ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਅਤੇ ਸੁਪਰ ਐਸਐਮਐਸ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਸੰਧੀ
Wednesday, Jul 18, 2018 - 05:55 PM (IST)
ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ । ਇਸੇ ਸਿਲਸਿਲੇ ਵਿਚ ਯੂਨੀਵਰਸਿਟੀ ਨੇ ਅੱਜ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇਕ ਸੰਧੀ ਕੀਤੀ । ਇਹ ਸੰਧੀ ਆਰਵੀਜੀ ਐਗਰੋ ਪ੍ਰਾਈਵੇਟ ਲਿਮਿਟਡ ਕਾਦੇਗਾਉਂ ਜ਼ਿਲਾ ਸੰਦਲੀ (ਮਹਾਰਾਸ਼ਟਰ) ਨਾਲ ਕੀਤੀ ਗਈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਕੁਝ ਸਥਾਨਕ ਫਰਮਾਂ ਨਾਲ ਸੁਪਰ ਐਸਐਮਐਸ ਤਕਨੀਕ ਦੇ ਵਪਾਰੀਕਰਨ ਲਈ ਵੀ ਸੰਧੀ ਉਪਰ ਦਸਤਖਤ ਕੀਤੇ ਗਏ। ਇਹਨਾਂ ਫਰਮਾਂ ਵਿਚ ਜੀਐਸ ਐਗਰੀ ਵਰਕਸ, ਮੋਗਾ, ਨਵਿੰਦਰਾ ਐਗਰੋ ਇੰਡਸਟਰੀਜ਼ ਕਪੂਰਥਲਾ, ਗੁਰੂ ਨਾਨਕ ਐਗਰੋ ਇੰਡਸਟਰੀਜ਼ ਨਾਭਾ ਆਦਿ ਪ੍ਰਮੁੱਖ ਸਨ। ਇਹਨਾਂ ਫਰਮਾਂ ਵਲੋਂ ਗੁਰਮੀਤ ਸਿੰਘ, ਹਰਬੰਸ ਸਿੰਘ, ਆਦਿ ਨੇ ਸੰਧੀ ਉਪਰ ਦਸਤਖਤ ਕੀਤੇ ਜਦਕਿ ਪੀਏਯੂ ਵਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਹੀ ਪਾਈ ।
ਇਸ ਸੰਧੀ ਮੁਤਾਬਕ ਯੂਨੀਵਰਸਿਟੀ ਨੇ ਇਨ੍ਹਾਂ ਫਰਮਾਂ ਨੂੰ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਪੀਏਯੂ ਵਲੋਂ ਵਿਕਸਿਤ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਅਤੇ ਪੀਏਯੂ ਸੁਪਰ ਐਸਐਮਐਸ ਦੀ ਤਕਨੀਕ ਨੂੰ ਭਾਰਤ ਵਿਚ ਪਸਾਰਨ ਹਿਤ ਵਰਤੋਂ ਕਰ ਸਕਦੀਆਂ ਹਨ । ਇਸ ਮੌਕੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਭੋਜਨ ਵਿਗਿਆਨ ਅਤੇ ਤਕਨੀਕ ਵਿਭਾਗ ਪੀਏਯੂ ਨੂੰ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਵਿਕਸਿਤ ਕਰਨ ਲਈ ਵਧਾਈ ਦਿੱਤੀ । ਭੋਜਨ ਵਿਗਿਆਨ ਅਤੇ ਤਕਨੀਕ ਵਿਭਾਗ ਦੇ ਮੁੱਖੀ ਡਾ. ਪੂਨਮ ਸਚਦੇਵ ਨੇ ਇਸ ਤਕਨੀਕ ਬਾਰੇ ਬੋਲਦਿਆਂ ਕਿਹਾ ਕਿ ਗੰਨੇ ਦੇ ਰਸ ਨੂੰ ਬੋਤਲ ਵਿਚ ਭਰਨ ਦੀ ਪੀਏਯੂ ਵਲੋਂ ਵਿਕਸਿਤ ਤਕਨੀਕ ਬਿਲਕੁਲ ਕੁਦਰਤੀ ਅਤੇ ਸਿਹਤਮੰਦ ਹੈ । ਬੋਤਲਾਂ ਵਿਚ ਬੰਦ ਗੰਨੇ ਦਾ ਰਸ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੜਕ ਕਿਨਾਰੇ ਵਿਕਦੇ ਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਸਿਹਤਮੰਦ ਹੈ।
ਤਕਨਾਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 39 ਤਕਨੀਕਾਂ ਦੇ ਵਪਾਰੀਕਰਨ ਲਈ 171 ਸੰਧੀਆਂ ਕੀਤੀਆਂ ਹਨ । ਇਹਨਾਂ ਵਿਚੋਂ ਪੀਏਯੂ ਸੁਪਰ ਐਸਐਮਐਸ ਤਕਨੀਕ ਦੇ ਪ੍ਰਸਾਰ ਲਈ 111 ਫਰਮਾਂ ਨਾਲ ਸਮਝੌਤੇ ਕੀਤੇ ਗਏ ਹਨ। ਇਸ ਤੋਂ ਬਿਨਾਂ ਸਰੋਂ ਦੀ ਹਾਈਬ੍ਰਿਡ ਲਾਈਨ, ਮਿਰਚਾਂ, ਬੈਂਗਣ ਦੀਆਂ ਕਿਸਮਾਂ ਤੋਂ ਬਿਨਾਂ ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਪੀਏਯੂ ਹੈਪੀਸੀਡਰ ਤਕਨੀਕ, ਗੰਨੇ ਦੇ ਰਸ ਦੀ ਪੈਕਿੰਗ ਤਕਨੀਕ, ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਟਰ-ਕਮ-ਮਲਚਰ ਅਤੇ ਹੋਰ ਕਈ ਤਕਨੀਕਾਂ ਦੇ ਵਪਾਰੀਕਰਨ ਲਈ ਵੀ ਸਮੇਂ-ਸਮੇਂ ਸੰਧੀਆਂ ਹੋਈਆਂ ਹਨ ।
ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪੀਏਯੂ ਸੁਪਰ ਐਸਐਮਐਸ ਅਤਿ ਵਿਕਸਿਤ ਮਸ਼ੀਨ ਹੈ ਜੋ ਪਰਾਲੀ ਦੀ ਸਾਂਭ-ਸੰਭਾਲ ਕਰਨ ਦੇ ਪੱਖ ਤੋਂ ਬਹੁਤ ਅਗਾਂਹਵਧੂ ਕਦਮ ਹੈ। ਇਹ ਮਸ਼ੀਨ ਕੰਬਾਈਨ ਹਾਰਵੈਸਟਰ ਨਾਲ ਜੋੜ ਕੇ ਵਰਤੀ ਜਾਂਦੀ ਹੈ ਜੋ ਖੇਤ ਵਿਚ ਖੜੀ ਝੋਨੇ ਦੀ ਪਰਾਲੀ ਨੂੰ ਕੁਤਰਾ ਕਰਕੇ ਇਕਸਾਰ ਖੇਤ ਵਿਚ ਹੀ ਵਿਛਾ ਦਿੰਦੀ ਹੈ । ਇਸ ਮੌਕੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜ਼ਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਪੀਏਯੂ ਸੁਪਰ ਐਸਐਮਐਸ ਵਾਤਾਵਰਣ ਹਿਤੈਸ਼ੀ ਕਾਰਗਰ ਤਕਨੀਕ ਹੈ । ਇਸਦੀ ਵਰਤੋਂ ਨਾਲ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸਾੜਨ ਵਰਗੇ ਵਾਤਾਵਰਣ ਵਿਰੋਧੀ ਕਾਰਜ ਤੋਂ ਬਚ ਕੇ ਆਪਣਾ ਸਮਾਂ ਅਤੇ ਲਾਗਤ ਬਚਾ ਸਕਦੇ ਹਨ ।
ਡਾ. ਜਗਦੀਸ਼ ਕੌਰ
