ਸਿੱਖਿਆ ''ਚ ਵਿਸ਼ੇ ਦੇ ਤੌਰ ‘ਤੇ ਐੱਨ. ਸੀ. ਸੀ.  ਦੀ ਮਹੱਤਤਾ

Wednesday, May 19, 2021 - 04:17 PM (IST)

ਸਿੱਖਿਆ ''ਚ ਵਿਸ਼ੇ ਦੇ ਤੌਰ ‘ਤੇ ਐੱਨ. ਸੀ. ਸੀ.  ਦੀ ਮਹੱਤਤਾ

ਐੱਨ. ਸੀ. ਸੀ. ਵਿੰਗ ਭਾਰਤੀ ਸੈਨਾ ਦਾ ਇਕ ਮਹੱਤਵਪੂਰਨ ਅੰਗ ਹੈ ਜਿਸ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਨੌਕਰੀ ਲਈ ਵੀ ਪ੍ਰੇਰਿਤ ਹੁੰਦੇ ਹਨ। ਭਾਰਤੀ ਫ਼ੌਜ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਐੱਨ. ਸੀ. ਸੀ. ਦੀ ਸਥਾਪਨਾ ਕੀਤੀ ਗਈ ਹੈ। ਐੱਨ. ਸੀ. ਸੀ. ਦੀਆਂ ਤਿੰਨ ਬਰਾਂਚਾਂ ਹਨ ਜਿਸ ਵਿੱਚ ਆਰਮੀ ਵਿੰਗ, ਏਅਰ ਵਿੰਗ ਅਤੇ ਨੇਵਲ ਵਿੰਗ ਹਨ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਅਤੇ ਦੇਸ਼ ਭਗਤ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ। ਇਸ ਦਾ ਮੁੱਖ ਦਫ਼ਤਰ ਦਿੱਲੀ ਵਿਚ ਹੈ ਅਤੇ ਇਸ ਦੇ ਖੇਤਰੀ ਦਫ਼ਤਰ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਸਥਿਤ ਹਨ। 1948 ਤੋਂ ਇਸ ਸੰਸਥਾ ਨੇ ਸ਼ੁਰੂ ਹੋ ਕੇ ਦੇਸ਼ ਨਿਰਮਾਣ ਵਿਚ ਬਹੁਤ ਯੋਗਦਾਨ ਪਾਇਆ ਹੈ। ਐੱਨ. ਸੀ. ਸੀ. ਅਜਿਹਾ ਮੰਚ ਹੈ ਜੋ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦਾ ਹੈ। ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਦੇ ਅੰਦਰ ਜਿਹੜੇ ਵਿਦਿਆਰਥੀ ਰਾਸ਼ਟਰੀ ਸੇਵਾ ਜਾਂ ਹਥਿਆਰਬੰਦ ਸੈਨਾਵਾਂ ਵਿੱਚ ਆਪਣਾ ਭਵਿੱਖ ਦੇਖਦੇ ਹਨ ਉਹ ਸਕੂਲ ਅਤੇ ਕਾਲਜ ਪੱਧਰ ‘ਤੇ ਐੱਨ.ਸੀ.ਸੀ. ਮੰਚ ਨੂੰ ਅਪਣਾਉਂਦੇ ਹਨ। ਐੱਨ. ਸੀ. ਸੀ. ਦੇ ਅਧੀਨ ਵਿਦਿਆਰਥੀ ਸਕੂਲ ਪੱਧਰ ਵਿਚ ਦੋ ਸਾਲਾ ਅਤੇ ਕਾਲਜ ਪੱਧਰ ਵਿੱਚ ਤਿੰਨ ਸਾਲਾ ਕੋਰਸ ਵਿੱਚ ਸ਼ਾਮਲ ਹੋ ਸਕਦੇ ਹਨ। ਵਿਦਿਆਰਥੀ ਇਸ ਸਮੇਂ ਦੌਰਾਨ ਜਿੱਥੇ ਆਪਣਾ ਅਕਾਦਮਿਕ ਕੋਰਸ ਕਰਦਾ ਹੈ ਉੱਥੇ ਨਾਲ ਨਾਲ ਹੀ ਐੱਨ. ਸੀ. ਸੀ. ਦੇ ਅੰਤਰਗਤ ਇਕ ਵਿਸ਼ੇਸ਼ ਜੀਵਨ ਜਾਚ ਸਿੱਖ ਕੇ ਦੇਸ਼ ਅੰਦਰ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਲਈ ਰਾਹ ਵੀ ਖੋਲ੍ਹਦਾ ਹੈ। 

ਐੱਨ. ਸੀ. ਸੀ. ਵਿੱਚ ਬੀ ਅਤੇ ਸੀ ਸਰਟੀਫਿਕੇਟ ਪ੍ਰਾਪਤ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਵੇਲੇ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਭਾਰਤੀ ਫ਼ੌਜ ਵਿਚ ਐੱਨ. ਸੀ. ਸੀ. ਸਰਟੀਫ਼ਿਕੇਟ ਪ੍ਰਾਪਤ ਵਿਦਿਆਰਥੀਆਂ ਨੂੰ ਤਵੱਜੋਂ ਦਿੱਤੀ ਜਾਂਦੀ ਹੈ ਇਸਦੇ ਨਾਲ ਹੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਜਿੰਨੀਆਂ ਵੀ ਨੌਕਰੀਆਂ ਲਈ ਇਸ਼ਤਿਹਾਰ ਨਿਕਲਦੇ ਹਨ ਇਸ ਵਿਚ ਐੱਨ. ਸੀ. ਸੀ. ਲਈ ਅੰਕ ਰੱਖੇ ਗਏ ਹਨ। ਨੌਕਰੀਆਂ ਵਿੱਚ ਜਿਸ ਤਰ੍ਹਾਂ ਖੇਡਾਂ ਦੇ ਅੰਕ ਰੱਖੇ ਜਾਂਦੇ ਹਨ ਉਸੇ ਤਰ੍ਹਾਂ ਹੀ ਐੱਨ. ਸੀ. ਸੀ. ਵਿਸ਼ਾ ਪੜ੍ਹੇ ਵਿਦਿਆਰਥੀਆਂ ਨੂੰ ਵੀ ਨੌਕਰੀ ਵਿੱਚ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ। 

ਵਿਦਿਆਰਥੀਆਂ ਨੂੰ ਮਿਲਣ ਵਾਲੇ ਫ਼ਾਇਦੇ 
1. ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਐੱਨ.ਸੀ.ਸੀ. ਕੈਡਿਟਾਂ ਦੀ ਨੌਕਰੀ ਲਈ ਬਹੁਤ ਸਾਰੇ ਮਹੱਤਵਪੂਰਨ ਖੇਤਰਾਂ (ਮੈਡੀਕਲ ਅਤੇ ਤਕਨੀਕੀ ਖੇਤਰਾਂ) ਵਿਚ ਛੋਟ ਸਦਕਾ ਸਿੱਧੀ ਭਰਤੀ ਕੀਤੀ ਜਾਂਦੀ ਹੈ ਪਰ ਅਜਿਹੇ ਉਮੀਦਵਾਰਾਂ ਨੂੰ ਮੈਡੀਕਲ ਖੇਤਰ ਵਿਚ ਦਾਖ਼ਲਾ ਲੈਣ ਲਈ ਪੀ. ਐੈੱਫ.ਟੀ, ਪੀ. ਐੈੱਮ.ਟੀ ਪਾਸ ਕਰਨਾ ਪੈਂਦਾ ਹੈ। 
 
2.ਭਾਰਤੀ ਫ਼ੌਜ (ਜੀ ਡੀ ਲਈ ਕੋਈ ਲਿਖਤੀ ਪ੍ਰੀਖਿਆ)ਵਿਚ ਸਿੱਧੀ ਭਰਤੀ ਹੈ। ਸਾਰੇ ਅਰਧ ਸੈਨਿਕ ਬਲ, ਭਾਰਤੀ ਮਿਲਟਰੀ ਅਕੈਡਮੀ (ਵਿਸ਼ੇਸ਼ ਪ੍ਰਵੇਸ਼), ਪੁਲਸ ਵਿਭਾਗ (ਸਾਰੇ ਰਾਜਾਂ ਲਈ ਜ਼ਰੂਰੀ ਨਹੀਂ) ਵਿਚ ਨੌਕਰੀ ਲਈ ਵਿਸ਼ੇਸ਼ ਛੋਟ ਹੈ। ਐੱਨ.ਸੀ.ਸੀ. ਸਰਟੀਫ਼ਿਕੇਟ ਪ੍ਰਾਪਤ ਲਈ ਇੰਡੀਅਨ ਆਰਮਡ ਫੋਰਸ ਵਿਚ ਕੁਝ ਰਾਖਵਾਂਕਰਨ ਵੀ ਹੈ। ਆਰਮੀ/ਏਅਰ ਫੋਰਸ/ਨੇਵੀ ਐੱਨ.ਸੀ.ਸੀ. ਧਾਰਕ ਨੂੰ ਅਫਸਰ ਵਜੋਂ ਐੱਨ. ਸੀ. ਸੀ. ਸਪੈਸ਼ਲ ਐਂਟਰੀ ਸਕੀਮ ਵੀ ਪ੍ਰਦਾਨ ਕਰਦੀਆਂ ਹਨ। 

3. ਐੱਨ.ਸੀ.ਸੀ. ਕੈਡਿਟ ਨੂੰ ਏਅਰਫੋਰਸ, ਜਲ ਸੈਨਾ ਜਾਂ ਭਾਰਤੀ ਫ਼ੌਜ ਵਿਚ ਵਿਸ਼ੇਸ਼ ਐਂਟਰੀਆਂ ਮਿਲਦੀਆਂ ਹਨ । ਕੈਡਿਟ ਨੂੰ ਲਿਖਤੀ ਇਮਤਿਹਾਨ ਲਈ ਬਿਨੈ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਧੇ ਐੱਸ. ਐੱਸ. ਬੀ ਲਈ ਬੁਲਾਇਆ ਜਾਵੇਗਾ। ਸੀ. ਡੀ. ਐੱਸ ਲਈ ਲਿਖਤੀ ਇਮਤਿਹਾਨ 'ਚ 32 ਸੀਟਾਂ ਐਨ. ਸੀ. ਸੀ. ਉਮੀਦਵਾਰਾਂ ਲਈ ਰਾਖਵੀਆਂ ਹਨ। 

4. ਉਮੀਦਵਾਰ ਜਿਸ ਕੋਲ ਇੱਕ ਐੱਨ.ਸੀ.ਸੀ. ‘ਸੀ’ ਸਰਟੀਫਿਕੇਟ (ਘੱਟੋ ਘੱਟ 60% ਅੰਕਾਂ ਨਾਲ) ਹੈ, ਉਹ ਐੱਨ.ਸੀ.ਸੀ. ਦੀ ਵਿਸ਼ੇਸ਼ ਪਹਿਲਕਦਮੀ ਵਜੋਂ ਭਾਰਤੀ ਸੈਨਾ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਦਾ ਹੈ ਅਤੇ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਅਧਿਕਾਰੀ ਬਣ ਸਕਦੇ ਹਨ।  ਉਹ ਸਾਰੇ ਉਮੀਦਵਾਰ ਜੋ ਭਾਰਤੀ ਫੌਜ ਵਿਚ ਸਿਪਾਹੀ ਬਣਨਾ ਚਾਹੁੰਦੇ ਹਨ, ਜੇ ਉਨ੍ਹਾਂ ਕੋਲ ਐੱਨ. ਸੀ. ਸੀ. ‘ਸੀ’ ਸਰਟੀਫਿਕੇਟ ਹੈ ਤਾਂ ਉਨ੍ਹਾਂ ਨੂੰ ਲਗਭਗ 70% ਤੱਕ ਦੀ ਛੋਟ ਮਿਲੇਗੀ।

5. ਸਾਰੀਆਂ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਪ੍ਰੀਖਿਆਵਾਂ ਜਿਵੇਂ ਬੈਂਕਾਂ, ਜਨਤਕ ਖੇਤਰ ਦੀਆਂ ਇਕਾਈਆਂ, ਸਿਵਲ ਸੇਵਾਵਾਂ ਅਤੇ ਪੁਲਸ ਵਿਭਾਗ  ਵਿਚ ਲ਼ਾਭ ਮਿਲੇਗਾ।

ਕਾਲਜ ਅਤੇ ਸਕੂਲਾਂ ਵਿੱਚ ਐੱਨ.ਸੀ.ਸੀ.ਦੀਆਂ ਸੀਟਾਂ ਬਹੁਤ ਸੀਮਤ ਹੁੰਦੀਆਂ ਹਨ। ਇਸ ਲਈ ਬਹੁਤ ਹੀ ਘੱਟ ਵਿਦਿਆਰਥੀਆਂ ਨੂੰ ਐੱਨ.ਸੀ.ਸੀ.ਮਿਲਦੀ ਹੈ। ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਅੰਤਰਗਤ ਐੱਨ.ਸੀ.ਸੀ. ਨੂੰ ਵਿੱਦਿਅਕ ਸੰਸਥਾਵਾਂ ਵਿੱਚ ਚੋਣਵੇਂ ਵਿਸ਼ੇ ਵਜੋਂ ਸ਼ੁਰੂ ਕਰਨ ਲਈ ਕਦਮ ਪੁੱਟਿਆ ਹੈ।ਵਿਦਿਆਰਥੀ ਇੱਕ ਪਾਸੇ ਆਪਣੀ ਪੜ੍ਹਾਈ ਦੇ ਨਾਲ ਨਾਲ ਐੱਨ.ਸੀ.ਸੀ. ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹ ਕੇ ਇਸ ਪ੍ਰਤੀ ਪੂਰੀ ਤਰ੍ਹਾਂ ਸਿੱਖਿਅਤ ਹੋਵੇਗਾ ਅਤੇ ਦੂਜੇ ਪਾਸੇ ਇਸ ਕੋਰਸ ਦੌਰਾਨ ਉਹ ਚੰਗੀ ਤਰ੍ਹਾਂ ਅਨੁਸ਼ਾਸਨ ਬਾਰੇ ਵੀ ਜਾਣ ਲਵੇਗਾ। ਐੱਨ.ਸੀ.ਸੀ. ਇਕ ਅਜਿਹਾ ਵਿਸ਼ਾ ਹੈ ਜਿਸ ਵਿੱਚ ਵਿਦਿਆਰਥੀ ਜਿੱਥੇ ਸਰੀਰਕ ਤੌਰ ‘ਤੇ ਫਿੱਟ ਰਹਿੰਦਾ ਹੈ ਉਥੇ ਹੀ ਇਸ ਕੋਰਸ ਦੇ ਅੰਤਰਗਤ ਆਪਣੇ ਦੇਸ਼ ਦੇ ਸੁਰੱਖਿਆ ਪ੍ਰਬੰਧ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਹੋਇਆ ਆਪਣਾ ਭਵਿੱਖ ਇਸ ਵਿਚ ਬਣਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਹਰੇਕ ਦੇਸ਼ ਆਪਣੀਆਂ ਸੈਨਾਵਾਂ ਦੀ ਬਿਹਤਰੀ ਲਈ ਕਾਰਜ ਕਰ ਰਿਹਾ ਹੈ। ਵਿਸ਼ਵ ਵਿੱਚ ਬਹੁਤ ਸ਼ਕਤੀਸ਼ਾਲੀ ਦੇਸ਼ ਹਨ, ਜਿਨ੍ਹਾਂ ਦੀਆਂ ਸੈਨਾਵਾਂ ਅਤਿ ਆਧੁਨਿਕ ਤਕਨਾਲੋਜੀ ਨਾਲ ਭਰਪੂਰ ਹਨ। ਅਜਿਹੇ ਵਿੱਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਵੀ ਇਹ ਚੁਣੌਤੀ ਬਣ ਜਾਂਦੀ ਹੈ ਕਿ ਉਹ ਵਿਸ਼ਵ ਵਿੱਚ ਚੱਲ ਰਹੇ ਘਟਨਾਕ੍ਰਮ ਤੋਂ ਜਾਣੂ ਹੋ ਕੇ, ਆਪਣੇ ਦੇਸ਼ ਦੀਆਂ ਸੈਨਾਵਾਂ ਦੀ ਬਿਹਤਰੀ ਲਈ ਕਾਰਜ ਕਰੇ।

ਮਹੱਤਵਪੂਰਨ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਲਈ ਬੀ ਅਤੇ ਸੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਚੋਣਵੇਂ ਵਿਸ਼ੇ ਵਜੋਂ ਐੱਨ.ਸੀ.ਸੀ.ਸਿਲੇਬਸ, ਰਾਸ਼ਟਰੀ ਸਿੱਖਿਆ ਨੀਤੀ 2020 ਦੇ ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀ.ਬੀ. ਸੀ.ਐਸ.) ਦੇ ਅਨੁਸਾਰ ਤਿਆਰ ਕੀਤਾ ਗਿਆ ਹੈ ਜੋ 6 ਸਮੈਸਟਰਾਂ ਅਧੀਨ 24 ਕ੍ਰੈਡਿਟ ਪੁਆਇੰਟਸ ਦਿੰਦਾ ਹੈ। ਰਾਸ਼ਟਰੀ ਪੱਧਰ ‘ਤੇ ਯੂ.ਜੀ.ਸੀ ਨੈਸ਼ਨਲ ਕੈਡੇਟ ਕੋਰਪਸ ਦੇ ਡਾਇਰੈਕਟੋਰੇਟ ਜਨਰਲ, ਨਵੀਂ ਦਿੱਲੀ ਦੇ ਸੁਝਾਅ ਅਨੁਸਾਰ ਸਿੱਖਿਆ ਵਿਚ ਐੱਨ.ਸੀ.ਸੀ.ਨੂੰ ਚੋਣਵੇਂ ਵਿਸ਼ੇ ਵਜੋ ਸ਼ੁਰੂ ਕਰਨ ਲਈ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ ਨੂੰ ਪੱਤਰ ਲਿਖ ਚੁੱਕੀ ਹੈ।

 ਡਾ. ਸਰਬਜੀਤ ਸਿੰਘ
9417626925


author

Harnek Seechewal

Content Editor

Related News