ਸੰਪੂਰਨ ਖੇਤੀ-ਪੂਰਨ ਰੁਜ਼ਗਾਰ-ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ-ਇੱਕ ਮਿਸ਼ਨ

Sunday, Mar 24, 2019 - 04:06 PM (IST)

ਸੰਪੂਰਨ ਖੇਤੀ-ਪੂਰਨ ਰੁਜ਼ਗਾਰ-ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ-ਇੱਕ ਮਿਸ਼ਨ

ਮਹਾਤਮਾ ਗਾਂਧੀ ਕਹਿੰਦੇ ਸਨ ਕਿ ਉਹ ਭਾਰਤ ਦੀ ਆਤਮਾ ਪਿੰਡਾਂ 'ਚ ਵੇਖਦੇ ਹਨ।ਪਰ 70 ਵੇਂ ਦਹਾਕਿਆਂ ਤੋਂ ਬਾਅਦ ਹਰੀ ਕ੍ਰਾਂਤੀ ਨੇ ਖੇਤੀਬਾੜੀ ਨੂੰ ਜਿੰਨਾ ਮੁਨਾਫੇ 'ਚ ਤਬਦੀਲ ਕੀਤਾ ਉਸ ਦੇ 50 ਸਾਲਾਂ ਬਾਅਦ ਉਨੇ ਹੀ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ।ਇਸੇ ਨੂੰ ਨੂਰਪੁਰ ਬੇਦੀ ਤੋਂ ਜੈਵਿਕ ਖੇਤੀ ਕਰਦੇ ਦਰਸ਼ਨ ਸਿੰਘ ਕਹਿੰਦੇ ਹਨ-ਇਟ ਇਜ਼ ਨਾਟ ਏ ਗ੍ਰੀਨ ਰੇਵੂਲੂਸ਼ਨ, ਇਟ ਇਜ਼ ਏ ਗ੍ਰੀਡੀ ਰੇਵੂਲੂਸ਼ਨ। ਫਾਜ਼ਲਿਕਾ ਅਬੋਹਰ ਖੇਤਰ 'ਚ ਕੰਮ ਕਰਦੇ ਡਾ ਪ੍ਰਿਤਪਾਲ ਸਿੰਘ ਦੱਸਦੇ ਹਨ ਕਿ ਪੈਸਟੀਸਾਈਡ ਪ੍ਰਦੂਸ਼ਨ ਅਤੇ ਬਹੁਤੇ ਮੁਨਾਫੇ ਨੇ ਸਾਨੂੰ ਅੰਦਰੋ ਅੰਦਰ ਖੋਖਲਾ ਕਰ ਦਿੱਤਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕੈਂਸਰ, ਕਾਲਾ ਪੀਲੀਆਂ ਜਿਹੀਆਂ ਬਿਮਾਰੀਆਂ ਤਾਂ ਆਮ ਹਨ ਹੀ ਪਰ ਜਨਾਨੀਆਂ ਅੰਦਰ ਬਾਂਝਪਣ, ਬੰਦਿਆਂ ਦੇ ਸ਼ਕਰਾਨੂਆਂ ਦੇ ਕਮਜ਼ੋਰ ਹੋਣ ਨਾਲ ਆਉਣ ਵਾਲੇ ਸਾਲਾਂ ਅੰਦਰ ਪੰਜਾਬ 'ਚ ਪ੍ਰਜਨਣ ਪ੍ਰਕਿਰਿਆ ਖਤਰੇ ਵਿੱਚ ਹੈ। ਮਾਹਰਾਂ ਦੀਆਂ ਇਹਨਾਂ ਗੱਲਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਧਰਤੀ ਦੇ ਪੰਜ ਤੱਤ ਮਿੱਟੀ, ਪਾਣੀ, ਹਵਾ,ਅੱਗ, ਅੰਬਰ ਖੌਫਨਾਕ ਢੰਗ ਨਾਲ ਬੇਤਾਲੇ ਹੋਏ ਹਨ।
ਇਹਨਾਂ ਮਸਲਿਆਂ ਬਾਰੇ ਧਰਤੀ ਅਤੇ ਪੰਜਾਬ 'ਚ ਬਹੁਤ ਸਾਰੇ ਬੰਦੇ ਗੰਭੀਰਤਾ ਨਾਲ ਸੋਚਦੇ ਵੀ ਹਨ।ਇਹ ਬੰਦੇ ਇਸ ਲਈ ਨਿੱਠਕੇ ਕੰਮ ਕਰ ਰਹੇ ਹਨ।ਇਹਨਾਂ 'ਚੋਂ ਹੀ ਫਗਵਾੜਾ ਦੇ ਅਵਤਾਰ ਸਿੰਘ ਹਨ ਜੋ 'ਸੰਪੂਰਨ ਖੇਤੀ ਮਿਸ਼ਨ' ਲੈ ਕੇ ਚੱਲੇ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ ਅਪਲਾਈਡ ਕੈਮਿਸਟਰੀ ਡਿਗਰੀ ਯਾਫਤਾ ਆਪਣੀ ਨੌਕਰੀ ਛੱਡਕੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ।ਅਵਤਾਰ ਸਿੰਘ ਹੁਣਾਂ ਦਾ ਮੰਨਣਾ ਹੈ ਕਿ ਖੇਤੀਬਾੜੀ ਪ੍ਰਧਾਨ ਦੇਸ਼ ਦੇ ਖੇਤੀਬਾੜੀ ਸੁਭਾਅ ਦੇ ਮੂਲ ਨੂੰ ਬਚਾਉਣ ਲਈ ਸਾਨੂੰ ਮੁੜ ਆਪਣੀ ਖੇਤੀ ਨਾਲ ਜੁੜਣਾ ਪੈਣਾ ਹੈ।ਇਸ ਖੇਤੀ ਦੇ ਮੂਲ 'ਚ ਲਾਹੇਵੰਦ ਧੰਦਾ,ਚੰਗੀ ਸਿਹਤ,ਤੰਦਰੁਸਤ ਮਨ ਅਤੇ ਪੰਜਾਬ ਦੇ ਫਲਸਫਿਆਂ 'ਚ ਪਏ ਪਵਣੁ ਗੁਰੂ ਪਾਣੀ ਪਿਤਾ ਦੇ ਮੂਲ 'ਤੇ ਪਹਿਰਾ ਦੇਣਾ ਹੀ ਪਵੇਗਾ।ਇੰਝ ਹੀ ਅਸੀਂ ਆਪਣੀ ਧਰਤੀ ਦੇ ਪੁੱਤ ਆਪਣੀ ਮਾਂ ਦਾ ਕਰਜ਼ ਉਤਾਰਾਂਗੇ।
ਕਹਾਣੀ ਸ਼ੁਰੂ ਕਿਵੇਂ ਹੋਈ ?
ਅਵਤਾਰ ਸਿੰਘ 1991 ਤੋਂ ਹੀ ਖੇਤੀਬਾੜੀ ਕਰ ਰਹੇ ਹਨ।ਇਸ ਸਮੇਂ ਪੰਡਵਾ ਪਿੰਡ ਅਤੇ ਫਗਵਾੜੇ ਦੇ ਨੇੜਲੇ ਖਿੱਤਿਆਂ 'ਚ 30 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ 'ਤੇ ਜ਼ਮੀਨ ਲੈਕੇ 52 ਏਕੜ 'ਚ ਖੇਤੀ ਕਰ ਰਹੇ ਹਨ।ਆਪਣੇ ਦਰਦ ਨੂੰ ਬਿਆਨ ਕਰਦੇ ਕਹਿੰਦੇ ਹਨ ਕਿ ਜਿਹੜੇ ਖੇਤਾਂ ਦੇ ਪੁੱਤ ਹੁਣ ਯਤੀਮ ਹੋ ਰਹੇ ਹਨ ਅਸੀਂ ਇੰਝ ਬਹੁਤ ਪਹਿਲਾਂ ਹੀ ਆਪਣੀ ਸਾਰੀ ਜੱਦੀ ਜ਼ਮੀਨ ਗਵਾ ਬੈਠੇ ਸੀ ਪਰ ਹਾਂ ਤਾਂ ਮੈਂ ਕਿਸਾਨ ਦਾ ਪੁੱਤ ਕਿਸਾਨ ਹੀ, ਸੋ ਮੈਂ ਫਿਰ ਤੋਂ ਖੇਤੀਬਾੜੀ ਹੀ ਕਰਨੀ ਚਾਹੀ।
ਅਵਤਾਰ ਸਿੰਘ ਕਹਿੰਦੇ ਹਨ ਕਿ ਅਸੀਂ ਹੌਲੀ ਹੌਲੀ ਖੇਤੀ ਦਾ ਕੁਦਰਤੀਕਰਨ ਕਰਨਾ ਸ਼ੁਰੂ ਕੀਤਾ ਹੈ।ਇਹ ਜੈਵਿਕ ਖੇਤੀ ਵਰਗੀ ਗੱਲ ਹੈ ਪਰ ਬਣਤਰ ਤੋਂ ਥੌੜ੍ਹੀ ਵੱਖਰੀ ਹੈ।ਖੇਤੀਬਾੜੀ 'ਚ ਪੈਦਾਵਾਰ ਕਰਦੇ ਅਸੀਂ ਧਰਤੀ ਬੀਜ ਅਤੇ ਪਾਣੀ ਨੂੰ ਲੈਕੇ ਖਾਸ ਨੁਕਤਿਆਂ ਦੀ ਵਿਉਂਤਬੰਦੀ ਕੀਤੀ।ਅਸੀਂ ਸੰਪੂਰਨ ਖੇਤੀ ਮਿਸ਼ਨ 'ਚ ਜਿਹੜਾ ਬੰਦੋਬਸਤ ਕੀਤਾ ਹੈ ਇਸ ਸਿਲਸਿਲੇ 'ਚ ਪੰਜਾਬ,ਹਰਿਆਣਾ,ਉਤਰਾਖੰਡ,ਯੂ.ਪੀ.,ਹਿਮਾਚਲ ਦੇ 500 ਕਿਸਾਨ ਆਪੋ ਆਪਣੀ ਖੇਤੀ ਇਸੇ ਵਿਉਂਤਬੰਦੀ 'ਚ ਕਰ ਰਹੇ ਹਨ।
ਫਗਵਾੜਾ ਗੁੱਡ ਗ੍ਰੋ ਕਰੋਪਿੰਗ ਸਿਸਟਮ 'ਚ ਅਵਤਾਰ ਸਿੰਘ ਹੁਣਾਂ ਦੇ ਦੂਜੇ ਅਹਿਮ ਸਾਥੀ ਡਾ. ਚਮਨ ਲਾਲ ਵਸ਼ਿਸ਼ਟ ਹਨ।ਡਾ. ਵਸ਼ਿਸ਼ਟ ਕਹਿੰਦੇ ਹਨ ਕਿ 2015 ਤੋਂ ਅਸੀਂ ਇਸ ਸਿਸਟਮ 'ਤੇ ਹੋਰ ਨਿੱਠਕੇ ਕੰਮ ਕੀਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਖੇਤੀਬਾੜੀ ਦੀ ਅਜਿਹੀ ਵਿਉਂਤਬੰਦੀ 'ਤੇ ਜੇ ਅਸੀਂ ਗੌਰ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਇਹ ਸਾਡਾ ਅਸਲ ਸਿਜਦਾ ਹੋਵੇਗਾ।ਇੰਝ ਪੰਜਾਬ ਬੱਚਦਾ ਹੈ।ਇੰਝ ਧਰਤੀ ਦੀ ਆਬੋ ਹਵਾ ਅਸੀਂ ਅਤੇ ਸਾਡੀ ਬਨਸਪਤੀ ਦੀ ਨਸਲ ਬੱਚਦੀ ਹੈ।ਸਾਡੇ ਮੁਹਾਵਰੇ 'ਚ ਇਹ ਗੱਲਾਂ ਹਨ 'ਜੇਹਾ ਪਾਣੀ ਤੇਹਾ ਪ੍ਰਾਣੀ' ਜਾਂ 'ਜੇਹਾ ਦੁੱਧ ਤੇਹੀ ਬੁੱਧ' ਸੋ ਜੇ ਪੰਜਾਬ ਨਸ਼ੇੜੀ ਅਤੇ ਬਿਮਾਰੀਆਂ ਨਾਲ ਘਿਰਿਆ ਹੈ ਤਾਂ ਇਹਦਾ ਕਾਰਨ ਸਿੱਧਾ ਸਿੱਧਾ ਇਹ ਹੈ ਕਿ ਸਾਡੀ ਮਿੱਟੀ,ਬਨਸਪਤੀ ਅਤੇ ਜੀਵ ਜੰਤੂ ਬਿਮਾਰੀ ਅਤੇ ਜ਼ਹਿਰਾਂ ਨਾਲ ਘਿਰੇ ਹਨ।
ਸੰਪੂਰਨ ਖੇਤੀ ਦੀ ਬਣਤਰ ਅਤੇ ਫਲਸਫ਼ਾ
ਸੰਪੂਰਨ ਖੇਤੀ ਦੀ ਬਣਤਰ ਫਗਵਾੜਾ ਗੁੱਡ ਗ੍ਰੋ ਕਰੋਪਿੰਗ ਸਿਸਟਮ 'ਤੇ ਅਧਾਰਿਤ ਹੈ ਜਿਹਦੇ ਇਹ ਸਾਰੇ ਨਿਯਮ ਹਨ।ਅਵਤਾਰ ਸਿੰਘ ਇਸ ਸਿਸਟਮ ਦੀ ਵਿਆਖਿਆ ਕਰਦੇ ਦੱਸਦੇ ਹਨ ਕਿ ਇਸ ਲਈ ਜ਼ਰੂਰੀ ਹੈ ਸਾਨੂੰ ਖੁਦ ਦਾ,ਆਪਣੀ ਮਿੱਟੀ ਅਤੇ ਬਨਸਪਤੀ ਦਾ ਕੁਦਰਤੀ ਵਿਹਾਰ ਦੀ ਆਬੋ ਹਵਾ ਸਮਝਣੀ ਚਾਹੀਦੀ ਹੈ।ਪੰਜਾਬ ਦੀ ਵਨਸਪਤੀ ਜਲ ਪੌਦਿਆਂ ਦੀ ਨਹੀਂ ਹੈ।ਝੋਨਾ ਸਾਡੀ ਫ਼ਸਲ ਨਹੀਂ ਹੈ।ਖੁਸ਼ਕ ਪੌਦੇ ਸਾਡੀ ਫਸਲ ਹਨ।ਵਨਸਪਤੀ ਦਾ ਕੁਦਰਤੀ ਸਹਿਜ ਵਿਹਾਰ ਇਹ ਹੈ ਕਿ ਉਹ ਆਪਣੇ ਖਿੱਤੇ ਦੇ ਪਾਣੀ,ਹਵਾ,ਮਿੱਟੀ,ਆਬੋ ਹਵਾ ਨਾਲ ਤਾਲਮੇਲ ਲੈਕੇ ਚੱਲਦੀ ਹੈ।ਇਹ ਇੱਕ ਚੱਕਰ ਹੈ ਜਿਸ 'ਚ ਅਸੀਂ, ਸੂਖਮ ਪ੍ਰਾਣੀ ਜਗਤ ਜਿਹੜਾ ਮਿੱਟੀ 'ਚ ਹੈ ਅਤੇ ਵਨਸਪਤੀ ਲਈ ਸਹਾਇਕ ਹੈ,ਵਨਸਪਤੀ ਦਾ ਆਪਸੀ ਸਹਿਚਾਰ ਹੈ।
ਇਹਨੂੰ ਸਮਝਾਉਣ ਲਈ ਅਵਤਾਰ ਸਿੰਘ ਕਹਿੰਦੇ ਹਨ ਕਿ ਹਰੀ ਕ੍ਰਾਂਤੀ ਨੇ ਜਿਹੜਾ ਫਸਲਾਂ ਦਾ ਵਰਗੀਕਰਨ ਕੀਤਾ ਅਤੇ ਹੁਣ ਵੀ ਵਿਭੰਨਤਾ ਦੇ ਨਾਮ 'ਤੇ ਜੋ ਬੀਜਣ ਲਈ ਕਿਹਾ ਜਾ ਰਿਹਾ ਹੈ ਇਹ ਮਿਸ਼ਰਤ ਸਹਿਯੋਗ ਨਹੀਂ ਹੈ।ਸਾਨੂੰ ਖਾਸ ਖਿੱਤੇ 'ਚ ਇੱਕੋ ਹੀ ਤਰ੍ਹਾਂ ਦੀ ਫਸਲ ਲਾਉਣ ਲਈ ਕਹਿ ਦਿੱਤਾ ਜਾਂਦਾ ਹੈ।ਪਰ ਕੁਦਰਤ ਅਸੀਂ ਅਤੇ ਵਨਸਪਤੀ ਜੰਗਲ ਦੀ ਤਰ੍ਹਾਂ ਹੈ।ਸਾਨੂੰ ਜੰਗਲ ਦਾ ਸਿਧਾਂਤ ਹੀ ਲਾਗੂ ਕਰਨਾ ਚਾਹੀਦਾ ਹੈ।ਸਾਨੂੰ ਕੁਦਰਤ ਨਾਲ ਇੱਕ ਮਿੱਕ ਹੋਣਾ ਪੈਣਾ ਹੈ।ਸਾਨੂੰ ਆਪਣੇ 12 ਮਹੀਨਿਆਂ ਦੀ ਫਸਲ ਨੂੰ ਘੱਟ ਤਪਸ਼ ਅਤੇ ਵੱਧ ਤਪਸ਼ ਜਾਂ ਕਹਿ ਲਓ ਸਰਦੀ ਗਰਮੀ ਅਤੇ ਬਰਸਾਤੀ ਮੌਸਮ ਨਾਲ ਲਾਉਂਦੇ ਹੋਏ ਵਿਉਂਬੰਦੀ ਕਰਨੀ ਚਾਹੀਦੀ ਹੈ।ਖੇਤੀ ਵਿਭੰਨਤਾ ਇੱਕ ਮੋਨੋਕਲਚਰ ਹੈ।ਲੋੜ ਹੈ ਕਿ ਅਸੀਂ ਇੱਕੋ ਥਾਂ ਕਈ ਫਸਲਾਂ ਇਕੱਠੀਆਂ ਬੀਜਦੇ ਹੋਏ ਜੰਗਲ ਦੇ ਸਿਧਾਂਤ ਨੂੰ ਲਾਗੂ ਕਰੀਏ।

PunjabKesari
ਸੰਪੂਰਨ ਖੇਤੀ ਪ੍ਰਬੰਧ
ਖੇਤੀ ਦਾ ਸਧਾਰੀਕਰਨ : ਅਵਤਾਰ ਸਿੰਘ ਮੁਤਾਬਕ ਅਸੀਂ ਜ਼ਮੀਨ ਦਾ ਕੰਪਿਊਟਰ ਕਰਾਹ ਕਰਨ ਤੋਂ ਬਾਅਦ ਪੈਲੀ 'ਚ ਬੈੱਡ ਬਣਾਉਂਦੇ ਹਾਂ।ਇਹ ਚੌੜੀਆਂ ਵੱਟਾਂ ਇਸ ਢੰਗ ਨਾਲ ਬਣਾਈਆਂ ਜਾਂਦੀਆਂ ਹਨ ਕਿ ਪਾਣੀ ਇਹਨਾਂ ਦੇ ਕੰਢੇ ਖਾਲਾਂ 'ਚ ਰਹੇ।ਇੰਝ ਕਰਨ ਦੇ ਦੋ ਮੁੱਢਲੇ ਕਾਰਨ ਹਨ।ਪਹਿਲਾਂ ਹਰ ਛਿਮਾਹੀ ਜ਼ਮੀਨ ਦੀ ਵਾਹੀ ਕਰਨ ਦੀ ਲੋੜ ਨਹੀਂ।ਖੇਤੀਬਾੜੀ 'ਚ ਦੋ ਗੱਲਾਂ ਹਮੇਸ਼ਾਂ ਯਾਦ ਰੱਖਣ ਵਾਲੀਆਂ ਹਨ।ਪਹਿਲਾਂ ਕਿ ਅਸੀਂ ਖੁਦ ਅਤੇ ਆਬੋ ਹਵਾ ਨੂੰ ਤੰਦਰੁਸਤ ਬਣਾਉਣਾ ਹੈ ਅਤੇ ਦੂਜਾ ਅਸੀਂ ਆਪਣੀ ਆਰਥਕਤਾ ਨੂੰ ਸਹੀ ਲੀਹੇ ਲਿਆਉਣਾ ਹੈ।ਇਸ ਲਈ ਖਰਚੇ,ਲਾਗਤ ਘਟਾਉਣੀ ਪਵੇਗੀ।
ਬੈੱਡ ਬਣਾਉਣ ਬਾਰੇ ਅਵਤਾਰ ਸਿੰਘ ਕਹਿੰਦੇ ਹਨ ਕਿ ਯਾਦ ਰਹੇ ਦੁਨੀਆਂ ਦੀਆਂ ਸਾਰੀਆਂ ਸੱਭਿਆਤਾਵਾਂ ਨਦੀਆਂ ਕੰਢੇ ਪੈਦਾ ਹੋਈਆਂ।ਹਰ ਸੱਭਿਅਤਾ ਨੂੰ ਜੀਵਨ ਦੇ ਪੰਜ ਮੂਲ ਅਧਾਰ ਚਾਹੀਦੇ ਹਨ।ਪਾਣੀ,ਸਾਹ ਲੈਣ ਨੂੰ ਖੁੱਲ੍ਹੀ ਆਬੋ ਹਵਾ,ਅੰਬਰ,ਸੂਰਜ ਅਤੇ ਮਿੱਟੀ।ਇਸ ਧਰਤੀ 'ਤੇ ਹਰ ਜ਼ਿੰਦਗੀ ਦਾ ਮੂਲ ਇਹੋ ਹੈ।ਸੋ ਜਿਹੜੇ ਹਲਾਤ ਰਹਿਣ ਲਈ ਮਨੁੱਖੀ ਸੱਭਿਅਤਾ ਦੇ ਹਨ ਉਹੋ ਹਲਾਤ ਹੀ ਇਸ ਧਰਤੀ ਦੇ ਜੀਵ ਜੰਤੂ ਅਤੇ ਬਨਸਪਤੀ ਜਗਤ ਦੇ ਵੀ ਹਨ।ਇਹ ਬੈੱਡ ਅਤੇ ਜੰਗਲ ਦਾ ਸਿਧਾਂਤ ਵਨਸਪਤੀ ਦੀ ਸੱਭਿਅਤਾ ਹਨ।ਇੰਝ ਵਨਸਪਤੀ ਨੂੰ ਹਵਾ ਪਾਣੀ ਨਮੀ ਨਿਰੰਤਰ ਮਿਲਦੀ ਹੈ।ਇੰਝ ਸੂਖਮ ਪ੍ਰਾਣੀਆਂ ਦੇ ਜ਼ਿੰਦਗੀ ਦਾ ਅਧਾਰ ਬਣਦਾ ਹੈ।ਇਹ ਸੂਖਮ ਪ੍ਰਾਣੀ 1 ਗ੍ਰਾਮ ਮਿੱਟੀ 'ਚ 3 ਕਰੋੜ ਤੋਂ 3 ਅਰਬ ਤੱਕ ਹੁੰਦੇ ਹਨ ਜੋ ਵਨਸਪਤੀ ਲਈ ਡੀਕੰਪੋਸਰ ਭਾਵ ਖੁਰਾਕੀ ਤੱਤ ਦਾ ਕੰਮ ਕਰਦੇ ਹਨ।ਇੰਝ ਯੂਰੀਆ ਅਤੇ ਹੋਰ ਖਾਦਾਂ ਨੂੰ ਤੁਸੀਂ ਉੱਕਾ ਬੰਦ ਕਰ ਸਕਦੇ ਹੋ। 
ਖੇਤੀ ਦਾ ਬਾਰਹਮਾਹ : ਇਸ ਲਈ ਸੰਪੂਰਨ ਖੇਤੀ ਮਿਮਸ਼ਨ ਨੇ ਆਪਣਾ ਫਸਲੀ ਚੱਕਰ ਜੰਗਲ ਦੇ ਸਿਧਾਂਤ ਮੁਤਾਬਕ 12 ਮਹੀਨਿਆਂ 'ਚ ਵੰਡਿਆ ਹੈ।ਜਨਵਰੀ ਤੋਂ ਅਪ੍ਰੈਲ,ਮਈ ਤੋਂ ਅਗਸਤ,ਸਿਤੰਬਰ ਤੋਂ ਦਿਸੰਬਰ ਤੇ ਚਾਰ ਚਾਰ ਮਹੀਨਿਆਂ ਦੇ ਸਰਦ,ਗਰਮ ਅਤੇ ਬਰਸਾਤੀ ਮੌਸਮ ਮੁਤਾਬਕ ਫਸਲਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ।ਇਸ ਫਸਲੀ ਚੱਕਰ 'ਚ ਇੱਕੋ ਖੇਤ 'ਚ ਮੱਕੀ, ਕਪਾਹ, ਅਰਹਰ, ਵੇਲਾਂ ਵਾਲੀਆਂ ਸਬਜ਼ੀਆਂ, ਭਿੰਡੀ, ਟਮਾਟਰ, ਮਿਰਚ, ਸ਼ਿਮਲਾ ਮਿਰਚ, ਦਾਲਾਂ, ਆਲੂ, ਗਾਜਰ, ਮਟਰ, ਕਣਕ ਅਤੇ ਗੰਨਾ ਲਾਇਆ ਜਾਂਦਾ ਹੈ।
ਅਵਤਾਰ ਸਿੰਘ ਕਹਿੰਦੇ ਹਨ ਕਿ ਇਹ ਪੰਜਾਬ ਦੀਆਂ ਅਸਲੀ ਫਸਲਾਂ ਹਨ।ਇਹ ਫਸਲਾਂ ਪੰਜਾਬ ਦੀ ਮਿੱਟੀ ਦੇ ਅਸਲ ਧੀਆਂ ਪੁੱਤਰ ਹਨ। 
ਸੰਪੂਰਨ ਖੇਤੀ ਬਨਾਮ ਯੂਨੀਵਰਸਿਟੀ ਸੁਝਾਅ : ਅਵਤਾਰ ਸਿੰਘ ਪ੍ਰਤੀ ਏਕੜ ਧਰਤੀ ਦੀ ਗੁਣਵੱਤਾ,ਆਰਥਕਤਾ ਅਤੇ ਸਿਹਤਮੰਦ ਪੰਜਾਬ ਬਾਰੇ ਸਮਝਾਉਂਦੇ ਸਾਨੂੰ ਦੱਸਦੇ ਹਨ ਕਿ ਉਹ ਬੀਜਾਂ ਦੀ ਵਰਤੋਂ ਅਤੇ ਫਸਲਾਂ ਦੀ ਸਾਂਭ ਸੰਭਾਲ ਲਈ ਕੀ ਕਰਦੇ ਹਨ।ਅਵਤਾਰ ਸਿੰਘ ਕਹਿੰਦੇ ਹਨ ਕਿ ਪੂਰਾ ਜੈਵਿਕ ਖੇਤੀ 'ਤੇ ਨਾ ਨਿਰਭਰ ਹੋਕੇ ਅਸੀਂ ਫਸਲਾਂ ਦੇ ਕੁਦਰਤੀਕਰਨ 'ਚ ਆਧੁਨਿਕ ਕਾਢਾਂ ਦਾ ਸਹਾਰਾ ਲੈਂਦੇ ਹਾਂ ਪਰ ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਆਪਣੀ ਬਿਮਾਰੀ ਨੂੰ ਲੈਕੇ ਹੀ ਸੀਮਤ ਦਵਾਈ ਦੀ ਵਰਤੋਂ ਕਰਦਾ ਹੈ।ਅਵਤਾਰ ਸਿੰਘ ਕਹਿੰਦੇ ਹਨ ਕਿ ਫਗਵਾੜਾ ਗੁੱਡ ਗਰੋ ਕਰੋਪਿੰਗ ਸਿਸਟਮ ਪ੍ਰਬੰਧ 'ਚ ਅਸੀਂ ਦਵਾਈਆਂ ਦੀ ਮਾਤਰਾ ਦੇ ਵੀ ਖਾਸ ਨਿਯਮ ਬਣਾਏ ਹਨ।ਜਿਵੇਂ ਯੂਰੀਆਂ ਅਤੇ ਖਾਦਾਂ ਦੀ ਵਰਤੋਂ ਉੱਕਾ ਨਹੀਂ ਹੈ।ਗੰਨੇ ਦੀ ਫਸਲ 'ਚ ਮੈਟਰੀਬੋਸਿਨ ਦਵਾਈ ਦੀ ਵਰਤੋਂ ਦਾ ਯੂਨੀਵਰਸਿਟੀ ਸੁਝਾਅ 700 ਗ੍ਰਾਮ ਪ੍ਰਤੀ ਏਕੜ ਹੈ ਪਰ ਅਸੀਂ ਇੰਨੀ ਹੀ ਮਾਤਰਾ ਇੱਕ ਏਕੜ 'ਚ ਨਾ ਕਰਕੇ 21 ਏਕੜਾਂ 'ਚ ਕਰਦੇ ਹਾਂ।ਇੰਝ ਹੀ ਯੂਨੀਵਰਸਿਟੀ ਦੀ ਸਿਫਾਰਿਸ਼ ਪ੍ਰਤੀ ਏਕੜ ਗੰਨੇ ਲਾਉਣ ਦੀ ਮਾਤਰਾ 30 ਕੁਇੰਟਲ ਹੈ ਪਰ ਅਸੀਂ 1250 ਪੋਰੀਆਂ ਲੱਗਭਗ 70 ਗੰਨੇ ਲਾਉਂਦੇ ਹਾਂ।ਇੰਝ ਹੀ ਯੂਨੀਵਰਸਿਟੀ ਕਣਕ ਦੀ ਮਾਤਰਾ ਪ੍ਰਤੀ ਏਕੜ 40 ਕਿੱਲੋ ਕਹਿੰਦੀ ਹੈ ਪਰ ਅਸੀਂ ਸਿਰਫ ਡੇੜ ਕਿੱਲੋ ਭਾਵ 32 ਹਜ਼ਾਰ ਦਾਣਾ ਵਰਤ ਰਹੇ ਹਾਂ।ਇੰਝ ਹੀ ਯੂਨੀਵਰਸਿਟੀ ਦੀ ਸਿਫਾਰਿਸ਼ 'ਚ ਸਰੋਂ ਡੇੜ ਕਿੱਲੋ ਹੈ ਪਰ ਅਸੀਂ 12 ਗ੍ਰਾਮ ਸਰੋਂ ਦੇ ਬੀਅ ਦੀ ਵਰਤੋਂ ਕਰਦੇ ਹਾਂ।ਇੰਝ ਹੀ ਅਸੀਂ ਗੰਨੇ ਦੀ ਬੰਨ੍ਹਾਈ ਨਹੀਂ ਕਰਦੇ।ਬੰਨ੍ਹਣ ਨਾਲ ਗੰਨੇ ਦਾ ਪ੍ਰਕਾਸ਼ ਸ਼ੰਸ਼ਲੇਸ਼ਨ ਖੇਤਰ ਘੱਟਦਾ ਹੈ।ਇਹ ਗੁਣਵੱਤਾ,ਸਮਰੱਥਾ 'ਤੇ ਅਸਰ ਪਾਉਂਦਾ ਹੈ।
ਸੰਪੂਰਨ ਖੇਤੀ ਦੇ ਲਾਭ 
ਸੰਪੂਰਨ ਖੇਤੀ ਦੇ ਮਿਸ਼ਨ ਦਾ ਕਾਰੋਬਾਰ ਸਮਝਾਉਂਦੇ ਅਵਤਾਰ ਸਿੰਘ ਕਹਿੰਦੇ ਹਨ ਕਿ ਇੱਕ ਏਕੜ 'ਚ ਜੰਗਲ ਦੇ ਸਿਧਾਂਤ ਮੁਤਾਬਕ ਲਾਈਆਂ ਬਾਕੀ ਫਸਲਾਂ ਜਿੱਥੇ ਖੇਤੀਬਾੜੀ ਦੇ ਖਰਚੇ ਪੂਰੇ ਕਰਦੀਆਂ ਹਨ ਉੱਥੇ ਗੰਨਾ ਪ੍ਰਤੀ ਏਕੜ 400 ਕੁਇੰਟਲ ਦੀ ਪੈਦਾਵਾਰ ਨਾਲ 1 ਲੱਖ ਤੋਂ ਉੱਪਰ ਦਾ ਸ਼ੁੱਧ ਮੁਨਾਫਾ ਦਿੰਦਾ ਹੈ।ਅਵਤਾਰ ਸਿੰਘ ਮੁਤਾਬਕ ਸਾਨੂੰ ਇਸ ਸਾਰੇ ਬੰਦੋਬਸਤ 'ਚ ਸਮਝਣ ਦੀ ਲੋੜ ਹੈ ਕਿ 'ਸੋਚ' ਕੀ ਹੈ।ਇਸ ਸੋਚ 'ਚ ਖੇਤੀਬਾੜੀ ਕਰਦਿਆਂ ਜ਼ਹਿਨੀਅਤ ਬਦਲਣ ਦੀ ਲੋੜ ਹੈ।ਇੰਝ ਦੇ ਖੇਤੀਬਾੜੀ ਬੰਦੋਬਸਤ 'ਚ ਅਸੀਂ ਆਰਥਕ ਤੌਰ 'ਤੇ ਸੁਹਿਰਦ ਹੋ ਰਹੇ ਹਾਂ।90 ਫੀਸਦ ਧਰਤੀ ਹੇਠਲਾ ਪਾਣੀ ਬਚਾ ਰਹੇ ਹਾਂ।97 ਫੀਸਦੀ ਬੀਜਾਂ ਦੀ ਲਾਗਤ ਬਚਾ ਰਹੇ ਹਾਂ।ਕੁਦਰਤੀ ਬੀਜ,ਸੀਮਤ ਬੀਜ,ਦਵਾਈ ਦੀ ਸੀਮਤ ਵਰਤੋਂ ਨਾਲ ਖੁਦ ਦੇ ਮੁਨਾਫੇ ਸੰਗ ਆਪਣਾ ਆਲਾ ਦੁਆਲਾ ਧਰਤੀ ਦੀ ਅਬੋ ਹਵਾ ਰਹਿਣ ਲਾਇਕ ਬਣਾ ਰਹੇ ਹਾਂ ਜਿਸ 'ਚ ਓਪਰੋਕਤ ਜ਼ਿਕਰ ਕੀਤੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਹੈ ਅਤੇ ਆਪਣੀ ਆਉਣ ਵਾਲੀਆਂ ਨਸਲਾਂ ਲਈ ਜ਼ਿੰਦਗੀ ਦੀ ਬੇਹਤਰ ਸੰਭਾਵਨਾ ਹੈ। 

ਹਰਪ੍ਰੀਤ ਸਿੰਘ ਕਾਹਲੋਂ


author

Aarti dhillon

Content Editor

Related News