ਸਾਡੀ ਇੱਜ਼ਤ ਮਾਣ ਪੰਜਾਬੀ ਏ!

2/21/2021 6:47:24 PM

ਦੋਹਾਂ ਪੰਜਾਬਾਂ ’ਚ ਲਿੱਪੀਆਂ ਵੱਖ-ਵੱਖ ਨੇ?
ਲਿੱਪੀਆਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਸਾਡੇ ਬਜ਼ੁਰਗ ਦੋਵੇਂ ਲਿੱਪੀਆਂ ਜਾਣਦੇ ਸਨ ਪਰ ਸਾਡੀ ਪੀੜ੍ਹੀ ਤੱਕ ਪਹੁੰਚ ਕੇ ਇਹ ਗੱਲ ਖ਼ਤਮ ਹੋ ਗਈ, ਇਸ ਦਾ ਕਾਰਨ ਹੈ ਮੁਲਕ ਦੀ ਤਕਸੀਮ। ਓਧਰ ਗੁਰਮੁਖੀ ਰਹਿ ਗਈ, ਇਧਰ ਸ਼ਾਹਮੁਖੀ ਹੋ ਗਈ। ਮੇਰਾ ਸੁਝਾਅ ਇਹ ਹੈ ਕਿ ਸਾਨੂੰ ਦੋਵੇਂ ਲਿੱਪੀਆਂ ਸਿੱਖਣੀਆਂ ਚਾਹੀਦੀਆਂ ਨੇ। ਜੇ ਅਸੀਂ ਇਕ ’ਤੇ ਜ਼ੋਰ ਦਿਆਂਗੇ ਤਾਂ ਸਾਡੇ ਅਮੀਰ ਸਾਹਿਤ ਦਾ ਕੀ ਬਣੇਗਾ। ਮੈਂ ਇਕ 32 ਸਫ਼ੇ ਦਾ ਕਾਇਦਾ ਬਣਾਇਆ ਹੈ, ਜਿਸ ਰਾਹੀਂ ਗੁਰਮੁਖੀ ਅਤੇ ਸ਼ਾਹਮੁਖੀ ਸਿਖਾ ਰਿਹਾ ਹਾਂ। ਲਿੱਪੀਆਂ ਕੋਈ ਮੁਸ਼ਕਲ ਨਹੀਂ ਨੇ।

ਲਹਿੰਦੇ ਪੰਜਾਬ ’ਚ ਮਾਤ ਭਾਸ਼ਾ ਨੂੰ ਲੈ ਕੇ ਕੀ ਕੰਮ ਹੋ ਰਿਹੈ?
ਸਾਡੇ ਏਥੇ ਬੜੇ ਅਰਸੇ ਤੋਂ ਹੀ ਲੋਕ ਤੇ ਸੰਸਥਾਵਾਂ ਜੁੜੀਆਂ ਹੋਈਆਂ ਨੇ। ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਤੇ ਸਾਨੂੰ ਨਜ਼ਰ ਵੀ ਆਉਂਦੈ। ਸਾਡੇ ਕੰਮ ਗੱਲੀਂ-ਬਾਤੀਂ ਨਹੀਂ, ਅਮਲੀ ਪੱਧਰ ’ਤੇ ਹੋ ਰਹੇ ਨੇ। ਸਾਡੇ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ ਓਨਾ ਕੰਮ ਨਹੀਂ ਕਰਦੀਆਂ, ਜਿੰਨਾ ਕੰਮ ਪ੍ਰਾਈਵੇਟ ਸੰਸਥਾਵਾਂ ਕਰਦੀਆਂ ਨੇ। ਯੂਨੀਵਰਸਿਟੀਆਂ ਦਾ ਕੰਮ ਬੜਾ ਮਹਿਦੂਦ ਰਹਿੰਦੈ। ਇਨ੍ਹਾਂ ਤੋਂ ਬਾਹਰ ਹੋਣ ਵਾਲੇ ਕੰਮਾਂ ਦਾ ਹੀ ਜ਼ਿਆਦਾ ਅਸਰ ਰਹਿੰਦੈ।

ਉਥੇ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਏ?
ਪੰਜਾਬੀ ਭਾਸ਼ਾ ’ਤੇ ਮਿੱਟੀ ਪਈ ਹੋਈ ਸੀ ਪਰ ਇਹਦਾ ਤਾਰੀਖ਼ੀ ਪਿਛੋਕੜ ਚੱਲਦਾ ਆ ਰਿਹੈ। ਇਹਦੇ ਉੱਤੇ ਰੋਕ ਲੱਗੀ ਹੋਈ ਸੀ। ਉਹ ਡੱਕੇ ਹੁਣ ਖੁੱਲ੍ਹ ਰਹੇ ਨੇ। ਪਹਿਲਾਂ ਤਾਂ ਪੰਜਾਬੀ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਦਰਅਸਲ 1849 ਵਿਚ ਪੰਜਾਬੀ ’ਤੇ ਅੰਗਰੇਜ਼ ਵੱਲੋਂ ਰੋਕ ਲੱਗੀ ਹੋਈ ਸੀ। ਉਹਦਾ ਅਸਰ ਅਸੀਂ ਅਜੇ ਤੱਕ ਭੁਗਤ ਰਹੇ ਆਂ ਪਰ ਉਹਦੇ ਅਸਰ ਨੂੰ ਮਿਲਜੁਲ ਕੇ ਖ਼ਤਮ ਕਰ ਰਹੇ ਆਂ। ਅਸਲ ’ਚ ਪੰਜਾਬੀ ’ਚ ਜਾਨ ਏ। ਇਹਦੇ ਵਿਚੋਂ ਅੱਗੇ ਵਧਣ ਵਾਲੀਆਂ ਤਹਿਰੀਕਾਂ ਪੈਦਾ ਹੁੰਦੀਆਂ ਨੇ, ਇਸ ਲਈ ਅੰਗਰੇਜ਼ ਖੌਫ਼ਜ਼ਦਾ ਸਨ। ਇਸ ਚੀਜ਼ ਨੂੰ ਦਬਾਉਣ ਲਈ ਸਾਡੀ ਜ਼ੁਬਾਨ ਨੂੰ ਦਬਾਇਆ ਗਿਆ ਪਰ ਅਸਲੀ ਚੀਜ਼ ਕਦੇ ਦੱਬੀ ਨਹੀਂ ਜਾ ਸਕਦੀ। ਮਾਤ ਭਾਸ਼ਾ ਦਿਵਸ ਵਾਲੇ ਦਿਨ ਲਾਹੌਰ ਪ੍ਰੈੱਸ ਕਲੱਬ ਤੋਂ ਅਸੈਂਬਲੀ ਹਾਲ ਤਕ ਇਕ ਮਾਰਚ ਹੋਏਗਾ। ਮੁੱਢਲੀ ਤਾਲੀਮ ਨੂੰ ਪੰਜਾਬੀ ’ਚ ਦੇਣ ਦੀ ਮੰਗ ਕੀਤੀ ਜਾਏਗੀ। ਦੁਨੀਆ ਦਾ ਕੋਈ ਚੰਗਾ ਮੁਲਕ ਐਸਾ ਨਹੀਂ, ਜਿੱਥੇ ਬੱਚੇ ਨੂੰ ਮੁੱਢਲੀ ਤਾਲੀਮ ਮਾਤ ਭਾਸ਼ਾ ’ਚ ਨਾ ਦਿੱਤੀ ਜਾਵੇ। ਅਸੀਂ ਕਿਸੇ ਜ਼ੁਬਾਨ ਦੇ ਮੁਖ਼ਾਲਫ ਨਹੀਂ। ਅਸੀਂ ਹਰ ਜ਼ੁਬਾਨ ਦਾ ਅਹਿਤਰਾਮ ਕਰਦੇ ਆਂ ਪਰ ਸਾਡੀ ਜ਼ੁਬਾਨ ਨੂੰ ਵੀ ਇੱਜ਼ਤ ਦਿੱਤੀ ਜਾਵੇ। 

ਨਵੀਂ ਪੀੜ੍ਹੀ ਦਾ ਪੰਜਾਬੀ ਪ੍ਰਤੀ ਵਤੀਰਾ?
ਅਸਲ ’ਚ ਸਾਡੀ ਜ਼ੁਬਾਨ ਬਾਰੇ ਅਫਵਾਹਾਂ ਫੈਲਾਈਆਂ ਗਈਆਂ ਕਿ ਇਹ ਇਲਮ ਦੀ ਜ਼ੁਬਾਨ ਨਹੀਂ। ਇਹ ਗਾਲੀ-ਗਲੋਚ ਦੀ ਜ਼ੁਬਾਨ ਏ। ਇਸਨੇ ਸਾਡੀ ਨਵੀਂ ਪੀੜ੍ਹੀ ਦਾ ਦਿਮਾਗ ਖ਼ਰਾਬ ਕੀਤਾ। ਅਸੀਂ ਸਾਰੇ ਹੁਣ ਲੈਕਚਰ ਦਿੰਦੇ ਆਂ ਤੇ ਆਪਣੀ ਜ਼ੁਬਾਨ ਬਾਰੇ ਜਾਗਰੂਕ ਕਰਦੇ ਆਂ। ਦੱਸਦੇ ਆਂ ਕਿ ਇਹ ਸਾਡੇ ਬਜ਼ੁਰਗਾਂ ਦੀ ਜ਼ੁਬਾਨ ਏ। ਸੂਫੀਆਨਾ ਜ਼ੁਬਾਨ ਏ। ਅੱਜ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹ ਲਓ, ਬੁੱਲੇ ਸ਼ਾਹ ਨੂੰ ਪੜ੍ਹ ਲਓ, ਸ਼ਾਹ ਹੁਸੈਨ ਨੂੰ ਪੜ੍ਹ ਲਓ ਕਿਧਰੇ ਉਨ੍ਹਾਂ ਇਖ਼ਲਾਕ ਤੋਂ ਇਲਾਵਾ ਕੋਈ ਗੱਲ ਕੀਤੀ ਏ? ਉਨ੍ਹਾਂ ਨੇ ਤਾਂ ਬਰਾਬਰੀ ਦੀ ਗੱਲ ਕੀਤੀ ਏ। ਦੱਸੋ ਇਹਦੇ ਵਿਚ ਕੀ ਗਲਤ ਏ। ਉਨ੍ਹਾਂ ਨੇ ਇਹ ਨੈਤਿਕ ਗੱਲਾਂ ਆਪਣੀ ਮਾਤ ਭਾਸ਼ਾ ਵਿਚ ਫੈਲਾਈਆਂ ਨੇ। ਜਿਵੇਂ ਦਰੱਖ਼ਤ ਨੂੰ ਕੀੜਾ ਲੱਗ ਜਾਂਦੈ। ਓਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਨੂੰ ਚਿੰਬੜੀਆਂ ਹੋਈਆਂ ਸਨ। ਇਹ ਨਵੀਂ ਪੀੜ੍ਹੀ ਨੂੰ ਦੱਸ ਰਹੇ ਆਂ। ਬਾਕੀ ਜ਼ੁਬਾਨਾਂ ਤੁਸੀਂ ਬਾਅਦ ’ਚ ਸਿੱਖ ਸਕਦੇ ਓ। ਪਹਿਲਾਂ ਮਾਤ ਭਾਸ਼ਾ ’ਚ ਸਿੱਖਿਆ ਦੇਣੀ ਚਾਹੀਦੀ ਏ। ਸਾਇੰਸ ਮੁਤਾਬਕ ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰਦੈ ਤਾਂ ਉਹਦੇ ਕੋਲ ਮਾਤ ਭਾਸ਼ਾ ਦੀ ਚਾਰ ਤੋਂ ਪੰਜ ਹਜ਼ਾਰ ਸ਼ਬਦਾਂ ਦੀ ਵਕੈਬਲਰੀ ਹੁੰਦੀ ਏੇ। ਜਦੋਂ ਉਨ੍ਹਾਂ ਨੂੰ ਅੱਗੋਂ ਅੰਗਰੇਜ਼ੀ ਪੜ੍ਹਾਉਣ ਲੱਗਦੇ ਨੇ ਤਾਂ ਇਹ ਉਨ੍ਹਾਂ ਦੇ ਇਸਤੇਮਾਲ ’ਚ ਹੀ ਨਹੀਂ ਆਉਂਦੀ। ਬੱਚਾ ਇਸ ਨਾਲ ਕਨਫਿਊਜ਼ ਹੋ ਜਾਂਦੈ। ਇਹ ਸਾਈਕੀ ਕੇਸ ਬਣ ਜਾਂਦੈ। ਬੱਚਿਆਂ ਨੂੰ ਕਨਫਿਊਜ਼ ਕਰਨ ਦੀ ਨਹੀਂ ਗਾਈਡ ਕਰਨ ਦੀ ਲੋੜ ਹੈ ਪਰ ਮਾਯੂਸ ਨਹੀਂ ਹੋਣਾ ਚਾਹੀਦਾ। ਅਸੀਂ ਚੰਗੇ ਦੀ ਹੀ ਉਮੀਦ ਰੱਖ ਕੇ ਚੱਲ 
ਰਹੇ ਆਂ।    

ਐੱਨ. ਨਵਰਾਹੀ


rajwinder kaur

Content Editor rajwinder kaur