ਪੇਕੇ ਹੁੰਦੇ ਮਾਂਵਾਂ ਨਾਲ

Thursday, Oct 18, 2018 - 02:49 PM (IST)

ਪੇਕੇ ਹੁੰਦੇ ਮਾਂਵਾਂ ਨਾਲ

ਜ਼ਿੰਦਗੀ ਜਿਉਂਣ ਲਈ ਸਮਾਜਿਕ ਨਿਯਮਾਂਵਲੀ ਵਿਚੋਂ ਕੁਝ ਤੱਥ ਸਾਹਮਣੇ ਆ ਜਾਂਦੇ ਹਨ  ਜੋ ਬਾਅਦ ਵਿਚ ਸਦੀਵੀ ਬਣ ਜਾਂਦੇ ਹਨ । ਜੀਵ ਵਿਗਿਆਨਕ , ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਘੋਖਿਆ ਜਾਵੇ ਤਾਂ ਮਾਂ ਦੇ ਸਿਰ 'ਤੇ ਧੀ ਦੀ ਪੇਕਿਆਂ ਵਿਚ ਸਰਦਾਰੀ ਹੁੰਦੀ । ਜਿਵੇਂ ਜਿਸਮ ਅਤੇ ਰੂਹ ਦਾ ਸੁਮੇਲ ਜੀਵਨ ਬਖੂਦਾ ਹੈ ਠੀਕ ਉਸੇ ਤਰ੍ਹਾਂ ਮਾਂ ਧੀ ਨੂੰ ਪੇਕੇ ਘਰ ਵਿਚ ਮਾਣ ਬਖੂਦੀ ਹੈ। ਜੰਮਣ ਤੋਂ ਮਰਨ ਤਕ ਧੀ ਦਾ ਪੇਕਿਆਂ ਨਾਲ ਅਟੁੱਟ ਰਿਸ਼ਤਾ ਹੈ । ਮਾਂ ਦੇ ਜਿਉਂਦੇ ਜੀਅ ਪੇਕਿਆਂ ਨਾਲ ਭਾਵਨਾਤਮਕ ਅਤੇ ਅੰਦਰੂਨੀ ਸਾਂਝ ਜ਼ਿਆਦਾ ਹੁੰਦੀ ਹੈ ।

ਵੱਡਾ ਕਾਰਨ ਇਹ ਵੀ ਹੈ ਕਿ ਮਾਂ ਧੀ ਦਾ ਰਿਸ਼ਤਾ ਗੁਫਤਗੂ ਵਿਚ ਪਰਦੇ ਦੇ ਉਹਲੇ ਹੁੰਦਾ ਹੈ । ਧੀ ਦੀਆਂ ਅੰਦਰੂਨੀ ਸਮੱਸਿਆਵਾਂ ਅਤੇ ਸਮਾਜਿਕ ਤੌਰ ਤਰੀਕਿਆਂ ਨੂੰ ਮਾਂ ਹੀ ਸਮਝਦੀ ਹੈ । ਸਮਾਜੀਕਰਨ ਦਾ ਅਧਿਆਏ ਧੀ ਨੂੰ ਮਾਂ ਹੀ ਪੜ੍ਹਾਉਂਦੀ ਹੈ । ਧੀ ਦੀ ਜੋ ਸਾਂਝ ਮਾਂ ਨਾਲ ਹੁੰਦੀ ਹੈ ਉਹ ਪਿਓ ਨਾਲ ਨਹੀਂ ਹੁੰਦੀ । ਪੇਕਿਆਂ ਤੋਂ ਧੀ ਹਮੇਸ਼ਾ ਆਸਵੰਦ ਹੁੰਦੀ ਹੈ । ਮਾਂ ਵੀ ਧੀ ਨੂੰ ਗੱਠੀ ਬੰਨ੍ਹਣ ਵੇਲੇ ਦਿਲ ਦਰਿਆ ਕਰ ਲੈਂਦੀ ਹੈ । ਇਸੇ ਲਈ ਧੀ ਨੂੰ ਧੰਨ ਵੀ ਕਿਹਾ ਜਾਂਦਾ ਹੈ । ਪਹਿਲੀ ਕਿਲਕਾਰੀ ਵਿਚੋਂ ਤੋਤਲੀ ਆਵਾਜ਼ ਰਾਹੀਂ ਧੀਆਂ ਮਾਪਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਕਰਦੀਆਂ ਹਨ ਪਰ ਪੇਕੇ ਘਰ ਵਿਚ ਮਾਂ ਨੂੰ ਧੀ ਦੇ ਸਾਰੇ ਪੱਖਾਂ ਦੀ ਸਮਝ ਹੁੰਦੀ ਹੈ । 

ਮੋਹ ਪਿਆਰ ਵਿਚੋਂ ਧੀ ਲਈ ਵਰ ਦੇਖਣਾ ਸ਼ੁਰੂ ਕਰਨ ਦੇ ਨਾਲ-ਨਾਲ ਹੋਰ ਗਿਣਤੀਆਂ _ ਮਿਣਤੀਆਂ ਸ਼ੁਰੂ ਹੋ ਜ਼ਾਦੀਆਂ ਹਨ। ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀ ਜਵਾਨ ਹੋਈ ਸਹੁਰੇ ਘਰ ਜਾ ਕੇ ਬੱਚਿਆਂ ਵਾਲੀ ਹੋ ਜਾਂਦੀ ਹੈ ਫਿਰ ਵੀ ਤਾਂਘ ਪੇਕਿਆ ਵੱਲ ਰਹਿੰਦੀ ਹੈ । ਮਾਂ ਦੇ ਜਿਉਂਦੇ ਜੀਅ ਇਹ ਤਾਂਘ ਅੰਦਰੂਨੀ ਤਰੀਕਿਆਂ ਨਾਲ ਜੁੜੀ ਹੁੰਦੀ ਹੈ । ਮਾਂ ਤੋਂ ਬਾਅਦ ਫਿੱਕੀ ਜ਼ਰੂਰ ਪੈ ਜਾਂਦੀ ਹੈ । ਜਿੱਥੇ ਮਾਂ ਦੇ ਸਿਰ ਤੇ ਘਰਾਂ ਵਿਚ ਧੀ ਨੇ ਇਕ ਪਾਸੜ ਰੋਲ ਨਿਭਾਇਆ    ਹੁੰਦਾ ਹੈ। ਉੱਥੇ ਆਪਣੇ ਆਪ ਵਿਚ ਗੁਆਚਣ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਂਦਾ ।

ਕਿਤੇ-ਕਿਤੇ ਕਰੋਪੀ ਵੀ ਹੈ ਕਿ ਧੀ ਮਾਂ ਨੂੰ ਅਤੇ ਮਾਂ ਧੀ ਨੂੰ ਲੋਚਦੀ ਰਹਿੰਦੀ ਇਸ ਨਾਲ ਸਮਾਜਿਕ ਝੰਜਟ ਅਤੇ ਸ਼ੰਕੇ ਪੈਦਾ ਹੁੰਦੇ ਹਨ । ਜਿਸ ਘਰ ਵਿਚ ਧੀ ਭਾਈਆਂ ਭਰਜਾਈਆਂ ਨਾਲ ਸਲੀਕੇ ਨਾਲ ਵਰਤੀ ਹੁੰਦੀ ਹੈ ਉੱਥੇ ਭਰਜਾਈਆਂ ਮਾਂ ਦਾ ਵਿਛੋੜਾ ਮਹਿਸੂਸ ਨਹੀਂ ਹੋਣ ਦਿੰਦੀਆਂ ।  ਜਿਨ੍ਹਾਂ ਘਰਾਂ ਵਿਚ ਮਾਂ ਧੀ ਦੀ ਕਾਨਾਫੂਸੀ ਚੱਲਦੀ ਹੈ । ਉੱਥੇ ਕਈ ਵਾਰ ਧੀਆਂ ਆਪਹੁਦਰਾਪਣ ਵੀ ਦੱਸਦੀਆਂ ਹਨ । ਜੋ ਬਾਅਦ ਵਿਚ ਪਛਤਾਵੇ ਦਾ ਕਾਰਨ ਬਣਦਾ ਹੈ । 

ਸਮਾਜਿਕ ਤੌਰ ਤਰੀਕਿਆਂ ਅਤੇ ਸਲੀਕਿਆਂ ਵਿਚੋਂ ਪੈਦਾ ਹੋਏ ਲੋਕ ਤੱਥਾਂ ਲਈ ਲਿਖਾਰੀਆਂ ਨੂੰ ਕਲਮ ਚੁੱਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ।ਇਸੇ ਲੜੀ ਤਹਿਤ ਸ਼੍ਰੀ ਸ਼ਮਸ਼ੇਰ ਸੰਧੂ ਜੀ ਨੇ ਮਾਂ ਦੇ ਵਿਛੋੜੇ ਤੋਂ ਬਾਅਦ ਧੀ ਦਾ ਵਿਰਲਾਪ ਇਊਂ ਪੇਸ਼ ਕੀਤਾ 'ਮਾਂ ਮਂੈ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਂਵਾਂ ਨਾਲ' ਧੀ ਦੀ ਸਾਂਝ ਨੂੰ ਪੇਕੇ ਘਰ ਵਿਚ ਪਕੇਰੀ ਬਣਾਉਂਦੀ ਇਹ ਲਿਖਤ ਅੱਜ ਵੀ ਨਿਰੰਤਰ ਵਹਿੰਦੀ ਧਾਰਾ ਹੈ ।ਇੱਕ ਕੋੜੀ ਸਚਾਈ ਇਹ ਵੀ ਹੈ ਕਿ ਧੀ ਜਿਉਂ-ਜਿਉਂ ਵੱਡੀ ਹੁੰਦੀ ਹੈ ਪਰਦੇ ਹੇਠ ਰੱਖ ਕੇ ਮਾਂ ਹੀ ਉਸ ਨੂੰ ਸਮਾਮਿਕ ਸੁਰੱਖਿਆ ਦਿੰਦੀ ਹੈ । ਕਈ ਵਾਰ ਧੀਆਂ ਨੂੰ ਵੀ ਮਾਂ ਦੀ ਕੀਮਤ ਬਾਅਦ ਵਿਚ ਪਤਾ ਚੱਲਦੀ ਹੈ । ਅੱਜ ਵੀ ਸਮਾਜਿਕ ਤੌਰ ਤਰੀਕੇ ਅਪਣਾਉਂਦੇ ਸਮੇਂ ਮਹਿਸੁਸ ਕੀਤਾ ਜਾਂਦਾ ਹੈ ਕਿ ਮਾਂਵਾਂ ਤੋਂ ਬਿਨਾਂ ਧੀਆਂ ਲਈ ਪੇਕੇ ਘਰ ਬੇਸੁਆਦ ਅਤੇ ਖਿੱਚ ਰਹਿਤ ਹੋ ਜਾਂਦਾ ਹੈ । ਸਾਡੇ ਕਿਰਦੇ ਸੱਭਿਆਚਾਰ ਵਿਚੋਂ ਕੁਝ ਤੱਥ ਘਸਮੈਲੇ ਹੋ ਗਏ ਹਨ ਪਰ ਧੀ ਨੂੰ ਪੇਕੇ ਅੱਜ ਵੀ ਮਾਂਵਾਂ ਨਾਲ ਪੁੱਤ ਬਣਾ ਕੇ ਰੱਖਦੇ ਹਨ । 
ਸੁਖਪਾਲ ਸਿੰਘ ਗਿੱਲ 
ਅਬਿਆਣਾ ਕਲਾਂ
9878111445

 


author

neha meniya

Content Editor

Related News