ਕਵਿਤਾ ਖਿੜਕੀ : ਮਰਦ ਰੋਂਦੇ ਨਹੀਂ...!
Saturday, Apr 13, 2024 - 03:04 PM (IST)
*ਮਰਦ ਰੋਂਦੇ ਨਹੀਂ...! *
ਮਰਦ ਰੋਂਦੇ ਨਈਂ... !
ਜਾਂ ਇੰਝ ਕਹੋ ਬਹੁਤਾ ਕਰ ਰੋਂਦੇ ਦਿਸਦੇ ਨਈਂ...!
ਮਰਦ ਉਦੋਂ ਰੋਂਦੇ ਨੇ...
ਜਦ ਉਨ੍ਹਾਂ ਦੀ ਮਾਂ ਮੁੱਕ ਜਾਏ
ਤੇ ਉਦੋਂ ਵੀ ਜਦ ਉਨ੍ਹਾਂ ਦੇ ਸਿਰ ਤੋਂ
ਪਿਓ ਦਾ ਸਾਇਆ ਲੱਥ ਜਾਏ।
ਉਂਝ ਮਰਦ ਰੋਂਦੇ ਨਈਂ...
ਮਰਦ ਉਦੋਂ ਰੋਂਦੇ ਨੇ
ਜਦ ਉਨ੍ਹਾਂ ਦਾ ਜੀਵਨ ਸਾਥੀ ਅਚਾਨਕ ਉਨ੍ਹਾਂ ਪਾਸੋਂ ਖੁਸ ਜਾਏ
ਤੇ ਮਰਦ ਉਦੋਂ ਵੀ ਰੋਂਦੇ ਨੇ
ਜਦ ਉਨ੍ਹਾਂ ਦੀ ਲਾਡਲੀ ਧੀ...
ਡੋਲੀ 'ਚ ਬੈਠ ਆਪਣੇ ਸਹੁਰੇ ਘਰ ਟੁਰ ਜਾਏ
ਤੇ ਪਿੱਛੇ ਛੱਡ ਜਾਏ ਆਪਣੀਆਂ ਗੁੱਡੀਆਂ ਤੇ ਪਟੋਲੇ।
ਉਂਝ ਮਰਦ ਰੋਂਦੇ ਨਹੀਂ ...
ਮਰਦ ਉਦੋਂ ਰੋਂਦੇ ਨੇ...
ਜਦ ਉਹ ਆਪਣੇ ਹੀ
ਦੁੱਧ ਮਲਾਈਆਂ ਨਾਲ ਪਾਲੇ ਪੁੱਤਰ ਅੱਗੇ
ਆਪਣੇ ਈ ਦਿਲ ਦੀ ਗੱਲ ਕਹਿਣੋ
ਅਸਮਰਥਤਾ ਅਨੁਭਵ ਕਰਨ ਲੱਗਣ...
ਉਂਝ ਮਰਦ ਰੋਂਦੇ ਨਹੀਂ...
ਜਾਂ ਇੰਝ ਕਹੋ ਬਹੁਤਾ ਕਰ
ਉਹ ਰੋਂਦੇ ਦਿਸਦੇ ਨਈਂ..!
ਰੋਂਦੇ ਦਿਸਦੇ ਨਈਂ...
-
-ਖ਼ੂਬਸੂਰਤੀ -
ਖ਼ੂਬਸੂਰਤੀ ਕੇਵਲ ਚਿੱਟੇ ਰੰਗਾਂ, ਗੁਲਾਬੀ ਬੁੱਲ੍ਹਾਂ,
ਤਿੱਖੇ ਨੈਣ ਨਕਸ਼ਾਂ, ਸੁਰਾਹੀਦਾਰ ਗਰਦਨ ਤੇ
ਪਤਲੀ ਕਮਰ 'ਚ ਈ ਨਹੀਂ ਹੁੰਦੀ...!
ਦਰਅਸਲ ਖ਼ੁਬਸੂਰਤੀ ਦੇ ਅਰਥ ਬੜੇ ਈ ਵਿਸ਼ਾਲ ਨੇ!
ਆਸਮਾਨ ਵੱਲ ਝਾਤੀ ਮਾਰੀਏ ਤਾਂ ਉਹ
ਬੇਹੱਦ ਖ਼ੂਬਸੂਰਤ ਤੇ ਬੇ-ਐਬ ਨਜ਼ਰ ਆਉਂਦੈ।
ਤਾਰਿਆਂ ਦਾ ਟਿਮਟਿਮਾਉਣਾ ਤੇ ਬੱਦਲਾਂ ਵਿਚ ਚੰਦ ਦਾ ਲੁੱਕਾ-ਛਿੱਪੀ ਖੇਡਣ ਦਾ ਨਜ਼ਾਰਾ ਵੀ
ਸਹੁਪਣ ਦਾ ਅਦਭੁੱਤ ਨਜ਼ਾਰਾ ਪੇਸ਼ ਕਰਦੈ।
ਸਵੇਰ ਨੂੰ ਚਿੜੀਆਂ ਦਾ ਆਪਣੇ ਹੀ ਅੰਦਾਜ਼ 'ਚ
ਚਹਿ-ਚਹਾ ਰੱਬ ਦੀ ਉਸਤਤ ਕਰਨਾ
ਅਤਿ ਦਿਲਕਸ਼ ਨਜ਼ਾਰਾ ਸਿਰਜਦੈ ।
ਸਮੁੰਦਰ 'ਚ ਮੱਛੀਆਂ ਦਾ ਲਹਿਰਾਂ ਉੱਤੇ
ਚਾਂਈਂ-ਚਾਂਈਂ ਟੱਪੂਸੀਆਂ ਮਾਰਨਾ ਵੀ ਬੇਹੱਦ ਖ਼ੂਬਸੂਰਤ ਹੁੰਦੈ।
ਪਹਾੜਾਂ 'ਚੋਂ ਪਾਣੀ ਦੇ ਝਰਨਿਆਂ ਦਾ ਡਿੱਗਣਾ
ਜਿਵੇਂ ਮੱਲੋ-ਜ਼ੋਰੀ ਆਪਣੇ ਵੱਲ ਖਿੱਚਦੈ।
ਧਰਤੀ ਤੋਂ ਝਰਨਿਆਂ ਦਾ ਨਿਰੰਤਰ ਵਹਿਣਾ
ਅੱਖਾਂ ਨੂੰ ਬੇਹੱਦ ਭਲਾ ਪ੍ਰਤੀਤ ਹੁੰਦੈ।
ਜੰਗਲ 'ਚ ਮੋਰਾਂ ਦਾ ਪੈਲਾ ਪਾਉਣਾ ਵੀ ਅਤਿ ਦਿਲਕਸ਼ ਹੁੰਦੈ।
ਬਾਗਾਂ 'ਚ ਫੁੱਲਾਂ ਦਾ ਖਿੜ-ਖਿੜ ਹੱਸਦਿਆਂ
ਸੁਗੰਧੀਆਂ ਬਿਖੇਰਨਾ ਵੀ ਖ਼ੂਬਸੂਰਤ ਜਾਪਦੈ।
ਚੜ੍ਹਦੇ ਲਹਿੰਦੇ ਸੂਰਜ ਦੀ ਲਾਲ ਟਿੱਕੀ 'ਚ ਵੀ
ਵੇਖਣ ਆਲੇ ਲਈ ਅਦਭੁੱਤ ਹੁਸਨ ਛੁਪਿਆ ਹੰਦੈ।
ਆਸਮਾਨ 'ਤੇ ਪਈ ਸਤਰੰਗੀ ਪੀਂਘ ਵੀ
ਬੇਹੱਦ ਖ਼ੂਬਸੂਰਤ ਤੇ ਸੁੰਦਰ ਜਾਪਦੀ ਏ।
ਮਾਸੂਮ ਬੱਚਿਆਂ ਦਾ ਟੋਪੀ ਲੈ ਮਸਜਿਦ 'ਚ
ਕੁਰਆਨ ਦਾ ਪੜ੍ਹਨ ਜਾਣੇ ਦਾ ਦ੍ਰਿਸ਼ ਵੀ
ਬੇਹੱਦ ਦਿਲਕਸ਼ ਤੇ ਖ਼ੂਬਸੂਰਤ ਹੁੰਦੈ।
ਪਹੁ-ਫੁੱਟਣ ਤੇ ਸੂਰਜ ਛਿਪਣ ਸਮੇਂ ਮਸਜਿਦਾਂ 'ਚੋਂ ਅੱਲ੍ਹਾ-ਹੁ-ਅਕਬਰ ਦੀਆਂ ਆਵਾਜ਼ਾਂ ਦਾ ਆਉਣਾ
ਜਿਵੇਂ ਇੱਕ ਵਜਦ ਦੀ ਕੈਫੀਅਤ ਤਾਰੀ ਕਰ ਜਾਂਦੈ।
ਤੇ ਇਸੇ ਤਰ੍ਹਾਂ ਅਕਸਰ ਪ੍ਰੇਮਿਕਾ ਦਾ
ਪ੍ਰੇਮ ਦਾ ਇਜ਼ਹਾਰ ਕਰ ਰਹੇ ਪ੍ਰੇਮੀ ਨੂੰ
ਹਾਮੀ ਭਰੇ ਅੰਦਾਜ਼ 'ਚ ਬਨਾਵਟੀ ਜਿਹੇ
ਇਨਕਾਰ ਕਰਨ ਦਾ ਦ੍ਰਿਸ਼ ਵੀ ਬੇਹੱਦ ਖੂਬਸੂਰਤ ਹੁੰਦੈ।
ਸਮੁੰਦਰ ਦੇ ਕਿਨਾਰੇ ਮੋਟੇ ਕਣਾਂ ਵਾਲੀ ਮਿੱਟੀ ਤੇ ਖੜ੍ਹ
ਲਹਿਰਾਂ ਨੂੰ ਤੱਕਣਾ ਵੀ ਅਦਭੁੱਤ ਹੰਦੈ।
ਤੇ ਇਸੇ ਦੌਰਾਨ ਕਿਸੇ ਲਹਿਰ ਦਾ ਪੈਰਾਂ ਹੇਠ ਆ ਕੇ
ਉਨ੍ਹੀਂ ਪੈਰੀਂ ਵਾਪਸ ਜਾਂਦਿਆਂ ਪੈਰਾਂ ਹੇਠੋਂ
ਰੇਤ ਕੱਢ ਕੇ ਲੈ ਜਾਣਾ ਜਿਵੇਂ ਪੈਰਾਂ ਥੱਲਿਓਂ
ਜ਼ਮੀਨ ਖਿੱਚਣ ਦੇ ਤੁਲ ਹੁੰਦੈ।
ਅਕਸਰ ਬੱਚੇ ਦਾ ਮਾਂ ਨਾਲ ਅਠਖੇਲੀਆਂ ਕਰਨਾ
ਤੇ ਮਾਂ ਦਾ ਬੱਚੇ ਨੂੰ ਲੋਰੀਆਂ ਦੇ ਸੁਲਾਉਣ ਦਾ ਦ੍ਰਿਸ਼ ਵੀ
ਬੇਹੱਦ ਖ਼ੂਬਸੂਰਤ ਹੁੰਦੈ।
ਇਸੇ ਤਰ੍ਹਾਂ ਕਿਸੇ ਦਿਆਲੂ ਵਿਰਤੀ ਬੰਦੇ ਦਾ
ਅਪੰਗ, ਅਰਧ ਬੁੱਧੀ ਜਾਂ ਯਤੀਮ ਬੱਚੇ ਦੇ ਚਿਹਰੇ 'ਤੇ
ਮੁਸਕਰਾਹਟ ਲਿਆਉਣਾ ਵੀ
ਅਤਿ ਸੁਖਦਾਈ ਤੇ ਖੂਬਸੂਰਤ ਹੁੰਦੈ।
ਤੇ ਬੱਚਿਆਂ ਦਾ ਮਾਤਾ-ਪਿਤਾ ਨੂੰ ਬੁੱਢਾਪੇ ਉਮਰੇ
ਖੁਸ਼ੀ ਤੇ ਪ੍ਰੇਮ ਭਰੀ ਨਜ਼ਰ ਨਾਲ ਤੱਕਣਾ ਵੀ
ਜਿਵੇਂ ਕਿਸੇ ਕਬੂਲ ਹੋਈ ਇਬਾਦਤ ਸਮਾਨ ਹੁੰਦੈ।
ਖੂਬਸੂਰਤੀ ਕੇਵਲ ਕਾਲੀਦਾਸ ਦੀ ਸ਼ਕੁੰਤਲਾ 'ਚ ਹੀ ਨਹੀਂ
ਸਗੋਂ ਗਾਲ਼ਿਬ ਦੀਆ ਗ਼ਜ਼ਲਾਂ ਚ ਵੀ
ਪ੍ਤੱਖ ਰੂਪ ਚ ਵੇਖੀ ਜਾ ਸਕਦੀ ਏ।
ਖੂਬਸੂਰਤੀ ਕੇਵਲ ਭਾਈ ਵੀਰ ਸਿੰਘ ਦੀਆਂ
ਕਵਿਤਾਵਾਂ ਦਾ ਹਿੱਸਾ ਹੀ ਨਹੀਂ
ਸਗੋਂ ਕੰਵਲ ਤੇ ਟਿਵਾਣਾ ਦੀਆਂ ਰਚਨਾਵਾਂ ਵੀ
ਸੁੰਦਰਤਾ ਦਾ ਵਰਨਣ ਕਰਦੀਆਂ ਜਾਪਦੀਆਂ ਨੇ।
ਖੂਬਸੂਰਤੀ ਵੂਡਜਵਰਥ ਦੀ ਲੂਸੀ 'ਚ ਈ ਨਹੀਂ
ਸਗੋਂ ਜੋਹਨ ਕੀਟਸ ਤੇ ਸ਼ਿਵ ਦੀਆਂ ਨਜ਼ਮਾਂ ਵੀ
ਬਿਰਹਾ ਨੂੰ ਸੁਲਤਾਨ ਕਰ ਖੂਬਸੂਰਤੀ ਪ੍ਰਦਾਨ ਕਰਦੀਆਂ ਨੇ
ਬਜ਼ੁਰਗਾਂ ਦਾ ਨੌਜਵਾਨਾਂ ਨੂੰ ਨਸੀਹਤ ਕਰਨਾ ਵੀ
ਕਬੀਰ ਦੇ ਖੂਬਸੂਰਤ ਦੋਹਿਆਂ ਵਾਂਗੂ ਹੁੰਦੈ ।
ਦਰਅਸਲ ਸੁੰਦਰਤਾ, ਖੂਬਸੂਰਤੀ ਤੇ ਸਹੁਪਨ ਦਾ ਸ਼ੁਮਾਰ
ਅਸੀਂ ਚੰਦ ਸ਼ਬਦਾਂ ਸ਼ਿਅਰਾਂ ਜਾਂ ਸਤਰਾਂ ਚ ਨਹੀਂ ਕਰ ਸਕਦੇ।
ਸਿਰਜਣ ਹਾਰੇ ਨੇ ਸ੍ਰਿਸ਼ਟੀ ਨੂੰ ਬੇਹੱਦ ਖੂਬਸੂਰਤ
ਤੇ ਅਨਮੋਲ ਬਣਾਇਆ ਏ।
ਖ਼ੂਬਸੂਰਤੀ ਦੇ ਅਰਥ ਬਹੁਤ ਡੂੰਘੇ ਤੇ ਵਿਸ਼ਾਲ ਤੇ ਨੇ
ਜਿਨ੍ਹਾਂ ਨੂੰ ਇੱਕ ਨਜ਼ਮ 'ਚ ਪਰੋਣਾ
ਮੇਰੇ ਖਿਆਲ ਚ ਨਾ-ਮੁਮਕਿਨ ਹੈ...
ਨਾ-ਮੁਮਕਿਨ ਹੈ...
ਨਾ-ਮੁਮਕਿਨ ਹੈ...
-------------
* ਰਵੱਈਏ *
ਅਪਣਿਆਂ ਦੁਆਰਾ ਅਕਸਰ
ਬੇ-ਕਦਰੀ 'ਚ ਬੋਲੋ ਸ਼ਬਦ
ਦਿਲ ਨੂੰ ਅੰਦਰ ਤੱਕ ਛਲਣੀ ਕਰ ਜਾਂਦੇ ਨੇ
ਤੇ ਦਿਲ 'ਚ ਕਦੇ ਨਾ ਭਰਨ ਵਾਲੇ
ਜ਼ਖ਼ਮ ਕਰ ਜਾਂਦੇ ਨੇ
ਤੇ ਇਹ ਜ਼ਖਮ ਹੌਲੀ-ਹੌਲੀ
ਜਿਸਮ 'ਚ ਨਾਸੂਰ ਬਣ ਜਾਂਦੇ ਨੇ
ਨਾਸੂਰ ਜੋ ਵੇਖਦਿਆਂ ਵੇਖਦਿਆਂ
ਮਨੁੱਖ ਨੂੰ ਅੰਦਰੋਂ-ਅੰਦਰੀ
ਘੁੱਣੇ ਵਾਂਗੂ ਚੱਟ ਕਰ ਜਾਂਦੇ ਨੇ...
ਇਸੇ ਤਰ੍ਹਾਂ ਅਪਣਿਆਂ ਦੁਆਰਾ ਅਕਸਰ
ਅੱਧੇ ਮੰਨ ਨਾਲ ਕੀਤੀ ਗੱਲਬਾਤ
ਮਨੁੱਖ ਨੂੰ ਅੰਦਰ ਤੱਕ ਦੁਫਾੜ ਕਰ ਜਾਂਦੀ ਏ
ਤੇ ਮਨ ਵਿੱਚ ਇੱਕ ਵੱਡੀ ਖਾਈ ਕਰ ਜਾਂਦੀ ਏ
ਜਿਸ ਨੂੰ ਭਰਦਿਆਂ ਭਰਦਿਆਂ
ਉਮਰ ਖਪ ਜਾਂਦੀ ਏ
ਤੇ ਨੇੜਲੇ ਰਿਸ਼ਤਿਆਂ ਵਿਚਲੇ
ਸਰਦ ਰਵੱਈਏ ਵੀ ਅਕਸਰ
ਮਨੁੱਖ ਨੂੰ ਜਿਵੇਂ ਪੱਥਰ ਕਰ ਜਾਂਦੇ ਨੇ
ਤੇ ਪੱਥਰ ਬਣੇ ਮਨੁੱਖ
ਜੀਵਨ 'ਚ ਥਪੇੜੇ ਸਹਿ-ਸਹਿ ਆਖੀਰ ਇੱਕ ਦਿਨ
ਟੁੱਟ-ਭੱਜ ਜਾਂਦੇ ਨੇ...
ਟੁੱਟ ਭੱਜ ਜਾਂਦੇ ਨੇ...
ਟੁੱਟ ਭੱਜ ਜਾਂਦੇ ਨੇ...