ਬਦਲਦੇ ਜ਼ਮਾਨੇ ''ਚ ਔਰਤਾਂ ਪ੍ਰਤੀ ਰਵੱਈਆ ਬਦਲਣ ਦੀ ਲੋੜ

11/09/2023 4:06:24 PM

ਮਨੁੱਖੀ ਸੱਭਿਅਤਾ ਪੱਥਰ ਯੁੱਗ ਤੋਂ ਪ੍ਰਮਾਣੂ ਯੁੱਗ ਤੱਕ ਦਾ ਕਾਫ਼ੀ ਲੰਬਾ ਸਫ਼ਰ ਤੈਅ ਕਰ ਚੁੱਕੀ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਪ੍ਰਾਚੀਨ ਸੱਭਿਅਤਾਵਾਂ ਨੇ ਜਨਮ ਲਿਆ ਅਤੇ ਧਰਤੀ ਦੇ ਹਰ ਕੋਨੇ ਵਿੱਚ ਫੈਲੀਆਂ। ਕੁਝ ਰਹਿ ਗਈਆਂ ਅਤੇ ਕੁਝ ਸਮੇਂ ਦੀ ਧਾਰਾ ਵਿੱਚ ਵਹਿ ਗਈਆਂ। ਪਰ ਚਾਰਲਸ ਡਾਰਵਿਨ ਅਨੁਸਾਰ ਮਨੁੱਖ ਬਾਂਦਰ ਤੋਂ ਅਲੌਕਿਕ ਮਨੁੱਖੀ ਸਰੀਰ ਵਿੱਚ ਤਬਦੀਲ ਹੋਇਆ ਹੈ। ਜੇਕਰ ਅਸੀਂ ਭਾਰਤੀ ਸੱਭਿਅਤਾ ਦੀ ਗੱਲ ਕਰੀਏ ਤਾਂ ਇਸ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸੁਚੱਜੀ ਸੱਭਿਅਤਾ ਮੰਨਿਆ ਜਾਂਦਾ ਸੀ, ਜੋ ਆਪਣੀ ਉੱਚ ਪੱਧਰੀ ਪਰਿਵਾਰਕ ਅਤੇ ਸਮਾਜਿਕ ਪ੍ਰਣਾਲੀ ਲਈ ਜਾਣੀ ਜਾਂਦੀ ਸੀ, ਜਿਸ ਵਿੱਚ ਪਰਿਵਾਰ ਇੱਕ ਜੁੱਟ, ਰਲ਼-ਮਿਲ਼ ਕੇ ਰਹਿੰਦੇ ਸਨ। ਇਸ ਪਰਿਵਾਰ ਪ੍ਰਣਾਲੀ ਦੇ ਸੰਚਾਲਨ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਦੀ ਹਿੱਸੇਦਾਰੀ ਅਤੇ ਬਰਾਬਰ ਦਾ ਮਹੱਤਵ ਹੁੰਦਾ ਸੀ। ਮਰਦ ਆਪਣੇ ਰੁਜ਼ਗਾਰ ਰਾਹੀਂ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ। ਪਰਿਵਾਰ ਨੂੰ ਚਲਾਉਣ ਦੀ ਅਸਲ ਜ਼ਿੰਮੇਵਾਰੀ ਔਰਤ ਦੀ ਸੀ, ਜਿਸ ਨੂੰ ਸੇਵਾ, ਤਿਆਗ, ਮਮਤਾ ਅਤੇ ਰਹਿਮ ਦੀ ਦੇਵੀ ਕਿਹਾ ਜਾਂਦਾ ਸੀ।

ਅੱਜ 21ਵੀਂ ਸਦੀ ਵਿੱਚ ਉਹ ਸਾਇੰਸ ਦੇ ਯੁੱਗ ਵਿੱਚ ਘਰੋਂ ਦਫ਼ਤਰੀ ਕੰਮ-ਕਾਜ ਤਕ ਤਾਂ ਪਹੁੰਚ ਗਈ, ਪਰ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਹਮੇਸ਼ਾ ਔਰਤ ਨੂੰ ਆਪਣੇ ਤੋਂ ਘੱਟ ਸ਼ਕਤੀਮਾਨ ਅਤੇ ਬੁੱਧੀਮਾਨ ਸਮਝਦਾ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਆਖਦੇ ਹਨ : 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥' ਗੁਰਬਾਣੀ ਵਿੱਚ ਔਰਤ ਨੂੰ ਰਾਜਿਆਂ ਦੀ ‘ਜਨਨੀ’ ਕਹਿ ਕੇ ਸਤਿਕਾਰਿਆ ਗਿਆ ਹੈ। ਹਰ ਮਰਦ ਔਰਤ ਦੀ ਕੁੱਖ ਤੋਂ ਜਨਮ ਲੈਂਦਾ ਹੈ, ਫਿਰ ਵੀ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਸਮਾਜ ਵਿੱਚ ਔਰਤ ਦੀ ਸਥਿਤੀ ਤਰਸਯੋਗ ਰਹੀ ਹੈ। ਭਾਰਤ ਦਾ ਇਤਿਹਾਸ ਜਿੰਨਾ ਮਹਾਨ ਅਤੇ ਗੌਰਵਸ਼ਾਲੀ ਰਿਹਾ ਹੈ, ਅੱਜ ਓਨਾ ਹੀ ਧੁੰਦਲਾ ਦਿਖਾਈ ਦਿੰਦਾ ਹੈ।

ਅੱਜ ਬੇਸ਼ਕ ਮਾਹੌਲ ਬਦਲ ਗਿਆ ਹੈ, ਮਨੁੱਖ ਦਾ ਰਹਿਣ-ਸਹਿਣ ਬਦਲ ਗਿਆ, ਆਚਾਰ-ਵਿਹਾਰ ਬਦਲ ਗਿਆ ਹੈ, ਜੀਵਨ-ਸ਼ੈਲੀ ਬਦਲ ਗਈ ਹੈ ਪਰ ਮਨੁੱਖ ਦੀ ਮਾਨਸਿਕਤਾ ਨਹੀਂ ਬਦਲੀ। ਔਰਤ ਨਾਲ ਸਬੰਧਤ ਪ੍ਰਸਥਿਤੀਆਂ ਪਹਿਲਾਂ ਦੀ ਤਰ੍ਹਾਂ ਹੀ ਹਨ ਬਲਕਿ ਪਹਿਲਾਂ ਨਾਲੋਂ ਵੀ ਭਿਆਨਕ ਹੋ ਚੁੱਕੀਆਂ ਹਨ। ਪਹਿਲਾਂ ਬੱਚੀ ਦੇ ਜਨਮ ’ਤੇ ਹੀ ਉਸ ਦਾ ਗਲਾ ਦਬਾ ਦਿੱਤਾ ਜਾਂਦਾ ਸੀ, ਹੁਣ ਜਦੋਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਮਸ਼ੀਨੀ ਯੁੱਗ ਵਿੱਚ ਬੱਚੀ ਨੂੰ ਜਨਮ ਤੱਕ ਨਹੀਂ ਲੈਣ ਦਿੱਤਾ ਜਾਂਦਾ। ਉਸ ਨੂੰ ਮਾਂ ਦੀ ਕੁੱਖ ਵਿੱਚ ਹੀ ਦਫ਼ਨ ਕਰ ਦਿੱਤਾ ਜਾਂਦਾ ਹੈ। ਸਿਆਣੇ ਕਹਿੰਦੇ ਨੇ ਕਿ ਸਤਯੁੱਗ ਦੇ ਸਮੇਂ ਮਾਂ-ਬਾਪ ਬੱਚਿਆਂ ਨੂੰ ਘਰ ਵਿੱਚ ਹੀ ਨੈਤਿਕ ਸਿੱਖਿਆ ਦਿੰਦੇ ਸਨ ਜਿਸਦੇ ਫਲਸਰੂਪ ਹਰ ਘਰ ਵਿੱਚ ਸੰਤ-ਮਹਾਤਮਾ ਪੈਦਾ ਹੁੰਦਾ ਸੀ ਪਰ ਅੱਜ ਦੇ ਸਮੇਂ ਮਾਪੇ ਵੀ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਬੱਚਿਆਂ ਨੂੰ ਦੇਣੀ ਭੁੱਲ ਗਏ ਹਨ ਤੇ ਹਰ ਘਰ ਵਿੱਚ ਰਾਵਣ ਜਨਮ ਲੈ ਰਹੇ ਹਨ ਜੋ ਹਰ ਇੱਕ ਮਾਂ-ਭੈਣ ਨੂੰ ਭੋਗ ਦੀ ਵਸਤੂ ਸਮਝ ਉਸ ਦਾ ਅਪਮਾਨ, ਤ੍ਰਿਸਕਾਰ ਕਰ ਰਹੇ ਹਨ। 

ਇਸਦੀ ਜਿਉਂਦੀ-ਜਾਗਦੀ ਤਸਵੀਰ ਜੋ ਮਨੀਪੁਰ ਵਿੱਚ ਹੋਇਆ ਉਹ ਜੱਗ ਜ਼ਾਹਰ ਹੈ। ਔਰਤਾਂ ਦੀ ਨੰਗੀ ਪਰੇਡ ਕੀਤੀ ਗਈ ਅਤੇ ਸਾਰਾ ਲੋਕਤੰਤਰ ਬੇਸ਼ਰਮੀ ਨਾਲ ਉਦੋਂ ਤਕ ਤਮਾਸ਼ਬੀਨ ਬਣਿਆ ਰਿਹਾ ਜਦੋਂ ਤਕ ਉਸ ਘਟਨਾ ਨੂੰ ਵਾਇਰਲ ਨਹੀਂ ਕੀਤਾ ਗਿਆ, ਜਿਸ ਨੂੰ ਸਾਰੇ ਆਲਮ ਨੇ ਹੀ ਨਹੀਂ, ਸਗੋਂ ਸਰਕਾਰਾਂ ਨੇ ਵੀ ਇਸ ਨੰਗੇ ਨਾਚ ਨੂੰ ਪੁਰਖ-ਪ੍ਰਧਾਨ ਦ੍ਰਿਸ਼ਟੀਕੋਣ ਨਾਲ ਬਹੁਤ ਨੇੜੇ ਤੋਂ ਦੇਖਿਆ, ਪਰ ਕੀਤਾ ਕੁਝ ਨਹੀਂ। ਇੱਥੇ ਹੀ ਬੱਸ ਨਹੀਂ, ਬਦਕਿਸਮਤੀ ਨਾਲ ਇਸ ਘਟਨਾ ਤੋਂ ਬਾਅਦ ਜੋ ਕੁਝ ਵਾਪਰਿਆ, ਉਹ ਹੋਰ ਵੀ ਪ੍ਰੇਸ਼ਾਨ ਕਰਨ ਵਾਲਾ ਹੈ। ਦੋ ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

 -ਸੁਰਜੀਤ ਸਿੰਘ ਫਲੋਰਾ
 


Harpreet SIngh

Content Editor

Related News