ਬਹੁਤ ਕੁਝ ਸੀ ਘਰ ''ਚ
Saturday, May 13, 2017 - 04:57 PM (IST)

ਬਹੁਤ ਕੁਝ ਸੀ ਘਰ ''ਚ
ਸੂਰਜ ਵਰਗਾ ਬਾਪ
ਨੀਲੇ ਅਰਸ਼ ਵਰਗੀ ਮਾਂ
ਭੈਣ-ਭਰਾ ਸ਼ਬਦਾਂ ਵਰਗੇ।
ਚੌਂਕੇ ''ਚ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ
ਵਿਹੜੇ ''ਚ ਰੌਣਕ ਨੱਚਦੀ ਸੀ
ਮਾਸੀ ਵਰਗੀਆਂ ਰਜ਼ਾਈਆਂ ਸੁੰਨ੍ਹੀਆਂ ਹੁਣ
ਭੂਆ ਵਰਗੇ ਚਾਅ ਗੁਆਚ ਗਏ ਨੇ
ਕਿੱਲੀਆਂ ਜਿਹਨਾਂ ''ਤੇ ਥਕਾਵਟ ਬਦਲਦੇ ਸਾਂ
ਸੋਹਣੇ 2 ਨਵੇਂ ਸਵਾਏ ਝੱਗੇ ਪਜ਼ਾਮੇ ਟੰਗਦੇ ਸਾਂ
ਸੁੰਨ੍ਹੀਆਂ ਝਾਕਦੀਆਂ ਹਨ
ਹੁਣ ਪਿਤਾ ਦਾ ਮੰਜ਼ਾ ਇਕੱਲਾ ਪਿਆ ਹੈ
ਅਣਵਿਛਿਆ ਤਾਜ਼ ਸੱਜਿਆ ਉਡੀਕ ਰਿਹਾ ਹੈ ਕਿਸੇ ਨੂੰ
ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?
ਜਿਸ ''ਤੇ ਬਾਪੂ ਨੇ
ਧਰਤ ਤਰੀ-ਸੁਬ੍ਹਾ ਸ਼ਾਮ
ਮਾਂ ਦਾ ਚਰਖਾ,
ਸਿਲਾਈ ਮਸ਼ੀਨ, ਆਟੇ ਵਾਲਾ ਢੋਲ
ਜਿਸ ''ਤੇ ਮਾਂ ਦੇ ਪੋਟਿਆਂ ਦੀ ਛੋਹ ਹੈ
ਤੇ ਲੋਰੀਆਂ ਦੇ ਨਿਸ਼ਾਨ ਹਨ ਬਿਟ-ਬਿਟ ਦੇਖ ਰਹੇ ਹਨ
ਬੇਰੀ ਨੂੰ ਬੇਰ ਲੱਗਦੇ ਨੇ
ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ
ਪੌਦੇ ਅਜੇ ਵੀ ਫੁੱਲ ਦਿੰਦੇ ਨੇ
ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ
ਖਬਰੇ ਕਿਹੜੇ ਦੇਸ਼ ਚਲੀ ਗਈ
ਰੀਝਾਂ ਵਰਗੀ, ਮੱਕੀ ਦੇ ਟੁੱਕ ਵਰਗੀ ਲੱਜ਼ਤ
ਜੰਦਰੇ ਲੱਗੇ ਬੂਹਿਆਂ ''ਤੇ
ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ
ਕੌਣ ਵੰਡਦਾ ਹੈ ਲੱਡੂ ਵਿਆਹ ਦੇ
ਕੌਣ ਲੈਂਦਾ ਹੈ ਅੜ੍ਹ 2 ਲੋਹੜੀਆਂ
ਭਿਖਾਰੀ ਵੀ ਨਹੀਂ ਰੁੱਕਦੇ,
ਬੰਦ ਦਰਾਂ ਬੂਹਿਆਂ ''ਤੇ
ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ ''ਤੇ
ਨਾ ਹੀ ਤੋਤੇ ਆਏ ਬੇਰ ਟੁੱਕਣ
ਘਰ ਇਕੱਲਾ ਵੀ ਕੀ-ਕੀ ਕਰੇ
ਕਿਸਨੂੰ-ਕਿਸਨੂੰ ਜਾਣੋ ਰੋਕੇ
ਕਿਸਦੀ-ਕਿਸਦੀ ਬਾਂਹ ਘੁੱਟ ਫ਼ੜੇ
ਇਹ ਸਾਲ ਲੱਗੇ ਸਦੀਆਂ ਨੂੰ ਬੜੇ
ਹਰ ਪਿੰਡ ਦਰ੍ਹਾਂ ''ਤੇ ਖੜ੍ਹੇ
ਕੋਰੇ ਸਫ਼ੇ ਕਿਹੜਾ ਕੋਈ ਪੜ੍ਹ
- ਡਾ. ਅਮਰਜੀਤ ਟਾਂਡਾ