ਕੋਰੋਨਾ ਦੇ ਵੱਧ ਰਹੇ ਕੇਸ ਖਤਰੇ ਦੀ ਘੰਟੀ, ਅਣਗਹਿਲੀ ਕਰਕੇ ਖੁਦ ਨੂੰ ਨਾ ਦਿਓ ਧੋਖਾ !
Tuesday, Jul 28, 2020 - 02:18 PM (IST)

ਕੋਰੋਨਾ ਮਹਾਮਾਰੀ ਦੇ ਕਹਿਰ ਨੇ ਪੂਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਸਰਕਾਰਾਂ, ਸਿਹਤ ਵਿਭਾਗ ਅਤੇ ਮੈਡੀਕਲ ਸੰਸਥਾਵਾਂ ਦਿਨ-ਰਾਤ ਇੱਕ ਕਰ ਰਹੀਆਂ ਹਨ। ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਸਾਡੇ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਨਿਤ-ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਕੇਸਾਂ ਦੀ ਵੱਧ ਰਹੀ ਗਿਣਤੀ ਚਿੰਤਾਂ ਦਾ ਵਿਸ਼ਾ ਹੈ। ਇਹ ਠੀਕ ਹੈ ਕਿ ਇਸ ਭਿਆਨਕ ਬੀਮਾਰੀ ਦੇ ਇਲਾਜ ਲਈ ਭਾਵੇਂ ਵੈਕਸੀਨ ਤਿਆਰ ਕਰਨ ਲਈ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਇੱਕੋ-ਇੱਕ ਸੁਨੇਹਾਂ ਹਰ ਪਾਸੇ ਗੂੰਝਦਾ ਸੁਣਾਈ ਦੇ ਰਿਹਾ ਹੈ ਕਿ ਛੋਟੀ ਜਿਹੀ ਲਾਪਰਵਾਹੀ ਵੀ ਪੈ ਸਕਦੀ ਹੈ ਭਾਰੀ, ਲੋੜ ਹੈ ਸੁਚੇਤ ਹੋਣ ਦੀ। ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ’ਤੇ ਪਹਿਰਾ ਦੇਣ ਦੀ।
ਕੋਵਿਡ-19 ਦੀ ਜੰਗ ਵਿੱਚ ਉਤਰੇ ਕੋਰੋਨਾ ਯੋਧੇ ਮੈਡੀਕਲ, ਪੈਰਾ-ਮੈਡੀਕਲ, ਪੁਲਸ ਸਟਾਫ, ਪੱਤਰਕਾਰ ਭਾਈਚਾਰਾ ਅਤੇ ਸਫਾਈ-ਸੇਵਕ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਹਿਨਣ ਤੋਂ ਇਲਾਵਾ ਹੋਰ ਕਈ ਤਰਾਂ ਦੀਆਂ ਅਡਵਾਇਜ਼ਰੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਹੁਣ ਫਰੰਟ ਲਾਈਨ ’ਤੇ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ, ਸਿਹਤ ਵਿਭਾਗ ਦਾ ਸਟਾਫ, ਪੁਲਸ ਟੀਮਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਕਿਸੇ ਬੀਮਾਰੀ ਨਾਲ ਜੂਝ ਰਹੇ ਵਿਅਕਤੀਆਂ ਜਾਂ ਬਜ਼ੁਰਗਾਂ ਅਤੇ ਜਿੰਨਾਂ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਉਨ੍ਹਾਂ ਦੇ ਵੀ ਸ਼ੱਕ ਦੂਰ ਕਰਨ ਲਈ ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ।
ਕਿਉਂਕਿ ਦੇਖਿਆ ਜਾਵੇ ਤਾਂ ਕਈ ਦੇਸ਼ ਅਜਿਹੇ ਹਨ ਜਿੰਨਾਂ ਨੇ ਆਪਣੀ ਸੈਂਪਲਿੰਗ ਸਮਰਥਾ ਵਿੱਚ ਵਾਧਾ ਕਰਕੇ ਇਸ ਕੋਰੋਨਾ ਵਾਇਰਸ ਤੇ ਕਾਫੀ ਹੱਦ ਤੱਕ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕੋਰੋਨਾ ਦੀ ਸੈਂਪਲਿੰਗ ਵਿੱਚ ਪਾਜ਼ੇਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਇੱਕ ਵੱਡਾ ਸਵਾਲ ਬਣਿਆਂ ਹੋਇਆ ਹੈ। ਪਰ ਜੇਕਰ ਕੋਰੋਨਾ ਦੀਆਂ ਪਾਜ਼ੇਟਿਵ ਆਈਆਂ ਰਿਪੋਰਟਾਂ ਅਤੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣ ਰਹਿਤ ਕੈਰੀਅਰ ਭਾਵ ਉਹ ਵਿਅਕਤੀ, ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਪਰ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ।
ਉਹ ਰੋਜ਼ ਦੇ ਵਾਂਗ ਆਪਣੇ ਕੰਮ-ਕਾਜ ’ਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਰਹੇ ਹਨ ਪਰ ਉਹ ਅਣਜਾਨ ਹਨ ਕਿ ਉਹ ਦੂਰ-ਨੇੜੇ ਆਵਾਜਾਈ ਕਰ ਇਹ ਵਾਇਰਸ ਫੈਲਾਉਣ ਦਾ ਜਰੀਆ ਬਣ ਰਹੇ ਹਨ। ਜਿਸ ਨਾਲ ਇਸ ਵਾਇਰਸ ਦੇ ਕਮਿਊਨਟੀ ਵਿੱਚ ਸਪਰੈਡ ਹੋਣ ਦਾ ਖਦਸ਼ਾ ਮੰਡਰਾਉਣ ਲੱਗ ਪਿਆ ਹੈ। ਇਸੇ ਹੀ ਖਤਰੇ ਤੋਂ ਬਚਣ ਲਈ ਸਿਆਣਪ ਵਰਤਦਿਆਂ ਜ਼ਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਤਾਲਾਬੰਦੀ, ਕਰਫਿਊ ਅਤੇ ਇਕਾਂਤਵਾਸ ਦਾ ਰਸਤਾ ਅਪਨਾਇਆ ਸੀ।
ਪਰ ਇਨੀ ਮੁਸ਼ੱਕਤ ਤੋਂ ਬਾਅਦ ਇਸ ਵਾਇਰਸ ਦਾ ਫਲਾਅ ਨਹੀ ਰੁੱਕ ਰਿਹਾ, ਜਿਸ ਦਾ ਕਾਰਨ ਹੈ ਸਾਡੇ ਵੱਲੋਂ ਇਸ ਬੀਮਾਰੀ ਨੂੰ ਨਜ਼ਰਅੰਦਾਜ਼ ਕਰ ਲਾਪਰਵਾਹੀ ਵਰਤਣਾ ਹੈ। ਕੋਰੋਨਾ ਨੂੰ ਮਾਤ ਦੇਣ ਲਈ ਜ਼ਰੂਰੀ ਹੈ, ਸੁਚੇਤ ਹੋ ਕੇ ਲੱਛਣ ਰਹਿਤ ਕੈਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀ ਵੀ ਕਿਸੇ ਕੋਰੋਨਾ ਲੱਛਣ ਰਹਿਤ ਕੈਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ’ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਸੈਂਪਲ ਦਿਓ। ਆਪਣੇ ਆਪ ਨੂੰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਅਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਸੰਕਰਮਿਤ ਹੋਣੋ ਬਚ ਜਾਣ।
ਬਹੁਤ ਜ਼ਰੂਰੀ ਕੰਮ ਹੋਣ ’ਤੇ ਘਰ ਤੋਂ ਬਾਹਰ ਜਾਓ ਅਤੇ ਘਰੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਓ। ਮਾਸਕ ਜਾਂ ਕੱਪੜੇ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਜ਼ੁਰਮਾਨੇ ਜਾਂ ਚਲਾਣ ਤੋਂ ਬਚਣ ਲਈ ਚੁਰਸਤੇ ਜਾਂ ਦਫਤਰਾਂ ਵਿੱਚ ਐਂਟਰੀ ਮੌਕੇ ਇਕੱਲਾ ਮੂੰਹ ਢੱਕਣਾ ਜਾਂ ਦਿਖਾਵੇ ਲਈ ਗਰਦਣ ਵਿੱਚ ਕੱਪੜਾ ਲਟਕਾਣਾ ਆਪਣੇ-ਆਪ ਨਾਲ ਕਿਸੇ ਧੋਖੇ ਤੋਂ ਘੱਟ ਨਹੀ। ਜੇ ਤੁਸੀਂ ਸੋਚਦੇ ਹੋ ਕਿ ਇਹ ਜੁਰਮਾਨੇ ਸਰਕਾਰੀ ਖਜ਼ਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਨ।
ਤੁਸੀ ਗਲਤ ਸੋਚ ਰਹੇ ਹੋ ਇਹ ਤਾਂ ਸਾਨੂੰ ਅਨੁਸ਼ਾਸਿਤ ਕਰਨ ਲਈ ਵਰਤਿਆ ਇੱਕ ਇਸ਼ਾਰਾ ਹੈ-ਇੱਕ ਢੰਗ ਹੈ, ਲੋੜ ਹੈ ਜਾਗਰੂਕ ਹੋਣ ਦੀ। ਇਸ ਮਹਾਮਾਰੀ ਵਿੱਚ ਅਫਵਾਹਾਂ ਦੇ ਦੌਰ ਵਿਚੋਂ ਬਾਹਰ ਨਿਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ। ਸਿਹਤ ਵਿਭਾਗ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਕੋਰੋਨਾ ਸਬੰਧੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਕਾਰ ਦੁਆਰਾ ਜਾਰੀ ਹੈਲਪਲਾਈਨ ਨੰਬਰ, ਮੋਬਾਇਲ ਐਪਲੀਕੇਸ਼ਨਜ਼ ਜਾਂ ਵੈਬਸਾਈਟ ਪ੍ਰਯੋਗ ਵਿਚ ਲਿਆਓ। ਜੇ ਅਸੀਂ ਇਸੇ ਤਰ੍ਹਾਂ ਅਣਗਹਿਲੀਆਂ ਕਰਦੇ ਰਹੇ ਤਾਂ ਕੋਰੋਨਾ ਦੀ ਲਪੇਟ ਤੋਂ ਨਹੀ ਬਚ ਸਕਾਂਗੇ, ਇਹ ਕੋਰੋਨਾ ਦੇ ਵੱਧ ਰਹੇ ਕੇਸ ਖਤਰੇ ਦੀ ਘੰਟੀ ਹਨ।
ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ: 9814656257