ਬਰਸੀ 'ਤੇ ਵਿਸ਼ੇਸ਼ : ਦੁਖੀਆਂ - ਬੇਸਹਾਰਿਆਂ ਲਈ ਫ਼ਰਿਸ਼ਤਾ ਤੇ ਦਰਵੇਸ਼ੀ ਰੂਹ 'ਭਗਤ ਪੂਰਨ ਸਿੰਘ ਜੀ'

Friday, Aug 05, 2022 - 10:57 AM (IST)

ਬਰਸੀ 'ਤੇ ਵਿਸ਼ੇਸ਼ : ਦੁਖੀਆਂ - ਬੇਸਹਾਰਿਆਂ ਲਈ ਫ਼ਰਿਸ਼ਤਾ ਤੇ ਦਰਵੇਸ਼ੀ ਰੂਹ 'ਭਗਤ ਪੂਰਨ ਸਿੰਘ ਜੀ'

20ਵੀਂ ਸਦੀ ਵਿੱਚ ਮਾਨਵਤਾ ਦੇ ਭਲੇ ਹਿੱਤ, ਮਹਾਨ ਦਾਰਸ਼ਨਿਕ, ਬੇਸਹਾਰਿਆਂ ਦੇ ਫ਼ਰਿਸ਼ਤਾ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਵਿੱਚ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ਼੍ਰੀ. ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਂਕ ਸੀ। ਘਰ 'ਚ ਗ਼ਰੀਬੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ ਅਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰ ਜਾਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਭਗਤ ਪੂਰਨ ਸਿੰਘ ਬਿਨ੍ਹਾਂ ਤਨਖ਼ਾਹ ਤੋਂ ਸੇਵਾ ਕਰਨ ਲੱਗੇ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ 'ਰਾਮ ਜੀ ਦਾਸ' ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਾਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ 'ਪੂਰਨ ਸਿੰਘ' ਬਣਾ ਦਿੱਤਾ।

ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਆਰੰਭ ਸੰਨ 1934 ਈ: ਵਿੱਚ ਇੱਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਦਿਵਿਆਂਗ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓੜ੍ਹੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ''ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।'' ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਜਿਸ ਕਰਕੇ ਉਸ ਦਾ ਨਾਂ ਪਿਆਰਾ ਸਿੰਘ ਹੋ ਗਿਆ।

ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਅਪਾਹਜ ਬੱਚੇ ਨੂੰ 18 ਅਗਸਤ 1947 ਈ: ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ। ਉਸ ਕੈਂਪ ਵਿੱਚ ਹਜ਼ਾਰਾਂ ਮਰਦ, ਔਰਤਾਂ ਬੱਚੇ ਸਨ। ਅਪਾਹਜਾਂ ਦੀ ਸੇਵਾ-ਸੰਭਾਲ, ਕੱਪੜੇ ਧੋਣ ਅਤੇ ਉਨਾਂ ਲਈ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਤੇ ਸਭ ਨੂੰ ਵਰਤਾਉਂਦੇ। ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਵੀ ਪਾਉਂਦੇ ਸਨ। ਇਕੱਲੇ ਭਗਤ ਪੂਰਨ ਸਿੰਘ ਨੇ ਇਹ ਸੇਵਾ ਨਿਭਾਈ।

1949 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਂਵੇਂ ਲਵਾਰਿਸਾਂ ਅਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ, ਜਿੱਥੇ ਮਾਨਸਿਕ ਅਤੇ ਲਵਾਰਿਸ ਰੋਗੀਆਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗ ਪਈ। ਇਹ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿੱਚ ਸ਼ੁਰੂ ਕੀਤਾ, ਅੱਜ 1700 ਤੋਂ ਵੱਧ ਮਰੀਜ਼ ਜਿਨ੍ਹਾਂ ਵਿੱਚ ਬੀਬੀਆਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ। 

ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਹ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਭਾਵੇਂ ਬਹੁਤ ਮੁਸ਼ਕਲਾਂ ਆਈਆਂ ਪਰ ਉਹ ਆਪਣੇ ਮਿਸ਼ਨ ਵਿੱਚ ਸਫ਼ਲ ਹੋਏ। ਪਿੰਗਲਵਾੜੇ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ ਆਦਿ ਵਿਖੇ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸੰਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿਖੇ ਸਥਾਪਿਤ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਜੀ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿਖੇ 'ਭਗਤ ਪੂਰਨ ਸਿੰਘ ਸਮਾਰਕ' ਦਾ ਨਿਰਮਾਣ ਹੋ ਚੁੱਕਾ ਹੈ।

ਪਿੰਗਲਵਾੜਾ (ਅੰਮ੍ਰਿਤਸਰ) ਦੇ ਨਜ਼ਦੀਕ 'ਭਗਤ ਪੂਰਨ ਸਿੰਘ ਯਾਦਗਾਰੀ ਗੇਟ' ਉਸਾਰਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 'ਭਗਤ ਪੂਰਨ ਸਿੰਘ ਚੇਅਰ' ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇੱਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਹੈ।

ਭਗਤ ਪੂਰਨ ਸਿੰਘ ਨੇ ਬੇਸਹਾਰੇ ਅਤੇ ਅਪਾਹਜਾਂ ਤੇ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਜੋ ਉੱਦਮ ਕੀਤਾ ਉਹ ਮਦਰ ਟੈਰੇਸਾ ਦੇ ਭਲਾਈ ਦੇ ਕੰਮਾਂ ਤੋਂ ਘੱਟ ਨਹੀਂ ਹੈ। ਭਗਤ ਪੂਰਨ ਸਿੰਘ ਨੂੰ 1981 'ਚ ਪਦਮਸ਼੍ਰੀ ਐਵਾਰਡ, 1990 'ਚ ਹਾਰਮਨੀ ਐਵਾਰਡ, 1991 'ਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਭਾਈ ਘਨੱਈਆ ਐਵਾਰਡ ਕਮੇਟੀ ਵੱਲੋਂ ਪਹਿਲਾਂ 'ਭਾਈ ਘਨੱਈਆ ਐਵਾਰਡ' ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਨੂੰ ਸੱਚ-ਖੰਡ ਪਿਆਨਾ ਕਰਨ ਉਪਰੰਤ 4 ਅਕਤੂਬਰ 1995 ਨੂੰ ਦਿੱਤਾ ਗਿਆ ਜੋ ਡਾ. ਇੰਦਰਜੀਤ ਕੌਰ ਮੌਜੂਦਾ ਮੁਖੀ ਨੇ ਪ੍ਰਾਪਤ ਕੀਤਾ।

1984 ’ਚ ਭਾਰਤੀ ਫੌਜ ਦੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਕਾਰਨ ਉਨ੍ਹਾਂ ਨੂੰ ਇੰਨਾ ਸਦਮਾ ਪਹੁੰਚਿਆ ਕਿ ਉਨ੍ਹਾਂ ਨੇ ਪਦਮ ਸ੍ਰੀ ਐਵਾਰਡ ਵਾਪਸ ਕਰ ਦਿੱਤਾ। ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਭਗਤ ਪੂਰਨ ਸਿੰਘ ਭਾਵੇਂ ਸਰੀਰ ਕਰਕੇ ਦੁਨੀਆਂ ’ਚ ਨਹੀਂ ਪਰ ਲੋਕਾ ਦੇ ਦਿਲਾਂ ’ਚ ਅੱਜ ਵੀ ਵਸਦੇ ਹਨ।

ਕਰਨੈਲ ਸਿੰਘ ਐੱਮ. ਏ.


author

Harnek Seechewal

Content Editor

Related News