ਗਦਰ ਪਾਰਟੀ ਦਾ ਸਭ ਤੋਂ ਘੱਟ ਉਮਰ ਦਾ ਫਾਂਸੀ ਤੇ ਚੜ੍ਹਨ ਵਾਲਾ ਯੋਧਾ - ਸ਼ਹੀਦ ਕਰਤਾਰ ਸਿੰਘ ਸਰਾਭਾ

11/16/2023 1:27:24 PM

ਫਰਿਜ਼ਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”) ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ 16 ਨਵੰਬਰ ਦਾ ਦਿਨ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ, ਗਦਰ ਪਾਰਟੀ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 107ਵਾਂ ਸ਼ਹੀਦੀ ਦਿਹਾੜਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਇੱਕ ਵਿਅਕਤੀ ਨਹੀ ਬਲਕਿ ਸੋਚ ਦਾ ਨਾਮ ਹੈ। ਆਜ਼ਾਦੀ ਦੀ ਲਹਿਰ ਵਿੱਚ ਕੁੱਦਣ ਲਈ ਸ਼ਹੀਦ ਭਗਤ ਸਿੰਘ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਦਰਸ਼ ਮੰਨਦਾ ਸੀ। ਕਹਿੰਦੇ ਨੇ ਕਿ ਕਰਤਾਰ ਸਿੰਘ ਸਰਾਭਾ ਦੀ ਤਕਰੀਰ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਹ ਹਰ ਇੱਕ ਦਾ ਦਿੱਲ ਜਿੱਤ ਲੈਂਦਾ ਸੀ। ਇਹੀ ਕਾਰਨ ਸੀ ਕਿ ਉਸਨੇ ਫੌਜੀ ਬੈਰਕਾਂ ਵਿੱਚੋਂ ਬਹੁਤ ਸਾਰੇ ਫੌਜੀਆਂ ਨੂੰ ਗਦਰ ਕਰਨ ਲਈ ਪ੍ਰੇਰਿਆ ਸੀ।

1896 ਵਿੱਚ ਪਿੰਡ ਸਰਾਭਾ (ਲੁਧਿਆਣਾ ਜ਼ਿਲ੍ਹੇ ਵਿੱਚ) ਵਿੱਚ ਪੈਦਾ ਹੋਏ ਕਰਤਾਰ ਸਿੰਘ ਦਾ ਪਾਲਣ-ਪੋਸ਼ਣ ਬਹੁਤ ਪਿਆਰ ਅਤੇ ਲਾਡ ਨਾਲ ਹੋਇਆ। ਬਹੁਤ ਹੀ ਕੋਮਲ ਉਮਰ ਵਿੱਚ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਉਸਦੇ ਦਾਦਾ, ਸਰਦਾਰ ਮੰਗਲ ਸਿੰਘ ਨੇ ਉਸਨੂੰ ਪਾਲਿਆ। ਪਿੰਡ ਦੇ ਸਕੂਲ ਵਿੱਚ ਮੁੱਢਲੀ ਸਿੱਖਿਆ ਤੋਂ ਬਾਅਦ ਕਰਤਾਰ ਸਿੰਘ ਨੇ ਖ਼ਾਲਸਾ ਸਕੂਲ ਲੁਧਿਆਣਾ ਵਿੱਚ ਦਾਖ਼ਲਾ ਲੈ ਲਿਆ। ਅਕਾਦਮਿਕ ਤੌਰ 'ਤੇ ਉਹ ਇੱਕ ਔਸਤ ਵਿਦਿਆਰਥੀ ਸੀ, ਦੋਸਤਾਂ ਨਾਲ ਹਾਸਾ ਮਜ਼ਾਕ ਕਰਨਾ ਉਸਦਾ ਸੁਭਾਅ ਸੀ ਅਤੇ ਉਸਨੂੰ ਉਸ ਦੇ ਸਹਿਪਾਠੀਆਂ ਦੁਆਰਾ 'ਅਫਲਾਤੂਨ' ਕਿਹਾ ਜਾਂਦਾ ਸੀ। ਉਹ ਹਰ ਕਿਸੇ ਨੂੰ ਪਿਆਰ ਕਰਨ ਵਾਲਾ ਇਨਸਾਨੀਅਤ ਨੂੰ ਪ੍ਰਣਾਇਆ ਵਿਦਿਆਰਥੀ ਸੀ। ਇੱਕ ਵੱਖਰੇ ਸੁਭਾਅ ਦਾ ਮਾਲਕ, ਆਪਣੇ ਸਕੂਲ ਵਿੱਚ ਇੱਕ ਮੋਹਰੀ ਖਿਡਾਰੀ ਸੀ। ਉਸ ਵਿਚ ਲੀਡਰ ਵਾਲੇ ਸਾਰੇ ਗੁਣ ਸਨ। 

9ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਚਾਚੇ ਕੋਲ਼ ਰਹਿਣ ਲਈ ਉੜੀਸਾ ਚਲਾ ਗਿਆ। ਉੱਥੇ ਆਪਣੀ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੇ 1912 ਵਿੱਚ ਕਾਲਜ ਵਿੱਚ ਦਾਖਲਾ ਲਿਆ। ਕਰਤਾਰ ਸਿੰਘ ਨੇ ਆਪਣੇ ਹੈੱਡਮਾਸਟਰ ਸ਼੍ਰੀ ਬੇਨੀ ਮਾਧਵ ਦਾਸ, ਜਿਸਨੂੰ ਉਸਦੇ ਇੱਕ ਸਾਲ ਦੇ ਜੂਨੀਅਰ ਸੁਭਾਸ਼ ਚੰਦਰ ਬੋਸ ਨੇ ਆਪਣੇ ਗੁਰੂ, ਇੱਕ ਦੇਸ਼ਭਗਤ ਵਜੋਂ ਸਤਿਕਾਰਿਆ, ਦੁਆਰਾ ਪ੍ਰਭਾਵਤ ਸੀ। ਇਸ ਤੋਂ ਇਲਾਵਾ ਉਹ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਉਸਦੇ ਪਰਿਵਾਰ ਨੇ ਇਸ ਫ਼ੈਸਲੇ 'ਤੇ ਉਸਦਾ ਸਮਰਥਨ ਕੀਤਾ। ਅਮਰੀਕਾ ਆਉਣ ਤੋਂ ਤੁਰੰਤ ਬਾਅਦ ਉਸਨੇ ਪਾਰਟ-ਟਾਈਮ ਨੌਕਰੀਆਂ ਦੇ ਨਾਲ ਇੱਕ ਸਕੂਲ ਵਿੱਚ ਦਾਖਲਾ ਲੈ ਲਿਆ ਪਰ ਜਲਦੀ ਹੀ ਦੂਜੇ ਭਾਰਤੀ ਪ੍ਰਵਾਸੀਆਂ ਵਾਂਗ ਉਸਨੂੰ ਵੀ ਅਹਿਸਾਸ ਹੋਇਆ ਕਿ ਸਭ ਤੋਂ ਪਹਿਲਾਂ ਆਪਣੇ ਵਤਨ ਭਾਰਤ ਨੂੰ ਆਜ਼ਾਦੀ ਦਵਾਉਣੀ ਹੈ, ਜਿਸ ਲਈ ਗ਼ਦਰ ਪਾਰਟੀ ਦਾ ਜਨਮ ਹੋਇਆ। ਅਪ੍ਰੈਲ 1913 ਵਿਚ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ ਅਤੇ ਸਾਥੀਆਂ ਦੇ ਸਮਰਪਣ ਅਤੇ ਅਣਥੱਕ ਯਤਨਾਂ ਸਦਕਾ ਯੁਗਾਂਤਰ ਆਸ਼ਰਮ ਸਾਨਫਰਾਂਸਿਸਕੋ ਤੋਂ ਗ਼ਦਰ ਹਫਤਾਵਾਰੀ ਪਰਚੇ ਦੀ ਸ਼ੁਰੂਆਤ ਨਾਲ 1 ਨਵੰਬਰ, 1913 ਨੂੰ ਪੂਰੀ ਤਰ੍ਹਾਂ ਸਰਗਰਮ ਹੋ ਗਿਆ।

ਓਨੀਂ ਦਿਨੀਂ ਜਦੋਂ ਵੀ ਕੋਈ ਭਾਰਤੀ ਅਮਰੀਕਾ ਪਹੁੰਚਦਾ ਸੀ ਤਾਂ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਅਕਸਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਗੁੰਝਲਦਾਰ ਅਤੇ ਅਜੀਬ ਸਵਾਲ ਕਰਦੇ ਸਨ, ਜੋ ਜਾਣ-ਬੁੱਝ ਕੇ ਉਨ੍ਹਾਂ ਦੀ ਨਾਮਨਜ਼ੂਰੀ ਨੂੰ ਜਾਇਜ਼ ਠਹਿਰਾਉਣ ਲਈ ਤਿਆਰ ਕੀਤੇ ਜਾਂਦੇ ਸਨ, ਜਿਸ ਨਾਲ ਉਸ ਵਿਅਕਤੀ ਦਾ ਭਾਰੀ ਮਾਲੀ ਨੁਕਸਾਨ ਹੁੰਦਾ ਸੀ ਅਤੇ ਅਕਸਰ ਉਨ੍ਹਾਂ ਨੂੰ ਨਿਰਾਸ਼ ਅਤੇ ਜ਼ਲੀਲ ਹੋ ਕੇ ਵਾਪਸ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। 1912 ਵਿੱਚ ਸੈਨਫਰਾਂਸਿਸਕੋ ਬੰਦਰਗਾਹ 'ਤੇ ਉਤਰਨ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਨੂੰ ਵਿਸ਼ੇਸ਼ ਪੁੱਛਗਿੱਛ ਲਈ ਅਲੱਗ ਕਰ ਲਿਆ।  ਅਫ਼ਸਰ ਵੱਲੋਂ ਪੁੱਛੇ ਜਾਣ 'ਤੇ ਉਸ ਨੇ ਜਵਾਬ ਦਿੱਤਾ: “ਮੈਂ ਇੱਥੇ ਪੜ੍ਹਾਈ ਲਈ ਆਇਆ ਹਾਂ।” ਅਫ਼ਸਰ ਨੇ ਕਿਹਾ, "ਕੀ ਤੁਹਾਨੂੰ ਭਾਰਤ ਵਿੱਚ ਪੜ੍ਹਨ ਲਈ ਕੋਈ ਥਾਂ ਨਹੀਂ ਮਿਲੀ?" ਉਸਨੇ ਜਵਾਬ ਦਿੱਤਾ, “ਮੈਂ ਉਚੇਰੀ ਪੜ੍ਹਾਈ ਲਈ ਆਇਆ ਹਾਂ ਅਤੇ ਇਸ ਮਕਸਦ ਲਈ ਕੈਲੀਫੋਰਨੀਆਂ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦਾ ਇਰਾਦਾ ਰੱਖਦਾ ਹਾਂ। ਅਧਿਕਾਰੀ ਨੇ ਮੋੜਵਾਂ ਸਵਾਲ ਕੀਤਾ “ਜੇਕਰ ਤੁਹਾਨੂੰ ਇੱਥੇ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ? ਇਸ 'ਤੇ ਕਰਤਾਰ ਸਿੰਘ ਨੇ ਜਵਾਬ ਦਿੱਤਾ: 'ਮੈਂ ਇਸ ਨੂੰ ਘੋਰ ਬੇਇਨਸਾਫ਼ੀ ਸਮਝਾਂਗਾ। ਜੇਕਰ ਵਿਦਿਆਰਥੀਆਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਾਣ ਤਾਂ ਦੁਨੀਆਂ ਦੀ ਤਰੱਕੀ ਰੁਕ ਜਾਵੇਗੀ। ਹੋ ਸਕਦਾ ਹੈ ਕਿ ਮੈਂ ਅਮਰੀਕਾ ਵਿੱਚ ਪੜ੍ਹਾਈ ਕਰਕੇ ਦੁਨੀਆ ਲਈ ਕੋਈ ਮਹਾਨ ਕਾਰਜ਼ ਕਰ ਜਾਵਾਂ। ਜੇਕਰ ਮੈਨੂੰ ਉਤਰਨ ਦੀ ਮਨਾਹੀ ਹੈ, ਤਾਂ ਹੋ ਸਕਦਾ ਮੈਂ ਉਹ ਮਹਾਨ ਕਾਰਜ਼ ਕਰਨ ਤੋਂ ਵਾਂਝਾਂ ਰਹਿ ਜਾਵਾਂ। ਉਸ ਦੇ ਜਵਾਬ ਤੋਂ ਪ੍ਰਭਾਵਿਤ ਹੋ ਕੇ ਅਫਸਰ ਨੇ ਉਸ ਨੂੰ ਉਤਰਨ ਦੀ ਇਜਾਜ਼ਤ ਦਿੱਤੀ।

ਭਾਰਤ ਦੀ ਕ੍ਰਾਂਤੀਕਾਰੀ ਲਹਿਰ ਬਾਰੇ ਪੰਜਾਬ-ਅਧਾਰਤ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਨੇ ਆਪਣੀ ਸਰਾਭਾ ਦੀ ਜੀਵਨੀ ਵਿੱਚ ਲਿਖਿਆ: “ਆਪਣੇ ਦੇਸ਼ ਪ੍ਰਤੀ ਸਤਿਕਾਰ ਦੀ ਘਾਟ ਨੇ ਉਸਨੂੰ ਪਰੇਸ਼ਾਨ ਕੀਤਾ। ਇੱਕ ਗੁਲਾਮ-ਬੇੜੀ, ਬੇਇੱਜ਼ਤ, ਲਾਚਾਰ, ਨਪੁੰਸਕ ਭਾਰਤ ਦੀ ਤਸਵੀਰ ਅਕਸਰ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਸੀ। ਆਪਣੇ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਦਾ ਇਰਾਦਾ ਉਸਨੇ ਪੱਕਾ ਬਣਾ ਰੱਖਿਆ ਸੀ। ਦੇਸ਼ ਨੂੰ ਆਜ਼ਾਦੀ ਕਿਵੇਂ ਮਿਲੇਗੀ..? ਇਹ ਉਸ ਦੇ ਸਾਹਮਣੇ ਮੁੱਖ ਚੁਣੌਤੀ ਸੀ। ਅਤੇ ਬਹੁਤ ਕੁਝ ਸੋਚਣ ਤੋਂ ਬਾਅਦ ਉਸਨੇ ਅਮਰੀਕਾ ਵਿੱਚ ਭਾਰਤੀ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਵਿੱਚ ਆਜ਼ਾਦੀ ਲਈ ਪਿਆਰ ਪੈਦਾ ਕੀਤਾ। ਉਹ ਹਰੇਕ ਵਿਅਕਤੀ ਨਾਲ ਘੰਟਿਆਂ ਬੰਧੀ ਸਮਾਂ ਬਿਤਾਇਆ ਕਰਦਾ ਸੀ। ਉਹਨਾਂ ਅੰਦਰ ਇਹ ਗੱਲ ਭਰੀ ਕਿ ਮੌਤ ਇੱਕ ਗੁਲਾਮ ਤੇ ਅਪਮਾਨਜਨਕ ਜੀਵਨ ਨਾਲੋਂ ਕਈ ਗੁਣਾਂ ਜ਼ਿਆਦਾ ਚੰਗੀ ਹੈ।

ਇਸ ਕਾਰਜ ਦੇ ਸ਼ੁਰੂ ਹੋਣ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ ਸਰਾਭੇ ਦਾ ਸਾਥ ਦੇਣ ਲੱਗੇ, ਅਤੇ ਮਈ 1912 ਵਿੱਚ ਛੇ ਵਿਅਕਤੀਆਂ ਦੁਆਰਾ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਸਰੀਰ ਅਤੇ ਆਤਮਾ ਦੀ ਕੁਰਬਾਨੀ ਦੇਣ ਦਾ ਪ੍ਰਣ ਕੀਤਾ। ਇਸ ਤੋਂ ਬਾਅਦ ਪ੍ਰਚਾਰ ਦੇ ਉਦੇਸ਼ਾਂ ਲਈ ਇੱਕ ਪੇਪਰ ਦੀ ਲੋੜ ਮਹਿਸੂਸ ਕੀਤੀ ਗਈ। ਗਦਰ ਨਾਂ ਦਾ ਅਖ਼ਬਾਰ ਸ਼ੁਰੂ ਕੀਤਾ ਗਿਆ। ਇਸ ਪੇਪਰ ਦਾ ਪਹਿਲਾ ਐਡੀਸ਼ਨ ਨਵੰਬਰ 1913 ਵਿੱਚ ਛਪਿਆ ਸੀ ਅਤੇ ਕਰਤਾਰ ਸਿੰਘ ਸਰਾਭਾ ਸੰਪਾਦਕੀ ਬੋਰਡ ਦੇ ਮੈਂਬਰ ਸਨ। ਕਰਤਾਰ ਸਿੰਘ ਸਰਾਭਾ ਦੇ ਕਾਰਜਾਂ ਵਿੱਚ ਉਰਦੂ ਪੇਪਰ ਦਾ ਸੰਪਾਦਨ ਅਤੇ ਉਰਦੂ ਭਾਸ਼ਾ ਦਾ ਗੁਰਮੁਖੀ ਲਿਪੀ ਵਿੱਚ ਅਨੁਵਾਦ ਕਰਨਾ ਅਤੇ ਪ੍ਰਿੰਟਿੰਗ ਪ੍ਰੈਸ ਦਾ ਕੰਮ ਵੀ ਸ਼ਾਮਲ ਸੀ। ਉਹ ਬੜੀ ਬੇਚੈਨੀ ਨਾਲ ਲਿਖਦਾ ਅਤੇ ਹੈਂਡ-ਪ੍ਰੈੱਸ 'ਤੇ ਖੁਦ ਛਾਪਦਾ।  ਜਦੋਂ ਹੈਂਡ-ਪ੍ਰੈਸ 'ਤੇ ਕੰਮ ਕਰਕੇ ਥੱਕ ਜਾਂਦਾ ਸੀ ਤਾਂ ਉਹ ਇਹ ਪੰਜਾਬੀ ਗੀਤ ਗਾਉਂਦਾ ਸੀ:
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਭਗਤ ਸਿੰਘ ਦੀ ਮਾਤਾ, ਮਾਤਾ ਵਿਦਿਆਵਤੀ ਨੇ ਕਰਤਾਰ ਸਿੰਘ ਸਰਾਭਾ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਯਾਦ ਕੀਤਾ: “ਭਗਤ ਸਿੰਘ ਦੀ ਗ੍ਰਿਫਤਾਰੀ ਵੇਲੇ, ਉਸ ਕੋਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਬਰਾਮਦ ਹੋਈ ਸੀ। ਉਹ ਇਹ ਫੋਟੋ ਹਮੇਸ਼ਾ ਆਪਣੀ ਜੇਬ 'ਚ ਰੱਖਦਾ ਸੀ। ਅਕਸਰ ਭਗਤ ਸਿੰਘ ਮੈਨੂੰ ਉਹ ਫੋਟੋ ਦਿਖਾਉਂਦੇ ਅਤੇ ਕਹਿੰਦੇ, 'ਪਿਆਰੀ ਮਾਂ, ਇਹ ਮੇਰਾ ਨਾਇਕ, ਦੋਸਤ ਅਤੇ ਸਾਥੀ ਹੈ। ਭਗਤ ਸਿੰਘ ਦੀ ਮਾਤਾ, ਮਾਤਾ ਵਿਦਿਆਵਤੀ ਉਹਨਾਂ ਦੀ ਸੰਗਤ ਨੂੰ ਯਾਦ ਕਰਦੇ ਹੋਏ ਕਹਿੰਦੇ ਨੇ ਕਿ ਕਰਤਾਰ ਸਿੰਘ ਸਰਾਭਾ ਇੱਕ ਜੋਸ਼ੀਲਾ ਬਾਗ਼ੀ ਨੌਜਵਾਨ ਸੀ। ਸਤੰਬਰ 1914 ਵਿਚ ਜਦੋਂ ਕਾਮਾਗਾਟਾਮਾਰੂ ਜਹਾਜ਼ ਨੂੰ ਬੇਰਹਿਮ ਗੋਰੇ ਨੌਕਰਸ਼ਾਹੀ ਦੇ ਹੱਥੋਂ ਭਾਰੀ ਤਕਲੀਫ਼ ਝੱਲਣ ਤੋਂ ਬਾਅਦ ਵਾਪਸ ਮੁੜਨਾ ਪਿਆ, ਓਦੋਂ ਕਰਤਾਰ ਸਿੰਘ ਸਰਾਭਾ ਆਪਣੇ ਇਕ ਹੋਰ ਕ੍ਰਾਂਤੀਕਾਰੀ ਸ਼੍ਰੀ ਗੁਪਤਾ ਨਾਲ ਜਾਪਾਨ ਲਈ ਰਵਾਨਾ ਹੋ ਗਿਆ ਸੀ। ਫਰਵਰੀ 1914 ਵਿਚ ਹੀ ਕੈਲੀਫੋਰਨੀਆਂ ਦੇ ਸ਼ਹਿਰ ਸਟਾਕਟਨ ਵਿਚ ਇਕ ਜਨਤਕ ਮੀਟਿੰਗ ਵਿਚ ਗਦਰ ਪਾਰਟੀ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਨਾਂ 'ਤੇ ਵਾਅਦੇ ਲਏ ਗਏ। ਫਰਵਰੀ 1915 ਵਿਚ ਉਹ ਭਾਰਤ ਵਾਪਸ ਪਰਤਿਆ, ਗਦਰੀਆਂ ਨੂੰ ਬ੍ਰਿਟਿਸ਼ ਰਾਜ ਦੇ ਵਿਰੁੱਧ ਗਦਰ ਕਰਨ ਲਈ ਪ੍ਰੇਰਿਆ, ਉਹ ਜਾਣਦਾ ਸੀ ਕਿ ਗ੍ਰਿਫਤਾਰੀ ਦੇ ਰੂਪ ਵਿਚ ਉਸਨੂੰ ਕਿੰਨੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ।

2 ਮਾਰਚ 1915 ਨੂੰ ਸਰਗੋਧਾ (ਪਾਕਿਸਤਾਨ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਮੁਕੱਦਮਾ ਸ਼ੁਰੂ ਹੋਇਆ ਤਾਂ ਕਰਤਾਰ ਸਿੰਘ ਸਿਰਫ਼ ਸਾਢੇ 18 ਸਾਲ ਦਾ ਸੀ। ਉਹ ਸਾਰੇ ਮੁਲਜ਼ਮਾਂ ਵਿੱਚੋਂ ਸਭ ਤੋਂ ਛੋਟਾ ਸੀ। ਹਾਲਾਂਕਿ ਜੱਜ ਨੇ ਲਿਖਿਆ ਕਿ ਉਹ ਇਹਨਾਂ 61 ਦੋਸ਼ੀਆਂ ਵਿੱਚੋਂ ਨਾਬਾਲਗ ਅਤੇ ਨਿਆਣਪੁਣੇ ਵਿੱਚ ਇਸ ਲਹਿਰ ਵਿੱਚ ਕੁੱਦ ਪਿਆ। ਜੱਜ ਨੇ ਕਿਹਾ ਕਿ ਸਾਜਿਸ਼ ਦਾ ਸਰੋਤ ਅਮਰੀਕਾ ਅਤੇ ਸਮੁੰਦਰੀ ਸਫ਼ਰ ਹੈ, ਜਦੋਂਕਿ ਭਾਰਤ ਵਿਚ ਇਸ ਸਾਜ਼ਿਸ਼ ਦਾ ਅਮਲੀ ਤੌਰ 'ਤੇ ਕੋਈ ਅਧਾਰ ਨਹੀ ਬਣਦਾ, ਜਿਸਦੇ ਆਧਾਰ 'ਤੇ ਸਰਾਭੇ 'ਤੇ ਭਾਰਤ ਵਿੱਚ ਕੋਈ ਢੁੱਕਵਾਂ ਮੁਕੱਦਮਾ ਨਹੀ ਬਣਦਾ।
ਕਰਤਾਰ ਸਿੰਘ ਨੇ ਬੇਝਿਜਕ ਹੋ ਕੇ ਕਿਹਾ, “ਤੁਸੀਂ ਮੈਨੂੰ ਫਾਂਸੀ ਦਿਓਗੇ? ਹੋਰ ਕੀ? ਅਸੀਂ ਇਸ ਤੋਂ ਨਹੀਂ ਡਰਦੇ... ਮੇਰੇ ਜੁਰਮ ਲਈ, ਮੈਨੂੰ ਜਾਂ ਤਾਂ ਉਮਰ ਕੈਦ ਜਾਂ ਫਾਂਸੀ ਹੋਵੇਗੀ। ਪਰ ਮੈਂ ਫਾਂਸੀ ਨੂੰ ਤਰਜੀਹ ਦੇਵਾਂਗਾ ਤਾਂ ਜੋ ਮੈਂ ਜਲਦੀ ਹੀ ਮੁੜ ਜਨਮ ਲਵਾਂ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਦੁਬਾਰਾ ਗਦਰ ਕਰ ਸਕਾਂ। ਜਦੋਂ ਤੱਕ ਭਾਰਤ ਨੂੰ ਆਜ਼ਾਦੀ ਨਹੀਂ ਮਿਲਦੀ, ਮੈਂ ਵਾਰ-ਵਾਰ ਜਨਮ ਲੈ ਕੇ ਫਾਂਸੀ ਦੇ ਤਖ਼ਤੇ 'ਤੇ ਜਾਣ ਦੀ ਇੱਛਾ ਰੱਖਦਾ ਹਾਂ। ਅਤੇ ਜੇਕਰ ਮੈਂ ਆਪਣੇ ਅਗਲੇ ਜਨਮ ਵਿੱਚ ਇੱਕ ਔਰਤ ਦੇ ਰੂਪ ਵਿੱਚ ਪੈਦਾ ਹੋਇਆ, ਤਾਂ ਮੈਂ ਅਜਿਹੇ ਕ੍ਰਾਂਤੀਕਾਰੀਆਂ ਨੂੰ ਜਨਮ ਦੇਵਾਂਗੀ, ਜੋ ਗੋਰੇ ਸਾਮਰਾਜ ਦੀਆਂ ਜੜ੍ਹਾਂ ਉਖੇੜ ਦੇਣਗੇ।

ਉਸਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਕਰਤਾਰ ਦੇ ਦਾਦਾ ਜੀ ਉਸਨੂੰ ਮਿਲਣ ਗਏ, ਓਦੋਂ ਉਹ ਜੇਲ੍ਹ ਦੀ ਕਾਲ-ਕੋਠੜੀ ਵਿੱਚ ਬੰਦ ਸੀ। ਉਸਨੇ ਕਰਤਾਰ ਸਿੰਘ ਨੂੰ ਪੁੱਛਿਆ: “ਪੁੱਤਰਾ ਕੀ ਹੋਇਆ ਕਿ ਤੂੰ ਜਿਊਣ ਤੋਂ ਹਟਕੇ ਮੌਤ ਦੀ ਦੇਵੀ ਦਾ ਉਪਾਸ਼ਕ ਬਣ ਗਿਆ..? ਜਿੰਨ੍ਹਾਂ ਲਈ ਤੂੰ ਆਪਣੀ ਜਾਨ ਦੇ ਰਿਹਾ, ਉਹ ਤੈਨੂੰ ਤਰ੍ਹਾਂ-ਤਰ੍ਹਾਂ ਦੇ ਨਾਮ ਲੈਕੇ ਬੁਲਾਉਂਦੇ ਨੇ। ਮੈਨੂੰ ਨਹੀਂ ਲੱਗਦਾ ਤੇਰੀ ਮੌਤ ਨਾਲ ਦੇਸ਼ ਨੂੰ ਕੁਝ ਹਾਸਲ ਹੋਵੇਗਾ..? ਕਰਤਾਰ ਸਿੰਘ ਨੇ ਨਿਮਰਤਾ ਨਾਲ ਪੁੱਛਿਆ, “ਦਾਦਾ ਜੀ, ਉਹ ਬੰਦਾ ਕਿੱਥੇ ਹੈ? "ਜੋ ਪਲੇਗ ਨਾਲ ਮਰ ਗਿਆ।" "ਕਿੱਥੇ ਹੈ..?"ਜੋ ਹੈਜ਼ੇ ਨਾਲ ਮਰ ਗਿਆ।" “ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਸਰਾਭਾ ਬਿਸਤਰ 'ਤੇ ਪਿਆ ਹੋਵੇ ਅਤੇ ਦਰਦ ਨਾਲ ਚੀਕ ਰਿਹਾ ਹੋਵੇ ਜਾਂ ਕਿਸੇ ਅਜਿਹੀ ਬਿਮਾਰੀ ਕਾਰਨ ਮਰ ਜਾਵੇ? ਕੀ ਇਹ ਮੌਤ ਇਸ ਤਰ੍ਹਾਂ ਦੀ ਮੌਤ ਨਾਲੋਂ ਚੰਗੀ ਨਹੀਂ ਹੈ?” ਉਸ ਦੇ ਦਾਦਾ ਜੀ ਸੁਆਲ ਸੁਣਕੇ ਸੁੰਨ ਹੋ ਗਏ। 16 ਨਵੰਬਰ 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਉਸਦੇ ਛੇ ਸਾਥੀਆਂ ਸਮੇਤ ਫਾਂਸੀ ਲਾਕੇ ਸ਼ਹੀਦੀ ਦਿੱਤੀ ਗਈ। ਫਾਂਸੀ ਦੇ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ ਮਹਿਜ਼ 19 ਸਾਲ ਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News