ਕਵਿਤਾ ਖਿੜਕੀ : ''ਹਾਕਮ ਦੇ ਸਿਰ ਚੜ੍ਹ ਕੇ ਮਰਨਾ''

10/18/2020 6:01:13 PM

ਹਾਕਮ ਦੇ ਸਿਰ ਚੜ੍ਹ ਕੇ ਮਰਨਾ
 
ਸਾਡੀ ਮੰਜ਼ਿਲ ਹੈ ਜਦੋਂ ਇੱਕ ਮਿੱਤਰੋ,
ਅਸੀਂ ਕਿਓ ਨਾ ਹੁੰਦੇ ਇੱਕਮਿੱਕ ਮਿੱਤਰੋ,
ਇੱਕੋ ਜਥੇਬੰਦੀ ਹੋਵੇ ,
ਤੇ ਹੋਵੇ ਇੱਕ ਥਾਂ 'ਤੇ ਹੀ ਧਰਨਾ .
ਚੰਗਾ ਖ਼ੁਦਕਸ਼ੀਆਂ ਨਾਲੋਂ ,
ਹਾਕਮ ਦੇ ਸਿਰ ਚੜ੍ਹ ਕੇ ਮਰਨਾ.

ਜਦ ਸੀ ਗੋਰੇ ਹਾਕਮਾਂ ਨੇ ,
ਸਾਡੀ ਕੀਤੀ ਬੜੀ ਬਰਬਾਦੀ .
ਸਾਡੇ ਵੱਡੇ ਵਡੇਰਿਆਂ ਨੇ ,
ਏਕੇ ਨਾਲ਼ ਸੀ ਲਈ ਆਜ਼ਾਦੀ .
ਸਾਨੂੰ ਅੱਜ ਵੀ ਓਸ ਤਰਾਂ ,
ਏਕਾ ਰਲ਼ ਮਿਲ ਕੇ ਪਊ ਕਰਨਾ .
ਖ਼ੁਦਕਸ਼ੀਆਂ ਕਰਨੋਂ ਤਾਂ ,
ਚੰਗੈ ਕਿਸੇ ਦੇ ਸਿਰ ਚੜ੍ਹ ਕੇ ਮਰਨਾ .

ਤਿੰਨ 'ਤੇ ਸੱਤਰ ਸਾਲ ਹੋ ਗਏ,
ਸਾਨੂੰ ਆਪਣੇ ਹੱਕਾਂ ਲਈ ਲੜਦਿਆਂ .
ਸੜਕਾਂ 'ਤੇ ਬਹਿ ਬਹਿ ਕੇ ,
ਠੰਡ ਵਿੱਚ ਠਰਦਿਆਂ ਧੁੱਪ ਵਿੱਚ ਸੜਦਿਆਂ.
ਚੜ੍ਹਿਆ ਹੜ੍ਹ ਜਦੋਂ ਲੋਕਾਂ ਦਾ,
ਸਭ ਨੇ ਲੂਣ ਵਾਂਗਰਾਂ ਖਰਨਾ .
ਚੰਗੈ ਖ਼ੁਦਕਸ਼ੀਆਂ ਕਰਨੋਂ ,
ਹਾਕਮ ਦੇ ਸਿਰ ਚੜ੍ਹ ਕੇ ਮਰਨਾ .

ਸਾਡੇ ਆਪ ਚੁਣੇਂ ਆਗੂ ,
ਸਾਡੇ ਹੱਕ ਦੀ ਗੱਲ ਨਹੀਂਓਂ ਕਰਦੇ .
ਹਰ ਇੱਕ ਪੰਜ ਸਾਲਾਂ ਮਗਰੋਂ,
ਉਹ ਕਿਓ ਜਿਤਦੇ ਅਸੀਂ ਕਿਓ ਹਰਦੇ.
ਆਪੇ ਬਣੇਂ ਗ਼ਦਾਰਾਂ ਦਾ ,
ਖੇਤ ਵਿੱਚ ਗੱਡਣਾਂ ਪਊਗਾ ਡਰਨਾਂ .
ਖ਼ੁਦਕਸ਼ੀਆਂ ਕਰਨੋਂ ਤਾਂ ,
ਚੰਗੈ ਕਿਸੇ ਦੇ ਸਿਰ ਚੜ੍ਹ ਕੇ ਮਰਨਾ .

ਮਸਲਾ ਨਹੀਂ ਕਿਸਾਨਾਂ ਦਾ ,
ਇਹ ਹੈ ਮਸਲਾ ਨਿਰਾ ਜਮਾਤੀ .
ਜੰਗ ਅਸਲ ਆਜ਼ਾਦੀ ਦੀ ,
ਸੋਚ ਹੁਣ ਛੱਡਣੀਂ ਪਊਗੀ ਜਾਤੀ .
ਇੱਕ ਦਿਨ ਪਿੰਡ ਰੰਚਣਾਂ ਨੂੰ ,
ਪਊਗਾ ਸੀਸ ਤਲ਼ੀ 'ਤੇ ਧਰਨਾ .
ਚੰਗਾ ਖ਼ੁਦਕਸ਼ੀਆਂ ਨਾਲੋਂ ,
ਹਾਕਮ ਦੇ ਸਿਰ ਚੜ੍ਹ ਕੇ ਮਰਨਾ।

ਮੂਲ ਚੰਦ ਸ਼ਰਮਾ, ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)


ਕਿਸਾਨਾਂ ਦੀ ਮਿਹਨਤ

ਰੋਲ਼ ਤਾਂ ਕਿਸਾਨ ਨਾਲੇ ਰੋਲ ਤਾਂ ਮਜ਼ਦੂਰ ਜੀ
ਸਰਕਾਰਾਂ ਨੇ ਸੁਪਨੇ ਕਰਤੇ ਚਕਨਾਚੂਰ ਜੀ 

ਘਟੀਆ ਬੀਜ ਤੇ ਕਦੇ ਬਿੱਲਾਂ ਨੇ ਉਲਝਾਇਆ
ਨਿੱਜੀਕਰਨ ਨੇ ਕਰ ਦਿੱਤੇ ਪੁੱਤ ਮਾਵਾਂ ਤੋਂ ਦੂਰ ਜੀ 

ਝੱਲਦਾ ਆਇਆ ਮੁੱਢ ਤੋਂ ਪੰਜਾਬ ਦੁੱਖਾਂ ਦੀ ਮਾਰ ਨੂੰ
ਇਨ੍ਹਾਂ ਸਰਕਾਰਾਂ ਕਦੇ ਪਾਇਆ ਨਹੀਂ ਬੂਰ ਜੀ

ਭਰ ਢਿੱਡ ਸਭਨਾਂ ਅੰਨਦਾਤਾ ਦੇਸ਼ ਦਾ ਕਹਾਉਂਦਾ ਹੈ
ਆਸਾਂ ਟੁੱਟੀਆਂ ਤੇ ਹੋ ਗਿਆ ਏ ਖੁਦ ਬੇ ਨੂਰ ਜੀ

ਪੱਖ ਪੂਰ ਵੱਡਿਆਂ ਘਰਾਣਿਆਂ ਦਾ ਏ ਹਾਕਮਾਂ 
ਕਿਸਾਨਾਂ ਦੀ ਮਿਹਨਤ ਨੂੰ ਚੜ੍ਹਨ ਨਾ ਦੇਣਾ ਪੂਰ ਜੀ 

ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100


rajwinder kaur

Content Editor

Related News