ਹਜ਼ਾਰਾਂ ਅਸਹਿਮਤੀਆਂ ਦੇ ਦਰਮਿਆਨ ਗਾਂਧੀਵਾਦੀ ਹੋਣ ਦਾ ਜਜ਼ਬਾ
Wednesday, Jan 30, 2019 - 02:25 PM (IST)

ਦੇਸ਼ ਸੇ ਹੈ ਪਿਆਰ ਤੋਂ ਹਰ ਪਲ ਯੇ ਕਹਿਣਾ ਚਾਹੀਏ
ਮੈਂ ਰਹੂ ਜਾਂ ਨਾ ਰਹੂ ਭਾਰਤ ਯੇ ਰਹਿਣਾ ਚਾਹੀਏ
ਸਿਲਸਿਲਾ ਯੇ ਬਾਅਦ ਮੇਰੇ ਯੂ ਹੀ ਚਲਣਾ ਚਾਹੀਏ
ਮੈਂ ਰਹੂ ਜਾਂ ਨਾ ਰਹੂ ਭਾਰਤ ਯੇ ਰਹਿਣਾ ਚਾਹੀਏਮਣੀਕਰਨਿਕਾ ਫਿਲਮ 'ਚ ਪ੍ਰਸੂਨ ਜੋਸ਼ੀ ਦਾ ਲਿਖਿਆ ਇਹ ਗੀਤ ਮਿੱਟੀ ਨਾਲ ਬੰਦੇ ਦੇ ਰਿਸ਼ਤੇ ਦੀ ਆਵਾਜ਼ ਹੈ। ਇਹ ਆਵਾਜ਼ ਆਜ਼ਾਦੀ ਦੇ ਸੰਘਰਸ਼ ਦੇ ਹਰ ਪਰਵਾਨੇ ਦਾ ਬਿਆਨ ਹੈ। 1947 ਦੀ ਆਜ਼ਾਦੀ ਤੋਂ ਬਾਅਦ ਬਹੁਤ ਕੁਝ ਬਦਲਿਆ ਹੈ। ਇਕ ਪਾਸੇ ਨਹਿਰੂ ਨਜ਼ਰੀਆ ਹੈ। ਵੰਡ ਦੀ ਟੀਸ ਹੈ। ਟੁੱਕੜਿਆਂ ਨੂੰ ਇੱਕਠਾ ਕਰਨ ਦੀ ਘਾਲਣਾ ਹੈ। ਦੂਜੇ ਪਾਸੇ ਬੇਰੁਜ਼ਗਾਰੀ ਹੈ। ਸਿਸਟਮ ਹੈ ਜੋ 1975 ਤੱਕ ਆਉਂਦੇ ਆਉਂਦੇ ਐਂਮਰਜੈਂਸੀ ਦਾ ਰੂਪ ਧਾਰ ਲੈਂਦਾ ਹੈ। 1975 ਤੋਂ ਬਾਅਦ 1984 ਹੈ, ਬਾਬਰੀ ਮਸੀਤ ਹੈ, ਅਜਬ ਧਰੁਵੀਕਰਨ ਹੈ। ਇਸ ਸਭ 'ਚ ਮਹਾਤਮਾ ਗਾਂਧੀ ਹਜ਼ਾਰਾਂ ਅਸਹਿਮਤੀਆਂ ਦੇ ਦਰਮਿਆਨ ਸਭ ਤੋਂ ਵੱਧ ਚਰਚਿਤ ਵਿਸ਼ਾ ਹਨ। ਉਹ ਦੇਸ਼ ਦੇ ਰਾਸ਼ਟਰ ਪਿਤਾ ਵੀ ਹਨ ਅਤੇ ਸਭ ਤੋਂ ਜ਼ਿਆਦਾ ਟ੍ਰੋਲ ਹੁੰਦੇ ਨਾਮ ਵੀ ਹਨ। ਭਗਤ ਸਿੰਘ ਬਨਾਮ ਮਹਾਤਮਾ ਗਾਂਧੀ ਇਕ ਵੱਖਰੀ ਸੰਵਾਦੀ ਜ਼ਮੀਨ ਹੈ ਅਤੇ ਬੰਬਾਂ ਦੇ ਢੇਰ 'ਤੇ ਖੜ੍ਹੀ ਦੁਨੀਆਂ ਲਈ ਪਰਮਾਣੂਆਂ ਦੀ ਦਹਿਸ਼ਤ 'ਚ ਇਕਲੌਤਾ ਅਹਿੰਸਾ ਦਾ ਰਾਹ ਵੀ ਹੈ। ਪਿਛਲੇ ਦਿਨਾਂ 'ਚ ਘਾਨਾ ਦੀ ਯੂਨੀਵਰਸਿਟੀ 'ਚ ਉਹਨਾਂ ਦਾ ਬੁੱਤ ਵੀ ਢਾਹਿਆ ਗਿਆ ਹੈ। ਇਸ ਸਭ ਦੇ ਦਰਮਿਆਨ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਗਾਂਧੀਵਾਦੀ ਰਾਹ 'ਤੇ ਵਿਸ਼ਵਾਸ਼ ਰੱਖਦੇ ਪਰਿਵਾਰ ਹਨ। ਮਹਾਤਮਾ ਗਾਂਧੀ ਨੂੰ ਸ਼ਹੀਦ ਹੋਏ ਇਸ ਸਾਲ 70 ਸਾਲ ਹੋ ਗਏ ਹਨ। ਇਸ ਸਾਲ ਉਹਨਾਂ ਦੀ 150 ਸਾਲਾਂ ਜਨਮ ਸ਼ਤਾਬਦੀ ਵੀ ਹੈ। ਮਹਾਤਮਾ ਗਾਂਧੀ ਆਲੋਚਨਾਵਾਂ 'ਚ ਘਿਰੇ ਫਿਰ ਵੀ ਮਕਬੂਲ ਹਨ, ਕਿਉਂ ਹਨ? ਇਸ ਸਵਾਲ ਨੂੰ ਖੋਜਣਾ ਇਸ ਦੌਰ 'ਚ ਜ਼ਰੂਰੀ ਹੈ।
“ਮੈਂ ਤਾਂ ਕਹਿੰਦਾ ਕਹਿੰਦਾ ਚਲਾ ਜਾਵਾਂਗਾ ਪਰ ਕਿਸੇ ਦਿਨ ਯਾਦ ਆਵਾਂਗਾ ਕਿ ਇਕ ਮਸਕੀਨ ਬੰਦਾ ਸੀ, ਜੋ ਉਹ ਕਹਿੰਦਾ ਸੀ ਉਹ ਠੀਕ ਸੀ।“ – ਮਹਾਤਮਾ ਗਾਂਧੀ,16 ਅਕਤੂਬਰ 1947
ਸ਼ਾਰਦਾ ਪਰਿਵਾਰ ਅਤੇ ਗਾਂਧੀਵਾਦੀ ਕਦਰਾਂ ਕੀਮਤਾਂ
14 ਅਕਤੂਬਰ 1914 ਮਾਨੀਸ਼ ਕੁਮਾਰ ਸ਼ਾਰਦਾ ਦਾ ਜਨਮ ਹੁੰਦਾ ਹੈ। ਅਗਲੇ ਸਾਲ 1915 'ਚ ਮਹਾਤਮਾ ਗਾਂਧੀ ਭਾਰਤ ਆਉਂਦੇ ਹਨ। ਮਾਨੀਸ਼
ਕੁਮਾਰ ਜਹੇ ਲੱਖਾਂ ਨੌਜਵਾਨ ਅਜ਼ਾਦੀ ਦੀ ਲੜਾਈ 'ਚ ਸ਼ਾਮਲ ਹੋਏ। ਕਿਸੇ ਲਈ ਭਗਤ ਸਿੰਘ ਦਾ ਰਾਹ ਸੀ ਅਤੇ ਕੋਈ ਮਹਾਤਮਾ ਗਾਂਧੀ ਦੇ ਰਾਹ 'ਤੇ ਸੀ। ਐੱਮ.ਕੇ ਸ਼ਾਰਦਾ ਦੇ ਚੰਡੀਗੜ੍ਹ ਵਾਸੀ ਸਪੁੱਤਰ ਕੇ.ਕੇ ਸ਼ਾਰਦਾ ਕਹਿੰਦੇ ਹਨ ਕਿ ਉਹਨਾਂ ਦੇ ਪਿਤਾ ਸਾਰੀ ਜ਼ਿੰਦਗੀ ਗਾਂਧੀਵਾਦੀ ਰਹੇ ਪਰ ਉਹਨਾਂ ਦੀ ਮੁਹੱਬਤ ਭਗਤ ਸਿੰਘ ਨੂੰ ਲੈਕੇ ਵੀ ਸੀ। ਕੇ.ਕੇ ਸ਼ਾਰਦਾ ਆਪਣੇ ਬਚਪਨ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ
ਉਹਨਾਂ ਦੇ ਪਿਤਾ ਮੁਤਾਬਕ ਭਗਤ ਸਿੰਘ ਬਨਾਮ ਮਹਾਤਮਾ ਗਾਂਧੀ ਦੀ ਵੱਡੀ ਅਤੇ ਤਿੱਖੀ ਬਹਿਸ ਉਹਨਾਂ ਦਿਨਾਂ 'ਚ ਕਦੀ ਨਹੀਂ ਰਹੀ। ਮਾਨੀਸ਼ ਕੁਮਾਰ ਸ਼ਾਰਦਾ ਅਰਥ ਸ਼ਾਸ਼ਤਰ ਦੀ ਮਾਸਟਰ ਡਿਗਰੀ ਸਨ ਪਰ ਕਾਲਜ ਦੇ ਦਿਨਾਂ ਤੋਂ ਹੀ ਉਹ ਮਹਾਤਮਾ ਗਾਂਧੀ ਹੁਣਾਂ ਦੇ ਰਾਹ 'ਤੇ ਤੁਰ ਪਏ। ਲਾਹੌਰ, ਮੀਆਂਵਲੀ, ਸਰਗੋਧੇ ਦੀ ਜੇਲ੍ਹਾਂ 'ਚ ਅਜ਼ਾਦੀ ਲਈ ਕੀਤੇ ਸੰਘਰਸ਼ ਦੀ ਸਜ਼ਾ ਭੁਗਤਦੇ ਅਖੀਰ 1942 ਦੇ ਭਾਰਤ ਛੱਡੋ ਅੰਦੋਲਨ 'ਚ ਐੱਮ.ਕੇ ਸ਼ਾਰਦਾ ਹੁਣਾਂ ਹਿੱਸਾ ਲਿਆ। ਆਜ਼ਾਦੀ ਘੁਲਾਟੀਏ ਸ਼ਾਰਦਾ ਹੁਣੀ ਪੰਜਾਬ ਨੈਸ਼ਨਲ ਬੈਂਕ ਦੀ ਨੌਕਰੀ ਛੱਡਕੇ ਆਜ਼ਾਦੀ ਦੀ ਜੰਗ 'ਚ ਕੁੱਦੇ ਸਨ। ਮਹਾਤਮਾ ਗਾਂਧੀ ਦੇ ਭਾਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਖਾਦੀ ਆਪਣੇ ਘਰ ਤੋਂ ਲੈ ਕੇ ਹਰ ਪਾਸੇ ਫੈਲਾਈ। ਇਸ ਲਈ ਉਹ ਆਦਮਪੁਰ ਦੇ ਖਾਦੀ ਆਸ਼ਰਮ 'ਚ ਵੀ ਸੇਵਾ ਕਰਦੇ ਰਹੇ। ਹੁਣ ਇਸ ਆਸ਼ਰਮ ਦੀ ਹਾਲਤ ਕਾਫੀ ਮਾੜੀ ਹੈ। ਸ਼ਾਰਦਾ ਦੇ ਪੁੱਤਰ ਕੇ.ਕੇ ਸ਼ਾਰਦਾ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਦੀਆਂ ਯਾਦਾਂ 'ਚ ਮਹਾਤਮਾ ਗਾਂਧੀ ਅਤੇ ਆਜ਼ਾਦੀ ਨੂੰ ਲੈ ਕੇ ਕੀਤੇ ਸੰਘਰਸ਼ ਦੀਆਂ ਹੀ ਕਹਾਣੀਆਂ ਸਨ। ਇਹਨਾਂ ਕਹਾਣੀਆਂ ਨਾਲ ਹੀ ਅਸੀਂ ਵੱਡੇ ਹੋਏ। ਹਜ਼ਾਰਾਂ ਅਸਹਿਮਤੀਆਂ 'ਚ ਗਾਂਧੀ ਅਤੇ ਗਾਂਧੀਵਾਦ ਨੂੰ ਅਸੀਂ ਅੱਜ ਦੇ ਦੌਰ ਅੰਦਰ ਰੱਦ ਨਹੀਂ ਕਰ ਸਕਦੇ।
ਜਦੋਂ ਇਹ ਸੰਸਾਰ ਬਾਰੂਦਾਂ ਅਤੇ ਪਰਮਾਣੂ ਬੰਬਾਂ ਦੇ ਢੇਰ 'ਤੇ ਬੈਠਾ ਹੈ ਤਾਂ ਗਾਂਧੀ ਹੋਰ ਵੀ ਮਕਬੂਲ ਹੁੰਦਾ ਹੈ। ਕੇ.ਕੇ ਸ਼ਾਰਦਾ ਮੁਤਾਬਕ ਉਹਨਾਂ ਦੀਆਂ ਦੋ ਧੀਆਂ ਵੀ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਯਾਦ ਰੱਖਦੀਆਂ ਹਨ। ਕੇ.ਕੇ ਸ਼ਾਰਦਾ ਕਹਿੰਦੇ ਹਨ ਕਿ ਉਹਨਾਂ ਦੇ ਪਿਤਾ ਨੇ 1975 ਦੀ ਐਂਮਰਜੈਂਸੀ ਅਤੇ ਅਜਿਹੇ ਕਈ ਹਵਾਲਿਆਂ ਦੌਰਾਨ ਦੁੱਖ ਅਤੇ ਗੁੱਸਾ ਜਤਾਇਆ ਸੀ ਕਿ ਇਸ ਆਜ਼ਾਦੀ ਲਈ ਅਸੀਂ ਸੰਘਰਸ਼ ਕੀਤਾ। ਇਹ ਰੋਸ ਫਿਲਮ ਗਰਮ ਹਵਾ ਦੇ ਉਸ ਪਾਤਰ ਵਰਗਾ ਸੀ ਜੋ ਕਹਿੰਦਾ ਹੈ ਕਿ ਮੈਂ ਵੀ ਸੱਤਿਆਗ੍ਰਹਿ 'ਚ ਹਿੱਸਾ ਲਿਆ, ਜੇਲ੍ਹ ਗਿਆ, ਲੱਤਾਂ ਤੁੜਵਾਈਆਂ ਪਰ ਜਦੋਂ ਆਜ਼ਾਦੀ ਆਈ, ਮਲਾਈ ਕੁੱਤੇ ਖਾ ਗਏ।
1942-ਏ ਲਵ ਸਟੋਰੀ : ਵੇਦ ਪ੍ਰਕਾਸ਼ ਅਤੇ ਬਿਮਲਾ ਮਹਿਰਾ
1926 ਦੇ ਮਈ ਮਹੀਨੇ ਦੀ 25 ਤਾਰੀਖ਼ ਨੂੰ ਜਨਮੇ ਵੇਦ ਪ੍ਰਕਾਸ਼ ਮਹਿਰਾ ਦੀ ਕਹਾਣੀ ਉਹਨਾਂ ਦੇ ਪਿਤਾ ਤੋਂ ਸ਼ੁਰੂ ਹੁੰਦੀ ਹੈ। ਲਾਲਾ ਰਾਮ ਦੱਤਾ ਮੱਲ
ਖੁਦ ਅਜ਼ਾਦੀ ਘੁਲਾਟੀਏ ਸਨ। ਉਹਨਾਂ ਦੀ ਘਰਵਾਲੀ ਸੁੱਖ ਦੇਵੀ ਵੀ ਆਜ਼ਾਦੀ ਦੀ ਲੜਾਈ 'ਚ ਸਰਗਰਮ ਸੀ। ਸੁੱਖ ਦੇਵੀ ਸਰੋਜਨੀ ਨਾਇਡੂ ਨਾਲ ਕੰਮ ਕਰਦੀ ਸੀ। ਇਸੇ ਵਿਰਾਸਤ 'ਚ ਹੀ ਵੇਦ ਪ੍ਰਕਾਸ਼ ਮਹਿਰਾ ਵੀ ਆਜ਼ਾਦੀ ਦੀ ਲੜਾਈ 'ਚ ਕੁੱਦ ਪਏ। 1942 ਦੇ ਭਾਰਤ ਛੱਡੋ ਅੰਦੋਲਨ 'ਚ ਲਾਹੌਰ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਸਨ।ਆਜ਼ਾਦੀ ਲਈ ਸੜਕਾਂ 'ਤੇ ਉਤਰੀ ਇਸੇ ਭੀੜ 'ਤੇ ਪੁਲਿਸ ਨੇ ਗੋਲੀ ਚਲਾਈ। ਇਸ ਗੋਲੀਬਾਰੀ 'ਚ ਵੇਦ ਪ੍ਰਕਾਸ਼ ਮਹਿਰਾ ਨੂੰ ਵੀ ਗੋਲੀ ਲੱਗੀ। ਵੇਦ ਪ੍ਰਕਾਸ਼ ਮਹਿਰਾ 2013 ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਏ ਪਰ ਉਹਨਾਂ ਦੀ ਘਰਵਾਲੀ ਬਿਮਲਾ ਦੇਵੀ ਮਹਿਰਾ ਅੱਜ ਵੀ ਚੰਡੀਗੜ੍ਹ ਦੀ ਫ੍ਰੀਡਮ ਫਾਈਟਰ ਕਲੋਨੀ 'ਚ ਰਹਿੰਦੇ ਹਨ ਅਤੇ ਫਖਰ ਨਾਲ ਦੱਸਦੇ ਹਨ ਕਿ ਉਹਨਾਂ ਨੂੰ ਲੱਗੀ ਗੋਲੀ ਉਹਨਾਂ ਦੇ ਹੌਂਸਲੇ ਨਾ ਖਤਮ ਕਰ ਸਕੀ। ਬਿਮਲਾ ਦੇਵੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਦੱਸਦੇ ਹਨ ਵੇਦ ਪ੍ਰਕਾਸ਼ ਹੁਣਾਂ ਦਾ ਰਿਸ਼ਤਾ ਜਦੋਂ ਉਹਨਾਂ ਘਰ ਆਇਆ ਤਾਂ ਪਰਿਵਾਰ 'ਚ ਅਥਾਹ ਖੁਸ਼ੀ ਸੀ। 1942 ਦੇ ਅੰਦੋਲਨ ਦੌਰਾਨ ਉਹਨਾਂ ਦੇ ਜਜ਼ਬੇ ਅਤੇ ਪੁਲਿਸ ਦੀ ਖਾਦੀ ਗੋਲੀ ਦਾ ਜ਼ਿਕਰ ਮੇਰੇ ਚੇਤਿਆਂ 'ਚੋਂ ਕਦੀ ਨਹੀਂ ਭੁੱਲਦਾ।
ਬਿਮਲਾ ਮਹਿਰਾ ਅੱਜ ਵੀ ਉਹਨਾਂ ਨੂੰ ਸਦਾ ਯਾਦ ਕਰਦੇ ਹਨ। ਉਹਨਾਂ ਮੁਤਾਬਕ ਅਖੀਰ ਆਜ਼ਾਦੀ ਹੀ ਆਖਰੀ ਸੱਚ ਹੈ। ਇਸ ਲਈ ਚਾਹੇ ਗਾਂਧੀ ਹੋਣ ਚਾਹੇ ਭਗਤ ਸਿੰਘ ਸਾਨੂੰ ਇਸ ਬਹਿਸ ਤੋਂ ਪਾਰ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ। ਬਿਮਲਾ ਦੇਵੀ ਦਾ ਵਿਆਹ 1953 'ਚ ਹੋਇਆ ਸੀ।ਦੇਸ਼ ਆਜ਼ਾਦ ਸੀ ਕਹਾਣੀ 1942 ਦੇ ਜਜ਼ਬੇ ਦੀ ਸੀ ਅਤੇ ਇਸੇ ਤੰਦ 'ਚ ਹੀ ਬਿਮਲਾ ਦੇਵੀ ਨੂੰ ਵੇਦ ਪ੍ਰਕਾਸ਼ ਚੰਗੇ ਲੱਗੇ ਸਨ। ਬਿਮਲਾ ਦੇਵੀ ਕਹਿੰਦੇ ਹਨ ਕਿ ਆਜ਼ਾਦੀ ਤੋਂ ਬਾਅਦ 2013 ਤੱਕ ਆਪਣੀ ਮੌਤ ਤੱਕ ਵੇਦ ਪ੍ਰਕਾਸ਼ ਹੁਣਾਂ ਬਹੁਤ ਕੁਝ ਵੇਖਿਆ ਅਤੇ ਉਹਨਾਂ ਇਸ ਗੱਲ ਦਾ ਸਦਾ ਰੰਝ ਕੀਤਾ ਕਿ ਅਸੀਂ ਜਿਸ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਇਹ ਭਾਰਤ ਇਸ ਦੌਰ ਦੀ ਸਿਆਸਤ ਨੇ ਸੰਭਾਲ ਕੇ ਨਹੀਂ ਰੱਖਿਆ। ਬਿਮਲਾ ਦੇਵੀ ਕਾਫੀ ਬਜ਼ੁਰਗ ਹਨ ਅਤੇ ਆਪਣੇ ਪੁੱਤਰ ਨੂੰਹ ਅਤੇ ਪੋਤਰਿਆਂ ਨਾਲ ਰਹਿੰਦੇ ਹੋਏ ਕਹਿੰਦੇ ਹਨ ਕਿ ਬਾਵਜੂਦ ਤਮਾਮ ਘਾਟਾਂ ਦੇਸ਼ ਨੂੰ ਉਮੀਦ ਹੈ ਅਤੇ ਸਾਨੂੰ ਮਿਲ-ਜੁਲ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਗੜਵਾਲ ਤੋਂ ਲਾਹੌਰ ਅਜ਼ਾਦੀ ਦੇ ਆਸ਼ਕ : ਮਾਸਟਰ ਟੇਕ ਰਾਮ ਜੋਸ਼ੀ
1912 'ਚ ਮਾਸਟਰ ਟੇਕ ਰਾਮ ਜੋਸ਼ੀ ਦਾ ਜਨਮ ਹੋਇਆ। ਉਹਨਾਂ ਦੇ ਪੁੱਤਰ ਪਰਦੀਪ ਜੋਸ਼ੀ ਦੱਸਦੇ ਹਨ ਕਿ ਉਹ ਆਪਣੇ ਪਿਤਾ ਨੂੰ ਪੁੱਛਦੇ ਹੁੰਦੇ ਸਨ ਕਿ ਤੁਹਾਨੂੰ ਮਹਾਤਮਾ ਗਾਂਧੀ ਕਿਉਂ ਚੰਗੇ ਲੱਗਦੇ ਹਨ ਤਾਂ ਜਵਾਬ ਸੀ ਕਿ ਕੁਝ ਤਾਂ ਸੀ ਇੱਕ ਲਾਠੀ ਦੇ ਸਹਾਰੇ ਧੋਤੀ ਅਤੇ ਸਾਦੀ ਚਾਦਰ ਲੈ ਕੇ ਉਹ ਪੂਰੇ ਭਾਰਤ ਨੂੰ ਇੱਕ ਕਰਦੇ ਗਏ ਅਤੇ ਉਹਨਾਂ ਦੀ ਇੱਕ ਆਵਾਜ਼ 'ਤੇ ਲੱਖਾਂ ਭਾਰਤੀ ਆਜ਼ਾਦੀ ਦੀ ਲੜਾਈ 'ਚ ਕੁੱਦ ਪਏ।
ਟਹਿਰੀ ਗੜਵਾਲ ਤੋਂ ਟੇਕ ਰਾਮ ਜੋਸ਼ੀ ਹੁਣਾਂ ਦਾ ਲਾਲਣ-ਪਾਲਣ ਅਤੇ ਪੜ੍ਹਾਈ ਲਾਹੌਰ ਹੋਈ। ਬਚਪਨ 'ਚ ਹੀ ਟੇਕ ਰਾਮ ਜੋਸ਼ੀ ਦੇ ਮਾਂ ਪਿਓ ਫੌਤ ਹੋ ਗਏ ਸਨ। ਲਾਹੌਰ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਬ੍ਰਹਮਚਾਰੀ ਪ੍ਰੋਫੈਸਰ ਲੈ ਗਏ ਸਨ। ਉੱਥੇ ਹੀ ਉਹਨਾਂ ਹਿੰਦੀ ਸੰਸਕ੍ਰਿਤ ਦੀ ਪੜ੍ਹਾਈ ਕੀਤੀ। ਟੇਕ ਰਾਮ ਜੋਸ਼ੀ 15 ਸਾਲ ਦੀ ਉਮਰ 'ਚ ਅਜ਼ਾਦੀ ਦੀ ਲੜਾਈ 'ਚ ਸ਼ਾਮਲ ਹੋ ਗਏ ਸਨ।ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਹੋ ਕੇ ਡਾਂਡੀ ਮਾਰਚ 'ਚ ਵੀ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਦੇ ਨਮਕ ਅੰਦੋਲਨ ਦਾ ਹਿੱਸਾ ਬਣੇ। 1942 ਦੇ ਭਾਰਤ ਛੱਡੋ ਅੰਦੋਲਨ 'ਚ ਉਹ ਇਸ ਵਿਸ਼ਵਾਸ਼ ਨਾਲ ਕੁੱਦ ਪਏ ਕਿ ਇਹ ਕਰੋ ਜਾਂ ਮਰੋ ਦੀ ਜ਼ੁਬਾਨ ਹੈ। ਪਰਦੀਪ ਜੋਸ਼ੀ ਦੱਸਦੇ ਹਨ ਕਿ ਉਹਨਾਂ ਨੇ ਇਸ ਦੌਰਾਨ ਕਈ ਵਾਰ ਜੇਲ੍ਹਾਂ ਵੀ ਕੱਟੀਆਂ ਅਤੇ ਉਹਨਾਂ ਦੇ ਪਿਤਾ ਮੁਤਾਬਕ ਟਹਿਰੀ ਗੜਵਾਲ ਦੇ ਮਹਾਨ ਅਜ਼ਾਦੀ ਘੁਲਾਟੀਏ ਸ਼੍ਰੀ ਦੇਵ ਸੁਮਨ ਨਾਲ ਉਹਨਾਂ ਗੜਵਾਲ ਦੀ ਜੇਲ੍ਹ ਵੀ ਸਾਂਝੀ ਕੀਤੀ ਸੀ। ਮਾਸਟਰ ਟੇਕ ਰਾਮ ਜੋਸ਼ੀ 1990 'ਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਪਰ ਉਹਨਾਂ ਦੀ ਪਤਨੀ ਵਿੱਦਿਆਵਤੀ ਅੱਜ ਵੀ ਆਪਣੇ ਪਰਿਵਾਰ ਨਾਲ ਹੈ। ਵਿੱਦਿਆਵਤੀ ਦੱਸਦੇ ਹਨ ਕਿ ਉਹ ਟੇਕ ਰਾਮ ਜੋਸ਼ੀ ਤੋਂ 15 ਸਾਲ ਛੋਟੀ ਸੀ। ਉਹਨਾਂ ਦਾ ਰਿਸ਼ਤਾ ਸਾਡੇ ਪਰਿਵਾਰ 'ਚ ਜਦੋਂ ਆਇਆ ਸੀ ਤਾਂ ਪਰਿਵਾਰ ਨੇ ਖੁਸ਼ੀ ਜਾਹਰ ਕੀਤੀ ਸੀ ਕਿ ਉਹਨਾਂ ਦਾ ਜਵਾਈ ਭਾਰਤ ਛੱਡੋ ਅੰਦੋਲਨ ਦਾ ਹਿੱਸਾ ਸੀ, ਅਜ਼ਾਦੀ ਘੁਲਾਟੀਆ ਸੀ ਅਤੇ ਪੜ੍ਹਿਆ ਲਿਖਿਆ ਸੀ।
ਪਰਦੀਪ ਜੋਸ਼ੀ ਕਹਿੰਦੇ ਹਨ ਕਿ ਉਹਨਾਂ ਦੇ ਪਿਤਾ ਅਤੇ ਉਹਨਾਂ ਦੇ ਗਾਂਧੀਵਾਦੀ ਸਿਧਾਂਤ ਹੀ ਹਨ ਕਿ ਅਸੀਂ ਵੀ ਉਹਨਾਂ ਰਾਹਵਾਂ 'ਤੇ ਤੁਰਦਿਆਂ ਜ਼ਿੰਦਗੀ ਗੁਜ਼ਾਰਦੇ ਹਾਂ। ਨਵੀਂ ਪੀੜ੍ਹੀ 'ਚੋਂ ਟੇਕ ਰਾਮ ਜੋਸ਼ੀ ਦੀ ਪੋਤਰੀ ਮਾਨਸੀ ਅਤੇ ਪੋਤਰਾ ਆਦੱਤਿਆ ਦੱਸਦੇ ਹਨ ਕਿ ਸਾਡਾ ਜਨਮ ਦਾਦਾ ਜੀ ਦੀ ਮੌਤ ਤੋਂ ਬਾਅਦ ਦਾ ਹੈ ਪਰ ਜਦੋਂ ਕੋਈ ਸਾਨੂੰ ਦੱਸਦਾ ਹੈ ਕਿ ਤੁਹਾਡੇ ਦਾਦਾ ਜੀ ਆਜ਼ਾਦੀ ਘੁਲਾਟੀਏ ਸਨ ਤਾਂ ਸਾਨੂੰ ਫਖ਼ਰ ਹੁੰਦਾ ਹੈ। ਮਾਨਸੀ ਅੱਜ ਦੇ ਦੌਰ 'ਚ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੇ ਨਾਲ ਨਾਲ ਭਗਤ ਸਿੰਘ ਦੇ ਵਿਚਾਰਾਂ ਨੂੰ ਖਾਸ ਮੰਨਦੀ ਹੈ ਅਤੇ ਕਹਿੰਦੀ ਹੈ ਕਿ ਗਾਂਧੀ ਸਿਰਫ ਇੱਕ ਰਾਹ ਨਹੀਂ ਹੈ,ਕਦੀ ਕਦੀ ਭਗਤ ਸਿੰਘ ਹੁਣਾਂ ਦਾ ਰਾਹ ਬਹੁਤਾ ਵਧੀਆ ਲੱਗਦਾ ਹੈ ਜਦੋਂ ਇਸ ਦੌਰ ਦੀ ਸਿਆਸਤ ਨੂੰ ਮਹਿਸੂਸ ਕਰੀਦਾ ਹੈ।
ਗਾਂਧੀਵਾਦੀਆਂ ਦੀ ਮਜਲਿਸ : ਗਾਂਧੀ ਸਮਾਰਕ ਨਿਧੀ
ਸੈਕਟਰ 16 ਦੇ ਗਾਂਧੀ ਸਮਾਰਕ ਨਿਧੀ ਦੀ ਸਥਾਪਨਾ 1961 ਨੂੰ ਹੋਈ ਸੀ।ਚੰਡੀਗੜ੍ਹ 'ਚ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਡਾ. ਗੋਪੀਚੰਦ ਭਾਰਗਵ ਇਹਦੇ ਚੇਅਰਮੈਨ ਸਨ। ਗਾਂਧੀ ਸਮਾਰਕ ਨਿਧੀ ਹਿੱਸਾ ਭੀਮ ਸੈਨ ਸੱਚਰ ਵਰਗੀਆਂ ਸ਼ਖਸੀਅਤਾਂ ਵੀ ਰਹੀਆਂ ਹਨ। ਕੇ.ਕੇ ਸ਼ਾਰਦਾ ਇਹਦੇ ਮੌਜੂਦਾ ਚੇਅਰਮੈਨ ਹਨ। ਗਾਂਧੀ ਸਮਾਰਕ ਨਿਧੀ ਆਪਣੀਆਂ 20 ਹਜ਼ਾਰ ਕਿਤਾਬਾਂ ਦੀ ਲਾਇਬ੍ਰੇਰੀ ਅਤੇ ਨੈਚਰੋਪੈਥੀ ਰਾਹੀ ਇਲਾਜ ਕਰਦਾ ਚੰਡੀਗੜ੍ਹ 'ਚ ਗਾਂਧੀਵਾਦੀਆਂ ਦੀ ਮਜਲਿਸ ਹੈ। ਮਹਾਤਮਾ ਗਾਂਧੀ ਨੂੰ ਸਮਝਣ ਲਈ ਪੰਜਾਬ 'ਚ ਗਾਂਧੀ ਸਮਾਰਕ ਨਿਧੀ ਖਾਸ ਸਿਰਨਾਵਾਂ ਹੈ।
ਹਰਪ੍ਰੀਤ ਸਿੰਘ ਕਾਹਲੋਂ