ਹੈਲੋ ਜ਼ਿੰਦਗੀ : ‘ਚਿੰਤਾ ਅਤੇ ਤਣਾਅ ਭਰਪੂਰ’

07/17/2020 4:49:06 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫ਼ਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ। ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਚੌਥੀ ਕੜੀ।

ਪ੍ਰੇਰਕ ਪ੍ਰਸੰਗ - 4

ਇਹ ਗੱਲ ਸਰਵ ਪ੍ਰਵਾਨਿਤ ਹੈ ਕਿ ਮਨੁੱਖੀ ਜ਼ਿੰਦਗੀ ਚਿੰਤਾ ਅਤੇ ਤਣਾਅ ਤੋਂ ਮੁਕਤ ਨਹੀਂ ਹੋ ਸਕਦੀ - ਚਾਹੇ ਅਸੀਂ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਈਏ। ਕਿੰਨੀਆਂ ਵੀ ਸੁੱਖ-ਸਹੂਲਤਾਂ ਕਿਉਂ ਨਾ ਇਕੱਠੀਆਂ ਕਰ ਲਈਏ। ਮਨੁੱਖ ਤਾਂ ਮਨੁੱਖ, ਪਸ਼ੂ-ਪੰਛੀ ਵੀ ਚਿੰਤਾ ਅਤੇ ਤਣਾਅ ਤੋਂ ਮੁਕਤ ਨਹੀਂ ਹੁੰਦੇ। ਉਨ੍ਹਾਂ ਉੱਤੇ ਵੀ ਪੇਟ, ਪ੍ਰਜਣਨ ਅਤੇ ਰਹਿਣ ਬਸੇਰੇ ਦਾ ਪ੍ਰਬੰਧ ਕਰਨ ਦਾ ਦਬਾਅ ਸਾਰੀ ਉਮਰ ਰਹਿੰਦਾ ਹੈ। ਸੋ, ਇਹ ਉਮੀਦ ਹੀ ਨਹੀਂ ਕਰਨੀ ਚਾਹੀਦੀ ਕਿ ਅਸੀਂ ਚਿੰਤਾ ਕੀਤੇ ਬਿਨਾ ਜ਼ਿੰਦਗੀ ਬਤੀਤ ਕਰ ਸਕਣ ਯੋਗ ਹੋਈਏ।

ਭੋਜਨ ਇੰਡਸਟਰੀ ਨਾਲ ਜੁੜੀਆਂ ਇਹ ਖਾਸ ਗੱਲਾਂ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ, ਜਾਣੋ ਕਿਉਂ

ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਇਹ ਚਿੰਤਾ ਬਰਦਾਸ਼ਤ-ਸੀਮਾ ਤੋਂ ਪਾਰ ਲੰਘ ਜਾਂਦੀ ਹੈ। ਰੋਜ਼ਾਨਾ ਦੇ ਕੰਮਾਂ ਉੱਪਰ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ, ਭੁੱਖ ਵਧ ਜਾਂ ਘਟ ਜਾਂਦੀ ਹੈ, ਨੀਂਦ ਜਾਂ ਤਾਂ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਹੈ, ਜਾਂ ਉੱਡ ਗਈ ਜਾਪਦੀ ਹੈ। ਅਜਿਹੀ ਸਥਿਤੀ ਵਿੱਚ ਬਿਨਾ ਕੋਈ ਦਵਾ-ਦਾਰੂ ਲਿਆਂ ਰਾਤ ਨੂੰ ਸੌਣ 'ਚ ਦਿੱਕਤ ਆ ਸਕਦੀ ਹੈ। ਕਿਸੇ ਦੀ ਗੱਲ ਸੁਣ ਕੇ ਅਚਾਨਕ ਹੀ ਭੜਕ ਪੈਣਾ, ਚੀਜ਼-ਵਸਤ ਰੱਖ ਕੇ ਭੁੱਲ ਜਾਣਾ, ਗੱਲਾਂ ਕਰਦੇ-ਕਰਦੇ ਭੁੱਲ ਜਾਣਾ ਕਿ ਕੀ ਗੱਲ ਕਰਨ ਲਈ ਗੱਲਾਂ ਦੀ ਲੜੀ ਤੋਰੀ ਸੀ - ਸ਼ੁਰੂਆਤੀ ਲੱਛਣ ਹੋ ਸਕਦੇ ਹਨ।

ਇੱਛਾ ਅਨੁਸਾਰ ਰੋਜ਼ਗਾਰ ਲੱਭਣ ਵਿੱਚ ਅਸਫਲਤਾ, ਕਾਰੋਬਾਰ ਵਿੱਚ ਪਿਆ ਘਾਟਾ, ਕੰਮ ਦੇ ਸਥਾਨ 'ਤੇ ਲਗਾਤਾਰ ਸਬੰਧਾਂ ਦਾ ਖਰਾਬ ਰਹਿਣਾ, ਕਿਸੇ ਨੇੜਲੇ ਦੁਆਰਾ ਦੂਰੀ ਬਣਾ ਲੈਣਾ, ਕਿਸੇ ਆਪਣੇ ਦਾ ਅਜਿਹਾ ਕੋਈ ਕਥਨ, ਜਿਸ ਦਾ ਅਸੀਂ ਨਾ ਤਾਂ ਕੋਈ ਮੋੜਵਾਂ ਅਤੇ ਬਰਾਬਰ ਚੁਭਣ ਵਾਲਾ ਜਵਾਬ ਦੇ ਸਕੀਏ ਅਤੇ ਨਾ ਹੀ ਉਸ ਨੂੰ ਦਿਮਾਗ਼ 'ਚੋਂ ਕੱਢ ਸਕੀਏ। ਪ੍ਰੇਮ ਸਬੰਧਾਂ ਵਿੱਚ ਅਸਫਲਤਾ ਜਾਂ ਵਿਛੋੜਾ, ਸਮਾਜਕ ਪ੍ਰਣਾਲੀ ਦੀ ਚੱਲ ਰਹੀ 'ਮਸ਼ੀਨ' ਵਿੱਚ ਆਪਣੇ-ਆਪ ਨੂੰ 'ਫਿੱਟ' ਨਾ ਮਹਿਸੂਸ ਕਰਨਾ, ਕੋਈ ਅਸਾਧ ਬੀਮਾਰੀ ਜਾਂ ਅਪੰਗਤਾ ਅਤੇ ਜਾਂ ਫਿਰ ਅਸਾਵੇਂ ਸਮਾਜਕ ਹਾਲਾਤ (ਜਿਵੇਂ ਅੱਜ ਕੋਰੋਨਾ ਮਹਾਮਾਰੀ ਕਾਰਨ ਬਣੇ ਹੋਏ ਨੇ) ਅਜਿਹੀ ਮਾਨਸਿਕ ਸਥਿਤੀ ਪੈਦਾ ਕਰ ਸਕਦੇ ਨੇ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਵਡੇਰੀ ਉਮਰ ਦੇ ਵਿਅਕਤੀ ਇਹ ਸੋਚ ਕੇ ਜ਼ਿੰਦਗੀ ਦਾ ਭਾਰ ਢੋਂਦੇ ਤੁਰੀ ਜਾਂਦੇ ਹਨ ਕਿ ਜਿਸ ਤਰ੍ਹਾਂ ਪਹਿਲੀ ਜ਼ਿੰਦਗੀ ਨਿੱਕਲ ਗਈ। ਉਸੇ ਤਰ੍ਹਾਂ ਬਾਕੀ ਰਹਿੰਦੀ ਜ਼ਿੰਦਗੀ ਔਖੀ-ਸੌਖੀ ਨਿੱਕਲ ਜਾਊ ਪਰ ਨੌਜਵਾਨਾਂ ਵਿੱਚ ਅਜਿਹੀ ਮਾਨਸਿਕ ਸਥਿਤੀ ਦੇ ਜ਼ਿਆਦਾ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਨੌਜਵਾਨਾਂ ਨੇ ਜ਼ਿੰਦਗੀ ਦੇ ਤਜ਼ਰਬੇ ਬਹੁਤੇ ਨਹੀਂ ਦੇਖੇ ਹੁੰਦੇ, ਉਹ ਆਦਰਸ਼ਵਾਦੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਕੁਝ ਉਹ ਸੋਚਦੇ ਜਾਂ ਚਾਹੁੰਦੇ ਹਨ ਉਹੀ ਪਰਮ ਸਚਾਈ ਹੈ। ਦੂਜਾ - ਕਿਸੇ ਅਸਫਲਤਾ ਉਪਰੰਤ ਜਾਂ ਕੋਈ ਰਿਸ਼ਤਾ ਟੁੱਟਣ 'ਤੇ ਉਹ ਕਈ ਵਾਰੀ ਸੋਚ ਬੈਠਦੇ ਹਨ ਕਿ ਹੁਣ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇ। ਅਜਿਹੇ ਵਿੱਚ ਨੌਜਵਾਨ ਆਪਣੀ ਜਾਂ ਕਿਸੇ ਦੀ ਜ਼ਿੰਦਗੀ ਲੈਣ ਤੱਕ ਅੱਪੜ ਸਕਦੇ ਹਨ।

ਅਜਿਹੀ ਤਣਾਅ ਭਰਪੂਰ ਜ਼ਿੰਦਗੀ ਤੋਂ ਬਚਣ ਦਾ ਸਭ ਤੋਂ ਕਾਰਗਰ ਉਪਾਅ ਹੈ - ਆਪਣੇ ਆਪ ਨੂੰ 'ਖੋਜਣਾ'। ਜ਼ਰਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ ਹੈ, ਅਸੀਂ ਆਪਣੇ ਅੰਦਰ ਛੁਪੀਆਂ ਕਈ ਕਮਜ਼ੋਰੀਆਂ ਅਤੇ ਖੂਬੀਆਂ ਨੂੰ ਲੱਭ ਸਕਦੇ ਹਾਂ। ਇਸ ਉਪਰੰਤ ਉਪਰਾਲਾ ਹੋਵੇ ਕਿ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਸੱਚੇ ਮਨੋਂ ਕੋਸ਼ਿਸ਼ ਕਰਨੀ ਹੈ (ਕਮਜ਼ੋਰੀਆਂ ਦੂਰ ਹੋਣ ਜਾਂ ਨਾ, ਇਸ ਨਾਲੋਂ ਕਿਤੇ ਵੱਧ ਜ਼ਰੂਰੀ ਹੈ ਕਿ ਤੁਸੀਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕਿੰਨੇ ਕੁ ਗੰਭੀਰ ਯਤਨ ਕੀਤੇ)। ਠੀਕ ਹੈ ਕਿ ਤੁਸੀਂ ਸਮਾਜ ਤੋਂ ਪੂਰੀ ਤਰ੍ਹਾਂ ਕਟ ਕੇ ਜਿਉਂ ਨਹੀਂ ਸਕੋਗੇ ਪਰ ਇਹ ਵੀ ਕਿੱਥੇ ਲਿਖਿਐ ਕਿ ਸਮਾਜ ਅਨੁਸਾਰ ਜਿਉਂਦੇ-ਜਿਉਂਦੇ ਤੁਸੀਂ ਆਪਣੇ ਆਪ ਤੋਂ ਹੀ ਕਟ ਜਾਵੋ। ਯਾਦ ਰੱਖੋ ਸਾਰਿਆਂ ਨੂੰ ਖੁਸ਼ ਨਾ ਤਾਂ ਕੋਈ ਕਦੇ ਰੱਖ ਸਕਿਆ ਹੈ ਤੇ ਨਾ ਹੀ ਕਦੇ ਕੋਈ ਰੱਖ ਸਕੇਗਾ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੇਕਰ ਕੋਈ ਬੇ-ਵਜਾਹ ਜਾਂ ਵਾਰ-ਵਾਰ ਤੁਹਾਡੇ ਚਰਿੱਤਰ ਜਾਂ ਸੁਭਾਅ ਬਾਰੇ ਸ਼ੱਕ ਪ੍ਰਗਟ ਕਰਦਾ ਹੈ ਤਾਂ ਪ੍ਰੇਸ਼ਾਨ ਹੋਣ ਦੀ ਥਾਂ ਇਸ ਸੋਚੋ ਕਿ ਲੋਕੀ ਸੋਨਾ ਖਰੀਦਣ ਲੱਗਿਆਂ ਗੁਣਵੱਤਾ ਬਾਰੇ ਜਿੰਨਾ ਸ਼ੱਕ ਕਰਦੇ ਹਨ, ਉਨ੍ਹਾਂ ਲੋਹਾ ਖਰੀਦਣ ਲੱਗਿਆਂ ਨਹੀਂ ਕਰਦੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਰਵੋਤਮ ਕਰਨ ਦੇ ਬਾਵਜੂਦ ਬਹੁਤੇ ਲੋਕੀ ਤੁਹਾਨੂੰ ਸਹਿਯੋਗ ਕਰਨ ਦੀ ਥਾਂ ਤੰਗ-ਪ੍ਰੇਸ਼ਾਨ ਹੀ ਕਰਦੇ ਹਨ ਤਾਂ ਅੰਗਰੇਜ਼ੀ ਦੀ ਕਹਾਵਤ ਯਾਦ ਕਰੋ - ਨੋਬਾਡੀ ਕਿਕਸ ਅ ਡੈੱਡ ਹਾਰਸ। ਦੂਜਿਆਂ ਦੁਆਰਾ ਤੰਗ-ਪ੍ਰੇਸ਼ਾਨ ਕੀਤਾ ਜਾਣਾ ਇਸੇ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਜਿਉਂਦੇ ਹੋ, ਮਰੇ ਹੋਈ ਦੀ ਅਰਥੀ ਨੂੰ ਤਾਂ ਸਾਰੇ ਰਸਤਾ ਹੀ ਛੱਡਦੇ ਨੇ।

ਅੱਜਕਲ੍ਹ ਕੋਰੋਨਾ ਮਹਾਮਾਰੀ ਦੌਰਾਨ ਜੋ ਹਾਲਾਤ ਬਣੇ ਹੋਏ ਨੇ ਉਨ੍ਹਾਂ ਕਾਰਨ ਨਿਰਾਸ਼ਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਰਹੀ ਹੈ। ਸਮਾਜ ਦਾ ਹਰ ਇੱਕ ਵਰਗ ਅਤੇ ਵਿਅਕਤੀ ਇਨ੍ਹਾਂ ਅਣਕਿਆਸੇ ਹਾਲਾਤਾਂ ਕਾਰਨ ਮਾਨਸਿਕ ਤੌਰ 'ਤੇ ਝੰਬਿਆ ਪਿਆ ਹੈ- ਕੋਈ ਦਿਖਾ ਦਿੰਦਾ ਹੈ ਤੇ ਕੋਈ ਛੁਪਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ।

ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ

ਜੇਕਰ ਪਰਿਵਾਰ ਦਾ ਕੋਈ ਨੌਜਵਾਨ/ਮੁਟਿਆਰ ਨਿਰਾਸ਼ਾ ਵਿੱਚ ਡੁੱਬਿਆ ਹੋਵੇ ਤਾਂ ਉੱਪਰ ਦੱਸੇ ਕਾਰਨਾਂ ਕਰਕੇ ਉਸ ਨੂੰ ਜ਼ਿਆਦਾ ਖਤਰਾ ਹੋਣਾ ਮੰਨ ਕੇ ਜ਼ਿਆਦਾ ਸਹਾਰਾ ਪ੍ਰਦਾਨ ਕੀਤਾ ਜਾਵੇ। ਉਸ ਨੂੰ ਘਰ ਦੇ ਸਾਰੇ ਜੀਅ ਵੱਧ ਤੋਂ ਵੱਧ ਸਮਾਂ ਦੇਣ - ਇਹ ਅਹਿਸਾਸ ਕਰਾਏ ਬਿਨਾ ਕਿ ਉਹ ਉਸ ਦੀ ਮਾਨਸਿਕ ਸਥਿਤੀ ਕਾਰਨ ਜਾਣ ਬੁਝ ਕੇ ਉਸ ਲਈ ਸਮਾਂ ਕੱਢ ਰਹੇ ਹਨ। ਨੌਜਵਾਨਾਂ/ਮੁਟਿਆਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਕਦੇ ਵੀ ਕਿਸੇ ਇੱਕ ਇਨਸਾਨ ਨਾਲ ਜੁੜੀ ਹੋਈ ਨਹੀਂ ਹੋ ਸਕਦੀ ਭਾਵੇਂ ਉਹ ਤੁਹਾਡੇ ਕਿੰਨਾ ਵੀ ਨੇੜੇ ਹੋਵੇ ਜਾਂ ਰਿਹਾ ਹੋਵੇ। ਕੋਈ ਵੀ ਅਸਫਲਤਾ ਅੰਤਮ ਨਹੀਂ ਹੁੰਦੀ। ਇੱਕ ਅਸਫਲਤਾ ਕਈ ਹੋਰ ਰਸਤੇ ਖੋਲ੍ਹ ਦਿੰਦੀ ਹੈ। ਉਹ ਇਨਸਾਨ ਹੀ ਕੀ ਜਿਸ ਨੇ ਕਦੇ ਅਸਫਲਤਾ ਦਾ ਸੁਆਦ ਨਾ ਚੱਖਿਆ ਹੋਵੇ। ਕੋਈ ਵੀ ਦਰਖਤ ਅਜਿਹਾ ਨਹੀਂ ਹੈ ਜਿਸ ਦੇ ਪੱਤੇ ਕਦੇ ਨਾ ਝੜੇ ਹੋਣ। ਪੁਰਾਣੇ ਪੱਤੇ ਝੜੇ ਬਿਨਾ ਤਾਂ ਬਸੰਤ ਵਿੱਚ ਵੀ ਫੁਟਾਰਾ ਨਹੀਂ ਹੋ ਸਕਦਾ। ਇਸੇ ਲਈ ਤਾਂ ਮਾਲੀ ਗੁਲਾਬ ਦੇ ਪੌਦੇ ਦੀ ਸਮੇਂ-ਸਮੇਂ 'ਤੇ ਕਟਿੰਗ ਕਰਦਾ ਹੈ।

ਚਾਕਲੇਟ ਖਾਣ ਨਾਲ ਕਈ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ, ਆਓ ਜਾਣੀਏ ਕਿਵੇਂ

ਕਿਹਾ ਜਾਂਦਾ ਹੈ ਕਿ ਡਰਾਈਵਰ ਜਿੰਨਾ ਮਰਜ਼ੀ ਸਿਆਣਾ ਹੋਵੇ, ਜਦੋਂ ਉਹ ਕਿਸੇ ਦੁਰਘਟਣਾ ਵਿੱਚੋਂ ਦੀ ਲੰਘਦਾ ਹੈ ਤਾਂ ਹੀ ਉਹ ਅਸਲੀ ਡਰਾਈਵਰ ਬਣਦਾ ਹੈ। ਯਕੀਨ ਨਾ ਹੋਵੇ ਤਾਂ ਦੁਰਘਟਣਾ ਹੰਢਾ ਚੁੱਕੇ ਕਿਸੇ ਡਰਾਈਵਰ ਨੂੰ ਪੁੱਛ ਕੇ ਦੇਖ ਲੈਣਾ। ਇਸ ਪੱਖੋਂ ਇੱਕ ਬਹੁਤ ਕੀਮਤੀ ਸੁਝਾਅ ਹੈ- ਦੁਰਘਟਨਾ ਪ੍ਰਭਾਵਿਤ ਕਿਸੇ ਮਰੀਜ਼ ਦਾ ਪਤਾ ਲੈਣ ਜਾਓ ਤਾਂ ਫਾਲਤੂ ਦਾ ਅਫਸੋਸ ਕਰਨ ਜਾਂ ਦਵਾ-ਦਾਰੂ ਦੀ ਸਿਫਾਰਸ਼ ਕਰਨ (ਦਵਾ-ਦਾਰੂ ਜਾਂ ਡਾਕਟਰ ਉਸ ਨੇ ਪਹਿਲਾਂ ਹੀ ਆਪਣੀ ਸਮਝ ਅਤੇ ਜੇਬ ਅਨੁਸਾਰ ਚੁਣ ਲਏ ਹੁੰਦੇ ਹਨ ਜਿਸ ਕਾਰਨ ਅਜਿਹੇ ਸੁਝਾਅ ਦੇਣ ਦਾ ਸਿੱਧਾ-ਸਿੱਧਾ ਅਰਥ ਹੁੰਦਾ ਹੈ - ਸਹਾਰਾ ਦੇਣ ਦੀ ਥਾਂ ਉਸ ਉੱਤੇ ਹੋਰ ਮਾਨਸਿਕ ਬੋਝ ਪਾਉਣਾ) ਦੀ ਥਾਂ ਉਸ ਤੋਂ ਇਹ ਪੁੱਛਣਾ ਕਿ ਇਸ ਦੁਰਘਟਣਾ ਤੋਂ ਉਸ ਨੇ ਕੀ ਸਬਕ ਸਿੱਖਿਆ ਜਾਂ ਉਸ ਨੂੰ ਕੀ ਲੱਗਦਾ ਹੈ ਕਿ ਕਿਹੜਾ ਕਦਮ ਚੱਕ ਕੇ ਉਹ ਇਸ ਦੁਰਘਟਨਾ ਦਾ ਪ੍ਰਭਾਵ ਘੱਟ ਕਰ ਸਕਦਾ ਸੀ। ਯਕੀਨ ਜਾਣਿਓ ਜੇਕਰ ਤੁਸੀਂ ਦੋ-ਚਾਰ ਅਜਿਹੇ ਵਾਰਤਾਲਾਪ ਕਰ ਲਏ ਤਾਂ ਤੁਹਾਡੀ ਸੁਰੱਖਿਆ-ਸੋਝੀ ਉੱਚ ਦਰਜੇ ਦੀ ਹੋ ਜਾਵੇਗੀ। ਭਾਵ ਸੱਟ ਖਾਣ ਵਾਲਾ ਵਿਅਕਤੀ ਵਧੇਰੇ ਅਕਲਮੰਦ ਬਣਦਾ ਹੈ। ਕਿਹਾ ਵੀ ਜਾਂਦਾ ਹੈ ਕਿ ਅਕਲ ਬਦਾਮ ਖਾਣ ਨਾਲ ਨਹੀਂ ਠੋਕਰਾਂ ਖਾਣ ਨਾਲ ਆਉਂਦੀ ਹੈ।

ਆਖਰੀ ਗੱਲ - ਇਹ ਦੁਨੀਆ ਹੈ, ਪਿਆਰੇ। ਜਦੋਂ ਤੱਕ ਤੁਸੀਂ ਦੁਖਿਆਰੇ ਹੋ ਤਾਂ ਦਿਖਾਵੇ ਦੀ ਹਮਦਰਦੀ ਕਰਨ ਵਾਲੇ ਕਈ ਮਿਲ ਜਾਣਗੇ। ਜਿਸ ਦਿਨ ਤੁਸੀਂ ਖੁਸ਼ਹਾਲ ਹੋ ਗਏ ਬਹੁਤੇ 'ਹਮਦਰਦਾਂ' ਦੇ ਢਿੱਡੀਂ ਪੀੜਾਂ ਪੈਣ ਲੱਗ ਜਾਣਗੀਆਂ। ਇਸ ਲਈ ਦੂਜਿਆਂ ਦੀ ਪਰਵਾਹ ਓਨੀ ਕੁ ਹੀ ਕਰੋ ਜਿੰਨੀ ਕੁ ਸਮਾਜਕ ਨੇਮਾਂ ਅਨੁਸਾਰ ਜ਼ਰੂਰੀ ਹੋਵੇ। ਬਾਕੀ ਦੀ ਜ਼ਿੰਦਗੀ ਆਪਣੇ ਲਈ ਜੀਓ। ਯਾਦ ਰੱਖੋ ਇਸ ਜਗ 'ਤੇ ਤੁਸੀਂ ਆਪਣੀ ਜ਼ਿੰਦਗੀ ਜਿਉਣ ਆਏ ਹੋ ਨਾ ਕਿ ਦੂਜਿਆਂ ਦਾ ਮਨੋਰੰਜਨ ਕਰਨ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News