ਨਾਵਲ ਕੌਰਵ ਸਭਾ : ਕਾਂਡ- 15

Monday, Oct 19, 2020 - 05:22 PM (IST)

ਅਜੇ ਪੰਕਜ ਨਾਲ ਸਹਿਮਤ ਸੀ।

ਜ਼ੋਖਮ ਉਠਾਉਣ ਦੀ ਗੁੰਜਾਇਸ਼ ਨਹੀਂ ਸੀ।

ਪੇਸ਼ਗੀ ਜ਼ਮਾਨਤ ਦੀ ਦਰਖਾਸਤ ਲਾਉਣੀ ਬਣਦੀ ਸੀ। ਜੇ ਮੁਕੱਦਮੇ ਵਿੱਚ ਨਾਂ ਪੈ ਗਿਆ ਤਾਂ ਪੁਲਸ ਦੇ ਚੱਕਰਾਂ ਅਤੇ ਗ੍ਰਿਫਤਾਰੀ ਤੋਂ ਬਚਾਅ ਹੋ ਜਾਏਗਾ। ਨਾਂ ਨਿਕਲ ਗਿਆ ਤਾਂ ਚਾਰ ਪੈਸਿਆਂ ਦੇ ਖਰਚ ਦਾ ਸਵਾਲ ਸੀ। ਅਜਿਹੇ ਮੌਕੇ ਪੈਸਿਆਂ ਬਾਰੇ ਨਹੀਂ ਸੀ ਸੋਚਿਆ ਜਾ ਸਕਦਾ।

ਦੀਵਾਨੀ ਮੁਕੱਦਮੇਬਾਜ਼ੀ ਪੰਕਜ ਨੇ ਬਹੁਤ ਕੀਤੀ ਸੀ। ਪਲਾਟਾਂ ਅਤੇ ਜ਼ਮੀਨਾਂ ਦੇ ਕਬਜ਼ੇ ਲੈਣ ਦੇਣ ਕਾਰਨ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਸੀ। ਫੈਕਟਰੀ ਲੱਗੀ ਤਾਂ ਲੇਬਰ ਨਾਲ ਟੇਟਾ ਪੈਣ ਲੱਗਾ। ਲੈਣ ਦੇਣ ਦੇ ਝਗੜੇ ਰਹਿਣ ਲੱਗੇ। ਕਦੇ ਕਿਸੇ ਨੇ ਉਧਾਰ ਮਾਰ ਲਿਆ। ਕਦੇ ਕਿਸੇ ਦਾ ਚੈੱਕ ਕੈਸ਼ ਨਹੀਂ ਹੋਇਆ।

ਫੌਜਦਾਰੀ ਮੁਕੱਦਮੇ ਦਾ ਸਾਹਮਣਾ ਉਸਨੂੰ ਪਹਿਲੀ ਵਾਰ ਕਰਨਾ ਪੈ ਰਿਹਾ ਸੀ।

ਅਜੇ ਉਨ੍ਹਾਂ ਦਾ ਰਿਸ਼ਤੇਦਾਰ ਪਿੱਛੋਂ, ਗੂੜ੍ਹਾ ਦੋਸਤ ਅਤੇ ਹਮਰਾਜ਼ ਪਹਿਲਾਂ ਸੀ। ਨਾਲੇ ਉਹ ਕਈ ਫੌਜਦਾਰੀ ਮੁਕੱਦਮੇ ਹੱਡਾਂ ਤੇ ਹੰਢਾ ਚੁੱਕਾ ਸੀ।

ਪਹਿਲੀ ਵਾਰ ਉਸਦਾ ਪੁਲਸ ਨਾਲ ਵਾਹ ਉਸ ਸਮੇਂ ਪਿਆ ਸੀ ਜਦੋਂ ਫੈਕਟਰੀ ਵਿੱਚ ਖੂਹ ਪੁੱਟਦੇ ਸਮੇਂ ਤਿੰਨ ਬੰਦੇ ਮਿੱਟੀ ਹੇਠ ਦੱਬ ਕੇ ਮਰ ਗਏ ਸਨ। ਮਾਮਲਾ ਅਣਗਹਿਲੀ ਅਤੇ ਲਾਪਰਵਾਹੀ ਦਾ ਬਣਦਾ ਸੀ। ਪਰ ਪੁਲਸ ਨੇ ਲਾਲਚ ਅਤੇ ਲੇਬਰ ਯੂਨੀਅਨ ਦੇ ਦਬਾਅ ਵਿੱਚ ਆ ਕੇ ਮੁਕੱਦਮਾ ਕਤਲ ਦਾ ਦਰਜ ਕਰ ਦਿੱਤਾ ਸੀ। ਮਜ਼ਦੂਰਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇ ਕੇ ਅਜੇ ਨੇ ਸਮਝੌਤਾ ਕਰ ਲਿਆ। ਬਿਨਾਂ ਲੀਡਰਾਂ ਦੀ ਸਹਿਮਤੀ ਦੇ ਹੋਇਆ ਸਮਝੌਤਾ ਲੀਡਰਾਂ ਨੂੰ ਪਸੰਦ ਨਹੀਂ ਸੀ। ਲੀਡਰਾਂ ਨੇ ਅਜੇ ਨੂੰ ਜੇਲ੍ਹ ਭੇਜਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ। ਅਜੇ ਨੇ ਵੀ ਅੜੀ ਫੜ ਲਈ। ਉਹ ਉਮਰ ਕੈਦ ਕੱਟ ਆਏਗਾ। ਸਾਰਾ ਘਰ-ਬਾਰ ਮੁਕੱਦਮੇ ਉਪਰ ਲਾ ਦੇਵੇਗਾ ਪਰ ਲੀਡਰਾਂ ਅੱਗੇ ਨਹੀਂ ਝੁਕੇਗਾ।

ਇਸ ਲੜਾਈ ਵਿੱਚ ਉਸ ਨੂੰ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਦੇ ਦਰਵਾਜ਼ੇ ਖੜਕਾਉਣੇ ਪਏ। ਅਜੇ ਦਾ ਉਹੋ ਤਜਰਬਾ ਅਜੇ ਦੇ ਨਾਲ-ਨਾਲ ਉਸਦੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਕੰਮ ਆ ਰਿਹਾ ਸੀ।

ਮਾਇਆ ਨਗਰ ਦੇ ਸਨਅਤਕਾਰਾਂ ਨੂੰ ਜੇ ਪੁਲਸ ਤਕ ਲੋੜ ਪੈਂਦੀ ਸੀ ਤਾਂ ਉਹ ਅਨਿਲ ਜੈਨ ਵੱਲ ਭੱਜਦੇ ਸਨ। ਜੇ ਕਚਹਿਰੀ ਜਾਣ ਦੀ ਨੌਬਤ ਆਉਂਦੀ ਸੀ ਤਾਂ ਅਜੇ ਵੱਲ ਦੌੜਦੇ ਸਨ।

ਅਜੇ ਦੀ ਫੈਕਟਰੀ ਬੈਠਿਆਂ ਹੀ ਉਨ੍ਹਾਂ ਆਪਣੇ ਇੱਕ ਦੋ ਹੋਰ ਦੋਸਤਾਂ ਨੂੰ ਫ਼ੋਨ ਕਰ ਦਿੱਤੇ। ਹੋ ਰਹੇ ਵਿਚਾਰ ਵਟਾਂਦਰੇ ਵਿੱਚ ਉਹ ਵੀ ਆਪਣੇ ਵਿਚਾਰ ਪੇਸ਼ ਕਰਨ।

ਸ਼ਹਿਰ ਵਿੱਚ ਦੋ ਚੋਟੀ ਦੇ ਵਕੀਲ ਸਨ। ਨੰਦ ਲਾਲ ਅਤੇ ਮਹਿੰਦਰ ਸਿੰਘ। ਅਜੇ ਦੋਹਾਂ ਨੂੰ ਅਜ਼ਮਾ ਚੁੱਕਾ ਸੀ।

ਕਾਨੂੰਨ ਦੀ ਜਾਣਕਾਰੀ ਵਿੱਚ ਮਹਿੰਦਰ ਸਿੰਘ ਨੰਦ ਲਾਲ ਨਾਲੋਂ ਵੱਧ ਮਾਹਿਰ ਸੀ। ਪਰ ਉਹ ਇਮਾਨਦਾਰੀ ਵਾਲੀ ਘੋੜੀ ਚੜ੍ਹਿਆ ਹੋਇਆ ਸੀ। ਉਸਦਾ ਵਿਸ਼ਵਾਸ ਅਫ਼ਸਰਾਂ ਨਾਲ ਲੜਨ ਵਿੱਚ ਜ਼ਿਆਦਾ ਅਤੇ ਮਿਲਵਰਤਣ ਵਿੱਚ ਘੱਟ ਸੀ। ਅੱਜ ਦਾ ਜ਼ਮਾਨਾ ਹੋਰ ਸੀ। ਅੱਜ-ਕੱਲ੍ਹ ਫੈਸਲੇ ਗੁਣਾਂ ਦੇ ਆਧਾਰ ’ਤੇ ਘੱਟ ਹੋਰ ਗੱਲਾਂ ਦੇ ਆਧਾਰ ਤੇ ਜ਼ਿਆਦਾ ਹੁੰਦੇ ਹਨ।

ਸਾਰੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਅਜੇ ਨੰਦ ਲਾਲ ਨੂੰ ਵਕੀਲ ਕਰਨ ਦੇ ਹੱਕ ਵਿੱਚ ਸੀ। ਉਹ ਫ਼ੀਸ ਜ਼ਰੂਰ ਠੋਕ ਕੇ ਲੈਂਦਾ ਸੀ ਪਰ ਫ਼ੀਸ ਤੈਅ ਹੋਣ ਬਾਅਦ ਸਾਇਲ ਦੀ ਸਿਰਦਰਦੀ ਮੁੱਕ ਜਾਂਦੀ ਸੀ। ਅਸਾਮੀ ਪੈਸਾ ਖਰਚਣ ਵਾਲੀ ਹੋਵੇ ਉਹ ਕਚਹਿਰੀ ਦੇ ਅਰਦਲੀ ਤੋਂ ਲੈ ਕੇ ਸੁਪਰੀਮ ਕੋਰਟ ਦੇ ਜੱਜ ਤਕ ਦੀ ਆਪੇ ਖਰੀਦੋ-ਫ਼ਰੋਖਤ ਕਰ ਦਿੰਦਾ ਸੀ।

ਨੰਦ ਲਾਲ ਦੀ ਪੁਲਸ ਵਿਭਾਗ ਵਿੱਚ ਪੂਰੀ ਚੜ੍ਹਤ ਸੀ। ਉਸਦੇ ਫ਼ੋਨ ਉਪਰ ਕੰਮ ਹੁੰਦੇ ਸਨ। ਥਾਣੇਦਾਰ ਮਿਸਲ ਚੁੱਕੀ ਉਸਦੇ ਪਿੱਛੇ-ਪਿੱਛੇ ਘੁੰਮਦੇ ਸਨ। ਇਹ ਮਾਇਆ ਜਾਲ ਉਸਨੇ ਆਪਣੀ ਲਿਆਕਤ ਦੇ ਸਿਰ ਤੇ ਬੁਣਿਆ ਸੀ। ਕਦੇ ਕਿਸੇ ਮੰਤਰੀ, ਵਿਧਾਇਕ ਜਾਂ ਪੁਲਸ ਅਫ਼ਸਰ ਨੂੰ ਕਚਹਿਰੀ ਦਾ ਮੂੰਹ ਦੇਖਣਾ ਪੈ ਜਾਏ ਤਾਂ ਉਹ ਨੰਦ ਲਾਲ ਵੱਲ ਦੌੜਦਾ ਸੀ। ਉਹ ਲੋਕ ਇਸਨੂੰ ਫ਼ੀਸ ਤਾਂ ਦਿੰਦੇ ਹੀ ਸਨ ਅੜੇ-ਥੁੜੇ ਕੰਮ ਵੀ ਕਰਦੇ ਸਨ।

ਨੰਦ ਲਾਲ ਦੀ ਉਮਰ ਸੱਤਰ ਦੇ ਕਰੀਬ ਸੀ। ਜਿਹੜੇ ਕਦੇ ਉਸ ਕੋਲ ਮੈਜਿਸਟਰੇਟ ਹੋਇਆ ਕਰਦੇ ਸਨ ਉਹ ਹੁਣ ਹਾਈਕੋਰਟ ਦੇ ਜੱਜ ਸਨ। ਜਿਹੜੇ ਥਾਣੇਦਾਰ ਉਸ ਕੋਲ ਬੈਠ ਕੇ ਗਵਾਹੀਆਂ ਸਮਝਿਆ ਕਰਦੇ ਸਨ ਉਹ ਕਪਤਾਨ ਬਣੇ ਬੈਠੇ ਸਨ। ਪੁਰਾਣੇ ਅਫ਼ਸਰ ਪੁਰਾਣੇ ਮਿੱਤਰਾਂ ਦੀ ਕਦਰ ਕਰਦੇ ਸਨ। ਮੁਕੱਦਮੇ ਦੀਆਂ ਕਈ ਦਿੱਕਤਾਂ ਨੰਦ ਲਾਲ ਦਾ ਨਾਂ ਲੈਣ ਨਾਲ ਹੱਲ ਹੋ ਜਾਂਦੀਆਂ ਸਨ।ਇਸ ਲਈ ਅਜੇ ਨੰਦ ਲਾਲ ਤੋਂ ਸਿਵਾ ਕਿਸੇ ਹੋਰ ਵਕੀਲ ਬਾਰੇ ਨਹੀਂ ਸੀ ਸੋਚ ਸਕਦਾ।

“ਜੇ ਹੋਰ ਕੋਈ ਔਪਸ਼ਨ ਹੈ ਹੀ ਨਹੀਂ ਫੇਰ ਦੇਰ ਕਿਉਂ ਕੀਤੀ ਜਾਵੇ? ਫ਼ੋਨ ਕਰੋ ਅਤੇ ਟਾਇਮ ਲਓ।”

ਘਬਰਾਇਆ ਨੀਰਜ ਸੋਚ-ਵਿਚਾਰ ਵਿੱਚ ਸਮਾਂ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ।

“ਨੰਦ ਲਾਲ ਦੀ ਫ਼ੀਸ ਹੋਰਾਂ ਨਾਲੋਂ ਵੱਧ ਹੈ।”

ਅਜੇ ਨੇ ਹੋਣ ਵਾਲੇ ਖ਼ਰਚੇ ਬਾਰੇ ਸੂਚਿਤ ਕਰਨਾ ਆਪਣਾ ਫ਼ਰਜ਼ ਸਮਝਿਆ।

ਪੰਕਜ ਹੋਰਾਂ ਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਸੀ। ਅਲਮਾਰੀਆਂ ਨੋਟਾਂ ਨਾਲ ਭਰੀਆਂ ਪਈਆਂ ਸਨ। ਪੈਸਾ ਇੱਜ਼ਤ ਵਧਾਉਣ ਲਈ ਸੀ। ਪੈਸਾ ਬਚਾਉਣ ਲਈ ਇੱਜ਼ਤ ਨਹੀਂ ਸੀ ਗਵਾਈ ਜਾ ਸਕਦੀ। ਉਨ੍ਹਾਂ ਨੂੰ ਹਰ ਹੀਲੇ ਗ੍ਰਿਫ਼ਤਾਰੀ ਤੋਂ ਬਚਣਾ ਚਾਹੀਦਾ ਸੀ।

ਇਹ ਸੋਚ ਕੇ ਦੋਹਾਂ ਭਰਾਵਾਂ ਨੇ ਨੰਦ ਲਾਲ ਨੂੰ ਵਕੀਲ ਨਿਯੁਕਤ ਕਰਨ ਦੀ ਤਜਵੀਜ਼ ਮਨਜ਼ੂਰ ਕਰ ਦਿੱਤੀ। ਅਜੇ ਨੇ ਨੰਦ ਲਾਲ ਨਾਲ ਸੰਪਰਕ ਕੀਤਾ।

ਹਾਲੇ ਉਹ ਕਚਹਿਰੀ ਵਿੱਚ ਬਹਿਸ ਕਰ ਰਿਹਾ ਸੀ। ਅੱਧੇ ਘੰਟੇ ਬਾਅਦ ਉਸ ਨੇ ਆਪਣੇ ਚੈਂਬਰ ਵਿੱਚ ਆ ਜਾਣਾ ਸੀ। ਉਹ ਕਚਹਿਰੀ ਆ ਕੇ ਗੱਲ ਕਰ ਲੈਣ।

ਇਸੇ ਦੌਰਾਨ ਪੰਕਜ ਦਾ ਸਾਲਾ ਆਪਣੇ ਦੋ ਸਾਥੀਆਂ ਨਾਲ ਉਥੇ ਆ ਪੁੱਜਾ। ਹੋ ਰਹੇ ਵਿਚਾਰ ਵਟਾਂਦਰੇ ਵਿੱਚ ਉਹ ਆਪਣੇ ਤਜਰਬੇ ਸਾਂਝੇ ਕਰਨ ਲੱਗਾ।

“ਕਚਹਿਰੀ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਪੁਲਸ ਉਥੇ ਸਾਰਾ ਦਿਨ ਫਿਰਦੀ ਰਹਿੰਦੀ ਹੈ। ਕਿਸੇ ਵੀ ਸਮੇਂ ਦਬੋਚ ਸਕਦੀ ਹੈ। ਕਿਉਂ ਨਾ ਵਕੀਲ ਨੂੰ ਇਥੇ ਬੁਲਾ ਲਿਆ ਜਾਵੇ?”

ਦੋਬਾਰਾ ਨੰਦ ਲਾਲ ਨੂੰ ਫ਼ੋਨ ਕੀਤਾ ਗਿਆ।

ਨੰਦ ਲਾਲ ਕਿਸੇ ਦੇ ਘਰ ਜਾ ਕੇ ਸਲਾਹਾਂ ਦੇਣ ਵਾਲਾ ਵਕੀਲ ਨਹੀਂ ਸੀ। ਜਿਸ ਨੂੰ ਪਿਆਸ ਲੱਗੀ ਹੈ ਉਹ ਖੂਹ ਕੋਲ ਆਵੇ।

ਨੰਦ ਲਾਲ ਦੇ ਕੋਰੇ ਜਵਾਬ ਨਾਲ ਬੈਠੀ ਸਭਾ ਦੇ ਮੈਂਬਰਾਂ ਦੇ ਚਿਹਰੇ ਉੱਤਰ ਗਏ। “ਜਿਹੜਾ ਵਕੀਲ ਹੁਣੇ ਗੱਲ ਕਰਨ ਨੂੰ ਤਿਆਰ ਨਹੀਂ ਅਜਿਹੇ ਵਕੀਲ ਨੂੰ ਗੋਲੀ ਮਾਰੋ।”

ਪੰਕਜ ਦੇ ਸਾਲੇ ਸਤੀਸ਼ ਦੇ ਇੱਕ ਦੋਸਤ ਨੇ ਮੱਤ ਪ੍ਰਗਟਾਇਆ। ਉਹ ਇਹ ਕੇਸ ਨੰਦ ਲਾਲ ਦੀ ਥਾਂ ਆਪਣੇ ਮਿੱਤਰ ਨੂੰ ਦਿਵਾਉਣਾ ਚਾਹੁੰਦਾ ਸੀ।

“ਨੰਦ ਲਾਲ ਬੁੱਢਾ ਹੋ ਗਿਆ ਹੈ। ਉਸਦਾ ਕੰਮ ਘਟ ਰਿਹਾ ਹੈ। ਸਿੰਗਲੇ ਦਾ ਕੰਮ ਚੜ੍ਹ ਰਿਹਾ ਹੈ। ਸਿੰਗਲਾ ਮੇਰਾ ਯਾਰ ਹੈ। ਉਸਨੂੰ ਇਥੇ ਬੁਲਾ ਲੈਂਦੇ ਹਾਂ। ਮੈਨੂੰ ਨਾਂਹ ਨਹੀਂ ਕਰੇਗਾ।” ਵਿਨੇ ਨੇ ਨੰਦ ਲਾਲ ਦੀ ਥਾਂ ਸਿੰਗਲੇ ਵਕੀਲ ਦਾ ਨਾਂ ਪੇਸ਼ ਕੀਤਾ।

“ਉਹ ਨੰਦ ਲਾਲ ਦਾ ਚੇਲਾ ਹੈ। ਚੇਲੇ ਗੁਰੂਆਂ ਤੋਂ ਅੱਗੇ ਨਹੀਂ ਲੰਘ ਸਕਦੇ। ਵਕੀਲ ਆਪਾਂ ਨੰਦ ਲਾਲ ਨੂੰ ਹੀ ਕਰਾਂਗੇ। ਰਾਏ ਮਸ਼ਵਰੇ ਲਈ ਸਿੰਗਲੇ ਨੂੰ ਬੁਲਾ ਲਓ। ਉਸਨੂੰ ਇਸ ਕੰਮ ਦੀ ਫ਼ੀਸ ਦੇ ਦੇਵਾਂਗੇ।”

ਅਜੇ ਨੂੰ ਵਿਨੇ ਦੀ ਨੰਦ ਲਾਲ ਦਾ ਨਾਂ ਰੱਦ ਕਰਨ ਦੀ ਤਜਵੀਜ਼ ਚੰਗੀ ਨਹੀਂ ਸੀ ਲੱਗੀ। ਉਸਨੇ ਮੋੜਵਾਂ ਜਵਾਬ ਦੇ ਕੇ ਆਪਣੀ ਤਜਵੀਜ ਬਚਾ ਲਈ। ਨਾਲੇ ਸਿੰਗਲੇ ਨੂੰ ਫ਼ੀਸ ਦੇਣ ਦਾ ਸੁਝਾਅ ਦੇ ਕੇ ਵਿਨੇ ਦੀ ਰੱਖ ਲਈ।

“ਨੰਦ ਲਾਲ ਲਾਲਚੀ ਸੁਭਾਅ ਦਾ ਬੰਦਾ ਹੈ। ਮੌਕਾ ਦੇਖਣ ਵੀ ਬਾਹਰ ਜਾਂਦਾ ਹੀ ਹੈ। ਬੁਰਕੀ ਸੁੱਟੋ ਇਥੇ ਆ ਜਾਏਗਾ।”

ਸਤੀਸ਼ ਨੰਦ ਲਾਲ ਦਾ ਭੇਤੀ ਸੀ। ਉਸਨੇ ਆਪਣੇ ਤਜਰਬੇ ਦੇ ਆਧਾਰ ’ਤੇ ਨੰਦ ਲਾਲ ਨੂੰ ਇਥੇ ਬੁਲਾਉਣ ਦੀ ਤਜਵੀਜ਼ ਪੇਸ਼ ਕੀਤੀ। ਇੱਕ ਵਾਰ ਫੇਰ ਫ਼ੋਨ ਮਿਲਾਇਆ ਗਿਆ। ਮੀਟਿੰਗ ਵਿੱਚ ਸ਼ਾਮਲ ਹੋਣ ਦੀ ਵੱਖਰੀ ਫ਼ੀਸ ਦੇਣ ਦੀ ਪੇਸ਼ਕਸ਼ ਕੀਤੀ ਗਈ।

“ਪਹਿਲਾਂ ਫ਼ੀਸ ਤੈਅ ਕਰ ਲਓ। ਬਾਕੀ ਫੇਰ ਦੇਖਾਂਗੇ।”

ਇਸ ਵਾਰ ਨੰਦ ਲਾਲ ਦਾ ਰਵਈਆ ਨਰਮ ਸੀ।

“ਅੱਗੇ ਕਦੇ ਫ਼ੀਸ ਘੱਟ ਦਿੱਤੀ ਹੈ। ਇਹ ਮੇਰਾ ਆਪਣਾ ਕੰਮ ਹੈ। ਜੋ ਮੰਗੋਗੇ ਮਿਲ ਜਾਏਗਾ। ਆਓ ਸਹੀ।”

ਅਜੇ ਨੇ ਆਪਣੀ ਦੋਸਤੀ ਦਾ ਅਹਿਸਾਸ ਕਰਾਇਆ।

“ਮੈਂ ਇੱਕ ਲੱਖ ਰੁਪਿਆ ਫ਼ੀਸ ਲਵਾਂਗਾ। ਜੇ ਕੇਸ ਲੜਨਾ ਪਿਆ ਫੇਰ ਪੰਜਾਹ ਹਜ਼ਾਰ ਹੋਰ ਲੱਗਣਗੇ। ਜੇ ਸ਼ਰਤ ਮਨਜ਼ੂਰ ਹੋਵੇ ਤਾਂ ਅੱਧੀ ਫ਼ੀਸ ਅਤੇ ਗੱਡੀ ਭੇਜ ਦੇਵੋ।”

ਨੰਦ ਲਾਲ ਨੇ ਆਪਣੀ ਫ਼ੀਸ ਅਤੇ ਸ਼ਰਤਾਂ ਦੱਸੀਆਂ।

ਪੰਕਜ ਨੂੰ ਫ਼ੀਸ ਬਹੁਤ ਜ਼ਿਆਦਾ ਲੱਗੀ। ਅੱਗੇ ਕਦੇ ਉਸਨੇ ਵਕੀਲ ਨੂੰ ਪੰਜ ਹਜ਼ਾਰ ਤੋਂ ਵੱਧ ਨਹੀਂ ਸੀ ਦਿੱਤਾ। ਹਾਲੇ ਉਨ੍ਹਾਂ ਨੂੰ ਆਪਣਾ ਨਾਂ ਘੜੀਸੇ ਜਾਣ ਦਾ ਸ਼ੱਕ ਸੀ। ਪੁਲਸ ਵੱਲੋਂ ਕੋਈ ਇਸ਼ਾਰਾ ਨਹੀਂ ਸੀ। ਹਾਲੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਦੇਣੀ ਸੀ। ਇਹ ਕੰਮ ਕਿਸੇ ਛੋਟੇ ਵਕੀਲ ਤੋਂ ਕਰਵਾਇਆ ਜਾ ਸਕਦਾ ਸੀ। ਜੇ ਪੁਲਸ ਪਿੱਛੇ ਪੈਣ ਲੱਗੀ ਫੇਰ ਨੰਦ ਲਾਲ ਨੂੰ ਵਕੀਲ ਕੀਤਾ ਜਾ ਸਕਦਾ ਸੀ।

“ਗੰਢਿਆਂ ਦੇ ਚੋਰ ਵਾਲੀ ਕਰਾਉਣ ਦਾ ਕੋਈ ਫ਼ਾਇਦਾ ਨਹੀਂ। ਕਿਧਰੇ ਇਹ ਨਾ ਹੋਵੇ ਕਿ ਲਾਲਚ-ਵੱਸ ਗੱਠੇ ਵੀ ਖਾਣੇ ਪੈਣ, ਛਿੱਤਰ ਵੀ ਅਤੇ ਅਖ਼ੀਰ ਜੁਰਮਾਨਾ ਵੀ ਭਰਨਾ ਪਵੇ। ਫੇਰ ਕਿਹੜਾ ਨੰਦ ਲਾਲ ਨੇ ਘੱਟ ਫ਼ੀਸ ਲੈ ਲੈਣੀ ਹੈ। ਉਲਟਾ ਉਸਨੇ ਭਾਰਾ ਹੋ ਜਾਣੈ। ਕਿਸੇ ਹੋਰ ਵਕੀਲ ਨੂੰ ਦਿੱਤੀ ਫ਼ੀਸ ਖੂਹ-ਖਾਤੇ ਪੈ ਜਾਣੀ ਹੈ।”

ਅਜੇ ਨੇ ਇੱਕ ਵਾਰ ਫੇਰ ਆਪਣਾ ਤਜਰਬਾ ਸਾਂਝਾ ਕੀਤਾ।

“ਠੀਕ ਹੈ। ਗੱਡੀ ਭੇਜੋ ਅਤੇ ਬੁਲਾਓ। ਸਿੰਗਲੇ ਨੂੰ ਵੀ ਬੁਲਾ ਲਓ। ਇੱਕ ਅਤੇ ਇੱਕ ਰਲਕੇ ਗਿਆਰਾਂ ਹੋ ਜਾਣਗੇ।”

ਨੀਰਜ ਨੇ ਝੱਟ ਫੈਸਲਾ ਸੁਣਾ ਦਿੱਤਾ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਵ ਸਭਾ : ਕਾਂਡ- 14

ਨਾਵਲ ਕੌਰਵ ਸਭਾ : ਕਾਂਡ- 13

ਨਾਵਲ ਕੌਰਵ ਸਭਾ : ਕਾਂਡ- 12


rajwinder kaur

Content Editor

Related News