ਨਾਵਲ ਕੌਰਵ ਸਭਾ : ਕਾਂਡ- 6
Sunday, Aug 16, 2020 - 03:06 PM (IST)
ਸਰਦਾਰੀ ਲਾਲ ਅਤੇ ਸੰਗੀਤਾ ਤੋਂ ਇਲਾਵਾ ਮੰਗਤ ਰਾਏ ਵੀ ਕਮਲ ਦੇ ਸੰਸਕਾਰ ਵਿੱਚ ਸ਼ਾਮਲ ਹੋਣੋਂ ਰਹਿ ਗਿਆ।
ਉਹ ਵੇਦ ਅਤੇ ਨੀਲਮ ਦੀ ਦੇਖਭਾਲ ਲਈ ਦਯਾਨੰਦ ਹਸਪਤਾਲ ਫਸੇ ਬੈਠੇ ਸਨ। ਦੋਵੇਂ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਸੀ। ਡਾਕਟਰ ਮਰੀਜ਼ਾਂ ਨੂੰ ਬਚਾਉਣ ਲਈ ਸਿਰਤੋੜ ਯਤਨ ਕਰ ਰਹੇ ਸਨ। ਪੈਰ-ਪੈਰ ਤੇ ਡਾਕਟਰਾਂ ਨੂੰ ਵਾਰਿਸਾਂ ਦੀ ਲੋੜ ਪੈ ਰਹੀ ਸੀ।
ਨੀਲਮ ਨਿਉਰੋ ਵਾਰਡ ਦੀ ਐਮਰਜੈਂਸੀ ਵਿੱਚ ਦਾਖ਼ਲ ਸੀ। ਸਰਦਾਰੀ ਲਾਲ, ਸੰਗੀਤਾ ਅਤੇ ਸੀਮਾ ਇਸ ਵਾਰਡ ਦੇ ਬਾਹਰ ਖੜ੍ਹੇ ਹਨ। ਉਹ ਨੀਲਮ ਦੇ ਡਾਕਟਰਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਸਨ।
ਇਹ ਵਾਰਡ ਹਸਪਤਾਲ ਦੀ ਪੰਜਵੀਂ ਮੰਜ਼ਲ ਉਪਰ ਸੀ।
ਵੇਦ ਹੱਡੀਆਂ ਵਾਲੇ ਵਾਰਡ ਦੀ ਐਮਰਜੈਂਸੀ ਵਿੱਚ ਸੀ। ਮੰਗਤ ਰਾਏ, ਉਸਦੀ ਪਤਨੀ ਸੁਜਾਤਾ ਅਤੇ ਸੰਗੀਤਾ ਦਾ ਭਰਾ ਪਵਨ ਇਸ ਵਾਰਡ ਅੱਗੇ ਖੜੋਤੇ ਸਨ।
ਇਹ ਵਾਰਡ ਹਸਪਤਾਲ ਦੀ ਪਹਿਲੀ ਮੰਜ਼ਿਲ ਉਪਰ ਸੀ।
ਡਾਕਟਰ ਦੇਵ ਦੋਹਾਂ ਵਾਰਡਾਂ ਵਿਚਕਾਰ ਚੱਕਰ ਲਾ ਰਿਹਾ ਸੀ। ਹਸਪਤਾਲ ਦੇ ਡਾਕਟਰ ਵਾਰਿਸਾਂ ਦੇ ਕੁੱਝ ਪੱਲੇ ਨਹੀਂ ਸਨ ਪਾ ਰਹੇ। ਐਮਰਜੈਂਸੀ ਵਿੱਚ ਜਾਣ ਦੀ ਡਾਕਟਰ ਨੂੰ ਵੀ ਇਜਾਜ਼ਤ ਨਹੀਂ ਸੀ। ਪਰ ਉਹ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਮਰੀਜ਼ਾਂ ਦੀ ਹਾਲਤ ਦਾ ਅੰਦਾਜ਼ਾ ਲਾ ਰਿਹਾ ਸੀ।
ਜਿਉਂ ਹੀ ਉਸਨੂੰ ਕੁੱਝ ਪਤਾ ਲਗਦਾ ਉਹ ਝੱਟ ਬਾਹਰ ਆ ਕੇ ਵਾਰਿਸਾਂ ਨੂੰ ਮਰੀਜ਼ਾਂ ਦੀ ਤਾਜ਼ਾ ਸਥਿਤੀ ਬਾਰੇ ਦੱਸਦਾ। ਨੀਲਮ ਦੇ ਦਿਮਾਗ਼ ਦੀ ਸੱਟ ਖ਼ਤਰਨਾਕ ਸੀ। ਉਸਦੇ ਦਿਮਾਗ਼ ਵਿੱਚ ਕੁੱਝ ਥਾਈਂ ਖ਼ੂਨ ਜੰਮ ਗਿਆ ਸੀ। ਉਹ ‘ਕੋਮਾ’ ਵਿੱਚ ਸੀ। ਦਿਮਾਗ਼ ਸਰੀਰ ਦੇ ਕਿਸੇ ਵੀ ਅੰਗ ਨੂੰ ਕੰਟਰੋਲ ਨਹੀਂ ਸੀ ਕਰ ਰਿਹਾ। ਬਲੱਡ-ਪ੍ਰੈਸ਼ਰ ਪ੍ਰੇਸ਼ਾਨ ਕਰ ਰਿਹਾ ਸੀ। ਕਦੇ ਚੜ੍ਹ ਜਾਂਦਾ ਸੀ ਅਤੇ ਕਦੇ ਗਿਰ ਜਾਂਦਾ ਸੀ। ਨਬਜ਼ ਧੀਮੀ ਚੱਲ ਰਹੀ ਸੀ। ਦਿਲ ਦੀ ਹਾਲਤ ਵੀ ਸਥਿਰ ਨਹੀਂ ਸੀ। ਦਿਮਾਗ਼ ਦਾ ਫੌਰੀ ਅਪਰੇਸ਼ਨ ਹੋਣਾ ਚਾਹੀਦਾ ਸੀ। ਪਰ ਡਾਕਟਰ ਹਾਲੇ ਇਹ ਫੈਸਲਾ ਨਹੀਂ ਸੀ ਕਰ ਪਾ ਰਹੇ ਕਿ ਮਰੀਜ਼ ਅਪਰੇਸ਼ਨ ਕਰਾਉਣ ਦੇ ਯੋਗ ਸੀ ਜਾਂ ਨਹੀਂ। ਉਨ੍ਹਾਂ ਨੇ ਖ਼ੂਨ, ਸ਼ੂਗਰ, ਦਿਲ, ਗੁਰਦੇ ਅਤੇ ਪਿੱਤੇ ਦੇ ਟੈਸਟ ਲਏ ਸਨ। ਰਿਪੋਰਟਾਂ ਆਉਣ ਬਾਅਦ ਅੰਤਮ ਫੈਸਲਾ ਹੋਣਾ ਸੀ। ਕੁਲ ਮਿਲਾ ਕੇ ਸਥਿਤੀ ਚਿੰਤਾਜਨਕ ਸੀ।
ਵੇਦ ਦੀ ਹਾਲਤ ਨੀਲਮ ਨਾਲ ਮਿਲਦੀ-ਜੁਲਦੀ ਸੀ। ਉਸ ਦੀਆਂ ਲੱਤਾਂ ਅਤੇ ਬਾਹਾਂ ਦਾ ਉਹੋ ਹਾਲ ਸੀ ਜੋ ਨੀਲਮ ਦੇ ਦਿਮਾਗ਼ ਦਾ। ਜਬਾੜੇ ਦੀ ਟੁੱਟੀ ਹੱਡੀ ਸਭ ਤੋਂ ਵੱਧ ਸਮੱਸਿਆ ਖੜ੍ਹੀ ਕਰ ਰਹੀ ਸੀ। ਨਾ ਇਥੇ ਪਲੇਟ ਪੈਣੀ ਸੀ, ਨਾ ਪਲੱਸਤਰ ਹੋਣਾ ਸੀ। ਨੱਕ ਅਤੇ ਮੂੰਹ ਰਾਹੀਂ ਤਾਰਾਂ ਪਾ ਕੇ ਹੱਡੀਆਂ ਨੂੰ ਕੱਸਿਆ ਜਾਣਾ ਸੀ। ਤਾਰਾਂ ਦਾ ਕਸਾ ਬਹੁਤ ਦਰਦਨਾਕ ਸੀ। ਜਿੰਨਾ ਚਿਰ ਤਾਰਾਂ ਨੇ ਰਹਿਣਾ ਸੀ ਓਨਾ ਚਿਰ ਉਸਨੂੰ ਬੇਹੋਸ਼ ਰੱਖਿਆ ਜਾਣਾ ਸੀ। ਸੱਟਾਂ ਦੇ ਦਰਦ ਕਾਰਨ ਅਤੇ ਇਲਾਜ ਵਿੱਚ ਹੋਈ ਦੇਰੀ ਕਾਰਨ ਮਰੀਜ਼ ਦੇ ਦਿਲ ਤੇ ਅਸਰ ਹੋਇਆ ਸੀ। ਦਿਲ ਦੀ ਧੜਕਣ ਤੇਜ਼ੀ ਨਾਲ ਵੱਧ ਘੱਟ ਰਹੀ ਸੀ। ਬਲੱਡ ਪ੍ਰੈਸ਼ਰ ਵਧ ਗਿਆ ਸੀ ਅਤੇ ਸ਼ੂਗਰ ਘਟ ਗਈ ਸੀ। ਲੱਤਾਂ ਦੀਆਂ ਹੱਡੀਆਂ ਦੇ ਇੰਨੇ ਟੁਕੜੇ ਹੋ ਗਏ ਸਨ ਕਿ ਉਨ੍ਹਾਂ ਨੂੰ ਜੋੜਨ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਸੀ। ਮਰੀਜ਼ ਦੀ ਜਾਨ ਬਚਾਉਣ ਲਈ ਕਿਸੇ ਟੰਗ ਦੇ ਕੱਟੇ ਜਾਣ ਤਕ ਦੀ ਨੌਬਤ ਆ ਸਕਦੀ ਸੀ। ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ।
ਵਾਰਿਸਾਂ ਲਈ ਮਰੀਜ਼ਾਂ ਦੀ ਹਾਲਤ ਦੇ ਨਾਲ-ਨਾਲ ਅਪਰੇਸ਼ਨਾਂ ਉਪਰ ਹੋਣ ਵਾਲਾ ਖਰਚਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।
ਦੋਹਾਂ ਮਰੀਜ਼ਾਂ ਨੂੰ ਸਰਦਾਰੀ ਲਾਲ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇੱਕ ਮਰੀਜ਼ ਦੀ ਦਾਖ਼ਲਾ ਫ਼ੀਸ ਪੰਜ ਹਜ਼ਾਰ ਰੁਪਏ ਸੀ। ਦੋਹਾਂ ਉੱਪਰ ਦਸ ਹਜ਼ਾਰ ਲਗ ਗਿਆ ਸੀ। ਸਰਦਾਰੀ ਲਾਲ ਘਰੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਆਇਆ ਸੀ। ਬਾਕੀ ਬਚਦੇ ਚਾਲੀ ਹਜ਼ਾਰ ਨੀਲਮ ਦੀਆਂ ਦਵਾਈਆਂ, ਔਜ਼ਾਰਾਂ ਅਤੇ ਟੈਸਟਾਂ ਦੇ ਬਿੱਲਾਂ ਨੇ ਨਿਗਲ ਲਿਆ ਸੀ। ਉਸ ਕੋਲ ਮਸਾਂ ਦੋ-ਤਿੰਨ ਹਜ਼ਾਰ ਬਚਦਾ ਸੀ।
ਮੰਗਤ ਰਾਏ ਨੇ ਵੀਹ ਹਜ਼ਾਰ ਰੁਪਏ ਰਾਮ ਨਾਥ ਦੇ ਖਾਤੇ ਵਿਚੋਂ ਕਢਵਾਇਆ ਸੀ। ਤੀਹ ਹਜ਼ਾਰ ਉਹ ਆਪਣੇ ਕੋਲੋਂ ਲੈ ਕੇ ਆਇਆ ਸੀ। ਤੁਰਦੇ ਸਮੇਂ ਉਸ ਨੂੰ ਨਹੀਂ ਸੀ ਪਤਾ ਕਿ ਪੈਸਾ ਇਸ ਤਰ੍ਹਾਂ ਪਾਣੀ ਵਾਂਗ ਵਹੇਗਾ। ਪਤਾ ਲੱਗ ਵੀ ਜਾਂਦਾ ਤਾਂ ਵੀ ਉਹ ਇਸ ਤੋਂ ਵੱਧ ਰਕਮ ਤਿਆਰ ਨਹੀਂ ਸੀ ਕਰ ਸਕਦਾ। ਇਧਰੋਂ ਉਧਰੋਂ ਰਕਮ ਫੜਨ ਤੇ ਸਮਾਂ ਲੱਗਣਾ ਸੀ।
ਮੰਗਤ ਰਾਏ ਪੰਦਰਾਂ ਕੁ ਹਜ਼ਾਰ ਐੱਮ.ਆਰ.ਆਈ., ਸਕੈਨ ਅਤੇ ਐਕਸਰੇ ਉਪਰ ਖ਼ਰਚ ਕਰ ਚੁੱਕਾ ਸੀ। ਪੰਜ ਕੁ ਹਜ਼ਾਰ ਦੀਆਂ ਦਵਾਈਆਂ ਅਤੇ ਗਰਮ ਪੱਟੀਆਂ ਆ ਚੁੱਕੀਆਂ ਸਨ। ਉਸ ਕੋਲ ਤੀਹ ਹਜ਼ਾਰ ਬਾਕੀ ਸੀ। ਇਸ ਰਕਮ ਦੀਆਂ ਪਲੇਟਾਂ ਆਉਣੀਆਂ ਸਨ। ਬਾਕੀ ਪੈਸਾ ਕਿਥੋਂ ਆਏਗਾ? ਮੰਗਤ ਰਾਏ ਨੂੰ ਇਹ ਚਿੰਤਾ ਲੱਗੀ ਹੋਈ ਸੀ।
ਪੰਜ ਛੇ ਘੰਟੇ ਹਸਪਤਾਲ ਰਹਿ ਕੇ ਵਾਰਿਸਾਂ ਨੇ ਭਾਂਪ ਲਿਆ ਸੀ। ਫ਼ੀਸ ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਤੋਂ ਪਹਿਲਾਂ ਭਰਾਈ ਜਾਣੀ ਸੀ।
ਨੀਲਮ ਦੇ ਅਪਰੇਸ਼ਨ ਦੀ ਫ਼ੀਸ ਤੀਹ ਹਜ਼ਾਰ ਰੁਪਏ ਸੀ। ਵੀਹ ਹਜ਼ਾਰ ਦਵਾਈਆਂ ਅਤੇ ਟੀਕਿਆਂ ਤੇ ਲੱਗਣਾ ਸੀ।
ਵੇਦ ਦੇ ਅਪਰੇਸ਼ਨ ਦੀ ਫ਼ੀਸ ਵੀਹ ਹਜ਼ਾਰ ਰੁਪਏ ਸੀ। ਉਸ ਦੀਆਂ ਟੰਗਾਂ, ਬਾਹਾਂ ਵਿੱਚ ਚਾਰ ਪਲੇਟਾਂ ਪੈਣੀਆਂ ਸਨ। ਦੇਸੀ ਪਲੇਟਾਂ ਦੀ ਕੀਮਤ ਦਸ ਹਜ਼ਾਰ ਫੀ ਪਲੇਟ ਸੀ। ਕੋਈ ਵਿਦੇਸ਼ੀ ਪਲੇਟ ਪਵਾਉਣੀ ਪਈ ਤਾਂ ਕੀਮਤ ਡੇਢੀ ਤੋਂ ਦੁਗਣੀ ਹੋ ਜਾਣੀ ਸੀ।
ਕੁੱਲ ਮਿਲਾ ਕੇ 1 ਲੱਖ ਰੁਪਏ ਦੀ ਜ਼ਰੂਰਤ ਸੀ। ਇਧਰ ਵਾਰਿਸ ਰੁਪਏ ਇਕੱਠੇ ਕਰਨ ਦੀਆਂ ਯੋਜਨਾਵਾਂ ਸੋਚਣ ਲ ਗੇ। ਉਧਰ ਡਾਕਟਰ ਰਿਪੋਰਟਾਂ ਘੋਖਣ ਲੱਗੇ।
ਡਾਕਟਰਾਂ ਨੂੰ ਖੁਸ਼ੀ ਹੋਈ। 6 ਘੰਟੇ ਦੀ ਸਖ਼ਤ ਮਿਹਨਤ ਬਾਅਦ ਉਹ ਮਰੀਜ਼ਾਂ ਦੇ ਸ਼ੂਗਰ ਅਤੇ ਬਲੱਡ-ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ ਸਨ।
ਡਾਕਟਰਾਂ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਮਰੀਜ਼ਾਂ ਦੇ ਵਾਰਿਸਾਂ ਨੂੰ ਲਾਊਡ ਸਪੀਕਰ ਤੇ ਅਵਾਜ਼ਾਂ ਪੈਣ ਲੱਗੀਆਂ। ਵਾਰਿਸ ਕਾਊਂਟਰ ਤੇ ਆ ਕੇ ਫ਼ੀਸ ਜਮ੍ਹਾਂ ਕਰਾਉਣ ਅਤੇ ਕਾਗ਼ਜ਼ਾਂ ਪੱਤਰਾਂ ਉਪਰ ਦਸਤਖ਼ਤ ਕਰਨ।
ਕਾਊਂਟਰ ਉੱਪਰ ਜਾਣ ਦੀ ਥਾਂ ਸਾਰੇ ਰਿਸ਼ਤੇਦਾਰ ਇੱਕ ਥਾਂ ਇਕੱਠੇ ਹੋ ਗਏ।
ਸਰਦਾਰੀ ਲਾਲ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ। ਉਹ ਜੋ ਰਕਮ ਲੈ ਕੇ ਆਇਆ ਸੀ ਉਹ ਖ਼ਰਚ ਹੋ ਚੁੱਕੀ ਸੀ। ਸਬੂਤ ਵਜੋਂ ਉਸ ਨੇ ਸੰਭਾਲ ਕੇ ਰੱਖੀਆਂ ਰਸੀਦਾਂ ਮੰਗਤ ਨੂੰ ਫੜਾ ਦਿੱਤੀਆਂ। ਮਾਇਆ ਨਗਰ ਵਿੱਚ ਉਸਦੀ ਕੋਈ ਜਾਣ-ਪਹਿਚਾਣ ਨਹੀਂ ਸੀ। ਉਹ ਬੈਂਕ ਖੁਲ੍ਹਣ ਤੋਂ ਬਾਅਦ ਇੰਨੀ ਕੁ ਰਕਮ ਪਿੰਡੋਂ ਮੰਗਵਾ ਸਕਦਾ ਸੀ। ਹੋਰ ਲੋੜ ਪਈ ਤਾਂ ਉਸ ਨੂੰ ਕਿਧਰੋਂ ਉਧਾਰ ਮੰਗਣਾ ਪੈਣਾ ਸੀ।
ਮੰਗਤ ਰਾਏ ਨੇ ਵੀ ਆਪਣੀ ਜੇਬ ਵਿਚਲਾ ਤੀਹ ਹਜ਼ਾਰ ਰਿਸ਼ਤੇਦਾਰਾਂ ਅੱਗੇ ਰੱਖ ਦਿੱਤਾ। ਇਸ ਸਮੇਂ ਹੋਰ ਪੈਸੇ ਕਿਧਰੋਂ ਲੈ ਆਉਣ ਦਾ ਉਸ ਕੋਲ ਵੀ ਕੋਈ ਸਾਧਨ ਨਹੀਂ ਸੀ।
ਬਾਕੀ ਦੀ ਰਕਮ ਦਾ ਪ੍ਰਬੰਧ ਰਾਮ ਨਾਥ ਦੇ ਮਸ਼ਵਰੇ ਨਾਲ ਹੋ ਸਕਦਾ ਸੀ।
ਮਜਬੂਰੀ-ਵਸ ਉਹ ਰਾਮ ਨਾਥ ਦਾ ਇੰਤਜ਼ਾਰ ਕਰਨ ਲੱਗੇ।
ਨਾਵਲ ਕੌਰਵ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਜੁੜਨ ਲਈ ਪੜ੍ਹੋ ਸਾਰੇ ਨਾਵਲ
ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 5
ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 4
ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 3
ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 2
ਪੜ੍ਹੋ ਇਹ ਵੀ - ਨਾਵਲ ਕੌਰਵ ਸਭਾ : ਕਾਂਡ- 1