ਸਜਦਾ ਸ਼ਹੀਦਾਂ ਨੂੰ

Tuesday, Aug 07, 2018 - 06:01 PM (IST)

ਸਜਦਾ ਸ਼ਹੀਦਾਂ ਨੂੰ

ਸਜਦਾ ਸ਼ਹੀਦਾਂ ਨੂੰ 
ਵਾਦੀ ਵਿਚ
ਅੱਤਵਾਦੀ ਹਮਲੇ ਦੌਰਾਨ
ਦਸ ਜਵਾਨ ਸ਼ਹੀਦ
ਤੇ ਅਨੇਕਾਂ ਜਖਮੀ”

ਸਿਆਸਤਦਾਨਾਂ ਲਈ ਤਾਂ
ਇਹ ਸਿਆਸਤ ਦਾ
ਇਕ ਮੋਹਰਾ ਹੀ ਰਹਿਣਾ ਹੈ
ਜਾਂ ਸਿਰਫ ਇਕ ਖਬਰ
ਜਾਂ ਵਧ ਤੋਂ ਵਧ
ਬਸ ਇਕ
ਸ਼ਰਧਾਂਜਲੀ ਸਮਾਰੋਹ
ਪਰ... ... ...
ਛਾਤੀ ਤਾਂ
ਉਸ ਮਾਂ ਦੀ ਹੀ ਪਾਟਣੀ ਹੈ
ਜਿਸਦਾ
ਲਹੂ
ਟੁਕਿਆ ਜਾਂਦਾ ਹੈ।
ਠੋਕਰਾਂ ਲਈ
ਮੁਹਤਾਜ
ਤੇ ਵਿਚਰਣ ਲਈ
ਅਪਾਹਜ ਤਾਂ
ਉਸਦੀ
ਅਰਧਾਂਗਣੀ ਨੇ ਹੀ ਹੋਣਾ ਹੈ
ਜਿਸਦੀ
ਰਹਿੰਦੀ ਜ਼ਿੰਦਗੀ ਦਾ
ਪਲ-ਪਲ
ਜਿਉਂਦੇ ਜੀਅ
ਫੂਕਿਆ ਜਾਂਦਾ ਹੈ।

ਕਾਵਾਂ ਦੀਆਂ ਠੂੰਗਾਂ
ਤੇ ਕੁੱਤਿਆਂ ਦੇ ਜਭਾੜਿਆਂ ਨੇ
ਮਾਸ ਤਾਂ
ਉਹਨਾਂ
ਮਾਸੂਮਾਂ ਦਾ ਹੀ ਨੋਚਣਾ ਹੈ
ਜਿੰਨ੍ਹਾਂ
ਸਿਰੋਂ
ਨਿੱਘ ਦਾ ਹੱਥ ਉਠ ਗਿਆ ਹੈ।
ਪੋਟੇ ਤਾਂ
ਉਸ ਭੈਣ ਦੇ ਹੀ
ਛਲਣੀ ਹੋਣੇ ਨੇ
ਜਿਸਦੇ
ਹੱਥੋਂ
ਵੀਰ ਦੀ ਬਾਂਹ
ਖੁੱਸ ਗਈ ਹੈ।

ਹੌਸਲਾ ਤਾਂ
ਉਸ ਭਰਾ ਦਾ ਹੀ ਹਾਰਨਾ
ਜਿਸਦੀ
ਸੱਜੀ ਬਾਂਹ
ਵੱਢੀ ਗਈ ਹੈ।

ਉਡੀਕਣਾ ਤਾਂ
ਉਹਦੇ
ਪਿੰਡ ਦੀਆਂ ਗਲ਼ੀਆਂ ਨੇ ਹੀ ਹੈ
ਸਿਆਸਤਦਾਨਾਂ ਦੀ
ਉਡੀਕ ਤਾਂ
ਸਿਰਫ
ਅਜਿਹੀ
ਕਿਸੇ ਹੋਰ ਖ਼ਬਰ ਲਈ ਹੀ ਹੋਵੇਗੀ।

ਸੰਧੂ ਗਗਨ
+91 7589431402


Related News