ਭਾਰਤ-ਚੀਨ ਜੰਗ ਦੇ ਇਕ ਫੌਜੀ ਦੀ ਬੇਮਿਸਾਲ ਗਾਥਾ

5/1/2020 5:44:20 PM

ਸਤਵੀਰ ਸਿੰਘ ਚਾਨੀਆਂ 
9256973526

" ਜੀ ਜਨਾਬ ਮੈਂ ਸੂਬੇਦਾਰ ਗੁਰਦਿਆਲ ਸਿੰਘ ਵਲਦ ਸੁੰਦਰ ਸਿੰਘ ਪਿੰਡ ਹੁਸੈਨ-ਆਬਾਦ ਤਹਿ:ਨਕੋਦਰ ਜ਼ਿਲਾ ਜਲੰਧਰ ਬੋਲ ਰਿਹੈਂ। ਮੇਰਾ ਜਨਮ 2 ਨਵੰਬਰ 1930 ਸਰਕਾਰੀ ਰਿਕਾਰਡ ਮੁਤਾਬਕ ਹੈ ਪਰ ਬੇਬੇ ਦਸਦੀ ਹੁੰਦੀ ਸੀ ਕਿ ਮੇਰਾ ਜਨਮ ਇਸ ਤੋਂ 5 ਕੁ ਵਰ੍ਹੇ ਪਹਿਲਾਂ ਦਾ ਹੈ ਜਦ 'ਕਾਲੀ ਲਹਿਰ ਸਿਖਰ ’ਤੇ ਸੀ। ਇਸੇ ਕਰਕੇ ਮੇਰਾ ਛੋਟਾ ਨਾਮ ਕਾਲੀ ਪੈ ਗਿਆ। 2 ਭੈਣਾਂ ਤੇ 6 ਭਾਈਆਂ 'ਚ ਮੇਰਾ 5ਵਾਂ ਨੰ: ਹੈ। ਪਿਤਾ ਜੀ ਪਿੰਡ 'ਚ ਹੀ ਹਿਕਮਤ ਦੀ ਦੁਕਾਨ ਕਰਨ ਦੇ ਨਾਲ-ਨਾਲ ਰਾਗੀ ਜਥਾ ਬਣਾ ਕੇ ਰਾਗੀਪੁਣਾ ਵੀ ਕਰਦੇ ਸਨ। ਇਸ ਤਰ੍ਹਾਂ ਘਰ ਦਾ ਗੁਜ਼ਾਰਾ ਸੋਹਣਾ ਚੱਲੀ ਜਾਂਦਾ ਸੀ।

ਮੁੱਢਲੀ ਸਿੱਖਿਆ ਮੈਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕਰਨ ਉਪਰੰਤ ਘਰ ਹੀ ਕੰਮਾਂ ਕਾਰਾਂ ਵਿਚ ਹੱਥ ਵਟਾਉਂਦਾ ਰਿਹਾ। 47 ਦੇ ਰੌਲੇ ਖਤਮ ਹੋਣ ਉਪਰੰਤ ਕੁਝ ਸ਼ਾਂਤੀ ਹੋਈ ਤਾਂ ਮੈਂ ਵੀ ਡਾਹਢਾ ਜੁਆਨ ਨਿੱਕਲ ਆਇਆ ਸਾਂ। ਮਹਿੰਦਰ ਸਿੰਘ ਨਾਮੇ ਮੇਰੇ ਪਿੰਡ ਦਾ ਇਕ ਬੰਦਾ ਫੌਜੀ ਸੀ। ਉਸੇ ਨੇ ਮੈਨੂੰ ਫੌਜ 'ਚ ਭਰਤੀ ਹੋਣ ਲਈ ਉਤਸ਼ਾਹਤ ਕੀਤਾ। ਇਹ ਵਾਕਿਆ 1949 ਦਾ ਹੈ। ਉਸ ਵਕਤ ਕੈਪਟਨ ਮੱਲ ਸਿੰਘ ਨਾਮੇ ਅਫਸਰ ਨੇ ਫਿਰੋਜਪੁਰ ਸ਼ਾਡੀ ਭਰਤੀ ਕੀਤੀ। ਕੁਝ ਸਮਾਂ ਉਥੇ ਰਹਿ ਕੇ ਹੀ ਸਿਖਲਾਈ ਪਰਾਪਤ ਕਰਨ ਉਪਰੰਤ 1951 'ਚ ਸਾਨੂੰ ਮੇਰਠ ਛਾਉਣੀ ਲਈ ਬਦਲ ਦਿੱਤਾ ਗਿਆ। 11 ਨਵੰਬਰ 1954 ਨੂੰ ਮੈਂਨੂੰ ਪੇਟੀ ਨੰ:4432858 ਤਹਿਤ ਰੈਗੂਲਰ ਕਰਕੇ ਸਿੱਖ ਲਾਈਟ ਇਨਫੈਂਟਰੀ 'ਚ ਭੇਜ ਦਿੱਤਾ ਗਿਆ।
ਇਸ ਉਪਰੰਤ ਥੋੜਾ-ਥੋੜਾ ਸਮਾਂ ਮੀਰਾ ਸਹਿਬ, ਲਖਨਊ ਅਤੇ ਇਲਾਹਾਬਾਦ ਛਾਉਣੀਆਂ ਵਿਚ ਮੁਲਾਜਮਤ ਕੀਤੀ। ਕਰੀਬ ਸਾਢੇ ਤਿੰਨ ਸਾਲ ਬਾਅਦ ਲਾਂਸ ਨਾਇਕ ਦੀ ਤਰੱਕੀ ਦੇ ਕੇ ਕੋਹੀਮਾ ਫਿਰ ਅੰਬਾਲਾ ਕੈਂਟ ਤਬਦੀਲ ਕਰ ਦਿੱਤਾ ਗਿਆ। 1961 ਵਿਚ ਪੁਰਤਗਾਲੀਆਂ ਖਿਲਾਫ ਗੋਆ ਦੀ ਜੰਗ ਲੜੀ। ਇਥੋਂ ਹਿਮਾਚਲ ਦੀਆਂ ਪਹਾੜੀਆਂ ਦੇ ਡਿਕਸ਼ਈ ਸਟੇਸ਼ਨ-ਇਥੋਂ ਚੀਨ ਨਾਲ ਜੰਗ ਲੱਗਣ ਤੇ ਸਿੱਕਮ ਦੀਆਂ ਸ਼ੀਲਾ ਪਹਾੜੀਆਂ 'ਚ ਤਬਦੀਲ ਕਰ ਦਿੱਤਾ ਗਿਆ।

ਇਥੇ ਅਸੀਂ ਬਹੁਤ ਦੁੱਖ ਝੱਲਿਆ। ਗੋਲਾ ਬਾਰੂਦ, ਖਾਧ ਸਮੱਗਰੀ ਅਤੇ ਪਹੁੰਚ ਸਾਧਨਾ ਦੀ ਕਮੀ। 2 ਕੁ ਮਹੀਨੇ ਇਸੇ ਮੁਹਾਜ ’ਤੇ ਰਹੇ। ਰੁੱਕ-ਰੁੱਕ ਮੁੱਠ ਭੇੜਾਂ ਹੋਣ। ਸਾਡਾ ਅਸਲਾ ਅਤੇ ਮੋਰਚਾਬੰਦੀ ਚੀਨੀਆਂ ਦੇ ਮੁਕਾਬਲੇ ਦਾ ਨਹੀਂ ਸੀ। ਪਿੱਛਿਓਂ ਗੋਲਾ ਬਾਰੂਦ-ਖਾਧ ਸਮੱਗਰੀ ਆਉਣੀ ਵੀ ਬੰਦ ਹੋ ਗਈ। 9 ਦਿਨ ਦਰੱਖਤਾਂ ਦੇ ਪੱਤੇ ਖਾ ਅਤੇ ਨਾਲੇ ਦਾ ਪਾਣੀ ਪੀ ਕੇ ਕੱਢੇ। ਨੇੜੇ-ਤੇੜੇ ਨਾ ਕੋਈ ਪਿੰਡ ਅਤੇ ਨਾ ਵਸੋਂ, ਜਿੱਥੋਂ ਕੋਈ ਮਦਦ ਲੈ ਸਕੀਏ। ਅਸੀਂ ਕੁੱਲ 45 ਫੌਜੀ ਸਾਂ। ਕੁਝ ਮਾਰੇ ਗਏ ਤੇ ਕੁਝ ਰਸਤਾ ਭਟਕ ਕੇ ਵਿੱਛੜ ਗਏ। ਮੇਰੇ ਨਾਲ ਕੁਝ 9 ਫੌਜੀ ਸਨ। 2-3 ਪੰਜਾਬੀ ਤੇ ਬਾਕੀ ਗੜ੍ਹਵਾਲੀਏ। ਸੱਭ ਥੱਕੇ, ਭੁੱਖੇ ਹਾਲੋਂ ਬੇ ਹਾਲ ਹੋਏ। ਸੋਚੀਏ ਹੁਣ ਕਿਵੇਂ ਹੋਵੇ।

ਗੜ੍ਹਵਾਲੀਏ ਤਾਂ ਭੁੱਖ ਦਾ ਵਾਸਤਾ ਪਾ ਕੇ ਮੈਦਾਨ ਛੱਡ ਗਏ। ਹਾਲੇ ਕੁਝ ਕੁ ਦੂਰੀ ’ਤੇ ਹੀ ਗਏ ਸਨ ਕਿ ਮੋਹਰਿਓਂ ਚੀਨੀ ਫੌਜੀਆਂ ਨੇ ਫਇਰ ਖੋਲ ਦਿੱਤੇ। ਤਾਂ ਉਹ ਮੁੜ ਸਾਡੇ ਵੱਲ ਭੱਜ ਆਏ। ਮਗਰ ਹੀ ਉਨ੍ਹਾਂ ਦੇ ਚੀਨੀ ਫੌਜੀ ਆ ਗਏ। ਉਨ੍ਹਾਂ ਸਾਨੂੰ ਸਾਰਿਆਂ ਨੂੰ ਹੀ ਘੇਰੇ ਵਿਚ ਲੈ ਲਿਆ। ਸਾਡੇ ਪਾਸ ਅਸਲਾ ਤਾਂ ਪਹਿਲੋਂ ਹੀ ਖਤਮ ਹੋ ਚੁੱਕਾ ਸੀ ਅਤੇ ਅਸੀਂ ਭੁੱਖ ਅਤੇ ਥਕਾਵਟ ਦੇ ਵੀ ਸਤਾਏ ਹੋਏ ਸਾਂ। ਸੋ ਅਸੀਂ ਮੁਕਾਬਲਾ ਨਾ ਕਰ ਸਕੇ। ਉਨ੍ਹਾਂ ਸਾਨੂੰ ਲਾਇਨ ਵਿਚ ਖੜ੍ਹਾ ਕਰ ਲਿਆ ਤੇ ਲੱਗੇ ਗੋਲੀ ਮਾਰਨ। ਓੋਧਰੋਂ ਉਨ੍ਹਾਂ ਦਾ ਅਫਸਰ ਭੱਜਾ ਆਇਆ ਅਤੇ ਦੂਰੋਂ ਹੀ ਉਨ੍ਹਾਂ ਨੂੰ ਗੋਲੀ ਮਾਰਨ ਤੋਂ ਰੋਕਿਆ। ਇਸ ਤਰਾਂ ਅਸੀਂ ਮੌਤ ਤੋਂ ਤਾਂ ਬਚ ਰਹੇ ਪਰ ਉਹ ਸਾਨੂੰ ਕੈਦ ਕਰ ਕੇ ਚੀਨ ਵੱਲ ਲੈ ਗਏ।

1-2 ਦਿਨ ਉਨ੍ਹਾਂ ਸਾਨੂੰ ਆਰਜੀ ਜੇਲ/ ਕੈਂਪ ਵਿਚ ਰੱਖਿਆ, ਜਿੱਥੇ ਦਿਨ ਵਿਚ ਕੇਵਲ ਇਕ ਬਾਰ ਚੌਲਾਂ ਦੀ ਬਾਟੀ ਤੇ ਪਾਣੀ ਦਾ ਕਟੋਰਾ ਪੀਣ ਲਈ ਦਿੱਤਾ ਜਾਂਦਾ ਸੀ। ਮੈਂ ਤੇ ਭੁੱਖ ਅਤੇ ਬੇਚੈਨੀ ਨਾਲ ਬੇਹੋਸ਼ ਹੋ ਗਿਆ। ਬੇਹੋਸ਼ੀ ਵਿਚ ਹੀ ਮੈਨੂੰ ਕੁਝ ਸੁਰਤ ਆਈ ਤਾਂ ਕੀ ਦੇਖਦਾ ਹਾਂ ਕਿ ਮੈਨੂੰ ਇਕ ਖੂਬਸੂਰਤ ਚੀਨੀ ਫੌਜਣ ਨਰਸ ਨੇ ਬੱਚਿਆਂ ਵਾਂਗ ਘਨੇੜੀ ਚੁੱਕਿਆ ਹੋਇਐ, ਜੋ ਸ਼ਾਇਦ ਕਿਧਰੇ ਹਸਪਤਾਲ ਵੱਲ ਲਿਜਾ ਰਹੀ ਹੈ। ਮੈਂ ਕੁਝ ਦਿਨ ਹਸਪਤਾਲ ਵਿਚ ਰਿਹਾ। ਦੁੱਖ ਬਹੁਤ ਝੱਲਿਆ ਹਾਸਾ ਵੀ ਆਵੇ, ਕਿਓਂ ਜੋ ਉਹ ਸਾਡੀ ਬੋਲੀ ਨਾ ਸਮਝਣ ਅਤੇ ਸਾਨੂੰ ਉਨ੍ਹਾਂ ਦੀ ਬੋਲੀ ਸਮਝ ਨਾ ਪਏ।

ਅਖੀਰ ਗੱਡੀ ਹੌਲੀ-ਹੌਲੀ ਲੀਹੇ ਆ ਗਈ। ਜੰਗ ਖਤਮ ਹੋਈ ਤਾਂ ਭਾਰਤੀ ਫੌਜ ਦੀ ਤਰਫੋਂ 3-4 ਮਹੀਨੇ ਬਾਅਦ ਸ਼ਹੀਦ ਅਤੇ ਲਾਪਤਾ ਹੋਏ ਫੌਜੀਆਂ ਦੀ ਲਿਸਟ ਜਾਰੀ ਕੀਤੀ ਗਈ । ਮੇਰਾ ਨਾਮ ਲਾਪਤਾ ਹੋਏ ਫੌਜੀਆਂ ਦੀ ਨਸ਼ਰ ਕੀਤੀ ਗਈ ਲਿਸਟ ਵਿਚ ਸ਼ੁਮਾਰ ਸੀ। 6 ਕੁ ਮਹੀਨੇ ਲੰਘਣ ਉਪਰੰਤ ਮੇਰੇ ਘਰਦਿਆਂ ਅਤੇ ਨਾਦਾਨ ਪੇਂਡੂ ਭਰਾਵਾਂ ਮੈਨੂੰ ਮਰਿਆ ਸਮਝ ਕੇ ਕਿਰਿਆ ਕਰਮ ਸਮੇਟਣ ਦੀ ਕੀਤੀ। ਮਕਾਣਾ ਢੁੱਕੀਆਂ ਤੇ ਮਰਗ ਦਾ ਭੋਗ ਵੀ ਪਾ ਦਿੱਤਾ ਗਿਆ। ਤਹਿਸੀਲਦਾਰ ਨਕੋਦਰ ਮੇਰੇ ਘਰ ਅਫਸੋਸ ਲਈ ਆਇਆ। ਮੇਰੀ ਪਤਨੀ ਲਈ ਸਿਲਾਈ ਮਸ਼ੀਨ, ਬੱਚਿਆਂ ਲਈ ਖਡੌਣੇ ਤੇ ਕੁਝ ਮਾਇਕ ਮਦਦ ਵੀ ਦੇ ਗਿਆ। ਇਸ ਤਰਾਂ ਮੇਰੇ ਘਰਦਿਆਂ ਅਤੇ ਗਰਾਈਆਂ ਨੂੰ ਮੇਰੀ ਮੌਤ ਦੀ ਪੱਕੀ ਹੋ ਗਈ। ਹੁਣ ਮੇਰੇ ਘਰ ਵਾਲੀ ਸਵਰਨ ਕੌਰ ਨੂੰ ਮੇਰੇ ਛੋਟੇ ਭਾਈ, ਜੋ ਕਿ ਹਾਲੇ ਤੱਕ ਅਣ-ਵਿਆਹਿਆ ਸੀ ਦੇ ਬਿਠਾਲਣ ਦੀਆਂ ਸ਼ਬੀਲਾਂ ਹੋਣ ਲੱਗੀਆਂ। ਭਾਈਚਾਰੇ ਵਲੋਂ ਬਾਰ-ਬਾਰ ਜੋਰ ਪਾਉਣ ’ਤੇ ਵੀ ਮੇਰੀ ਪਤਨੀ ਨਾ ਮੰਨੀ।

ਇਕ ਸਾਲ ਗੁਜਰ ਜਾਣ ਤੋਂ ਬਾਅਦ ਮੈਂ ਚੀਨੀ ਜੇਲ੍ਹ ਵਿੱਚੋਂ ਘਰਦਿਆਂ ਨੂੰ ਚਿੱਠੀ ਲਿਖੀ ਪਰ ਉਨ੍ਹਾਂ ਨੇ ਮੇਰੀ ਚਿੱਠੀ ’ਤੇ ਵਿਸ਼ਵਾਸ ਨਾ ਕੀਤਾ। ਉਂਝ ਹੀ ਕਿਸੇ ਦੀ ਸ਼ਰਾਰਤ ਸਮਝ ਲਿਆ।

2-3 ਮਹੀਨੇ ਜਵਾਬ ਉਡੀਕਣ ਉਪਰੰਤ ਮੈਂ ਇਕ ਹੋਰ ਚਿੱਠੀ ਆਪਣੇ ਘਰ ਲਿਖੀ। ਉਹ ਚਿੱਠੀ ਮਿਲਣ ’ਤੇ ਘਰਦਿਆਂ ਨੂੰ ਮੇਰੇ ਜ਼ਿੰਦਾ ਹੋਣ ਦੀ ਕੁਝ ਆਸ ਬੱਝੀ। ਓਧਰ ਭਾਰਤ ਸਰਕਾਰ ਦੀ ਤਰਫੋਂ ਵੀ ਚੀਨ ਵਿਚ ਕੈਦ ਭਾਰਤੀ ਫੌਜੀਆਂ ਦੀ ਇਕ ਲਿਸਟ ਨਸ਼ਰ ਕੀਤੀ ਗਈ, ਜਿਸ ਨੂੰ ਪੜ੍ਹ ਕੇ ਮੇਰੇ ਘਰਦਿਆਂ ਨੂੰ ਮੇਰੇ ਜ਼ਿੰਦਾ ਹੋਣ ਦਾ ਪਤਾ ਲੱਗਾ। 1964 ਵਿਚ ਸ਼੍ਰੀ ਲੰਕਾ ਦੇ ਰਾਸ਼ਟਰਪਤੀ ਬੀਬੀ ਭੰਡਾਰਨਾਇਕੇ ਦੀ ਵਿਚੋਲਗੀ ਨਾਲ ਕੈਦੀਆਂ ਦਾ ਅਦਾਨ ਪਰਦਾਨ ਹੋਇਆ ਤਾਂ ਸਾਡੀ ਵੀ ਖਲਾਸੀ ਹੋਈ।
                         ਚੀਨੀ ਦਸਤਾ ਸਾਨੂੰ ਖਾਗੋ ਕੌਂਪਾ ਦੁਆਂਗ ਨਾਲਾ ਪਾਸ ਛੱਡ ਗਿਆ, ਜਿੱਥੋਂ ਸਾਨੂੰ ਭਾਰਤੀ ਫੌਜ ਰਾਮਗੜ੍ਹ ਤੇ ਇਥੋਂ ਕਾਗਜ਼ੀ ਕਾਰਵਾਈ ਕਰਕੇ ਦਿੱਲੀ ਲੈ ਗਏ। ਦਿੱਲੀਓਂ ਗੱਡੀ ਫੜ੍ਹ ਅਸੀਂ ਜਲੰਧਰ ਅਤੇ ਜਲੰਧਰੋਂ ਨਕੋਦਰ ਵਾਲੀ ਗੱਡੀ ਫੜ੍ਹ ਸ਼ੰਕਰ ਸਟੇਸ਼ਨ ’ਤੇ ਜਾ ਉੱਤਰੇ। ਸਟੇਸ਼ਨ ਤੋਂ ਤਾਂਗਾ ਕਰ ਲਿਆ ਪਿੰਡ ਦਾ। ਜਦ ਤਾਂਗਾ ਪਿੰਡ ਦੇ ਬਾਹਰ ਬਾਰ ਪਹੁੰਚਾ ਤਾਂ ਸਭ ਤੋਂ ਪਹਿਲਾਂ ਗੋਹਾ ਸੁੱਟਣ ਆਈ ਸਾਡੀ ਗੁਆਂਡੀ ਚਾਚੀ ਬਸੰਤ ਕੌਰ ਨੇ ਮੈਨੂੰ ਦੇਖ ਕੇ ਬੋਲਿਆ,"ਵੇਹ ਭਾਈ ਤੂੰ ਕਾਲੀ ਐਂ" ਮੈਂ ਕਿਹਾ ਹਾਂ ਚਾਚੀ ਮੱਥਾ ਟੇਕਦੈਂ। ਉਸ ਨੇ ਮੇਰਾ ਕੋਈ ਜਵਾਬ ਨਾ ਦਿੱਤਾ। ਟਾਂਗੇ ਦੇ ਨਾਲ-ਨਾਲ ਰੋਂਦੀ ਹੋਈ ਭੱਜੀ ਜਾਵੇ ਨਾਲੇ ਆਂਡ-ਗੁਆਂਢ ਹਾਕਾਂ ਮਾਰਦੀ ਜਾਵੇ,"ਨੀ ਅਮਰੋ,ਨੀ ਕੁਛੱਲਿਆ, ਵੇ ਚਾਚਾ ਆਹ ਦੇਖ ਕਾਲੀ ਆਇਆ, ਨੀ ਬਿੰਬੋ ਕਾਲੀ ਜ਼ਿੰਦਾ ਐ ਹਾਲੇ।"ਮੇਰੇ ਜ਼ਿੰਦਾ ਹੋਣ ਅਤੇ ਪਿੰਡ ਪਹੁਚਣ ਦੀ ਖਬਰ ਮਾਨੋ ਸਾਰੇ ਪਿੰਡ ਵਿਚ ਖੰਬਾਂ ਦੀਆਂ ਡਾਰਾਂ ਬਣ ਕੇ ਉੱਡ ਗਈ। ਸਾਰਾ ਪਿੰਡ ਗਲੇ ਆਣ ਮਿਲਿਆ। ਰੋਈ ਵੀ ਜਾਣ ਹੱਸੀ ਵੀ ਜਾਣ।ਮੇਰੀ ਪਤਨੀ ਨੂੰ ਤਾਂ ਏਨਾਂ ਅਚੰਬਾ ਹੋਇਆ ਕਿ ਦੰਦਲ ਹੀ ਪੈ ਗਈ। ਇਕ ਵਡੇਰੀ ਉਮਰ ਦਾ ਬਜ਼ੁਰਗ ਮੈਨੂੰ ਜੱਫੀ ਵਿਚ ਲੈ ਕੇ ਬੋਲਿਆ,"ਤੂੰ ਤੇ ਬੱਲਿਆ ਦੇਸ਼ ਦਾ ਜ਼ਿੰਦਾ ਸ਼ਹੀਦ ਹੋਇਆ।"

ਮੈਂ 2 ਕੁ ਮਹੀਨੇ ਪਿੰਡ ਰਿਹਾ, ਉਪਰੰਤ ਮੁੜ ਰਾਮਗੜ੍ਹ ਡਿਉਟੀ ’ਤੇ ਜਾ ਹਾਜ਼ਰ ਹੋਇਆ। ਸੋਲਨ, ਅੰਬਾਲਾ ਕੈਂਟ ਰਹਿਣ ਉਪਰੰਤ 1965 'ਚ ਪਾਕਿ: ਨਾਲ ਲੱਗੀ ਲੜਾਈ ਵਿਚ ਖੇਮਕਰਨ ਮੁਹਾਜ ਤੇ ਜੰਗ ਵਿਚ ਹਿੱਸਾ ਲਿਆ। ਇਥੇ ਘਮਸਾਣ ਦੀ ਲੜਾਈ ਜਨਰਲ ਹਰਬਖਸ਼ ਸਿੰਘ ਲਾਟਾ ਦੀ ਕਮਾਂਡ ਹੇਠ ਲੜੀ। 1969 ਵਿਚ ਮੈਂ ਪੈਂਨਸ਼ਨ ਆ ਗਿਆ। ਇਸ ਉਪਰੰਤ ਰਾਸ਼ਟਰਪਤੀ ਵੀ.ਵੀ. ਗਿਰੀ ਸਾਹਿਬ ਦੀ ਤਰਫੋਂ ਸੈਨਿਕ ਭਲਾਈ ਦਫਤਰ ਜਲੰਧਰ ਰਾਹੀਂ ਰਾਸਟਰਪਤੀ ਮੈਡਲ ਅਤੇ ਨਾਇਬ-ਸੂਬੇਦਾਰ ਦੀ ਉਪਾਧੀ ਹਾਸਿਲ ਹੋਈ।ਕੁੱਝ ਸਮਾਂ ਬਾਅਦ ਸਿੱਖਿਆ ਵਿਭਾਗ ਵਿੱਚ ਸੇਵਾਦਾਰ ਦੀ ਨੌਕਰੀ ਮਿਲ ਗਈ। ਬਹੁਤਾ ਸਮਾਂ ਗੁਆਂਡੀ ਪਿੰਡ ਲਿੱਤਰਾਂ ਦੇ ਸਕੂਲ ਵਿਚ ਹੀ ਮੁਲਾਜ਼ਮਤ ਕੀਤੀ।ਇਥੋਂ ਹੀ 1990 ਵਿਚ ਪੈਂਨਸ਼ਨ ਹੋਇਆਂ।ਸੱਬੋ ਧੀਆਂ,ਨੂੰਹਾਂ ਪੁੱਤਰ ਨੇਕਬਖਤ ਤੇ ਤਾਲੀਮਯਾਫਤਾ ਨੇ।ਸਰਕਾਰੀ ਟੀਚਰ ਨੇ। ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰਾ ਫਿੱਟ ਹਾਂ। ਦੋਹੀਂ ਵੇਲੇ ਪਰਮਾਤਮਾਂ ਦਾ ਨਾਂ ਲਈਦਾ ਹੈ। ਹੁਣ ਤੱਕ ਚੜ੍ਹਦੀ ਕਲਾ ਵਿਚ ਹਾਂ...ਆਜ ਤੋਂ ਐਸ਼ ਸੇ ਗੁਜ਼ਰਤੀ ਹੈ ਅਪਨੀ ਔਰ ਕੱਲ ਕੀ ਮੇਰੀ ਬਲਾ ਜਾਨੇ.......।
                              ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur