ਮਾਂ ਬੋਲੀ ਪੰਜਾਬੀ ਦੀ ਮਹੱਤਤਾ

07/24/2020 2:57:39 PM

ਸਕੂਲੀ ਜੀਵਨ ਵਿਚ ਵਿਦਿਆਰਥੀ ਦੇ ਸਿੱਖਣ ਦੀ ਪ੍ਰਕ੍ਰਿਆ ਦੌਰਾਨ ਸਾਰੇ ਵਿਸ਼ਿਆ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾ ਵਿਸ਼ਾ ਇਸ ਕਰਕੇ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ। ਉਦਾਹਰਨ ਵਜੋਂ ਚੀਨ ਵਿਚ ਚੀਨੀ ਭਾਸ਼ਾ ਦੀ ਵਰਤੋਂ ਗਿਆਨ ਦੇ ਪ੍ਰਸਾਰ ਲਈ ਕੀਤੀ ਜਾਂਦੀ ਹੈ। ਚੀਨੀਆਂ ਦਾ ਬੋਧਿਕ ਪੱਖ ਮਜ਼ਬੂਤ ਹੋਣ ਕਾਰਨ ਚੀਨ ਅੱਜ ਦੁਨੀਆਂ ਦੀ ਮਹਾਂਸ਼ਕਤੀ ਹੈ। ਸੋ ਜੇਕਰ ਪੰਜਾਬ ਦਾ ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਨਿਪੁੰਨ ਹੋਵੇਗਾ ਤਾਂ ਉਹ ਹਿਸਾਬ, ਵਿਗਿਆਨ ਤੇ ਸਮਾਜਿਕ ਵਿਗਿਆਨ ਵਰਗੇ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਦਾ ਗਿਆਨ ਸੌਖੇ ਤਰੀਕੇ ਨਾਲ ਪ੍ਰਾਪਤ ਕਰ ਸਕੇਗਾ। 

ਜੇਕਰ ਕਿਹਾ ਜਾਵੇ ਕਿ ਪੰਜਾਬ ਵਿਚ ਪੰਜਾਬੀ ਸਾਰੇ ਵਿਸ਼ਿਆਂ ਦਾ ਅਧਾਰ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਪਰ ਪਿਛਲੇ ਕੁਝ ਸਮੇਂ ਤੋਂ ਕਿਤੇ ਨਾ ਕਿਤੇ ਦੂਜੇ ਵਿਸ਼ਿਆਂ ਵਿਚ ਪੰਜਾਬੀ ਵਿਸ਼ਾ ਕਿਤੇ ਲੁਕ ਜਿਹਾ ਗਿਆ ਸੀ। ਵਿਦਿਆਰਥੀਆਂ ਵਿਚ ਇਸ ਵਿਸ਼ੇ ਪ੍ਰਤੀ ਨੀਰਸਤਾ ਜਿਹੀ ਆ ਗਈ ਸੀ। ਕਿਸੇ ਵੀ ਸਮੱਸਿਆ ਦਾ ਇੱਕ ਕਾਰਨ ਕਦੇ ਨਹੀਂ ਹੁੰਦਾ ਸਗੋਂ ਸਮੇਂ-ਸਮੇਂ 'ਤੇ ਕਾਰਨ ਆਪਸ ਵਿਚ ਜੁੜਦੇ ਜਾਂਦੇ ਹਨ ਤੇ ਹੌਲੀ-ਹੌਲੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ। ਇਉਂ ਹੀ ਪੰਜਾਬੀ ਵਿਸ਼ੇ ਪ੍ਰਤੀ ਬੱਚਿਆਂ ਦੀ ਰੁਚੀ ਘਟਣ ਪਿੱਛੇ ਕਾਰਨ ਪਾਠਕ੍ਰਮ ਵਿਚ ਰੌਚਕਤਾ ਦੀ ਗੈਰ-ਮੌਜ਼ੂਦਗੀ, ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਦੀ ਘਾਟ, ਬਿਨ੍ਹਾਂ ਫੇਰ ਬਦਲ ਕੀਤਿਆਂ ਲਗਾਤਾਰ ਇਕੋ ਪਾਠਕ੍ਰਮ ਦਾ ਚਲਣ ਜਾਂ ਵਿਸ਼ਾ ਅਧਿਆਪਕ ਦੀ ਮੁਲਾਂਕਣ ਦੌਰਾਨ ਵਿਦਿਆਰਥੀ ਨੂੰ ਸਹੀ ਉੱਤਰ ਲਿਖਣ 'ਤੇ ਵੀ ਪੂਰੇ ਅੰਕ ਨਾ ਦੇਣ ਦੀ ਭਾਵਨਾ ਵੀ ਹੋ ਸਕਦੀ ਹੈ। ਮਾਂ ਬੋਲੀ ਪ੍ਰਤੀ ਵਿਦਿਆਰਥੀਆਂ ਦੀ ਨੀਰਸਤਾ ਬਹੁਤ ਘਾਤਕ ਸਾਬਿਤ ਹੋ ਸਕਦੀ ਹੈ। ਕਹਾਵਤ ਹੈ ਜੇਕਰ ਕਿਸੇ ਬੱਚੇ ਦੀ ਸਿੱਖਣ ਪ੍ਰੀਕ੍ਰਿਆ ਨੂੰ ਔਖਾ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਹੈ ਉਸ ਦੀ ਮਾਂ ਬੋਲੀ ਖੋਹ ਲਵੋ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਰਾਈਟ-ਟੂ-ਐਜੂਕੇਸ਼ਨ ਐਕਟ ਲਾਗੂ ਕਰਨ ਦਾ ਮੁੱਖ ਮਕਸਦ ਹਰ ਬੱਚੇ ਨੂੰ ਲਾਜ਼ਮੀ ਤੇ ਮੁਫ਼ਤ ਸਿੱਖਿਆ ਦੇਣਾ ਸੀ ਪਰ ਬੱਚਿਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਨੇ ਵਿਦਿਆਰਥੀਆਂ ਤੇ ਅਨਪੜ੍ਹ ਮਾਪਿਆਂ ਵਿਚ ਨਵੀਂ ਧਾਰਨਾ ਨੂੰ ਜਨਮ ਦੇ ਦਿੱਤਾ ਕਿ ਬੱਚਾ ਸਕੂਲ ਜਾਵੇ ਭਾਂਵੇ ਨਾ ਜਾਵੇ ਫੇਲ੍ਹ ਨਹੀਂ ਕੀਤਾ ਜਾ ਸਕਦਾ। ਜਿਸ ਨਾਲ ਕਈ ਬੱਚੇ ਬਿਨ੍ਹਾਂ ਸਕੂਲ ਪਹੁੰਚੇ ਹੀ ਕਈ ਜ਼ਮਾਤਾਂ ਪਾਰ ਕਰ ਗਏ। ਇਹ ਬੱਚੇ ਕਹਿਣ ਨੂੰ ਕਾਗਜ਼ਾਂ ਵਿਚ ਤਾਂ ਪੜ੍ਹੇ ਹੋਏ ਸਨ ਪਰ ਇਹਨਾਂ ਦਾ ਬੋਧਿਕ ਪੱਧਰ ਬਹੁਤ ਨੀਵਾਂ ਸੀ। ਇੱਥੋ ਤੱਕ ਕਿ ਇਹ ਬੱਚੇ ਮਾਂ ਬੋਲੀ ਪੰਜਾਬੀ ਜੋ ਕਿ ਪੰਜਾਬ ਵਿਚ ਜ਼ੰਮੇ ਬੱਚੇ ਦੀ ਮਾਤ ਭਾਸ਼ਾ ਹੈ, ਵਿਚੋਂ ਵੀ ਫੇਲ੍ਹ ਹੋਣੇ ਸ਼ੁਰੂ ਹੋ ਗਏ। ਸੋ ਇੱਥੇ ਲੋੜ ਸੀ ਅਜਿਹੇ ਬੱਚਿਆਂ ਦੀ ਛਾਂਟੀ ਕਰ ਉਹਨਾਂ ਦੇ ਵਿਸ਼ੇ ਦੇ ਨੀਵੇਂ ਪੱਧਰ ਨੂੰ ਉੱਚਾ ਚੁੱਕਣ ਦੀ। ਪਰ ਇਹ ਕੰਮ ਆਸਾਨ ਨਹੀਂ ਸੀ ਕਿਉਂਕਿ ਅੱਪਰ-ਪ੍ਰਾਇਮਰੀ ਜ਼ਮਾਤਾਂ ਵਿਚ ਵਿਦਿਆਰਥੀ ਤੋਂ ਉਮੀਦ ਇਹ ਕੀਤੀ ਜਾਂਦੀ ਹੈ ਕਿ ਉਹ ਸੁਨਣ, ਬੋਲਣ, ਪੜ੍ਹਨ ਤੇ ਲਿਖਣ ਦੇ ਸਮਰੱਥ ਹੋਵੇ। ਇਨ੍ਹਾਂ ਚਾਰ ਨੁਕਤਿਆਂ ਵਿਚੋਂ ਕੋਈ ਇੱਕ ਨੁਕਤਾ ਵੀ ਕਮਜ਼ੋਰ ਹੋਣ ਦੀ ਹਾਲਤ ਵਿਚ ਵਿਦਿਆਰਥੀ ਪਾਠਕ੍ਰਮ ਨਾਲ ਨਿਆਂ ਨਹੀਂ ਕਰ ਸਕਦਾ ਤੇ ਹੀਣਭਾਵਨਾ ਦਾ ਸ਼ਿਕਾਰ ਹੋ ਜਾਂ ਤਾਂ ਪੜ੍ਹਾਈ ਛੱਡ ਦਿੰਦਾ ਹੈ ਜਾਂ ਨਕਲ ਵਰਗੇ ਕੋਹੜ ਦਾ ਸਹਾਰਾ ਲੈ ਕਾਗਜ਼ਾ ਵਿਚ ਜ਼ਮਾਤਾਂ ਪਾਸ ਕਰਨ ਦੀ ਕੋਸ਼ਿਸ਼ ਕਰਦਾ ਹੈ।

ਅਜਿਹੇ ਵਿਚ ਪਹਿਲਾਂ ਜਿੱਥੇ ਅੰਗਰੇਜ਼ੀ, ਹਿਸਾਬ ਤੇ ਵਿਗਿਆਨ ਵਿਸ਼ੇ ਦੇ ਸੈਮੀਨਾਰ ਲਗਾ ਕੇ ਅਧਿਆਪਕਾਂ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਖੇਡ ਵਿਧੀ ਰਾਹੀਂ ਪੜ੍ਹਾਈ ਤੋਂ ਟੁੱਟ ਚੁੱਕੇ ਬੱਚਿਆਂ ਨੂੰ ਵਿਸ਼ੇ ਨਾਲ ਜੋੜਿਆ ਜਾ ਸਕੇ, ਉੱਥੇ ਪਿਛਲੇ ਸਾਲ ਦੌਰਾਨ ਤਹਿਤ ਪੰਜਾਬੀ, ਸਮਾਜਿਕ ਵਿਗਿਆਨ ਤੇ ਹਿੰਦੀ ਵਿਸ਼ੇ ਨੂੰ ਰੌਚਕ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ। ਜਿੱਥੋ ਤੱਕ ਪੰਜਾਬੀ ਵਿਸ਼ੇ ਦੀ ਗੱਲ ਹੈ ਇਸ ਵਿਚ ਇਕ ਵੱਡੀ ਤਬਦੀਲੀ ਦੀ ਲੋੜ ਸੀ। ਪਹਿਲਾਂ ਪੰਜਾਬੀ ਵਿਸ਼ਾ ਰੱਟਾ ਮਾਰ ਕੇ ਲੰਮੇ ਲੇਖ, ਬਿਨੈ-ਪੱਤਰ ਤੇ ਵੱਡੇ ਪ੍ਰਸ਼ਨ ਯਾਦ ਕਰਨ ਜਾਂ ਲਿਖਣ ਤੱਕ ਸੀਮਿਤ ਸੀ। ਪਰ ਹੁਣ ਇਸ ਵਿਸ਼ੇ ਪ੍ਰਤੀ ਬੱਚਿਆਂ ਵਿਚ ਨੀਰਸਤਾ ਖਤਮ ਕਰ ਰੋਚਕਤਾ ਕਾਇਮ ਕਰਨ ਦੀ ਨਿਵੇਕਲੀ ਕੋਸ਼ਿਸ਼ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਸਿੱਖਿਆ ਮਹਿਕਮੇ ਦੀ ਪਹਿਲਕਦਮੀ ’ਤੇ ਪੰਜਾਬੀ ਵਿਸ਼ੇ ਨੂੰ ਉੱਪਰ ਚੁੱਕਣ ਲਈ ਮਾਹਿਰ ਅਧਿਆਪਕਾਂ ਦੀ ਟੀਮ ਵਲੋਂ ਖਾਸ ਟੂਲ ਤਿਆਰ ਕੀਤੇ ਗਏ ਜਿੰਨਾਂ ਦਾ ਮਕਸਦ ਅਧਿਆਪਕਾਂ ਨੁੰ ਵਿਸ਼ੇਸ਼ ਤਕਨੀਕਾਂ ਦੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੇ ਪੱਧਰ ਨੂੰ ਉੱਪਰ ਚੁੱਕਣ ਵਿਚ ਮਦਦ ਕਰਨਾ ਸੀ। ਪਹਿਲੀ ਵਾਰ ਮਹਿਕਮੇ ਵਲੋਂ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੇ ਸੈਮੀਨਾਰ ਲਗਾਏ ਗਏ ਤੇ ਉਨ੍ਹਾਂ ਨੂੰ ਨਵੇਂ ਤਰੀਕਿਆਂ ਨਾਲ ਵਿਸ਼ਾ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਖਾਸ ਤੌਰ ’ਤੇ ਰੰਗਮੰਚ ਨਾਲ ਜੁੜੇ ਅਧਿਆਪਕ ਰੰਗ ਹਰਜਿੰਦਰ ਅਤੇ ਸਾਹਿਤ ਨਾਲ ਜੁੜੇ ਮਨਜੀਤ ਪੁਰੀ ਵਰਗੇ ਅਧਿਆਪਕਾਂ ਨੂੰ ਟੂਲ ਬਣਾਉਣ ਲਈ ਟੀਮ ’ਚ ਪਾਉਣਾ ਇਕ ਚੰਗੀ ਪਹਿਲਕਦਮੀ ਸੀ। ਕਿਉਂਕਿ ਇਹ ਅਧਿਆਪਕ ਨਾਟਕ, ਕਹਾਣੀ, ਇਕਾਂਗੀ ਅਤੇ ਕਵਿਤਾ ਨਾਲ ਵਿਹਾਰਕ ਤੌਰ ’ਤੇ ਜੁੜੇ ਹੋਣ ਕਾਰਨ ਇਨ੍ਹਾਂ ਵਿਧੀਆਂ ਦੀ ਬਾਰੀਕੀ ਤੋਂ ਭਲੀ-ਭਾਂਤ ਜਾਣੂ ਹਨ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਜਿਸ ਤਰ੍ਹਾਂ ਇੱਕ ਡਾਕਟਰ ਦਵਾਈ ਦੇਣ ਤੋਂ ਪਹਿਲਾਂ ਰੋਗੀ ਦੀ ਬੀਮਾਰੀ ਬਾਰੇ ਪਤਾ ਕਰਦਾ ਹੈ ਤੇ ਫਿਰ ਦਵਾਈ ਦਿੰਦਾ ਹੈ। ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਵਿਚ ਬੱਚਿਆਂ ਦਾ ਸੁਨਣ, ਪੜ੍ਹਨ, ਬੋਲਣ ਅਤੇ ਲਿਖਣ ਦਾ ਪੱਧਰ ਜਾਨਣ ਲਈ ਵਿਆਕਰਨ ਦੀ ਸਭ ਤੋਂ ਛੋਟੀ ਇਕਾਈ ਅੱਖਰ ਤੋਂ ਸ਼ੁਰੂਆਤ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਬਦ, ਵਾਕ, ਪੈਰ੍ਹਾ ਅਤੇ ਕਹਾਣੀ ਪੜ੍ਹ ਕੇ ਸਮਝਣਾ, ਲਿਖਣਾ ਆਦਿ ਵੱਖ-ਵੱਖ ਪੱਧਰਾਂ ’ਤੇ ਵਿਦਿਆਰਥੀਆਂ ਦੀ ਜਾਂਚ ਕਰ ਖੇਡ ਵਿਧੀ ਵਰਗੀਆਂ ਤਕਨੀਕਾਂ ਵਰਤ ਕੇ ਉਨ੍ਹਾਂ ਦੀ ਵਿਸ਼ੇ ਵਿਚ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਪਰ ਪ੍ਰਾਇਮਰੀ ਜ਼ਮਾਤਾਂ ਵਿਚ ਪੜ੍ਹਦੇ ਪਰ ਪੜ੍ਹਾਈ ਵਿਚ ਨੀਂਵੇ ਪੱਧਰ ’ਤੇ ਚੱਲ ਰਹੇ ਬੱਚਿਆਂ ਦੀ ਸੁਰੂਆਤੀ ਦੌਰ ਦੀ ਪੜ੍ਹਾਈ ਸ਼ੁਰੂ ਕੀਤੀ ਗਈ। ਇਸ ਟੀਚੇ ਤਹਿਤ ਪਾਠਕ੍ਰਮ ਨੂੰ ਆਸਾਨ ਕੀਤਾ ਗਿਆ, ਵੱਡੇ ਪ੍ਰਸ਼ਨ-ਉੱਤਰਾਂ ਦੀ ਥਾਂ ਚੋਣ ਵਾਲੇ ਪ੍ਰਸ਼ਨ-ਉੱਤਰ ਪਾਠਕ੍ਰਮ ਦਾ ਹਿੱਸਾ ਬਣੇ, ਪਾਠਕ੍ਰਮ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਚੋਣਵੇ ਸ਼ਬਦਾਂ ਦੇ ਅਭਿਆਸ ਰਾਹੀਂ, ਸ਼ਬਦਾਂ ਤੋਂ ਨਵੇਂ ਸ਼ਬਦ ਬਣਵਾ ਕੇ ਉਨ੍ਹਾਂ ਦੇ ਸ਼ਬਦ ਭੰਡਾਰ ਵਿਚ ਵਾਧਾ ਕੀਤਾ ਗਿਆ, ਰੱਟਾ ਮਾਰਨ ਦੀ ਜਗ੍ਹਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਨਾਲ ਸੰਬੰਧਤ ਗੱਲ਼ਾਂ ’ਤੇ ਅਧਾਰਿਤ ਲੇਖ, ਕਹਾਣੀਆਂ ਅਤੇ ਅਰਜ਼ੀਆਂ ਲਿਖਣ ਲਈ ਉਤਸ਼ਾਹਿਤ ਕੀਤਾ ਗਿਆ।

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

ਵਿਦਿਆਰਥੀਆਂ ਦਾ ਸਲਾਨਾ ਮੁਲਾਂਕਣ ਕਰਨ ਸਮੇਂ ਸਿੱਖਿਆ ਵਿਭਾਗ ਵਲੋਂ ਖਾਸ ਤੌਰ 'ਤੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜੇਕਰ ਵਿਦਿਆਰਥੀ ਪ੍ਰਸ਼ਨ ਦਾ ਢੁੱਕਵਾ ਅਤੇ ਸਹੀ ਉੱਤਰ ਦਿੰਦਾ ਹੈ ਤਾਂ ਉਸ ਨੂੰ ਪੂਰੇ ਅੰਕ ਦਿੱਤੇ ਜਾਣ। ਇਸ ਨਾਲ ਵਿਦਿਆਰਥੀ ਉਤਸ਼ਾਹਿਤ ਤਾਂ ਹੁੰਦੇ ਹੀ ਹਨ ਸਗੋਂ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਵੀ ਵੱਧਦੀ ਹੈ। ਸੋ ਉਪਰੋਕਤ ਕਾਰਵਾਈਆਂ ਨੇ ਨੀਰਸਤਾ ਵੱਲ ਵਧ ਰਹੇ ਵਿਸ਼ੇ ਪ੍ਰਤੀ ਵਿਦਿਆਰਥੀਆਂ ਵਿਚ ਰੌਚਕਤਾ ਪੈਦਾ ਕਰ ਦਿੱਤੀ। ਅਧਿਆਪਕਾਂ ਦੀ ਇਸੇ ਮਿਹਨਤ ਸਦਕਾ ਇਸ ਵਾਰ ਪੰਜਾਬੀ ਵਿਸ਼ੇ ਦੇ ਨਾਲ਼-ਨਾਲ਼ ਦੂਜੇ ਵਿਸ਼ਿਆਂ ਦੇ ਹੈਰੀਨਜਨਕ ਨਤੀਜੇ ਵੇਖਣ ਨੂੰ ਮਿਲੇ। ਕਹਿਣਾ ਪਵੇਗਾ ਕਿ ਮਾਂ ਬੋਲੀ ਵਿਸ਼ਾ ਪੰਜਾਬੀ ਲਈ ਮਹਿਕਮੇ ਦਾ ਸੁਹਿਰਦ ਹੋਣਾ ਅਜਿਹਾ ਦਰਪਣ ਹੋ ਨਿਬੜਿਆ ਜਿਸ ਰਾਹੀਂ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦਾ ਸਹੀ ਮੁਹਾਂਦਰਾ ਦੇਖ ਕੇ ਉਨ੍ਹਾਂ ਦੇ ਕੋਹਜ ਨੂੰ ਸੋਹਜ ਵਿੱਚ ਬਦਲਿਆ ਤੇ ਕਈਆਂ ਦੇ ਯਤਨ ਅਜੇ ਵੀ ਲਗਾਤਾਰ ਜਾਰੀ ਹਨ। ਹੁਣ ਕੋਰੋਨਾ ਦੇ ਦੌਰ ਵਿਚ ਵੀ ਜਦੋਂ ਸਕੂਲ ਦੀਆਂ ਇਮਾਰਤਾਂ ਤੇ ਤਾਲੇ ਲੱਗੇ ਹਨ, ਦੂਜੇ ਵਿਸ਼ਿਆਂ ਦੇ ਨਾਲ਼-ਨਾਲ਼ ਪੰਜਾਬੀ ਅਧਿਆਪਕ ਵੀ ਲਗਾਤਾਰ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਹੋਰ ਸੁਧਾਰ ਲਈ ਜੇਕਰ ਪਾਠਕ੍ਰਮ ਵਿਚ ਆਲੇ ਦੁਆਲੇ ਵਿਚ ਵਾਪਰ ਰਹੇ ਵਰਤਾਰੇ ਨੂੰ ਆਧਾਰ ਬਣਾਇਆ ਜਾਵੇ ਤਾਂ ਬੱਚਿਆਂ ਦੀ ਸਿੱਖਣ ਪ੍ਰਕ੍ਰਿਆ ਤੇਜ਼ ਹੋਵੇਗੀ, ਵਿਸ਼ੇ ਪ੍ਰਤੀ ਰੁਚੀ ਵਧੇਗੀ। ਇਸ ਦੇ ਨਾਲ ਪਾਠਕ੍ਰਮ ਨੂੰ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜ਼ਰੂਰੀ ਹੈ। ਸਭ ਤੋਂ ਵੱਧ ਜ਼ਰੂਰੀ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਵੱਲ ਧਿਆਨ ਦੇਣਾ ਹੈ। ਸਿੱਖਿਆ ਵਿਭਾਗ ਵਲੋਂ ਸੁੰਦਰ ਲਿਖਾਈ ਦੀ ਪ੍ਰਤੀਯੋਗਤਾ ਕਰਾਉਣਾ ਅਤੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ ਆਦਿ ਨੂੰ ਉਤਸ਼ਾਹਿਤ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਅੰਤ ਵਿਚ ਇਹੀ ਕਹਿਣਾ ਠੀਕ ਜਾਪਦਾ ਹੈ ਕਿ ਪੰਜਾਬੀ ਅਧਿਆਪਕ ਦੀ ਜ਼ਿੰਮੇਵਾਰੀ ਸਭ ਤੋਂ ਅਹਿਮ ਹੈ, ਕਿਉਂਕਿ ਮਾਤ ਭਾਸ਼ਾ ਵਿਚ ਨਿਪੁੰਨ ਵਿਦਿਆਰਥੀ ਦਾ ਹੀ ਸਹੀ ਬੌਧਿਕ ਵਿਕਾਸ ਹੋ ਸਕਦਾ ਹੈ ਤੇ ਉਹ ਸਮਾਜ ਵਿਚ ਵਿਚਰਨ ਦੇ ਸਮਰੱਥ ਹੋ ਕੇ ਸਮੇਂ ਦਾ ਹਾਣੀ ਬਨਣ ਦੇ ਯੋਗ ਹੁੰਦਾ ਹੈ।

PunjabKesari

ਗੁਰਪ੍ਰੀਤ ਸਿੰਘ ਰੂਪਰਾ
ਪੰਜਾਬੀ ਅਧਿਆਪਕ
ਸਮਿਸ ਪੱਖੀ ਖੁਰਦ
9855800683
roopra.gurpreet @gmail.com

 


rajwinder kaur

Content Editor

Related News