ ਤਾਂ ਭਰਾ ਵੀ ਕਿੰਨਾਂ ਕੁ ਖਰਚਾ ਚੁੱਕਦਾ ਇੰਨੇਂ ਜੀਆਂ ਦਾ, ਇਸ ਕਰਕੇ ਭੂਆ ਨੇ ਵਿਆਹ ਸ਼ਾਦੀਆਂ ’ਚ ਲੋਕਾਂ ਦੇ ਘਰਾਂ ’ਚ ਲਾਗੀਪੁਣਾ ਕਰਨਾ ਸ਼ੁਰੂ ਕਰ ਦਿੱਤਾ। ਉਹ ਉਹਦਾ ਵੱਡਾ ਮੁੰਡਾ ਭਜਨ ਵੀਰਾ ਤੇ ਛੋਟਾ ਪੱਪੂ ਤਿੰਨੋਂ ਜਣੇ ਵਿਆਹਾਂ ਦਾ ਕੰਮ ਕਰਦੇ ਸੀ। ਭੂਆ ਦਾ ਭਰਾ ਕਦੇ-ਕਦੇ ਆਉਂਦਾ ਹੁੰਦਾ ਸੀ ਵੱਡੀ ਸਾਰੀ ਗੱਡੀ ’ਚ, ਉਨ੍ਹਾਂ ਨੂੰ ਮਿਲਣ।  ਸਾਰਾ ਪਿੰਡ ਗੁਰਦੇਬੋ ਭੂਆ ਦੀ ਬਹੁਤੀ ਇੱਜ਼ਤ ਕਰਦਾ ਸੀ । ਉਹਨੂੰ ਉਹਦੇ ਕੰਮ ਦੇ ਪੈਸੇ ਕਦੇ ਕਿਸੇ ਨੇਂ ਗਿਣ-ਮਿਣ ਕੇ ਨਹੀਂ ਸੀ ਦਿੱਤੇ । ਪਿੰਡ ਦੀ ਧੀ ਸੀ ਉਹ ਤਾਂ ਜੋ ਮੰਗਦੀ ਸੀ ਉਹੀ ਦੇ ਦਿੰਦਾਂ ਸੀ ਅਗਲਾ । ਕਈਆਂ ਘਰਾਂ ’ਚੋਂ ਤਾਂ ਭੂਆ ਨੂੰ ਟੂੰਮਾਂ ਵੀ ਪੈਂਦੀਆਂ ਸੀ ਵਿਆਹਾਂ ’ਚ । ਭੂਆ ਨੇ ਵੀ ਕਦੇ ਕਿਸੇ ਨੂੰ ਕੰਮ ਲਈ ਜਵਾਬ ਨਹੀਂ ਸੀ ਦਿੱਤਾ। ਕਿਸੇ ਦੇ ਨਿਆਣਾ ਹੋਣਾ ਤਾਂ ਭੂਆ ਨੇ ਭੱਜੀ ਜਾਣਾਂ , ਰਿਸ਼ਤੇਦਾਰ ਆਉਂਦੇ ਤਾਂ ਲੋਕੀ ਭੂਆ ਨੂੰ ਸੱਦ ਲੈਂਦੇ ਰੋਟੀ ਪਾਣੀ ਬਣਾਉਣ ਲਈ। ਕਿਹੜਾ ਘਰ ਕਿਹਦੇ ਨਾਲ ਵਰਤਦਾ ਵਿਆਹ ਸ਼ਾਦੀ , ਦੁੱਖ-ਸੁੱਖ ’ਚ, ਭੂਆ ਨੂੰ ਸਭ ਪਤਾ ਹੁੰਦਾ ਸੀ । ਕਿਹੜੇ ਘਰ ਸ਼ਰੀਕੇ-ਕਬੀਲੇ ’ਚ ਕਿੰਨੀਂ ਰੋਟੀ ਜਾਣੀ ਹੁੰਦੀ ਸਭ ਭੂਆ ਨੂੰ ਪਤਾ ਹੁੰਦਾ ਸੀ ।  ਇਸ ਮਿਹਨਤ ਨਾਲ ਹੀ ਭੂਆ ਨੇ ਧੀਆਂ ਵਿਆਹੀਆਂ ਆਪਣੀਆਂ। ਹੌਲੀ -ਹੌਲੀ ਮੁੰਡਿਆਂ ਦੇ ਵਿਆਹ ਹੋਏ ਤਾਂ ਉਹ ਅਲੱਗ-ਅਲੱਗ ਕੰਮ ਕਰਨ ਲੱਗੇ ।ਘਰ ਦੀ ਖਸਤਾ ਹੁੰਦੀ ਹਾਲਤ ’ਤੇ ਕਿਸੇ ਕੁਝ ਲਾਉਣ ਦੀ ਹਿੰਮਤ ਹੀ ਨਾ ਕੀਤੀ ਸ਼ਾਇਦ ਜਾਂ ਸ਼ਾਇਦ ਇੰਨਾਂ ਕੁਝ ਬਚਦਾ ਹੀ ਨਹੀਂ ਸੀ ਵੀ ਸਿਰ ਦੀ ਛੱਤ ’ਤੇ ਲਾਉਂਦੇ। ਅਖੀਰ ਉਹ ਛੱਤ ਉਨ੍ਹਾਂ ਦਾ ਕਾਲ ਬਣ ਗਈ। 

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ : ਭਜੋ

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ : ਬਾਬਾ ਮੇਲਾ

PunjabKesari

ਸਵੇਰ ਹੁੰਦਿਆਂ ਹੀ ਲੋਕਾਂ ਨੇ ਪਿੰਡ ਦੇ ਆੜਤੀਏ ਬਾਬੂ ਕੌਰ ਚੰਦ ਹੁਣਾਂ ਕੋਲ ਪੈਸੇ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ। ਵੇਖਦਿਆਂ-ਵੇਖਦਿਆਂ ਹੀ ਬਾਰਾਂ ਤੇਰਾਂ ਲੱਖ ਰੁਪਈਆ ਹੋ ਗਿਆ। ਪਿੰਡ ਦੀ ਧੀਆਂ ਨੇ ਸਹੁਰਿਆਂ ਤੋਂ ਭੂਆ ਲਈ ਪੈਸੇ ਭੇਜੇ, ਭੂਆ ਦੇ ਹੱਥਾਂ ’ਚ ਜੋ ਖੇਡੀਆਂ ਸੀ ਉਹ । ਦੋ ਕੁ ਮਹੀਨਿਆਂ ’ਚ ਭੂਆ ਦੇ ਟੱਬਰ ਦੇ ਸਿਰ ’ਤੇ ਨਵੀਂ ਛੱਤ ਸੀ । ਮਾਂ ਤੋਂ ਸੱਖਣੀ ਪੋਤੀ ਦੇ ਨਾਂ ’ਤੇ ਭੂਆ ਦੇ ਨਾਂ ਵੀ ਚਾਰ ਪੈਸੇ ਲੋਕਾਂ ਨੇ ਲਿਖਾ ਦਿੱਤੇ ਸੀ । ਭੂਆ ਸਾਰੇ ਪਿੰਡ ਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕ ਰਹੀ। ਉਸੇ ਪੋਤੀ ਦਾ ਜਦੋਂ ਵਿਆਹ ਹੋਇਆ ਤਾਂ ਲੋਕਾਂ ਭੂਆ ਦਾ ਘਰ ਭਰ ਦਿੱਤਾ ਸੀ ਸਮਾਨ ਨਾਲ । ਹੁਣ ਤਾਂ ਡਾਢੀ ਬਜ਼ੁਰਗ ਹੋ ਗਈ ਏ ਭੂਆ ਪਰ ਸੋਚਦੀ ਤਾਂ ਹੁੰਦੀ ਹੋਊ, " ਜਿਨ੍ਹਾਂ ਧੀਆਂ ਦੀ ਕਿਸਮਤ ’ਚ ਸਹੁਰਿਆਂ ਦਿਆਂ  ਵਿਹੜਿਆਂ ’ਚ ਥਾਂ ਨਹੀਂ ਹੁੰਦੀ, ਉਨ੍ਹਾਂ ਸਾਰੀਆਂ ਧੀਆਂ ਨੂੰ ਇਹੋ ਜਿਹਾ ਪੇਕਾ ਪਿੰਡ ਨਸੀਬ ਹੋਵੇ ਪਰ ਸਾਰਾ ਪਿੰਡ ਤਾਂ ਸਦਾ ਕਹਿੰਦਾ ਕਿ ਹਰ ਘਰ ’ਚ ਗੁਰਦੇਬੋ ਵਰਗੀ ਧੀ ਹੋਵੇ, ਸਿਰੜੀ ਅਤੇ ਮੋਹ ਕਰਨ ਵਾਲੀ ।

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਚਾਚਾ ਨੰਬਰਦਾਰ

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ


author

rajwinder kaur

Content Editor

Related News