ਨਾਵਲ ਕੌਰਵ ਸਭਾ : ਕਾਂਡ - 16

10/25/2020 2:59:51 PM

ਸਿੰਗਲਾ ਨੰਦ ਲਾਲ ਨਾਲੋਂ ਪਹਿਲਾਂ ਪੁੱਜ ਗਿਆ।

ਸਿੰਗਲੇ ਨੂੰ ਕਿਸ ਕੇਸ ਬਾਰੇ ਬੁਲਾਇਆ ਜਾ ਰਿਹਾ ਹੈ। ਇਸਦੀ ਜਾਣਕਾਰੀ ਉਸ ਨੂੰ ਪਹਿਲਾਂ ਦੇ ਦਿੱਤੀ ਗਈ ਸੀ। ਉਹ ਜਿੰਨੀ ਜਾਣਕਾਰੀ ਮਿਲ ਸਕਦੀ ਸੀ, ਉਨੀਂ ਲੈ ਆਇਆ ਸੀ।

ਠੇਕੇਦਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਸੀ। ਮੈਜਿਸਟਰੇਟ ਨੇ ਉਸਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਸੀ।

ਪੁਲਸ ਰਿਮਾਂਡ ਹਾਸਲ ਕਰਦੇ ਸਮੇਂ ਪੁਲਸ ਨੇ ਜੋ ਦਰਖ਼ਾਸਤ ਦਿੱਤੀ ਸੀ, ਉਹ ਸਿੰਗਲਾ ਪੜ੍ਹ ਆਇਆ ਸੀ। ਉਸ ਦਰਖ਼ਾਸਤ ਤੋਂ ਅਜਿਹਾ ਕੋਈ ਸੰਕੇਤ ਨਹੀਂ ਸੀ ਮਿਲਦਾ ਜਿਸ ਤੋਂ ਪੰਕਜ ਹੋਰਾਂ ਦੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਅੰਦਾਜ਼ਾ ਲਗਦਾ ਹੋਵੇ। ਪੁਲਸ ਨੇ ਬਾਕੀ ਦੋਸ਼ੀਆਂ ਦੇ ਨਾਂ ਪਤੇ ਪੁੱਛਣ ਅਤੇ ਮਾਲ ਬਰਾਮਦ ਕਰਾਉਣ ਲਈ ਪੁਲਸ ਰਿਮਾਂਡ ਮੰਗਿਆ ਸੀ।

ਜਿਸ ਸਰਕਾਰੀ ਵਕੀਲ ਨੇ ਠੇਕੇਦਾਰ ਦਾ ਰਿਮਾਂਡ ਲਿਆ ਸੀ, ਉਸ ਨਾਲ ਸਿੰਗਲੇ ਦਾ ਖਾਣ-ਪੀਣ ਸੀ। ਸਿੰਗਲੇ ਨੇ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਸੀ ਪਰ ਉਹ ਦੂਸਰੀ ਕਚਹਿਰੀ ਵਿੱਚ ਰੁੱਝਾ ਹੋਇਆ ਸੀ।

“ਜੇ ਕੁੱਝ ਖ਼ਰਚ ਕਰਨ ਦੀ ਇਜਾਜ਼ਤ ਹੋਵੇ ਤਾਂ ਮੈਂ ਉਸ ਕੋਲੋਂ ਮਿਸਲ ਦਾ ਹਾਲਚਾਲ ਪੁੱਛ ਸਕਦਾ ਹਾਂ।”

ਸਿੰਗਲੇ ਨੇ ਸਰਕਾਰੀ ਵਕੀਲ ਦੇ ਖਾਣ-ਪੀਣ ਦੇ ਸੁਭਾਅ ਨੂੰ ਮੁੱਖ ਰੱਖ ਕੇ ਖਰਚੇ ਦੀ ਇਜਾਜ਼ਤ ਮੰਗੀ।

“ਪੈਸਿਆਂ ਦੀ ਪਰਵਾਹ ਨਾ ਕਰੋ। ਮਸਲਾ ਹੱਲ ਕਰੋ।” ਨੀਰਜ ਦੇ ਬੋਲਣ ਤੋਂ ਪਹਿਲਾਂ ਹੀ ਵਿਨੇ ਨੇ ਸਿੰਗਲੇ ਨੂੰ ਇਜਾਜ਼ਤ ਦੇ ਦਿੱਤੀ। ਮੋਬਾਇਲ ਫ਼ੋਨ ’ਤੇ ਸਰਕਾਰੀ ਵਕੀਲ ਨਾਲ ਗੱਲ ਹੋਈ।

ਸਰਕਾਰੀ ਵਕੀਲ ਨੇ ਮਿਸਲ ਗੰਭੀਰਤਾ ਨਾਲ ਨਹੀਂ ਸੀ ਪੜ੍ਹੀ। ਅਦਾਲਤ ਦੇ ਬਾਹਰ ਸਟੂਡੈਂਟ ਯੂਨੀਅਨ ਮੁਜ਼ਾਹਰਾ ਕਰ ਰਹੀ ਸੀ। ਪੱਤਰਕਾਰਾਂ ਦੀ ਟੀਮ ਕੈਮਰੇ ਚੁੱਕੀ ਫਿਰਦੀ ਸੀ। ਮਹਿਲਾ ਮੁਕਤੀ ਸੰਮਤੀ ਆਪਣਾ ਮਜਮਾ ਲਾਈ ਬੈਠੀ ਸੀ। ਪਹਿਲੇ ਦਿਨ ਤੋਂ ਪ੍ਰੈਸ ਇਸ ਘਟਨਾ ਦਾ ਵਿਸਥਾਰ ਦੇ ਰਹੀ ਸੀ। ਰਿਮਾਂਡ ਮਿਲਣਾ ਹੀ ਮਿਲਣਾ ਸੀ। ਸਰਕਾਰੀ ਵਕੀਲ ਨੂੰ ਬਹੁਤੀ ਬਹਿਸ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ। ਇਸ ਲਈ ਉਸਨੇ ਮਿਸਲ ਨਹੀਂ ਸੀ ਘੋਖੀ।

“ਠੇਕੇਦਾਰ ਨੇ ਆਪਣੇ ਸਾਥੀਆਂ ਦੇ ਨਾਂ ਦੱਸ ਦਿੱਤੇ? ਕਿਸ-ਕਿਸ ਦਾ ਨਾਂ ਲਿਆ ਹੈ? ਕੁੱਝ ਯਾਦ ਹੈ?”

“ਉਸ ਨੂੰ ਇਕੱਲੇ ਆਪਣੇ ਭਤੀਜੇ ਦੇ ਨਾਂ ਦਾ ਪਤਾ ਸੀ। ਬਾਕੀ ਭਤੀਜੇ ਨੂੰ ਜਾਣਦੇ ਸਨ। ਤੂੰ ਕਿਸ ਦਾ ਪੁੱਛਣਾ ਹੈ? ਸਾਫ਼-ਸਾਫ਼ ਦੱਸ।”

ਸਿੰਗਲੇ ਨੇ ਅੰਦਾਜ਼ਾ ਲਾਇਆ। ਗੱਲ ਹਾਲੇ ਭਈਆਂ ’ਤੇ ਰੁਕੀ ਹੋਈ ਸੀ। ਪੰਕਜ ਹੋਰਾਂ ਨੂੰ ਕੋਈ ਖ਼ਤਰਾ ਨਹੀਂ ਸੀ।

“ਯਾਰ ਅਸਲ ਗੱਲ ਇਹ ਹੈ ਕਿ ਵੇਦ ਦਾ ਮੇਰੇ ਦੋਸਤ ਨਾਲ ਦੀਵਾਨੀ ਝਗੜਾ ਚਲਦਾ ਹੈ। ਲਾਲਿਆਂ ਵਾਂਗ ਇਹ ਡਰੀ ਜਾਂਦੇ ਹਨ। ਮੈਂ ਇਨ੍ਹਾਂ ਬਾਰੇ ਪੁੱਛਣਾ ਸੀ।”

“ਬਾਈ ਜੀ ਸੱਚੀ ਗੱਲ ਇਹ ਹੈ ਕਿ ਮੈਂ ਮਿਸਲ ਦੀਆਂ ਜ਼ਿਮਨੀਆਂ ਨਹੀਂ ਪੜ੍ਹੀਆਂ। ਜੇ ਬਹੁਤੀ ਗੱਲ ਹੈ ਥਾਣੇ ਜਾ ਆਉਂਦਾ ਹਾਂ। ਤੂੰ ਕਿਥੋਂ ਬੋਲਦਾ ਹੈਂ? ਥਾਣੇ ਜਾ ਕੇ ਮੈਂ ਤੇਰੇ ਕੋਲ ਆ ਜਾਂਦਾ ਹਾਂ।”

ਸਿੰਗਲੇ ਨੇ ਸਰਕਾਰੀ ਵਕੀਲ ਨੂੰ ਮਹਿਫ਼ਲ ਹੋਟਲ ਦਾ ਟਾਇਮ ਦੇ ਦਿੱਤਾ।

ਪੰਕਜ ਨੂੰ ਰਾਹਤ ਮਹਿਸੂਸ ਹੋਈ। ਹਾਲੇ ਤਕ ਬਚਾਅ ਸੀ।

ਪਰ ਸਿੰਗਲੇ ਦਾ ਧੁੜਕੂ ਦੂਰ ਨਹੀਂ ਸੀ ਹੋਇਆ। ਲਗਦਾ ਸੀ ਸਰਕਾਰੀ ਵਕੀਲ ਊਟ-ਪਟਾਂਗ ਬੋਲ ਰਿਹਾ ਸੀ। ਉਸਨੇ ਮਿਸਲ ਪੜ੍ਹੀ ਨਹੀਂ ਸੀ। ਉਹ ਦੱਸੇ ਵੀ ਕੀ?

“ਹੋਰ ਕਿਸ ਪਾਸੇ ਸੰਪਰਕ ਕਰੀਏ?” ਸਿੰਗਲਾ ਹਾਲੇ ਸੋਚ ਹੀ ਰਿਹਾ ਸੀ ਕਿ ਬਾਬੂ ਨੰਦ ਲਾਲ ਜੀ ਆ ਧਮਕੇ।

ਸਿੰਗਲੇ ਨੇ ਖੜ੍ਹਾ ਹੋ ਕੇ ਉਸਦਾ ਸਵਾਗਤ ਕੀਤਾ। ਝੁਕ ਕੇ ਗੋਡੇ ਹੱਥ ਲਾਏ। ਫੇਰ ਚੁੱਪ ਕਰਕੇ ਨੰਦ ਲਾਲ ਦੀਆਂ ਤਜਵੀਜ਼ਾਂ ਸੁਣਨ ਲੱਗਾ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਵ ਸਭਾ : ਕਾਂਡ - 15

ਨਾਵਲ ਕੌਰਵ ਸਭਾ : ਕਾਂਡ - 14

ਨਾਵਲ ਕੌਰਵ ਸਭਾ : ਕਾਂਡ - 13


rajwinder kaur

Content Editor

Related News