ਨਾਵਲ ਕੌਰਵ ਸਭਾ : ਕਾਂਡ- 11

09/20/2020 4:10:53 PM

ਪੁਲਸ ਰਾਹੀਂ ਪੰਕਜ ਨੂੰ ਸੂਹ ਮਿਲ ਚੁੱਕੀ ਸੀ। ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਸ਼ੱਕ ਸੀ। ਡਰ ਅਤੇ ਗੁੱਸੇ ਕਾਰਨ ਉਨ੍ਹਾਂ ਨੇ ਹਸਪਤਾਲ ਵੱਲ ਮੂੰਹ ਨਹੀਂ ਸੀ ਕੀਤਾ।

ਉੱਡਦੀ-ਉੱਡਦੀ ਖ਼ਬਰ ਰਿਸ਼ਤੇਦਾਰਾਂ ਦੇ ਕੰਨੀਂ ਜਾ ਪਈ।

ਬਹੁਤੇ ਸਾਂਝੇ ਰਿਸ਼ਤੇਦਾਰਾਂ ਦਾ ਝੁਕਾਅ ਝੁਕਦੇ ਪਲੜੇ ਵੱਲ ਸੀ। ਕਦੇ-ਕਦੇ, ਕੋ" ਕੋਈ ਮਜਬੂਰੀ-ਵੱਸ ਹਸਪਤਾਲ ਆਉਂਦਾ ਸੀ। ਓਪਰਿਆਂ ਵਾਂਗ ਘੜੀ ਦੋ ਘੜੀ ਬੈਠ ਕੇ, ਚੋਰਾਂ ਵਾਂਗ ਵਾਪਸ ਮੁੜ ਜਾਂਦਾ ਸੀ। ਅੰਦਰੋਂ ਰਿਸ਼ਤੇਦਾਰ ਡਰਦਾ ਰਹਿੰਦਾ ਸੀ ਕਿਧਰੇ ਮੋਹਨ ਦੇ ਪਰਿਵਾਰ ਨੂੰ ਉਸਦੇ ਵੇਦ ਪਰਿਵਾਰ ਨਾਲ ਜਾਗੇ ਹੇਜ ਦੀ ਮੁਖਬਰੀ ਨਾ ਹੋ ਜਾਵੇ। ਕਿਧਰੇ ਉਹ ਉਨ੍ਹਾਂ ਦੇ ਮੂੰਹ ਲੱਗਣੋਂ ਨਾ ਰਹਿ ਜਾਵੇ।

ਪਰ ਨੀਲਮ ਦੇ ਪੇਕੇ ਪਹਿਲੇ ਦਿਨ ਤੋਂ ਕਾਵਾਂ ਵਾਂਗ ਇਕੱਠੇ ਹੋਏ ਬੈਠੇ ਸਨ।

ਰਾਮ ਨਾਥ ਹੋਰੀਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ। ਰਾਮ ਨਾਥ ਸਭ ਤੋਂ ਵੱਡਾ ਸੀ। ਫੇਰ ਨੀਲਮ ਸੀ। ਉਸ ਤੋਂ ਛੋਟਾ ਮੰਗਤ ਰਾਏ ਸੀ। ਉਹ ਬਿਜਲੀ ਮਹਿਕਮੇ ਵਿੱਚ ਜੂਨੀਅਰ ਇੰਜੀਨੀਅਰ ਸੀ। ਸਭ ਤੋਂ ਛੋਟਾ ਬੀ.ਡੀ.ਓ.ਦਫ਼ਤਰ ਵਿੱਚ ਸਟੈਨੋ ਸੀ। ਛੋਟੀਆਂ ਦੋਵੇਂ ਭੈਣਾਂ ਜੇ.ਬੀ.ਟੀ.ਪਾਸ ਸਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਵਾਂ ਸਨ। ਉਨ੍ਹਾਂ ਦੇ ਪਤੀ ਸਰਕਾਰੀ ਸਕੂਲਾਂ ਦੇ ਅਧਿਆਪਕ ਸਨ।

ਰਾਮ ਨਾਥ ਦਾ ਸ਼ਹਿਰ ਮਾਇਆ ਨਗਰ ਤੋਂ ਸੱਤਰ ਪੰਝੱਤਰ ਕਿਲੋਮੀਟਰ ਦੂਰ ਸੀ। ਰਾਮ ਨਾਥ ਦੀਆਂ ਬਾਕੀ ਰਿਸ਼ਤੇਦਾਰੀਆਂ ਮਾਇਆ ਨਗਰ ਤੋਂ ਉਲਟ ਦਿਸ਼ਾ ਵੱਲ ਸਨ। ਨਤੀਜਨ ਕਿਸੇ ਰਿਸ਼ਤੇਦਾਰ ਦਾ ਪਿੰਡ ਮਾਇਆ ਨਗਰ ਤੋਂ ਸਵਾ ਸੌ ਕਿਲੋਮੀਟਰ ਦੂਰ ਸੀ ਅਤੇ ਕਿਸੇ ਦਾ ਡੇਢ ਸੌ ਕਿਲੋਮੀਟਰ।

ਫੇਰ ਵੀ ਤਿੰਨ ਦਿਨਾਂ ਤੋਂ ਬਾਰਾਂ ਦੇ ਬਾਰਾਂ ਜੀਅ ਘਰ-ਬਾਰ ਛੱਡੀ ਹਸਪਤਾਲ ਡੇਰਾ ਲਾਈ ਬੈਠੇ ਸਨ।

ਰਾਮ ਨਾਥ ਦੇ ਭਰਾ ਅੱਡ-ਅੱਡ ਰਹਿ ਕੇ ਵੀ ਇਕੱਠੇ ਸਨ। ਸ਼ੱਕਾਂ-ਸ਼ੂਸ਼ਕਾਂ ਸਾਂਝੀਆਂ ਭਰਦੇ ਸਨ। ਇੱਕ ਦੂਜੇ ਨਾਲ ਪਿਆਰ ਭਾਵ ਅਤੇ ਆਉਣ ਜਾਣ ਬਣਿਆ ਹੋਇਆ ਸੀ। ਲੋੜ ਪੈਣ ਤੇ ਉਹ ਤਨੋਂ-ਮਨੋਂ ਇੱਕ ਦੂਜੇ ਦੇ ਦੁੱਖ-ਸੁਖ ਵਿੱਚ ਸਹਾਈ ਹੁੰਦੇ ਸਨ।

ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਉਪਰ ਪਹਾੜ ਜਿਡੀ ਇਹੋ ਜਿਹੀ ਮੁਸੀਬਤ ਪਹਿਲੀ ਵਾਰ ਟੁੱਟੀ ਸੀ। ਰਲ-ਮਿਲ ਕੇ ਉਹ ਦੁੱਖ ਵੰਡਾਉਣ ਦਾ ਯਤਨ ਕਰ ਰਹੇ ਸਨ।

ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਪ੍ਰੇਸ਼ਾਨੀ ਵੱਧ ਸੀ। ਉਸਦੀ ਹਾਲਤ ਨੀਮ ਪਾਗਲਾਂ ਵਰਗੀ ਸੀ। ਜਦੋਂ ਉਸਨੂੰ ਹੋਸ਼ ਆਉਂਦੀ ਸੀ ਉਹ ਆਪਣੇ ਵਾਲ ਪੁੱਟਣ ਲੱਗ ਜਾਂਦੀ ਸੀ। ਉੱਚੀ-ਉੱਚੀ ਚੀਕਾਂ ਮਾਰ-ਮਾਰ ਕਮਲ ਨੂੰ ਅਵਾਜ਼ਾਂ ਮਾਰਦੀ ਸੀ। ਕਦੇ ਉਸ ਨੂੰ ਆਪਣੇ ਭੰਗ ਹੋਏ ਸੱਤ ਦਾ ਫਿਕਰ ਖਾਂਦਾ ਸੀ ਅਤੇ ਕਦੇ ਇਸੇ ਕਾਰਨ ਸਾਗਰ ਨਾਲੋਂ ਪ੍ਰੇਮ ਸੰਬੰਧਾਂ ਦੇ ਟੁੱਟਣ ਦਾ। ਕਦੇ ਉਹ ਖੁਦਕੁਸ਼ੀ ਕਰਨ ਦਾ ਇਰਾਦਾ ਜਤਾਉਂਦੀ ਸੀ ਅਤੇ ਕਦੇ ਦੋਸ਼ੀਆਂ ਨੂੰ ਕਤਲ ਕਰਨ ਦਾ।

ਡਾਕਟਰ ਨੇਹਾ ਨੂੰ ਬੇਹੋਸ਼ੀ ਦੇ ਟੀਕੇ ਲਾ ਰਹੇ ਸਨ। ਉਨ੍ਹਾਂ ਦੀ ਰਾਏ ਸੀ ਕਿ ਉਸ ਨੂੰ ਕਿਸੇ ਭੈਣ ਵਰਗੀ ਸਹੇਲੀ ਅਤੇ ਮਾਂ ਵਰਗੀ ਚਾਚੀ ਤਾਈ ਦੀ ਛਤਰ-ਛਾਇਆ ਦੀ ਜ਼ਰੂਰਤ ਸੀ।

ਰਾਮ ਨਾਥ ਦੀ ਸਭ ਤੋਂ ਛੋਟੀ ਭੈਣ ਸੁਸ਼ਮਾ ਨੇ ਇਹ ਜ਼ਿੰਮੇਵਾਰੀ ਆਪਣੇ ਜ਼ਿੰਮੇ ਲਈ ਸੀ। ਉਹ ਨੇਹਾ ਦੀ ਮਾਸੀ ਸੀ, ਇਸ ਲਈ ਨੇਹਾ ਨੂੰ ਮਾਵਾਂ ਵਰਗਾ ਪਿਆਰ ਦੇ ਸਕਦੀ ਸੀ। ਉਨ੍ਹਾਂ ਦੀ ਉਮਰ ਵਿੱਚ ਸਾਰਾ ਸੱਤ ਸਾਲ ਦਾ ਫ਼ਰਕ ਸੀ। ਦੋਵੇਂ ਮਾਸੀ ਭਾਣਜੀ ਵਾਂਗ ਘੱਟ, ਸਹੇਲੀਆਂ ਵਾਂਗ ਵੱਧ ਰਹੀਆਂ ਸਨ। ਸੁਸ਼ਮਾ ਪਹਿਲੇ ਦਿਨ ਤੋਂ ਨੇਹਾ ਦੀ ਹਮਰਾਜ਼ ਸੀ। ਇਸ ਲਈ ਉਹ ਨੇਹਾ ਦੀ ਸਹੇਲੀ ਦੇ ਫਰਜ਼ ਵੀ ਨਿਭਾਅ ਸਕਦੀ ਸੀ।

ਬਿਨਾਂ ਸੰਗ-ਸ਼ਰਮ ਮਹਿਸੂਸ ਕਰੇ ਸੁਸ਼ਮਾ ਪਲਵੀ ਦੇ ਘਰ ਡੇਰਾ ਲਾਈ ਬੈਠੀ ਸੀ।

ਮੰਗਤ ਅਤੇ ਉਸਦੀ ਪਤਨੀ ਸੁਜਾਤਾ ਵੇਦ ਦੀ ਦੇਖਭਾਲ ਵਿੱਚ ਜੁਟੇ ਹੋਏ ਸਨ। ਵੇਦ ਦੀ ਟੰਗ ਕੱਟੇ ਜਾਣ ਤੋਂ ਬਚ ਗਈ ਸੀ। ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਸੀ। ਜੁਬਾੜੇ ਦੀ ਟੁੱਟੀ ਹੱਡੀ ਉਸ ਨੂੰ ਹੋਸ਼ ਨਹੀਂ ਸੀ ਆਉਣ ਦੇ ਰਹੀ। ਤਿੰਨ ਦਿਨ ਆਈ.ਸੀ.ਯੂ.ਵਿੱਚ ਰੱਖਣ ਬਾਅਦ ਉਸ ਨੂੰ ਜਨਰਲ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ। ਬੇਹੋਸ਼ੀ ਵਿੱਚ ਹੋਣ ਕਾਰਨ ਉੱਪਰਲਿਆਂ ਨੂੰ ਉਸ ਦੀ ਕੋਈ ਤਕਲੀਫ਼ ਨਹੀਂ ਸੀ, ਪਰ ਉਨ੍ਹਾਂ ਨੂੰ ਚੌਵੀ ਘੰਟੇ ਉਸਦੇ ਸਿਰਹਾਣੇ ਬੈਠਣਾ ਪੈਂਦਾ ਸੀ।

ਬਾਕੀ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਨੀਲਮ ਉਪਰ ਸਨ।

ਨੀਲਮ ਦੀ ਹਾਲਤ ਨਾਜ਼ੁਕ ਸੀ। ਉਸਨੂੰ ਆਈ.ਸੀ.ਯੂ.ਵਿੱਚ ਰੱਖਿਆ ਗਿਆ ਸੀ। ਉਸਦੇ ਨੱਕ, ਗੱਲ੍ਹ ਅਤੇ ਪੇਟ ਵਿੱਚ ਨਾਲੀਆਂ ਫਿੱਟ ਕੀਤੀਆਂ ਗਈਆਂ ਸਨ। ਉਹ ਵੈਂਟੀਲੇਟਰ ਦੇ ਸਹਾਰੇ ਜ਼ਿੰਦਾ ਸੀ। ਕਿਸੇ ਵੀ ਸਮੇਂ ਭੈੜੀ ਖ਼ਬਰ ਆ ਸਕਦੀ ਸੀ।

ਬਾਕੀ ਦੇ ਰਿਸ਼ਤੇਦਾਰ ਨੀਲਮ ਦੇ ਵਾਰਡ ਦੇ ਬਾਹਰ ਬੈਠੇ ਉਸਦੇ ਠੀਕ ਹੋਣ ਦੀ ਦੁਆ ਕਰ ਰਹੇ ਸਨ।

ਨੀਲਮ ਦੀਆਂ ਦਵਾਈਆਂ ਘਟਣ ਦੀ ਥਾਂ ਵੱਧਦੀਆਂ ਜਾ ਰਹੀਆਂ ਸਨ। ਟੈਸਟ ਅਤੇ ਸਕੈਨ ਵਾਰ-ਵਾਰ ਹੋ ਰਹੇ ਸਨ। ਖੂਨ ਦਿੱਤਾ ਜਾ ਰਿਹਾ ਸੀ। ਦਿਲ ਦੀ ਧੜਕਣ ਕਦੇ ਵਧ ਜਾਂਦੀ ਸੀ ਅਤੇ ਕਦੇ ਘਟ ਜਾਂਦੀ ਸੀ।

ਰਾਮ ਨਾਥ ਸੀਨੀਅਰ ਡਾਕਟਰਾਂ ਨੂੰ ਪੁੱਛ-ਪੁੱਛ ਹੰਭ ਚੁੱਕਾ ਸੀ। “ਬੱਸ ਚੌਵੀ ਘੰਟੇ ਹੋਰ”

ਆਖਕੇ ਡਾਕਟਰ ਉਸ ਨੂੰ ਟਾਲਦੇ ਆ ਰਹੇ ਸਨ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ...

ਨਾਵਲ ਕੌਰਭ ਸਭਾ : ਕਾਂਡ -10
ਨਾਵਲ ਕੌਰਭ ਸਭਾ : ਕਾਂਡ -9
ਨਾਵਲ ਕੌਰਭ ਸਭਾ : ਕਾਂਡ -8

 


rajwinder kaur

Content Editor

Related News