ਵਿਦੇਸ਼ਾਂ ਤੋਂ ਇੱਕ ਚਿੱਠੀ ਆਈ

06/11/2019 11:27:57 AM

ਅੱਜ ਪੂਰੇ ਦੇਸ਼ ਵਿਚੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਆਪਣੇ ਰੋਜ਼ਗਾਰ ਦੀ ਪ੍ਰਾਪਤੀ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਭਾਵੇਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਣ ਆਪਣੇ ਦੇਸ਼ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਕੋਈ ਚੰਗੀ ਨੌਕਰੀ ਨਾ ਮਿਲਣਾ ਹੈ।
ਭਾਵੇਂ ਮਜ਼ਬੂਰਨ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਵਤਨਾਂ ਦੀ ਮਿੱਟੀ ਤੋਂ ਦੂਰ ਜਾਣਾ ਪੈਂਦਾ ਹੈ ਪਰ ਫਿਰ ਵੀ ਉਨ੍ਹਾਂ ਦੇ ਮਾਪੇ ਬੜੇ ਭਰੇ ਮਨ ਨਾਲ 
ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ। ਆਪਣੇ ਘਰ ਤੋਂ ਦੂਰ, ਮਾਪਿਆਂ ਤੋਂ ਦੂਰ ਅਤੇ ਆਪਣੇ ਸਭ ਸਾਕ ਸਬੰਧੀਆਂ ਤੋਂ ਦੂਰ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ। ਇਸ ਸਭ ਕੁਝ ਲਈ ਬੜਾ ਹੀ ਕਠੋਰ ਮਨ ਕਰਨਾ ਪੈਂਦਾ ਹੈ ਕਿਉਂਕਿ ਬੱਚਿਆਂ ਦੇ ਬਾਹਰ ਵਿਦੇਸ਼ਾਂ ਵਿੱਚ ਰਹਿਣ ਕਾਰਨ ਕਈ ਹੋਰ ਦੂਜੀਆਂ ਪਰਿਵਾਰਿਕ ਸਮੱਸਿਆਵਾਂ ਆ ਖੜ੍ਹੀਆਂ ਹੁੰਦੀਆਂ ਹਨ। ਮਾਂ-ਬਾਪ ਦਾ ਬੱਚਿਆਂ ਤੋਂ ਦੂਰ ਰਹਿਣਾ ਇੱਕ ਵੱਡੀ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਹੈ।
ਪਰ ਇਹ ਗੱਲ ਵੀ ਸੱਚ ਹੈ ਕਿ ਅੱਜ ਦੇਸ਼ ਵਿੱਚ ਜਾਂ ਖਾਸ ਕਰਕੇ ਪੰਜਾਬ ਵਿੱਚ ਮੁੰਡੇ-ਕੁੜੀਆਂ ਵਲੋਂ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈ। ਪੰਜਾਬ ਦੇ ਤਾਂ ਸਭ ਪਰਿਵਾਰ ਇੱਕ ਦੂਜੇ ਨੂੰ ਦੇਖਾ-ਦੇਖੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਕਾਹਲੇ ਪਏ ਹੋਏ ਹਨ। ਜਿਵੇਂ ਕਿਹਾ ਕਰਦੇ ਹਨ, ''ਮਾਮੇ ਦੀ ਧੀ ਚੱਲੀ, ਮੈਂ ਕਿਉਂ ਰਹਿ ਗਈ ਕੱਲੀ'' ਵਾਲੀ ਸਥਿਤੀ ਬਣੀ ਹੋਈ ਹੈ। ਬਹੁਤ ਸਾਰੇ ਲੜਕੇ-ਲੜਕੀਆਂ  ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵਿੱਚ ਜਾਂਦੇ ਹਨ, ਕਿਉਂਕਿ ਇਸ ਦੇ ਨਾਲ ਬਾਹਰ ਉਨ੍ਹਾਂ ਨੂੰ ਕੁਝ ਘੰਟੇ ਕੋਈ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਏ, ਜਿਸ ਨਾਲ ਉਹ ਚੰਗੀ ਕਮਾਈ ਵੀ ਕਰ ਲੈਂਦੇ ਹਨ। ਇੱਕ ਪੜ੍ਹਾਈ ਦੂਜੀ ਕਮਾਈ ਚੰਗਾ ਮਿਲਾਪ ਬਣ ਜਾਂਦਾ ਹੈ। ਪਰ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਵਿਦੇਸ਼ਾਂ ਨੂੰ ਜਾਣ ਦੀ ਇਹ ਦੌੜ ਲੋੜ ਤੋਂ ਵੱਧ ਬਣਦੀ ਜਾ ਰਹੀ ਹੈ। ਚੰਗੇ ਭਲੇ ਕਿਰਸਾਨੀ ਪ੍ਰੀਵਾਰ ਬੱਚਿਆਂ ਨੂੰ ਜ਼ਮੀਨਾਂ ਵੇਚ ਕੇ ਜਾਂ ਫਿਰ ਵੱਡੇ ਲੋਨ ਲੈ ਕੇ ਬਾਹਰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਬਹੁਤ ਸਾਰੇ ਬੱਚੇ ਉੱਥੇ ਜਾ ਕੇ ਸੈੱਟ ਹੋ ਜਾਂਦੇ ਹਨ ਪਰ ਬਹੁਤ ਪੈਸਾ ਖਰਾਬ ਕਰਕੇ ਵਾਪਸ ਆ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਆਰਥਿਕ ਸੰਕਟ ਦਾ ਮੁਕਾਬਲਾ ਕਰਨਾ ਪੈਂਦਾ ਹੈ। ਜੇ ਬਾਹਰ ਜਾ ਕੇ ਸਾਰੇ ਹੀ ਬੱਚੇ ਰੋਜ਼ਗਾਰ ਤੇ ਸੈਟਲ ਹੋ ਜਾਣ ਤਾਂ ਬਹੁਤ ਚੰਗੀ ਗੱਲ ਹੈ ਪਰ ਬਹੁਤ ਕਰਕੇ ਅਜਿਹਾ ਨਹੀਂ ਹੁੰਦਾ। ਦੂਜੇ ਸੁਨਣ ਵਿੱਚ ਆਉਂਦਾ ਹੈ ਕਿ ਪੰਜਾਬੀ ਬੱਚੇ ਬਾਹਰ ਜਾ ਕੇ ਬਹੁਤ ਘਟੀਆ ਕਿਸਮ ਦੇ ਜਾਂ ਸਮਾਜਿਕ ਪਖੋ ਨਿਮਨ ਰੁਜ਼ਗਾਰ ਤੇ ਲੱਗਦੇ ਹਨ, ਇਹ ਬੱਚੇ ਆਪਣੇ ਦੇਸ਼ ਵਿੱਚ ਕਿਸੇ ਵੀ ਅਜਿਹੇ ਕੰਮ ਕਰਨ ਨੂੰ ਨਫ਼ਰਤ ਕਰਦੇ ਹਨ ਪਰ ਪਾਪੀ ਪੇਟ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈ ਵੈਸੇ ਵੀ ਕੰਮ ਕੋਈ ਮਾੜਾ ਨਹੀਂ ਹੁੰਦਾ ਪਰ ਇਨਸਾਨ ਨੂੰ ਰੁਜਗਾਰ ਜ਼ਰੂਰੀ ਹੈ। 
ਸੱਤਰ ਦੇ ਦਹਾਕਿਆਂ ਵਿੱਚ ਪੰਜਾਬ ਨੇ ਹਰ ਪੱਖੋ ਖਾਸ ਕਰਕੇ ਰੁਜ਼ਗਾਰ ਦੇ ਪੱਖੋ ਖੂਬ ਉੱਨਤੀ ਕੀਤੀ । ਉਨ੍ਹਾਂ ਦਿਨਾਂ ਵਿੱਚ ਜੇ ਕੋਈ ਵਿਦੇਸ਼ਾਂ ਵਿੱਚ ਨੌਕਰੀ ਲਈ ਬਾਹਰ ਜਾਂਦਾ ਸੀ, ਤਾਂ ਸਾਡੇ ਪੰਜਾਬੀ ਸੱਭਿਆਚਾਰਿਕ ਗੀਤਾਂ ਰਾਹੀਂ ਉਸ ਨੂੰ ਵਿਦੇਸ਼ ਨਾ ਜਾਣ ਦੀ ਪ੍ਰੇਰਣਾ ਦਿੱਤੀ ਜਾਂਦੀ ਸੀ ਜਿਵੇ:-
ਤੂੰ ਡੂੰਘਾ ਵਾਹ ਲੈ ਹੱਲ ਵੇ-ਤੇਰੇ ਘਰੇ ਨੌਕਰੀ, 
ਹਾਂ ਗੱਲ ਵੀ ਸੱਚ ਸੀ, ਮਿਹਨਤੀ, ਇਨਸਾਨ ਆਪਣੀ ਮਿਹਨਤ ਨਾਲ ਕਿਤੇ ਵੀ ਚੰਗਾ ਕਮਾ ਸਕਦਾ ਏ ਅਤੇ ਇਸੇ ਮਿਹਨਤ ਲਈ ਪੰਜਾਬੀ ਤਾਂ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ। ਅੱਜ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਵਸੇ ਹਨ ਜਾਂ ਵਸਣ ਜਾ ਰਹੇ ਹਨ ਪਰ ਕਹਿੰਦੇ ਹਨ ਕਿ ਕਿਸੇ  ਦੀ ਵੀ ਜਨਮ ਭੂਮੀ ਦੀ ਹਰ ਮਨੁੱਖ ਲਈ ਵਿਸ਼ੇਸ਼ ਖਿਚ ਹੁੰਦੀ ਹੈ। ਇਹੀ ਹਾਲ ਇਨ੍ਹਾਂ ਪੰਜਾਬੀ ਵੀਰਾਂ ਦਾ ਹੈ ਕਿਉਂਕਿ ਆਪਣੇ ਵਤਨ ਦੀ ਮਿੱਟੀ ਦਾ ਮੋਹ ਉਨ੍ਹਾਂ ਨੂੰ ਆਪਣੇ ਦੇਸ਼ ਅਤੇ ਖਾਸ ਕਰਕੇ ਪੰਜਾਬ ਨਾਲ ਜੋੜੀ ਰੱਖਦਾ ਹੈ। ਸਾਲਾਂ ਬੱਧੀ ਵਿਦੇਸ਼ਾਂ ਵਿੱਚ ਆਪਣਾ ਰੁਜ਼ਗਾਰ ਕਰਨ ਦੇ ਬਾਵਜੂਦ ਉਹ ਪੰਜਾਬੀ ਵਾਰ ਵਾਰ ਇਸ ਗੁਰੂਆਂ ਦੀ ਧਰਤੀ ਨੂੰ ਦੇਖਣ ਲਈ ਆਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਪੰਜਾਬ ਦੀ ਮਿੱਟੀ ਲਈ ਅਥਾਹ ਪ੍ਰੇਮ ਹੁੰਦਾ ਹੈ। ਇਸ ਪ੍ਰੇਮ ਸਦਕਾ ਹੀ ਉਹ ਆਪਣੇ ਬਚਪਨ ਨੂੰ ਯਾਦ ਕਰਦੇ ਹਨ, ਆਪਣੇ ਬਚਪਨ ਦੇ ਦੋਸਤਾਂ ਨੂੰ, ਆਪਣੇ ਘਰਦਿਆਂ ਨੂੰ ਅਤੇ ਸਾਕ ਸਬੰਧੀਆਂ ਨੂੰ ਸਦਾ ਯਾਦ ਕਰਦੇ ਰਹਿੰਦੇ ਹਨ। ਜਦੋਂ ਵੀ ਉਨ੍ਹਾਂ ਦਾ ਸਮਾਂ ਲੱਗਦਾ ਹੈ ਤਾਂ ਉਹ ਪੰਜਾਬ ਦੀ ਧਰਤੀ ਨੂੰ ਆ ਨਤਮਸਤਕ ਹੁੰਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਕਿ ਉਨ੍ਹਾਂ ਨੂੰ ਬਹੁਤ ਸਾਲਾਂ ਤੱਕ ਆਪਣੇ ਪੰਜਾਬ ਵਿੱਚ ਆਉਣ ਦਾ ਮੌਕਾ ਨਹੀਂ ਮਿਲਦਾ। ਪਰ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਲਈ ਕੁਝ ਵਲਵਲੇ ਉਬਾਲਾਂ ਜ਼ਰੂਰ ਖਾਂਦੇ ਰਹਿੰਦੇ ਹਨ। 
ਇਨ੍ਹਾਂ ਵਲਵਲਿਆਂ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਉਹ ਆਪਣੇ ਦੇਸ਼ ਵਿੱਚ ਘਰਦਿਆਂ ਅਤੇ ਦੂਜੇ ਸਾਕ ਸਬੰਧੀਆਂ ਨੂੰ ਚਿੱਠੀਆਂ ਲਿਖ-ਲਿਖ ਆਪਣਾ ਮਨ ਪਰਚਾਵਾ ਕਰਦੇ ਹਨ। ਠੀਕ ਹੈ ਕਿ ਅੱਜ ਆਵਾਜਾਈ ਦੇ ਸਾਧਨਾਂ ਜਾਂ ਸੰਚਾਰ ਸਾਧਨਾਂ ਰਾਹੀਂ ਸੰਸਾਰ ਸਿਮਟ ਜਿਹਾ ਗਿਆ ਹੈ ਅਤੇ ਅਸੀਂ ਮੋਬਾਇਲਾਂ ਰਾਹੀਂ ਹਰ ਰੋਜ਼ ਹੀ ਆਪਣੇ ਦੂਰ-ਦੁਰਾਡੇ ਬੈਠੇ ਰਿਸ਼ਤੇਦਾਰਾਂ ਜਾਂ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਹਾਂ, ਪਰ ਵਤਨ ਦੀ ਮਿੱਟੀ ਤੋਂ ਦੂਰੀ ਇਹ ਮੋਬਾਈਲ ਘੱਟ ਤਾਂ ਕਰ ਸਕਦੇ ਹਨ ਪਰ ਮਨਾਂ ਵਿੱਚ ਵੱਸਦੀ ਵਤਨਾਂ ਦੀ ਮੋਹ ਦੀ ਤਪਸ ਨੂੰ ਠੰਢਾ ਕਰਨ ਵਿੱਚ ਬਹੁਤ ਘੱਟ ਹੀ ਸਹਾਈ ਹੁੰਦੇ ਹਨ। ਇਹੀ ਕਾਰਨ ਹੁੰਦਾ ਹੈ ਕਿ ਜਦੋਂ ਉਨ੍ਹਾਂ ਦੇ ਮਨ ਭਰ ਆਉਂਦੇ ਹਨ ਤਾਂ ਉਹ ਪਿਆਰ ਭਰੀਆਂ ਚਿੱਠੀਆਂ ਲਿਖਕੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਆਪਣਾ ਪਿਆਰ ਸ਼ਬਦਾਂ ਵਿੱਚ ਪ੍ਰਗਟ ਕਰ ਦੇਂਦੇ ਹਨ ਅਤੇ ਦੱਸਦੇ ਹਨ ਕਿ ਆਪਣੇ ਵਤਨਾਂ ਦੀ ਮਿੱਟੀ ਨੂੰ ਖਾਸ ਕਰਕੇ ਪੰਜਾਬੀ ਅਤੇ ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦੇ ਹਨ। ਉਹ ਬਾਹਰ ਵਿਦੇਸ਼ਾਂ ਵਿੱਚ ਬੈਠੇ ਵੀ ਪੰਜਾਬੀ ਸੱਭਿਆਚਾਰ ਦਾ ਅਨੰਦ ਲੋਚਦੇ ਹਨ ਅਤੇ ਮੋਬਾਇਲਾਂ ਤੇ ਸਾਰੇ ਪੰਜਾਬ ਦੀ ਸੁੱਖ ਲੋੜਦੇ ਹਨ। ਪੰਜਾਬ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ, ਜਲਦੀ ਮਿਲਣ ਦੀ ਇੱਛਾ ਪ੍ਰਗਟ ਕਰਦੇ ਹਨ। ਪਰ ਅੱਜ ਕੱਲ ਦੇ ਹਾਲਾਤਾਂ ਅਨੁਸਾਰ ਇੰਝ ਲੱਗਦਾ ਹੈ ਕਿ ਜਿਵੇਂ ਸਾਰਾ ਪੰਜਾਬ ਹੀ  ਵਿਦੇਸ਼ਾਂ ਨੂੰ ਤੁਰ ਗਿਆ ਹੋਵੇ ਅਤੇ ਇਹ ਪੰਜਾਬ ਖਾਲੀ-ਖਾਲੀ ਹੁੰਦਾ ਜਾ ਰਿਹਾ ਹੋਵੇ। ਪਰ ਪਿਛੇ ਰਹਿ ਗਏ ਬਹੁਤ ਸਾਰੇ ਪਰਿਵਾਰਾਂ ਵਿਚ ਬਜ਼ੁਰਗਾਂ ਦੀ ਸਮਾਜਿਕ ਦਸ਼ਾ ਦੇਖ ਕੇ ਇੱਕ ਕਵੀ ਦਾ ਮਨ ਤੜਫ ਉਠਦਾ ਹੈ ਅਤੇ ਉਹ ਕਹਿੰਦਾ ਹੈ-
   ਨਾ ਜਾਅ ਵਿਦੇਸ਼ਾਂ ਨੂੰ,
   ਆਪਣੇ ਘਰ ਹੀ ਕੰਮ ਬਥੇਹਰਾ।
ਰੱਬ ਕਰੇ ਆਪਣੇ ਪੰਜਾਬ ਦੀ ਮਿੱਟੀ ਅਤੇ ਇੱਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਇਹ ਪਿਆਰ ਅਤੇ ਸਤਿਕਾਰ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਨਾਂ ਵਿੱਚ ਸਦਾ ਹੀ ਵਸਦਾ ਰਹੇ।

ਬਹਾਦਰ ਸਿੰਘ ਗੋਸਲ
ਮਕਾਨ ਨੰਬਰ 3098, ਸੈਕਟਰ 37ਡੀ,
ਚੰਡੀਗੜ੍ਹ। ਮੋ. ਨੰ: 98764-52223


Aarti dhillon

Content Editor

Related News