ਚਲੋ ਏਕਾ ਕਰ ਲਈਏ ਲੇਖਕੋ

Monday, Nov 26, 2018 - 06:12 PM (IST)

ਚਲੋ ਏਕਾ ਕਰ ਲਈਏ ਲੇਖਕੋ

ਚਲੋ ਏਕਾ ਕਰ ਲਈਏ ਲੇਖਕੋ,  ਗਿਆ ਕੂੜ ਹਨੇਰਾ ਛਾ,
ਲਹੂ ਚਿੱਟਾ ਰੰਗ ਵਟਾ ਲਿਆ,  ਮਿਲ ਬੈਠਦੇ ਨਹੀਂ ਭਰਾ,
ਫੈਲੀ ਜੋ ਬੀਮਾਰੀ ਕਪਟ ਦੀ,  ਇਹਦੀ ਲੱਭੀਏ ਕੋਈ ਦਵਾ,
ਮਾਨਵਤਾ ਪਈ ਕੁਰਲਾਂਵਗੀ, ਰਲ ਇਸ ਨੂੰ ਲਈਏ ਬਚਾਅ।
ਚਲੋ ਏਕਾ ਕਰ ਲਈਏ ਲੇਖਕੋ .................................। 

ਬੁੱਲ੍ਹਾਂ 'ਤੋਂ ਹਾਸਾ ਖੁੱਸ ਗਿਆ, ਇਹ ਲੱਗਦੈ ਸਾਥੋਂ ਰੁੱਸ ਗਿਆ,
ਪਈਆਂ ਚਿਹਰੇ ਉੱਤੇ ਉਦਾਸੀਆਂ, ਕਦੇ ਬੁੱਲ੍ਹਾਂ 'ਤੇ ਸੀ ਹਾਸੀਆਂ,
ਹੈ ਚਤੁਰ-ਚਲਾਕੀ ਮੋਹ ਲਿਆ,  ਭਾਈ ਤੋਂ ਭਾਈ ਖੋਹ ਲਿਆ,
ਮੈਨੂੰ ਲੱਗਦੈ ਕਲਿਯੁੱਗ ਜ਼ੋਰ 'ਤੇ, ਰਿਹਾ ਉਂਗਲਾਂ ਉੱਤੇ ਨਚਾ।
ਚਲੋ ਏਕਾ ਕਰ ਲਈਏ ਲੇਖਕੋ .................................। 

ਛਲ-ਕਪਟੀ ਸਭ 'ਕੱਠੇ ਹੋ ਗਏ, ਲੇਖਕ ਕਾਹ ਤੋਂ ਦੂਰ ਖਲੋ ਗਏ,
ਬੁਰਾ ਦੇਖਿਆ ਹਾਲ ਜ਼ਮਾਨੇ ਦਾ, ਮੇਰੀ ਅੱਖੀਓਂ ਅੱਥਰੂ ਚੋਅ ਗਏ,
ਮਜ਼ਲੂਮਾਂ 'ਤੇ ਅੱਤਿਆਚਾਰ ਨੇ, ਲੋਕ ਕਪਟੀਆਂ ਦੇ ਹੀ ਯਾਰ ਨੇ,
ਮਾਨਵਤਾ ਕਿੱਧਰੇ ਗੁਆਚੀ,  ਪਤਾ ਨਹੀਂ ਕਿਹੜੇ ਪੈ ਗਈ ਰਾਹ।
ਚਲੋ ਏਕਾ ਕਰ ਲਈਏ ਲੇਖਕੋ .................................। 

ਮੇਰੀ ਕਲਮ ਹੈ ਅੱਥਰੂ ਡੋਲਦੀ, ਦੁੱਖ,ਦਰਦਾਂ ਤਾਈ ਫਰੋਲਦੀ,
ਭਟਕੀ ਦੁਨੀਆਂ ਹੈ ਮੰਜ਼ਿਲੋਂ, ਨਹੀਂ ਮੰਜ਼ਿਲ ਆਪਣੀ ਟੋਲਦੀ,
ਜਿੱਧਰ ਵੀ ਨਜ਼ਰ ਹੈ ਜਾਂਵਦੀ, ਅੱਗੇ ਬੁਰੀ ਬਲਾ ਹੀ ਆਂਵਦੀ,
ਕਦੇ ਇੱਕ ਦੂਜੇ ਨੂੰ ਦੇਖ ਕੇ,ਚੜਦਾ ਸੀ ਬੜਾ ਈ ਚਾਅ।
ਚਲੋ ਏਕਾ ਕਰ ਲਈਏ ਲੇਖਕੋ .................................। 

ਮੈਂ-ਬਾਦ ਦਾ ਝੱਖੜ ਝੁੱਲਿਆ, ਬੰਦਾ ਮਾਇਆ 'ਤੇ ਡੁੱਲਿਆ,
ਸ਼ੈਤਾਨੀਅਤ ਦੇ ਵਸ ਪੈ ਕੇ, ਇਹ ਮਾਨਵਤਾ ਤਾਈਂ ਭੁੱਲਿਆ,
ਛਲ-ਕਪਟ ਏ ਫੁਲਿਆ-ਫਲਿਆ, ਤੇ ਸੱਚ ਪੈਰਾਂ 'ਚ ਰੁਲਿਆ,
ਇਸ ਚੰਦਰੀ ਦੁਨੀਆਂ ਨੂੰ, ਪਤਾ ਨਹੀਂ ਲੱਗੀ ਕਿਸ ਦੀ ਹਾਅ,
ਚਲੋ ਏਕਾ ਕਰ ਲਈਏ ਲੇਖਕੋ.................................।

ਸੜਕਾਂ 'ਤੇ ਕੀ ਕੁਝ ਹੋ ਰਿਹਾ, ਡੰਗਰ 'ਤੇ ਡੰਗਰ ਖਲੋ ਰਿਹਾ,
ਏਥੇ ਇਨਸਾਨੀਅਤ ਮਰ ਗਈ, ਹੈ ਖ਼ੂਨ ਮਨੱਖਤਾ ਚੋਅ ਰਿਹਾ,
ਏਥੇ ਮੁਰਦਾ ਲਾਸ਼ਾਂ ਚੱਲ ਰਹੀਆਂ, ਉਲਟੇ ਸੁਨੇਹੇ ਘੱਲ ਰਹੀਆਂ
ਨੀਂਦ ਗੂੜੀ ਸੁੱਤੇ ਜ਼ਮੀਰ ਨੂੰ, ਦੇਈਏ ਤਰਕ ਦੇ ਨਾਲ ਜਗਾ।
ਚਲੋ ਏਕਾ ਕਰ ਲਈਏ ਲੇਖਕੋ.................................। 

ਹੈ ਅਕਲਾਂ ਨੇ ਘਾਹ ਚਰ ਲਿਆ, ਐਸਾ ਕਿਸ ਕੋਲੋਂ ਵਰ ਲਿਆ,
ਗੁਰੂਆਂ ਦੀ ਬਾਣੀ ਭੁੱਲ ਕੇ,  ਲੋਕਾਂ ਕੂੜ ਪਹਾੜਾ ਪੜ੍ਹ ਲਿਆ, 
ਰਲਮਿਲ ਕੇ ਹੰਭਲਾ ਮਾਰੀਏ, ਤੇ ਕਪਟੀਆਂ ਤਾਈਂ ਵੰਗਾਰੀਏ,
ਰਲ ਇਕੱਠੇ ਹੋ ਕੇ ਚੱਲੀਏ, ਤਾਂ ਹੀ ਹੋਊਗਾ ਕੋਈ ਬਦਲਾਅ।
ਚਲੋ ਏਕਾ ਕਰ ਲਈਏ ਲੇਖਕੋ.................................।

ਹੁਣ ਕਲਮ ਦੇ ਉੱਤੇ ਡੋਰੀਆਂ, ਜ਼ਿੰਦਗੀ ਪੰਨਿਆਂ ਵਿਚ ਮੋਰੀਆਂ,
ਹੈ ਸਨੇਹ ਦਾ ਰਿਸ਼ਤਾ ਭੁੱਲਿਆ, ਲੋਕਾਂ ਰੀਤਾਂ ਉਲਟੀਆਂ ਤੋਰੀਆਂ,
ਬੇੜੀ ਜੀਵਨ ਦੀ ਡੁੱਬ ਰਹੀ, ਜ਼ਿੰਦਗੀ ਮਾਨਵ 'ਤੇ ਹੁੱਬ ਰਹੀ,
ਇਹ ਡੱਕੇ-ਡੋਲੇ ਖਾ ਰਹੀ, ਲੱਭ ਰਹੀ ਹੈ ਕੋਈ ਮੱਲਾਹ।
ਚਲੋ ਏਕਾ ਕਰ ਲਈਏ ਲੇਖਕੋ.................................।

ਆਓ ਰਲ ਕੇ ਕਲਮ ਚਲਾਈਏ, ਰੁੱਸੀ ਹੋਈ ਹੀਰ ਮਨਾਈਏ,
ਸਾਰੇ ਹੀ ਇਕ ਸਮਾਨ ਨੇ, ਇਹ ਦੁਨੀਆ ਤਾਈਂ ਸਮਝਾਈਏ,
ਪਰਸ਼ੋਤਮ ਇਸ ਸੱਚ ਨੂੰ ਜਾਣੀਏ, ਨਾ ਖਾਕ ਗੁਲਾਮੀ ਛਾਣੀਏ,
ਏਕੇ ਵਿਚ ਹੁੰਦੀਆਂ ਬਰਕਤਾਂ, ਨਾ 'ਕੱਲਾ ਹੁੰਦਾ ਕੋਈ ਸ਼ਾਹ।
ਚਲੋ ਏਕਾ ਕਰ ਲਈਏ ਲੇਖਕੋ.................................।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

author

Neha Meniya

Content Editor

Related News