ਮਛਕ ਦੀ ਬੂੰਦ

Tuesday, Mar 27, 2018 - 04:16 PM (IST)

ਮਛਕ ਦੀ ਬੂੰਦ

ਪੌਣੀ ਧਰਤੀ ਸੁਣਿਆ ਪਾਣੀ
ਉੱਤੇ ਪਾਣੀ ਥੱਲੇ ਪਾਣੀ
ਫਿਰ ਵੀ ਮਚੀ ਤ੍ਰਾਹੀ ਤ੍ਰਾਹੀ
ਤੋਟਾਂ ਵਾਲੀ ਫੇਰ ਕਹਾਣੀ !

ਰੱਬ ਤਾਂ ਭਰ ਭਰ ਸੁੱਟੇ ਬੱਦਲ
ਸਾਂਭਣ ਦਾ ਸਾਨੂੰ ਵੱਲ ਨਾਂ ਆਇਆ
ਨਦੀਆਂ ਥੀਂ ਵਹਿ ਜਾਵੇ ਸਾਰਾ
ਸਰਲ ਸੁਆਲ ਦਾ ਹੱਲ ਨਾ ਆਇਆ !

ਸਰ ਜਾਏ ਜਿੱਥੇ ਇਕ ਦੋ ਮਗ ਨਾਲ
ਉੱਥੇ ਅਸੀਂ ਬਾਲਟੀ ਪਾਉਂਦੇ
ਇਸ਼ਨਾਨ ਲਈ ਇਕ ਬਾਲਟੀ ਕਾਫੀ
ਬਾਲਟੀ ਭਰ ਭਰ ਜਾਈ ਵਹਾਉਂਦੇ !

ਜਿਥੇ ਵਰ੍ਹਦਾ ਉੱਥੇ ਰੋਕੋ
ਅੱਜ ਤੱਕ ਸਾਨੂੰ ਸਮਝ ਨਾਂ ਆਇਆ
ਧਰਤੀ ਅੰਦਰੋਂ ਹੂੰਝੀ ਜਾਈਏ
ਫੇਰ ਭਰਨ ਦਾ ਢੰਗ ਨਾਂ ਆਇਆ !

ਖੇਤਾਂ ਨੇੜੇ ਅੰਦਰ ਭਾਵੇਂ
ਜੇਕਰ ਟੋਏ ਪੁੱਟ ਕੇ ਰੱਖੀਏ
ਵਰ੍ਹਿਆ ਪਾਣੀ ਅੰਦਰ ਰੱਸੇ
ਧਰਤ ਕੁੱਖ ਫਿਰ ਬਾਂਝ ਨਾਂ ਤੱਕੀਏ !

ਸ਼ਹਿਰਾਂ ਅੰਦਰ ਛੱਤ ਦਾ ਪਾਣੀ
ਰੋਕੋ ਸਾਂਭੋ ਟੈਂਕਾਂ ਅੰਦਰ
ਰਸ਼ ਥੱਲੇ ਜੇ ਟੈਂਕ ਬਣਾਓ
ਕੰਮ ਆਉਣਗੇ ਘਰ ਦੇ ਅੰਦਰ !

ਬੰਦਰ ਤਾਂ ਵਿਹੜੇ ਦੀ ਟੂਟੀ
ਖੋਲ੍ਹ ਦੇਣਗੇ ਨੇਰ੍ਹ ਸਵੇਰੇ
ਆਪਣੀ ਬੰਦਰ ਬਿਰਤੀ ਬਦਲੋ
ਸਾਂਭੋ ਪਾਣੀ ਚਾਰ ਚੁਫੇਰੇ !

ਗੱਲ ਇਹ ਜੇਕਰ ਸਮਝ ਨਾਂ ਆਈ
ਤਰਸਾਂਗੇ ਫਿਰ ਇਕ ਬੂੰਦ ਲਈ
ਅਗਲੀ ਜੰਗ ਪਾਣੀ ਜੇ ਹੋਈ
ਤੜਫਾਂਗੇ ਫਿਰ ਮਛਕ ਬੂੰਦ ਲਈ !

 

ਸਵਰਨ ਸਿੰਘ
ਸ਼ਿਮਲਾ
ਸੰਪਰਕ: 94183 92845

 


Related News