ਕਵਿਤਾ ਖਿੜਕੀ : ‘ਮਾਂ ਦੇ ਤੁਰ ਜਾਣ ਪਿੱਛੋ’

Wednesday, Sep 30, 2020 - 11:01 AM (IST)

ਕਵਿਤਾ ਖਿੜਕੀ : ‘ਮਾਂ ਦੇ ਤੁਰ ਜਾਣ ਪਿੱਛੋ’

ਮਾਂ ਦੇ ਤੁਰ ਜਾਣ ਪਿੱਛੋ

ਮਾਂ ਦੇ ਤੁਰ ਜਾਣ ਪਿੱਛੋਂ
ਜਦ ਅਹਿਸਾਸਾਂ ਵਿੱਚ 
ਪੇਕਿਆਂ ਦਾ ਨਾਂ ਨਹੀਂ ਰਹਿੰਦਾ
ਫਿਰ ਦਿਲਾਂ ਦੇ ਬਨੇਰੇ ’ਤੇ ਵੀ
ਉਡੀਕਾਂ ਵਾਲਾ ਕਾਂ ਨਹੀਂ ਬਹਿੰਦਾ।

ਨਾਲੇ ਇੱਕ ਵਾਰ ਜਦੋਂ
ਘਰ ਦੀ ਦਹਿਲੀਜ਼ ਟੱਪ ਜਾਈਦੈ
ਤਾਂ ‌ਰੋਜ ਰੋਜ ਕਿੱਥੇ ਪਰਤ ਹੁੰਦੈ
ਜੜਾਂ ਨੂੰ ਬਸ ਆਨੀ ਬਹਾਨੀ ਹੀ
ਮਿਲਣ ਦਾ ਮੌਕਾ ਨਸੀਬ ਹੁੰਦਾ ਹੈ
ਉਨ੍ਹਾਂ ਖੁੰਢਾਂ ਨੂੰ ...
ਜਿਨ੍ਹਾਂ ਦੇ ਅਸੀਂ ਬਿਰਖ ਹਾਂ।

ਜਦੋਂ ਜਰਨੈਲੀ ਸੜਕ ਤੋਂ
ਪਿੰਡ ਕੋਲੋਂ ਦੀ ਲੰਘੀਦੈ
ਤਾਂ ਦਿਲ ਤਾਂ ਕਰਦਾ ਹੈ 
ਕਿ ਦੋ ਗੱਲਾਂ ਕਰ ਹੀ ਆਈਏ
ਉਨ੍ਹਾਂ ਨਾਲ....

ਜਿਹੜੇ ਨੇ ਮਾਂ ਦੇ ਜਾਏ , ਹਮਸਾਏ
ਕੁੱਝ ਫਰੋਲੀਏ ਅਣਕਿਹਾ ਜਿਹਾ
ਕੁੱਝ ਸੁਣੀਏ ਅਣਸੁਣਿਆ ।

ਸਮੇਂ ਦੇ ਆਰਿਆਂ ਦੇ ਪਾਬੰਦ
ਕਾਲ ਦੇ ਸਖ਼ਤ ਤੈਅ ਹਥਿਆਰ 
ਜਦ ਉਨ੍ਹਾਂ ਖੁੰਢਾਂ ਨੂੰ ਪੁੱਟ ਸੁੱਟਦੇ ਹਨ 
ਜਿਨ੍ਹਾਂ ਦੇ ਅਸੀਂ ਬਿਰਖ਼ ਹਾਂ
ਤਾਂ ਬਦਲਦੇ ਸਮੇਂ ਅੰਦਰ
ਰਿਸ਼ਤਿਆਂ ’ਚੋਂ ਖੁਰ ਗਈ 
ਰਿਸ਼ਤਗੀ ਦਾ ਕਸੈਲਾ ਅਹਿਸਾਸ 
ਮਨ ਵਿੱਚ ਉਭਰ ਆਉਂਦਾ ਹੈ।

ਮਾਂ ਦੇ ਤੁਰ ਜਾਣ ਪਿੱਛੋਂ
ਜਦੋਂ ਪੇਕਿਆਂ ਦਾ ਪਿੰਡ 
ਬਹੁਤ ਦੂਰ ਲਗਣ ਲਗਦਾ ਹੈ
ਜਿਵੇਂ ਸੈਂਕੜੇ ਰੇਗੀਸਤਾਨ ਲੰਘਣਾ
ਕਿਹਦੇ ਮਨ ਵਿੱਚ ਬਚੀ ਹੈ  
ਹੁਣ ਇੰਨੀ ਤਾਕਤ....

ਮਨ ਦਾ ਰੇਗਿਸਤਾਨ ਗਾਹੁਣ ਦੀ
ਆਪਣੇ ਤਨ ਦਾ ਰੇਗਿਸਤਾਨ ਹੀ 
ਨਹੀਂ ਗਾਹਿਆ ਜਾਂਦਾ ਹੁਣ ਤਾਂ।

ਮ੍ਰਿਗਤ੍ਰਿਸ਼ਨਾ ਦੇ ਘੋੜੇ ਤੇ ਬਹਿ ਕੇ
ਜੇ ਕੋਈ ਲੰਘ ਵੀ ਆਵੇ 
ਤਾਂ ਵੱਢ ਖਾਣ ਨੂੰ ਪੈਂਦਾ ਹੈ ਵਿਹੜਾ
ਜਿੱਥੇ ਖੇਡ ਕੇ ਬਿਤਾਇਆ ਸੀ ਬਚਪਨ 
ਫਿੱਕੀ ਲੱਗਣ ਲਗਦੀ ਹੈ
ਉਨ੍ਹਾਂ ਦਰਖਤਾਂ ਦੀ ਛਾਂ
ਜਿਨ੍ਹਾਂ ਦੇ ਗਲ਼ ਲੱਗ ਹੋਏ ਸਾਂ ਜਵਾਨ
ਉਹ ਕੋਠੀ, ਮੱਟੀ, ਟਰੰਕ, ਸੰਦੂਕ
ਜਿਨ੍ਹਾਂ ’ਚ ਮਾਂ ਰੱਖਦੀ ਸੀ 
ਸਾਡੇ ਲਈ ਲੁਕੋ ਕੇ ਪੈਸੇ
ਸਭ ਕੁਝ ਨਿਗਲ ਲਿਆ ਹੈ
ਪਰਿਵਰਤਨ ਕਾਲ ਨੇ
ਉਸ ਰਾਹ, ਜਿਹੜਾ ਜੋੜਦਾ ਸੀ
ਪਿੰਡ ਨੂੰ ਦੂਜਿਆਂ ਪਿੰਡਾਂ ਨਾਲ
ਲੁੱਕ ਵਾਲੀ ਸੜਕ ਵਿੱਚ 
ਹੋ ਗਿਆ ਹੈ, ਤਬਦੀਲ
ਹੁਣ ਮੁੜਨ ਨੂੰ ਜੀ ਨਹੀਂ ਕਰਦਾ
ਬਸ ਬਾਹਰੋਂ ਲੰਘ ਜਾਈਦਾ ਹੈ
 ਜੀ. ਟੀ. ਰੋੜ ਤੋਂ ਹੀ ।
ਮਾਂ ਦੇ ਤੁਰ ਜਾਣ ਪਿੱਛੋਂ
ਉਹ ਗੱਲਾਂ....
ਜਿਹੜੀਆਂ ਮਨ ਵਿੱਚ ਹੁੰਦੀਆਂ ਸਨ ਸਾਂਝੀਆਂ
ਦਰਕਣ ਲਗਦੀਆਂ ਹਨ ਦਿਲਾਂ ਅੰਦਰ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਗੁਰਮਾਨ ਸੈਣੀ
ਰਾਬਤਾ : 9256346906

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ

PunjabKesari


author

rajwinder kaur

Content Editor

Related News