''ਭੀੜ ਦਾ ਚੱਕਰਵਿਊ ਬਨਾਮ ਪੁਲਸ ਦਾ ਮਨੋਬਲ''

Monday, Feb 22, 2021 - 01:15 PM (IST)

ਜਲੰਧਰ- ਪੁਲਸ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਹਿਣ ਕਰਨੀਆਂ ਪੈਂਦੀਆਂ ਹਨ। ਅਖਬਾਰਾਂ ਅਤੇ ਮੀਡੀਆ ਵਲੋਂ ਪੁਲਸ ਨੂੰ ਫਰਜ਼ ਵਿਹੂਣੇ ਲੋਕਾਂ ਦਾ ਸਮੂਹ ਦਿਖਾਇਆ ਜਾਂਦਾ ਹੈ। ਕਦੇ ਲੋੜੀਂਦੀ ਕਾਰਵਾਈ ਨਾ ਕਰਨ ’ਤੇ, ਕਦੀ ਆਸ ਨਾਲੋਂ ਵੱਧ ਤੇ ਕਦੇ ਸਖਤੀ ਨਾ ਵਰਤਣ ’ਤੇ ਅਜਿਹੇ ਅਨੇਕਾਂ ਦੋਸ਼ ਲਗਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਦੋਸ਼ਾਂ ਤੋਂ ਪੁਲਸ ਬੜੀ ਪ੍ਰੇਸ਼ਾਨ ਦਿਖਾਈ ਦਿੰਦੀ ਹੈ। ਇਹ ਸਹੀ ਹੈ ਕਿ ਪੁਲਸ ’ਚ ਕੁਝ ਮੁੱਢਲੀਆਂ ਕਮੀਆਂ ਹਨ ਪਰ ਪੁਲਸ ’ਚ ਫਰਜ਼ ਨਿਭਾਉਣ ਵਾਲੇ, ਈਮਾਨਦਾਰ ਅਤੇ ਸੱਚੇ ਲੋਕਾਂ ਦੀ ਘਾਟ ਵੀ ਨਹੀਂ ਹੈ। ਮੌਜੂਦਾ ਸਮੇਂ ’ਚ ਸਾਡੇ ਦੇਸ਼ ਨੂੰ ਪ੍ਰਜਾਤੰਤਰਿਕ ਸ਼ਾਸਨ ਵਿਵਸਥਾ ’ਚ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਪ੍ਰਸ਼ਾਸਨ ਦਾ ਮਜ਼ਬੂਤੀਕਰਨ ਅਤੇ ਉਸ ਦੀ ਗੁਣਵੱਤਾ ’ਚ ਵਾਧਾ ਕਰਨਾ ਜ਼ਰੂਰੀ ਹੈ।

ਇਸ ਤਰ੍ਹਾਂ ਉੱਚਕੋਟੀ ਦਾ ਮਨੋਬਲ ਅਤੇ ਅਨੁਸ਼ਾਸਨ ਵੀ ਪੁਲਸ ਲਈ ਮਹੱਤਵਪੂਰਨ ਹੈ। ਮਨੋਬਲ ਤਾਂ ਇਕ ਮਾਨਸਿਕ ਸਥਿਤੀ ਹੈ ਜੋ ਕਿ ਇਕ ਅਦ੍ਰਿਸ਼ ਸ਼ਕਤੀ ਦੇ ਰੂਪ ’ਚ ਕੰਮ ਕਰਦੀ ਹੈ ਅਤੇ ਜੋ ਮਾਨਵ ਸਮੂਹ ਨੂੰ ਆਪਣੇ ਮਕਸਦ ਦੀ ਪ੍ਰਾਪਤੀ ਲਈ ਆਪਣਾ ਸਭ ਕੁਝ ਦਾਅ ’ਤੇ ਲਗਾਉਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਅਨੁਸ਼ਾਸਨ ਵੀ ਸੱਭਿਅਤਾ ਅਤੇ ਸੱਭਿਆਚਾਰ ਦੀ ਪਹਿਲੀ ਪੌੜੀ ਹੈ ਜੋ ਕਿ ਸਮਾਜਿਕ ਅਤੇ ਕਾਰੋਬਾਰੀ ਸੁਚਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ।
ਇਹੀ ਕਾਰਨ ਹੈ ਕਿ ਇਕ ਅਧਿਕਾਰੀ ਦੇ ਇਸ਼ਾਰੇ ’ਤੇ ਸੈਂਕੜੇ ਫੌਜੀ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਔਖੀ ਸਥਿਤੀ ਦਾ ਮੁਕਾਬਲਾ ਕਰ ਕੇ ਆਪਣੀਆਂ ਜਾਨਾਂ ਨੂੰ ਵੀ ਵਾਰ ਸਕਦੇ ਹਨ ਪਰ ਜੇਕਰ ਲੀਡਰਸ਼ਿਪ ਕਮਜ਼ੋਰ ਹੋਵੇ ਤਾਂ ਜਵਾਨ ਭੈਅਭੀਤ ਤੇ ਮਨੋਬਲ ਵਿਹੂਣੇ ਹੋ ਕੇ ਭੀੜ ਦੇ ਸਮਾਨ ਹੀ ਹੋ ਜਾਂਦੇ ਹਨ। ਰੋਜ਼ਾਨਾ ਅਪਰਾਧਿਕ ਸਰਗਰਮੀਆਂ ਦਾ ਨੋਟਿਸ ਲੈਣ ਲਈ ਤਾਂ ਪੁਲਸ ਦੇ ਇਕ-ਦੋ ਜਵਾਨ ਵੀ ਆਪਣੀ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਨਿਭਾਉਂਦੇ ਹਨ ਪਰ ਭੀੜ ਵਰਗੀਆਂ ਘਟਨਾਵਾਂ ’ਤੇ ਕਾਬੂ ਰੱਖਣ ਲਈ ਪੁਲਸ ਨੂੰ ਇਕ ਸਮੂਹ ਵਾਂਗ ਹੀ ਕੰਮ ਕਰਨਾ ਪੈਂਦਾ ਹੈ ਅਤੇ ਜਦੋਂ ਭੀੜ ਹਿੰਸਕ ਹੋ ਜਾਂਦੀ ਹੈ ਉਦੋਂ ਇਹ ਜੰਗ ਵਰਗੀ ਹਾਲਤ ਪੈਦਾ ਕਰ ਦਿੰਦੀ ਹੈ ਜਿਸ ਨੂੰ ਕਾਬੂ ਕਰਨ ਲਈ ਦਲੇਰੀ, ਸ਼ਕਤੀ ਤੇ ਸਮਰੱਥਾ ਦੀ ਲੋੜ ਹੁੰਦੀ ਹੈ, ਜਿਸ ਦੇ ਲਈ ਪੁਲਸ ਦੀ ਸੁਚੱਜੀ ਅਗਵਾਈ ਅਤਿ ਜ਼ਰੂਰੀ ਹੁੰਦੀ ਹੈ।

ਅਗਵਾਈ ਕਰਨ ਵਾਲੇ ਦਾ ਫਰਜ਼ ਹੈ ਕਿ ਉਹ ਅਧੀਨ ਕੰਮ ਕਰਨ ਵਾਲਿਆਂ ਨੂੰ ਲੋੜੀਂਦੀ ਸਿਖਲਾਈ ਮੁਹੱਈਆ ਕਰਨ ਅਤੇ ਆਮ ਜਨਤਾ ਦੇ ਨਾਲ ਆਪਣੇ ਵਤੀਰੇ ’ਚ ਵੱਧ ਤੋਂ ਵੱਧ ਸੰਵੇਦਨਸ਼ੀਲਤਾ ਲਿਆਉਣ ਦੀ ਕੋਸ਼ਿਸ਼ ਕਰਨ। ਇਹ ਵੀ ਦੇਖਿਆ ਗਿਆ ਹੈ ਕਿ ਗਿਆਨ ਅਤੇ ਨਿਪੁੰਨਤਾ, ਸੰਵੇਦਨਸ਼ੀਲਤਾ ਅਤੇ ਸਾਧਾਰਨ ਵਤੀਰੇ ਦੀਆਂ ਕਵਾਇਦਾਂ ਸਿਖਲਾਈ ਕੇਂਦਰ ਤਕ ਹੀ ਸੀਮਤ ਰਹਿ ਜਾਂਦੀਆਂ ਹਨ ਜਦਕਿ ਪ੍ਰਕਿਰਿਆ ਸਿਖਲਾਈ ਸੰਸਥਾਵਾਂ ’ਚੋਂ ਨਿਕਲਣ ਦੇ ਬਾਅਦ ਵੀ ਜਾਰੀ ਰਹਿਣੀ ਚਾਹੀਦੀ ਹੈ। ਔਖੀਆਂ ਹਾਲਤਾਂ ਦਾ ਸਾਹਮਣਾ ਕਰਨ ਲਈ ਨੈਤਿਕ ਦਲੇਰੀ ਦੀ ਜ਼ਿਆਦਾ ਲੋੜ ਹੁੰਦੀ ਹੈ ਅਤੇ ਪੁਲਸ ਲੀਡਰਸ਼ਿਪ ’ਚ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਅਧੀਨ ਕੰਮ ਕਰਨ ਵਾਲਿਆਂ ਨੂੰ ਦਲੇਰ ਅਤੇ ਸਮਰੱਥ ਬਣਾ ਸਕੇ।
ਦਿੱਲੀ ਦੇ ਦੰਗਿਆਂ ’ਚ ਕੁਝ ਅਜਿਹਾ ਹੀ ਦੇਖਿਆ ਗਿਆ ਕਿ ਪੁਲਸ ਜਵਾਨਾਂ ਨੂੰ ਸਹਿਮ ਤੇ ਲਾਚਾਰ ਅਵਸਥਾ ’ਚ ਛੱਡ ਦਿੱਤਾ ਗਿਆ ਸੀ ਅਤੇ ਪੁਲਸ ਨੂੰ ਆਪਣੀ ਕੁੱਟਮਾਰ ਕਰਵਾਉਣ ਦੇ ਇਲਾਵਾ ਕੋਈ ਹੋਰ ਬਦਲ ਹੀ ਨਹੀਂ ਸੀ। ਸ਼ਕਤੀ ਵਿਕੇਂਦਰੀਕਰਨ ਦੀ ਘਾਟ ਦਿਖਾਈ ਦੇ ਰਹੀ ਸੀ ਅਤੇ ਐਮਰਜੈਂਸੀ ਤੇ ਉਨ੍ਹਾਂ ਨੂੰ ਆਪਣੇ ਅਧਿਕਾਰ ਦੀ ਹੱਦ ਦਾ ਪਤਾ ਨਹੀਂ ਸੀ। ਅਜਿਹੀਆਂ ਹਾਲਤਾਂ ’ਚ ਪੁਲਸ ਵਾਲਿਆਂ ਨੂੰ ਲਾਵਾਰਿਸਾਂ ਵਾਂਗ ਛੱਡ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਇਕ ਮਜ਼ਬੂਤ ਲੀਡਰਸ਼ਿਪ ਦੀ ਘਾਟ ਰਹੀ ਜਿਸ ਦੇ ਨਤੀਜੇ ਵਜੋਂ ਲਗਭਗ 400 ਜਵਾਨ ਜ਼ਖਮੀ ਹੋਏ। ਜਦੋਂ ਤਕ ਅਧਿਕਾਰੀ ਹੇਠਲੀ ਟੁਕੜੀ ਦੇ ਜਵਾਨਾਂ ਨੂੰ ਖੁਦ ਮੋਹਰੀ ਹੋ ਕੇ ਲੀਡ ਨਹੀਂ ਕਰਨਗੇ ਤਦ ਤਕ ਪੁਲਸ ਪਿੱਟਦੀ ਰਹੇਗੀ ਅਤੇ ਪੁਲਸ ਆਮ ਜਨਤਾ ਦਰਮਿਆਨ ਮਜ਼ਾਕ ਦਾ ਪਾਤਰ ਬਣਦੀ ਰਹੇਗੀ।

ਇਹ ਗੱਲ ਸੱਚ ਹੈ ਕਿ ਪੁਲਸ ’ਤੇ ਸਿਆਸਤ ਦਾ ਦਬਾਅ ਬਣਿਆ ਰਹਿੰਦਾ ਹੈ ਜਿਸ ਤੋਂ ਮੁਕਤ ਹੋਣਾ ਵੀ ਜ਼ਰੂਰੀ ਹੈ। ਮੈਂ ਨਹੀਂ ਸਮਝਦਾ ਕਿ ਕੋਈ ਸਿਆਸੀ ਆਗੂ ਪੁਲਸ ਲੀਡਰਸ਼ਿਪ ਨੂੰ ਅਜਿਹੀਆਂ ਹਦਾਇਤਾਂ ਦੇਵੇ ਜਿਸ ਨਾਲ ਪੁਲਸ ਵਾਲੇ ਖੁਦ ਭਾਵੇਂ ਜ਼ਖਮੀ ਜਾਂ ਸ਼ਹੀਦ ਹੋ ਜਾਣ ਪਰ ਹਿੰਸਕ ਭੀੜ ਨੂੰ ਭਜਾਉਣ ਅਤੇ ਆਤਮ ਸੁਰੱਖਿਆ ਲਈ ਕਿਸੇ ਵੀ ਕਿਸਮ ਦੀ ਤਾਕਤ ਦੀ ਵਰਤੋਂ ਨਾ ਕਰਨ। ਹਾਂ, ਜੇਕਰ ਅਜਿਹੇ ਹੁਕਮ ਮਿਲਦੇ ਵੀ ਹਨ ਤਾਂ ਪੁਲਸ ਲੀਡਰਸ਼ਿਪ ਨੂੰ ਪੁਲਸ ਦੇ ਡਿੱਗਦੇ ਮਨੋਬਲ ਅਤੇ ਉਸ ਦੇ ਦੂਰ ਤਕ ਪੈਣ ਵਾਲੇ ਨਤੀਜਿਆਂ ਦੇ ਬਾਰੇ ’ਚ ਸਿਆਸਤਦਾਨਾਂ ਨੂੰ ਜਾਣੂ ਕਰਵਾ ਦੇਣਾ ਚਾਹੀਦਾ ਹੈ।

ਭੀੜ ਦਾ ਸਰੂਪ ਕਈ ਕਿਸਮ ਦਾ ਹੁੰਦਾ ਹੈ ਅਤੇ ਉਸ ’ਚ ਵੱਖ-ਵੱਖ ਕਿਸਮ ਦੇ ਲੋਕ ਸ਼ਾਮਲ ਹੁੰਦੇ ਹਨ ਅਤੇ ਕੁਝ ਅਰਾਜਕਤਾ ਫੈਲਾਉਣ ਵਾਲੇ ਤੱਤ ਵੀ ਉਸ ’ਚ ਸ਼ਾਮਲ ਹੋ ਜਾਂਦੇ ਹਨ ਜਿਨ੍ਹਾਂ ਦੀ ਪਛਾਣ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਅਤੇ ਉਨ੍ਹਾਂ ਦਾ ਸਾਹਮਣਾ ਹੌਸਲੇ ਤੇ ਦਲੇਰੀ ਨਾਲ ਹੀ ਕਰਨਾ ਹੁੰਦਾ ਹੈ, ਨਹੀਂ ਤਾਂ ਜਵਾਨਾਂ ਨੂੰ ਆਪਣਾ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਿਸ ਤਰ੍ਹਾਂ ਫੌਜ ਦੇ ਅਧਿਕਾਰੀ ਜੰਗ ਦੇ ਮੈਦਾਨ ’ਚ ਆਪਣੇ ਜਵਾਨਾਂ ਦੀ ਅੱਗੇ ਹੋ ਕੇ ਅਗਵਾਈ ਕਰਦੇ ਹਨ, ਉਸੇ ਤਰ੍ਹਾਂ ਪੁਲਸ ਅਧਿਕਾਰੀਆਂ ਨੂੰ ਵੀ ਆਪਣੇ ਜਵਾਨਾਂ ਦੀ ਅਗਵਾਈ ਅੱਗੇ ਹੋ ਕੇ ਕਰਨੀ ਚਾਹੀਦੀ ਹੈ ਨਹੀਂ ਤਾਂ ਜਵਾਨ ਅਜਿਹੀਆਂ ਹਾਲਤਾਂ ’ਚ ਇੰਝ ਹੀ ਭੱਜਦੇ ਹੋਏ ਦਿਖਾਈ ਦੇਣਗੇ।

ਕੁਝ ਮਹੀਨੇ ਪਹਿਲਾਂ ਹੀ ਸ਼ਾਹੀਨ ਬਾਗ ਦਿੱਲੀ ’ਚ ਨਾਗਰਿਕ ਸੋਧ ਐਕਟ ’ਤੇ ਹੋਏ ਦੰਗਿਆਂ ’ਚ ਕਈ ਪੁਲਸ ਵਾਲਿਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਅਤੇ ਕਈ ਜਵਾਨਾਂ ਨੂੰ ਦੰਗਾਕਾਰੀਆਂ ਦੇ ਹਮਲੇ ਨਾਲ ਡੂੰਘੀਆਂ ਸੱਟਾਂ ਸਹਿਣੀਆਂ ਪਈਆਂ ਅਤੇ ਪੁਲਸ ਭਾਈਚਾਰੇ ਦੀ ਇਕ ਬਹੁਤ ਵੱਡੀ ਕਿਰਕਿਰੀ ਹੋਈ ਅਤੇ ਅਜਿਹਾ ਲੱਗਦਾ ਸੀ ਕਿ ਪੁਲਸ ਦੀ ਲੀਡਰਸ਼ਿਪ ਕਿਤੇ ਨਾ ਕਿਤੇ ਆਤਮਸਮਰਪਣ ਕਰ ਚੁੱਕੀ ਹੈ ਪਰ ਅਜਿਹੀ ਘਟਨਾ ਤੋਂ ਵੀ ਜੇਕਰ ਕੋਈ ਸਬਕ ਨਾ ਸਿੱਖਿਆ ਜਾਵੇ ਸਗੋਂ ਹਾਲ ਹੀ ’ਚ ਕਿਸਾਨ ਮੋਰਚੇ ਦੌਰਾਨ ਦੰਗਿਆਂ ਵੱਲ ਵੀ ਜ਼ਿਆਦਾ ਲਾਚਾਰੀ ਦਿਖਾਈ ਜਾਵੇ ਤਾਂ ਪੁਲਸ ਦੇ ਅਕਸ ਦਾ ਧੁੰਦਲਾ ਹੋਣਾ ਸੁਭਾਵਿਕ ਹੈ।

ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ ਜਿਥੋਂ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ, ਦੀ ਰੱਖਿਆ ਵੀ ਜੇਕਰ ਨਾ ਕਰ ਸਕੇ ਤਾਂ ਉਸ ਤੋਂ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਆਸ ਰੱਖੀ ਜਾ ਸਕਦੀ ਹੈ। ਅਜਿਹੀਆਂ ਘਟਨਾਵਾਂ ਨਿਸ਼ਚਿਤ ਤੌਰ ’ਤੇ ਪੁਲਸ ਦੀ ਸਰਗਰਮੀ ’ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ।

ਰਾਜਿੰਦਰ ਮੋਹਨ ਸ਼ਰਮਾ
ਡੀ. ਆਈ. ਜੀ. (ਰਿਟਾ.)


DIsha

Content Editor

Related News