ਨਾਵਲ ਕੌਰਵ ਸਭਾ : ਕਾਂਡ- 19

11/16/2020 10:45:21 AM

ਸਿੰਗਲੇ ਨੂੰ ਤੋਰ ਕੇ ਸਾਰੇ ਮਿੱਤਰ ਸਿਰ ਜੋੜ ਕੇ ਬੈਠ ਗਏ। ਵਕੀਲਾਂ ਕੋਲੋਂ ਮਿਲੇ ਸੁਝਾਵਾਂ ਉਪਰ ਵਿਚਾਰ ਹੋਣ ਲੱਗੀ।

ਸਿੰਗਲਾ ਕਹਿੰਦਾ ਸੀ, ਸੈਸ਼ਨ ਜੱਜ ਤਕ ਪਹੁੰਚ ਕਰਨ ਦੀ ਲੋੜ ਨਹੀਂ। ਨੰਦ ਲਾਲ ਦੀ ਸਲਾਹ ਉਲਟ ਸੀ। ਸਿੰਗਲਾ ਕਹਿੰਦਾ ਸੀ ਸੈਸ਼ਨ ਜੱਜ ਕਿਸੇ ਦੀ ਮੰਨਦਾ ਨਹੀਂ। ਨੰਦ ਲਾਲ ਕਹਿੰਦਾ ਸੀ ਕਿਧਰੇ ਹੋਰ ਦਾਲ ਨਾ ਗਲੀ ਤਾਂ ਮੇਰੇ ਕੋਲ ਆ ਜਾਓ।

ਸਿੰਗਲਾ ਨੰਦ ਲਾਲ ਦੀਆਂ ਫੜ੍ਹਾਂ ਬਾਰੇ ਉਨ੍ਹਾਂ ਨੂੰ ਸੁਚੇਤ ਕਰ ਚੁੱਕਾ ਸੀ। ਬਾਬੂ ਦੇ ਉੱਚੇ ਰੇਟਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਤਜਰਬਾ ਹੋ ਚੁੱਕਾ ਸੀ। ਫੇਰ ਕੀਤਾ ਜਾਵੇ ਤਾਂ ਕੀ? ਬਾਬੂ ਦੀ ਮੰਨੀ ਜਾਵੇ ਜਾਂ ਸਿੰਗਲੇ ਦੀ।

ਸੋਚ ਵਿਚਾਰ ਕੇ ਵਿਚਕਾਰਲਾ ਰਾਹ ਲੱਭਿਆ ਗਿਆ। ਸੈਸ਼ਨ ਜੱਜ ਤਕ ਪਹੁੰਚ ਜ਼ਰੂਰ ਕੀਤੀ ਜਾਵੇ ਪਰ ਕਿਸੇ ਦਲਾਲ ਦੇ ਧੱਕੇ ਨਾ ਚੜ੍ਹਿਆ ਜਾਵੇ। ਕੋਈ ਨਿੱਜੀ ਦੋਸਤ ਫੜਿਆ ਜਾਵੇ।

ਕਈ ਨਾਂ ਵਿਚਾਰੇ ਗਏ। ਸਹਿਮਤੀ ਹਾਈ ਕੋਰਟ ਦੇ ਰਜਿਸਟਰਾਰ ਪ੍ਰਤਾਪ ਸਿੰਘ ਦੇ ਨਾਂ ’ਤੇ ਹੋਈ। ਕੁੱਝ ਸਾਲ ਪਹਿਲਾਂ ਉਹ ਮਾਇਆ ਨਗਰ ਵਿੱਚ ਅਡੀਸ਼ਨਲ ਸੈਸ਼ਨ ਜੱਜ ਲੱਗਾ ਹੋਇਆ ਸੀ। ਮੋਹਨ ਲਾਲ ਨਾਲ ਉਸਦੀ ਦੋਸਤੀ ਸਤਲੁਜ ਕਲੱਬ ਵਿੱਚ ਹੋਈ ਸੀ।

ਉਨ੍ਹੀਂ ਦਿਨੀਂ ਮੋਹਨ ਲਾਲ ਇੱਕ ਨਵੀਂ ਕਾਲੋਨੀ ਉਸਾਰ ਰਿਹਾ ਸੀ। ਮੋਹਨ ਲਾਲ ਜਦੋਂ ਕੋਈ ਨਵੀਂ ਕਾਲੋਨੀ ਉਸਾਰਦਾ ਸੀ ਤਾਂ ਕੁੱਝ ਚੁਨਵੇਂ ਪਲਾਟ ਅਫ਼ਸਰਾਂ ਲਈ ਰਾਖਵੇਂ ਰੱਖਦਾ ਸੀ। ਪਹਿਲਾ ਕਿਸੇ ਸੈਸ਼ਨ ਜੱਜ ਲਈ, ਦੂਜਾ ਪੁਲਸ ਕਪਤਾਨ ਜਾਂ ਉਸ ਤੋਂ ਕਿਸੇ ਵੱਡੇ ਅਫ਼ਸਰ ਲਈ। ਤੀਜਾ, ਤਹਿਸੀਲਦਾਰ, ਐੱਸ.ਡੀ.ਐੱਮ.ਜਾਂ ਡੀ.ਸੀ.ਲਈ। ਚੌਥਾ ਇਨਕਮ ਟੈਕਸ ਦੇ ਕਿਸੇ ਅਫ਼ਸਰ ਅਤੇ 5ਵਾਂ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਜਾਂ ਕਮਿਸ਼ਨਰ ਲਈ। ਲੋੜ ਅਨੁਸਾਰ ਵਾਧ-ਘਾਟ ਵੀ ਹੋ ਜਾਂਦੀ ਸੀ।

ਇੰਝ ਮੋਹਨ ਲਾਲ ਆਪਣੀ ਇੱਕ ਨੀਤੀ ਤਹਿਤ ਕਰਦਾ ਸੀ। ਇਸ ਨੀਤੀ ਤਹਿਤ ਸਭ ਨੂੰ ਫ਼ਾਇਦਾ ਹੁੰਦਾ ਸੀ।

ਅਫ਼ਸਰਾਂ ਦਾ ਕਾਲਾ ਧਨ ਖਪ ਜਾਂਦਾ ਸੀ। ਮੁਨਾਫ਼ਾ ਵੀ ਚੰਗਾ ਹੋ ਜਾਂਦਾ ਸੀ। ਮੋਹਨ ਲਾਲ ਅਫ਼ਸਰਾਂ ਕੋਲੋਂ ਜ਼ਮੀਨ ਦੀ ਲਾਗਤ ਲੈਂਦਾ ਸੀ। ਕਾਲੋਨੀ ਦੇ ਵਿਕਾਸ ਉਪਰ ਹੋਏ ਖ਼ਰਚੇ ਦੀ ਵੀ ਉਨ੍ਹਾਂ ਨੂੰ ਛੋਟ ਹੁੰਦੀ ਸੀ।

ਇਵਜ ਵਿੱਚ ਮੋਹਨ ਲਾਲ ਨੂੰ ਆਪਣੇ ਪ੍ਰਾਜੈਕਟ ਵਿੱਚ ਨਿਵੇਸ਼ ਕਰਨ ਲਈ ਖ਼ੁੱਲ੍ਹਾ ਪੈਸਾ ਮਿਲ ਜਾਂਦਾ ਸੀ। ਲੋੜ ਪੈਣ ’ਤੇ ਅਫ਼ਸਰ ਘੱਟ ਵਿਆਜ ’ਤੇ ਰਕਮ ਦੇ ਬੋਰੇ ਉਸ ਵੱਲ ਭੇਜ ਦਿੰਦੇ ਸਨ।

ਅਫ਼ਸਰਾਂ ਨੂੰ ਪਲਾਟ ਦੇਣ ਦਾ ਮੋਹਨ ਲਾਲ ਨੂੰ ਇੱਕ ਹੋਰ ਵੱਡਾ ਫ਼ਾਇਦਾ ਹੁੰਦਾ ਸੀ। ਜੇ ਕਾਲੋਨੀ ਬਜ਼ਾਰ ਦੇ ਭਾਅ ਜ਼ਮੀਨ ਖ਼ਰੀਦ ਕੇ ਉਸਾਰੀ ਜਾਵੇ ਫੇਰ ਖੱਟਣ ਨੂੰ ਕੁਝ ਨਹੀਂ ਸੀ। ਮੋਹਨ ਲਾਲ ਨੂੰ ਦੋ ਪੈਸੇ ਤਾਂ ਟੱਕਰਦੇ ਸਨ, ਜੇ ਕੋਈ ਝਗੜੇ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਮਿਲੇ। ਕੌਡੀਆਂ ਦੇ ਭਾਅ ਮਿਲੀ ਜ਼ਮੀਨ ਮੁਕੱਦਮਿਆਂ ਦੀ ਖਾਣ ਹੁੰਦੀ ਸੀ। ਕਦੇ ਕੋਈ ਵਾਰਿਸ ਬੰਦੀ ਲੈ ਆਉਂਦਾ, ਕਦੇ ਕੋਈ ਪੁਲਸ ਚੜ੍ਹਾ ਲਿਆਉਂਦਾ। ਕੋਈ ਇਨਕਮ ਟੈਕਸ ਵਾਲਿਆਂ ਨੂੰ ਚਿੱਠੀ ਪਾ ਦਿੰਦਾ, ਕੋਈ ਚੜ੍ਹਦੇ ਇੰਤਕਾਲ ਵਿੱਚ ਟੰਗ ਅੜਾ ਦਿੰਦਾ।

ਜਿਸ ਮਹਿਕਮੇ ਵੱਲੋਂ ਕੋਈ ਅੜਚਣ ਹੁੰਦੀ ਮੋਹਨ ਲਾਲ ਉਸੇ ਮਹਿਕਮੇ ਦੇ ਅਫ਼ਸਰ ਨੂੰ ਅੱਗੇ ਕਰ ਦਿੰਦਾ। ਆਪਣਾ ਹਿਤ ਕਾਲੋਨੀ ਨਾਲ ਜੁੜਨ ਕਰਕੇ ਅਫ਼ਸਰ ਆਪੇ ਮਸਲਾ ਸੁਲਝਾ ਦਿੰਦਾ। ਕਈ ਕੰਮ ਅਫ਼ਸਰਾਂ ਦੀ ਆਪਣੀ ਕਲਮ ਨਾਲ ਹੋ ਜਾਂਦੇ। ਬਾਕੀ ਨਾਲ ਦੇ ਅਫ਼ਸਰਾਂ ਕੋਲੋਂ ਕਰਵਾ ਲੈਂਦੇ।

ਮੋਹਨ ਲਾਲ ਦੀ ਇਸ ਹੁਸ਼ਿਆਰੀ ਕਾਰਨ ਉਸਦੀ ਕਾਲੋਨੀ ਦੀ ਉਸਾਰੀ ਵਿੱਚ ਕਦੇ ਕੋਈ ਵਿਘਨ ਨਹੀਂ ਸੀ ਪਿਆ। ਇਸ ਵਿਉਪਾਰ ਵਿੱਚ ਉਸਦੀ ਚੰਗੀ ਭੱਲ ਸੀ। ਕਾਲੋਨੀ ਕੱਟੀ ਪਿਛੋਂ ਜਾਂਦੀ, ਵਿਕ ਪਹਿਲਾਂ ਜਾਂਦੀ। ਪ੍ਰਤਾਪ ਸਿੰਘ ਨੂੰ ਮੋਹਨ ਲਾਲ ਨੇ ਚਾਰ ਸੌ ਗੱਜ ਦਾ ਇੱਕ ਪਲਾਟ ਅਤੇ ਤਿੰਨ ਦੁਕਾਨਾਂ ਦਿੱਤੀਆਂ ਸਨ।

ਨਵੀਂ ਕਾਲੋਨੀ ਦੇ ਪਹਿਲਾਂ ਵਿਕਦੇ ਪਲਾਟਾਂ ਦੀ ਕੀਮਤ ਘੱਟ ਪੈਂਦੀ ਸੀ। ਜਿਉਂ ਜਿਉਂ ਪਲਾਟ ਵਿਕਦੇ ਜਾਂਦੇ ਸਨ, ਤਿਉਂ-ਤਿਉਂ ਮੁੱਲ ਵਧਦਾ ਜਾਂਦਾ ਸੀ। ਜਦੋਂ ਪਲਾਟ ਕੋਠੀਆਂ ਵਿੱਚ ਬਦਲ ਜਾਂਦੇ, ਮੁੱਲ ਅਸਮਾਨ ਛੋਹਣ ਲਗਦੇ।

ਪ੍ਰਤਾਪ ਸਿੰਘ ਨੂੰ ਕਿਹੜਾ ਪੈਸੇ ਦੀ ਘਾਟ ਸੀ। ਉਨ੍ਹਾਂ ਨੇ ਆਪਣਾ ਪਲਾਟ ਸਭ ਤੋਂ ਪਿੱਛੋਂ ਵੇਚਿਆ ਸੀ। ਉਨ੍ਹਾਂ ਨੂੰ ਲੱਖਾਂ ਰੁਪਏ ਮੁਨਾਫ਼ਾ ਹੋਇਆ ਸੀ। ਦੁਕਾਨਾਂ ਹਾਲੇ ਕੋਲ ਸਨ। 50 ਹਜ਼ਾਰ ਵਾਲੀ ਦੁਕਾਨ 5 ਲੱਖ ਦੀ ਹੋਈ ਪਈ ਸੀ।

ਇਹੋ ਨਹੀਂ, ਮੋਹਨ ਲਾਲ ਨੇ ਅਜਿਹੇ ਕਈ ਹੋਰ ਫ਼ਾਇਦੇ ਉਨ੍ਹਾਂ ਨੂੰ ਪਹੁੰਚਾਏ ਸਨ। ਦੋਸਤੀ ਪਰਿਵਾਰਕ ਸਾਂਝ ਵਿੱਚ ਬਦਲ ਗਈ ਸੀ। ਕਿਸੇ ਐਤਵਾਰ ਮੋਹਨ ਲਾਲ ਸਮੇਤ ਪਰਿਵਾਰ ਪ੍ਰਤਾਪ ਸਿੰਘ ਦੀ ਕੋਠੀ ਹੁੰਦਾ, ਕਿਸੇ ਐਤਵਾਰ ਪ੍ਰਤਾਪ ਸਿੰਘ ਉਨ੍ਹਾਂ ਦੀ ਕੋਠੀ।

ਜਦੋਂ ਪ੍ਰਤਾਪ ਸਿੰਘ ਬਦਲ ਕੇ ਗਿਆ ਫੇਰ ਵੀ ਲੰਘਦੇ ਵੜਦੇ ਗੇੜਾ ਮਾਰ ਕੇ ਜਾਂਦਾ ਸੀ। ਬਹੁਤ ਆਉਣ-ਜਾਣ ਮੋਹਨ ਲਾਲ ਦੀ ਮੌਤ ਬਾਅਦ ਘਟਿਆ ਸੀ। ਹਾਲੇ ਦੁਸਹਿਰੇ, ਦਿਵਾਲੀ ਨੂੰ ਪੰਕਜ ਹਾਜ਼ਰੀ ਲਗਵਾ ਕੇ ਆਉਂਦਾ ਸੀ। ਪਰਿਵਾਰਕ ਸੰਬੰਧ ਉਸੇ ਤਰ੍ਹਾਂ ਕਾਇਮ ਸਨ। ਮੋਹਨ ਲਾਲ ਦੇ ਹੋਰ ਜੱਜਾਂ ਨਾਲ ਵੀ ਸੰਬੰਧ ਸਨ ਪਰ ਜ਼ਿਆਦਾ ਵਿਸ਼ਵਾਸ਼ ਉਹ ਪ੍ਰਤਾਪ ਸਿੰਘ ’ਤੇ ਕਰਦਾ ਸੀ।

ਪ੍ਰਤਾਪ ਸਿੰਘ ਵਿੱਚ ਇੱਕ ਵਾਧਾ ਸੀ। ਉਹ ਆਪਣੇ ਅਫ਼ਸਰਾਂ ਨਾਲ ਬਣਾ ਕੇ ਰੱਖਦਾ ਸੀ। ਅਫ਼ਸਰਾਂ ਦੀ ਕੋਠੀ ਗੇੜਾ ਮਾਰਦਾ ਸੀ। ਬੱਚਿਆਂ ਨੂੰ ਖ਼ਰੀਦੋ-ਫ਼ਰੋਖਤ ਕਰਵਾਉਂਦਾ ਸੀ। ਅਫ਼ਸਰਾਂ ਦੇ ਬੈਡਰੂਮ ਤਕ ਉਸਦੀ ਪਹੁੰਚ ਸੀ।

ਪ੍ਰਤਾਪ ਸਿੰਘ ਦੇ ਇਸੇ ਗੁਣ ਕਾਰਨ ਹਾਈਕੋਰਟ ਦੇ ਕੁੱਝ ਜੱਜਾਂ ਨੇ ਚੀਫ਼ ਕੋਲ ਸਿਫ਼ਾਰਸ਼ ਕਰਕੇ ਉਸ ਨੂੰ ਹਾਈਕੋਰਟ ਬੁਲਾਇਆ ਸੀ। ਉਹ ਦਫ਼ਤਰ ਘੱਟ, ਅਫ਼ਸਰਾਂ ਦੀਆਂ ਕੋਠੀਆਂ ਵਿੱਚ ਵੱਧ ਜਾਂਦਾ ਸੀ। ਉਸਦੇ ਹੁੰਦਿਆਂ ਅਫ਼ਸਰਾਂ ਨੂੰ ਨਿੱਜੀ ਕੰਮ ਦਾ ਫ਼ਿਕਰ ਨਹੀਂ ਸੀ ਰਹਿੰਦਾ। ਕਿਸੇ ਜੱਜ ਦੀ ਕੁੜੀ ਦੀ ਸ਼ਾਦੀ ਹੋਵੇ ਤਾਂ ਟੈਂਟ ਤੋਂ ਲੈ ਕੇ ਦਾਜ ਤਕ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ ਤੇ ਹੁੰਦੀ ਸੀ। ਬਦਲੇ ਵਿੱਚ ਜੱਜ ਉਸਦੇ ਇਸ਼ਾਰਿਆਂ ਤੇ ਨੱਚਦੇ ਸਨ।

ਉਹ ਹਾਈਕੋਰਟ ਦਾ ਰਜਿਸਟਰਾਰ ਸੀ। ਉਸਦੀ ਆਪਣੀ ਤਾਕਤ ਘੱਟ ਨਹੀਂ ਸੀ। ਹੇਠਲੇ ਜੱਜਾਂ ਦੀ ਜਾਨ ਉਸਦੀ ਮੁੱਠੀ ਵਿੱਚ ਹੁੰਦੀ ਸੀ। ਬਦਲੀਆਂ, ਤਰੱਕੀਆਂ, ਸ਼ਕਾਇਤਾਂ, ਸਭ ਉਸਦੇ ਹੱਥੋਂ ਨਿਕਲਦੀਆਂ ਸਨ। ਰਾਈ ਦਾ ਪਹਾੜ ਬਨਾਉਣਾ ਅਤੇ ਪਹਾੜ ਦੀ ਰਾਈ ਬਣਾਉਣੀ ਉਸਦੇ ਹੱਥ ਸੀ। ਰਜਿਸਟਰਾਰ ਦਾ ਆਖਾ ਮੋੜਨਾ ਸੌਖਾ ਨਹੀਂ ਸੀ। ਫੇਰ ਪ੍ਰਤਾਪ ਸਿੰਘ ਵਰਗੇ ਧੜੱਲੇਦਾਰ ਅਫ਼ਸਰ ਦਾ।

ਨੀਰਜ ਚਾਹੁੰਦਾ ਸੀ, ਪ੍ਰਤਾਪ ਸਿੰਘ ਨਾਲ ਗੱਲ ਫ਼ੋਨ ’ਤੇ ਕੀਤੀ ਜਾਵੇ।

ਅਜੇ ਨੇ ਨੀਰਜ ਦੀ ਨਾਦਾਨੀ ਤੇ ਉਸਨੂੰ ਝਿੜਕਿਆ। ਇਹ ਬੱਚਿਆਂ ਵਾਲੀ ਖੇਡ ਨਹੀਂ ਸੀ। ਪੰਕਜ ਅਤੇ ਨੀਰਜ ਹੁਣ ਮੁਲਜ਼ਮ ਸਨ। ਨਿਆਂਪਾਲਿਕਾ ਦੇ ਕੰਮ ਵਿੱਚ ਦਖ਼ਲ-ਅੰਦਾਜ਼ੀ ਸੌਖਾ ਕੰਮ ਨਹੀਂ ਸੀ। ਫੂਕ-ਫੂਕ ਕੇ ਕਦਮ ਚੁੱਕਣੇ ਪੈਣੇ ਸਨ। ਅਫ਼ਸਰ ਦੀ ਇੱਜ਼ਤ ਦਾ ਖ਼ਿਆਲ ਸਭ ਤੋਂ ਪਹਿਲਾਂ ਰੱਖਣਾ ਪੈਣਾ ਸੀ।

ਫ਼ੋਨ ਕਰਕੇ ਮਿਲਣ ਦਾ ਸਮਾਂ ਲਿਆ ਜਾਵੇ। ਮਿਲਿਆ ਚੰਡੀਗੜ੍ਹ ਜਾ ਕੇ ਜਾਵੇ। ਕੋਠੀ ਦੀ ਥਾਂ ਕਿਸੇ ਹੋਟਲ ਜਾਂ ਕਲੱਬ ਵਿੱਚ। ਮੁਲਾਕਾਤ ਸਮੇਂ ਧਿਆਨ ਰੱਖਿਆ ਜਾਵੇ। ਕਮਰੇ ਅਤੇ ਖਾਣੇ ਦਾ ਬਿੱਲ ਕਿਸੇ ਹੋਰ ਦੇ ਨਾਂ ਕਟਵਾਇਆ ਜਾਵੇ।

ਤਜਰਬੇ ਦੇ ਆਧਾਰ ’ਤੇ ਅਜੇ ਜੱਜਾਂ ਨੂੰ ਮਿਲਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਉਨ੍ਹਾਂ ਨੂੰ ਸੁਚੇਤ ਕਰਨ ਲੱਗਾ। ਅਜੇ ਇਹ ਸਭ ਇਸ ਲਈ ਆਖ ਰਿਹਾ ਸੀ, ਕਿਉਂਕਿ ਅਜਿਹੀ ਇੱਕ ਅਣਗਹਿਲੀ ਕਾਰਨ ਉਸਦਾ ਇੱਕ ਰਿਸ਼ਤੇਦਾਰ ਨੌਕਰੀ ਤੋਂ ਹੱਥ ਧੋ ਬੈਠਾ ਸੀ।

ਅਜੇ ਦੇ ਸਾਲੇ ਦੇ ਸਾਂਢੂ ਨੌਹਰੀਆ ਰਾਮ ਨੇ ਇੱਕ ਕਤਲ ਕੇਸ ਦਾ ਫ਼ੈਸਲਾ ਕਰਨਾ ਸੀ। ਦੋਵੇਂ ਪਾਰਟੀਆਂ ਕਰੋੜਪਤੀ ਸਨ। ਪੈਸਿਆਂ ਦੇ ਬਰੀਫ਼ ਕੇਸ ਭਰੀ ਫਿਰਦੀਆਂ ਸਨ। ਜੱਜ ਸਾਰੀ ਉਮਰ ਈਮਾਨਦਾਰ ਰਿਹਾ ਸੀ। ਰਿਟਾਇਰਮੈਂਟ ਨੇੜੇ ਆ ਰਹੀ ਸੀ। ਦੋਸ਼ੀ ਵੈਸੇ ਵੀ ਬਰੀ ਕਰਨੇ ਸਨ। ਉਨ੍ਹਾਂ ਵੱਲੋਂ 50 ਲੱਖ ਦੀ ਪੇਸ਼ਕਸ਼ ਆ ਚੁੱਕੀ ਸੀ। 10-20 ਹੋਰ ਵਧ ਸਕਦੇ ਹਨ। ਵਿਚੋਲਗੀ ਇੱਕ ਸਾਥੀ ਜੱਜ ਕਰ ਰਿਹਾ ਸੀ। ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਸੀ। ਸਾਥੀ ਜੱਜ ਦੀ ਇਕੋ ਸ਼ਰਤ ਸੀ। ਨਹੌਰੀਆ ਰਾਮ ਜਾਂ ਉਸਦੀ ਪਤਨੀ ਇੱਕ ਵਾਰ ਅਸਾਮੀ ਨੂੰ ਮਿਲ ਲੈਣ। ‘ਪੈਸੇ ਆ ਗਏ’ ਆਖ ਦੇਣ। ਇਸ ਤਰ੍ਹਾਂ ਹੋਣ ਨਾਲ ਤਿੰਨਾਂ ਧਿਰਾਂ ਦੇ ਦਾਮਨ ਸਾਫ਼ ਰਹਿਣੇ ਸਨ। ਕਿਸੇ ਉਪਰ ਕਿਸੇ ਨੂੰ ਸ਼ੱਕ ਨਹੀਂ ਸੀ ਰਹਿਣਾ।

ਮੋਟੀ ਰਕਮ ਦਾ ਲਾਲਚ ਜੱਜ ਤੋਂ ਤਿਆਗ ਨਾ ਹੋਇਆ। ਸੱਠ ਲੱਖ ਵਿੱਚ ਉਸਨੇ ਹਾਂ ਕਰ ਦਿੱਤੀ। ਜੱਜ ਦਾ ਛੋਟਾ ਭਰਾ ਫ਼ਰੀਦਾਬਾਦ ਰਹਿੰਦਾ ਸੀ। ਉਥੇ ਇੱਕ ਤਿੰਨ ਤਾਰਾ ਹੋਟਲ ਵਿੱਚ ਕਮਰਾ ਬੁੱਕ ਕਰਾਇਆ ਗਿਆ। ਜੱਜ ਨੇ ਸੋਚਿਆ ਸੀ ਉਥੇ ਤਕ ਕਿਸ ਮੋਏ ਨੇ ਪਿੱਛਾ ਕਰਨਾ ਸੀ।

ਅਸਾਮੀ ਨੂੰ ਕਿਹੜਾ ਸੁਪਨਾ ਆਉਂਦਾ ਸੀ ਕਿ ਪਿੱਛਾ ਹੋ ਰਿਹਾ ਹੈ। ਉਨ੍ਹਾਂ ਨੇ ਹੋਟਲ ਵਾਲਿਆਂ ਕੋਲ ਹੋਟਲ ਆਉਣ ਦਾ ਮਕਸਦ ਜੱਜ ਨੂੰ ਮਿਲਣਾ ਲਿਖਵਾ ਦਿੱਤਾ। ਮੁਲਾਕਾਤ ਹੋਈ। ਬਿੱਲ ਪਾਰਟੀ ਨੇ ਚੁਕਾਉਣਾ ਸੀ। ਚੁਕਾ ਦਿੱਤਾ। ਵਿਰੋਧੀ ਧਿਰ ਨੇ ਖੋਜ ਕੱਢ ਲਈ।

ਹੋਰ ਸਭ ਸਬੂਤ ਜੱਜ ਦੇ ਹੱਕ ਵਿੱਚ ਸਨ। ਕੇਸ ਕਮਜ਼ੋਰ ਸੀ। ਦੋਸ਼ੀਆਂ ਦਾ ਬਰੀ ਕਰਨਾ ਜਾਇਜ਼ ਸੀ। ਪਰ ਜੱਜ ਨੇ ਮੁਲਜ਼ਮਾਂ ਨਾਲ ਹੋਟਲ ਵਿੱਚ ਮੁਲਾਕਾਤ ਕਿਉਂ ਕੀਤੀ? ਕਮਰੇ ਅਤੇ ਖਾਣੇ ਦਾ ਖ਼ਰਚਾ ਮੁਲਜ਼ਮ ਨੇ ਕਿਉਂ ਚੁਕਾਇਆ? ਨੌਹਰੀਆ ਰਾਮ ਕੋਲ ਇਨ੍ਹਾਂ ਦੋਸ਼ਾਂ ਦਾ ਕੋਈ ਸਪੱਸ਼ਟੀਕਰਨ ਨਹੀਂ ਸੀ।

“ਕਿਸੇ ਜੱਜ ਕੋਲੋਂ ਕੰਮ ਲੈਣਾ ਹੈ ਤਾਂ ਧਿਆਨ ਨਾਲ ਲਿਆ ਜਾਵੇ। ਇਹ ਨਾ ਹੋਵੇ ਕਿ ਆਪਣੇ ਨਾਲ-ਨਾਲ ਦੋਸਤ ਅਫ਼ਸਰਾਂ ਦਾ ਨੁਕਸਾਨ ਹੋ ਜਾਵੇ।”

ਅਜੇ ਦੇ ਮਸ਼ਵਰੇ ਅਨੁਸਾਰ ਪ੍ਰਤਾਪ ਸਿੰਘ ਨਾਲ ਫ਼ੋਨ ’ਤੇ ਗੱਲ ਹੋਈ। ਚੰਡੀਗੜ੍ਹ ਜਾਣ ਦਾ ਜ਼ਿੰਮਾ ਅਜੇ ਅਤੇ ਪੰਕਜ ਨੇ ਲਿਆ। ਅਜੇ ਨੂੰ ਚੀਫ਼ ਜਸਟਿਸ ਦਾ ਪ੍ਰਾਈਵੇਟ ਸੈਕਟਰੀ ਵੀ ਜਾਣਦਾ ਸੀ। ਉਸਨੇ ਅਜੇ ਦੇ ਕਈ ਅੜੇ ਗੱਡੇ ਕੱਢੇ ਸਨ। ਉਸ ਨਾਲ ਵੀ ਮੁਲਾਕਾਤ ਕੀਤੀ ਜਾਏਗੀ।

ਨੀਰਜ ਅਤੇ ਵਿਨੇ ਪਿੱਛੇ ਰਹਿ ਕੇ ਪੁਲਸ ਨੂੰ ਸੰਭਾਲਣਗੇ। ਅਗਲੇ ਦਿਨ ਦੋਬਾਰਾ ਮਿਲਣ ਦੀ ਯੋਜਨਾ ਬਣਾ ਕੇ ਉਹ ਵਿਛੜ ਗਏ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਵ ਸਭਾ : ਕਾਂਡ- 18

ਨਾਵਲ ਕੌਰਵ ਸਭਾ : ਕਾਂਡ - 17

ਨਾਵਲ ਕੌਰਵ ਸਭਾ : ਕਾਂਡ - 16

ਨਾਵਲ ਕੌਰਵ ਸਭਾ : ਕਾਂਡ - 15


rajwinder kaur

Content Editor

Related News