ਆਲਮੀ ਮਾਂ ਦਿਹਾੜੇ ’ਤੇ ਵਿਸ਼ੇਸ਼ : ‘‘ਮਾਂ’ ਦੀ ਮਮਤਾ ਤੇ ਉਸ ਦੇ ਪਿਆਰ ਦਾ ਮੁੱਲ ਕਦੇ ਨਹੀਂ ਪਾਇਆ ਜਾ ਸਕਦਾ’
Sunday, May 09, 2021 - 03:58 PM (IST)
‘ਮਾਂ’ ਇਕ ਅਜਿਹਾ ਸ਼ਬਦ ਹੈ, ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ‘ਮਾਂ’ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ, ਭਾਵ ਬਹੁਤ ਗਹਿਰੇ ਹਨ, ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ। ਮਾਂ ਸਾਡੇ ਜੀਵਨ ਵਿੱਚ ਇਕ ਅਹਿਮ ਰੋਲ ਅਦਾ ਕਰਦੀ ਹੈ। ‘ਮਾਂ’ ਸਾਡੀ ਹਰ ਖੁਸ਼ੀ, ਹਰ ਮੁਸ਼ਕਲ ਵਿੱਚ ਸਾਡਾ ਸਾਥ ਦਿੰਦੀ ਹੈ। ਸਾਡੀ ਕਾਮਯਾਬੀ ਵਿੱਚ ਵੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਨੇ ਲਿਖਿਆ ਹੈ ...
ਮਾਤਾ ਕੇ ਉਦਰ ਮਹਿ ਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ।।
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ।।
ਮਾਂ ਇਕ ਅਜਿਹਾ ਅਹਿਸਾਸ ਅਤੇ ਪਿਆਰ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ‘ਮਾਂ’ ਦੀ ਮਮਤਾ ਅਤੇ ਉਸ ਦੇ ਪਿਆਰ ਦਾ ਮੁੱਲ ਕਦੇ ਨਹੀਂ ਪਾਇਆ ਜਾ ਸਕਦਾ। ਹਰੇਕ ਮਾਂ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਇਕ ਚੰਗਾ ਇਨਸਾਨ ਬਣੇ। ਮਿਹਨਤ ਕਰਕੇ ਚੰਗੀ ਕਮਾਈ ਕਰੇ। ਅਜੌਕੇ ਸਮੇਂ ’ਚ ਮਾਂ ਦੀ ਕਦਰ ਕੋਈ-ਕੋਈ ਕਰਦਾ ਹੈ। ਸਮਾਂ ਕੋਈ ਵੀ ਹੋਵੇ ਮਾੜਾ ਜਾਂ ਚੰਗਾ, ‘ਮਾਂ’ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਖੜ੍ਹੀ ਰਹਿੰਦੀ ਹੈ। ਉਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਨੂੰ ਕਦੇ ਵੀ ਤੱਤੀ ਵਾਹ ਲੱਗੇ।
ਅੱਜ ‘ਮਾਂ’ ਦਿਵਸ ’ਤੇ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ‘ਮਾਂ’ ਨੇ ਸਾਨੂੰ ਬਚਪਨ ਵਿੱਚ ਪਾਲਿਆ ਹੈ, ਉਸੇ ਤਰ੍ਹਾਂ ਅਸੀਂ ਵੀ ਮਾਂ ਦੀ ਸੇਵਾ ਸੰਭਾਲ ਕਰਕੇ ਬੁਢਾਪੇ ਵਿੱਚ ਆਪਣਾ ਫਰਜ਼ ਪੂਰਾ ਕਰੀਏ।
ਬਲਪ੍ਰੀਤ ਸਿੰਘ