ਕੋਰੋਨਾ ਲਾਗ ਦੀ ਬਿਮਾਰੀ ਬਨਾਮ ਵਿਰੋਧੀ ਪ੍ਰਸਥਿਤੀਆਂ ''ਚ ਸੰਘਰਸ਼ ਦੀ ਕਹਾਣੀ ‘ਬੁੱਢਾ ਅਤੇ ਸਮੁੰਦਰ’

Monday, Jun 08, 2020 - 01:51 PM (IST)

ਕੋਰੋਨਾ ਲਾਗ ਦੀ ਬਿਮਾਰੀ ਬਨਾਮ ਵਿਰੋਧੀ ਪ੍ਰਸਥਿਤੀਆਂ ''ਚ ਸੰਘਰਸ਼ ਦੀ ਕਹਾਣੀ ‘ਬੁੱਢਾ ਅਤੇ ਸਮੁੰਦਰ’

ਕੋਰੋਨਾ ਲਾਗ ਦੀ ਬਿਮਾਰੀ ਤੋਂ ਖਹਿੜਾ ਕਦੋਂ ਛੁੱਟੇਗਾ, ਇਸ ਬਾਰੇ ਸਿਰਫ਼ ਅਣਦਾਜ਼ੇ ਹੀ ਲਗਾਏ ਜਾ ਸਕਦੇ ਹਨ। ਆਲਮੀ ਮਾਹਿਰ ਤਾਂ  ਵਾਇਰਸ ਦੇ ਨਾਲ-ਨਾਲ ਜੀਣਾ ਸਿੱਖਣ ਦੀ ਆਦਤ ਪਾਉਣ ਦੀ ਗੱਲ ਆਖ ਰਹੇ ਹਨ। ਵੈਕਸੀਨ ਤਿਆਰ ਕਰਨ ਵਾਲੇ ਰੋਜ਼ਾਨਾ ਦਾਅਵੇ ਕਰ ਰਹੇ ਹਨ ।ਪਰ ਇਹਨਾਂ ਦਾਅਵਿਆਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ। ਅਜਿਹੇ `ਚ ਕਿੰਨਾ ਚਿਰ ਘਰਾਂ `ਚ ਤੜੇ ਰਹਿ ਸਕਦੇ ਹਾਂ।ਜੀਣਾ ਤਾਂ ਆਖਿਰ ਪੈਣਾ ਹੀ ਹੈ। ਹੁਣ ਤਾਂ ਕੁੰਡਾਬੰਦੀ ਦੇ ਸਿੱਟੇ ਵੀ ਵੇਖ-ਭੁਗਤ ਚੁੱਕੇ ਹਾਂ। ਨਿਰਾਸ਼ਾਬੰਦੀ ਦੇ ਆਲਮ `ਚੋਂ ਬਾਹਰ ਨਿਕਲਣਾ ਲੋੜ ਨਾਲੋਂ ਮਾਨਸਿਕ ਸੰਘਰਸ਼ ਵਧੇਰੇ ਹੈ। ।

ਕੁੰਡਾਬੰਦੀ ਦੇ ਦਿਨਾਂ ਦਰਮਿਆਨ ਨਾਵਲ ‘ਬੁੱਢਾ ਅਤੇ ਸਮੁੰਦਰ’ ਪੜ੍ਹਿਆ। ਅੰਗਰੇਜ਼ੀ ਸਾਹਿਤ ਦਾ ਸ਼ਾਹਕਾਰ ਨਾਵਲ। ਬੁੱਢਾ ਅਤੇ ਸਮੁੰਦਰ ਅੰਗਰੇਜ਼ੀ ਦੇ ਨੋਬਲ ਇਨਾਮ ਜੇਤੂ ਲੇਖਕ ਅਰਨੈਸਟ ਹੈਮਿੰਗਵੇ ਦਾ ਨਾਵਲ ਹੈ , ਇਸ ਦਾ ਅੰਗਰੇਜ਼ੀ ਨਾਂ The Old Man and the Sea ਹੈ। ਇਸ ਨਾਵਲ `ਤੇ ਆਧਾਰਿਤ ਫ਼ਿਲਮ ਯੂਟਿਊਬ `ਤੇ ਵੀ ਮਿਲ ਜਾਵੇਗੀ। ਪੰਜਾਬੀ ਵਿੱਚ ਇਸਦਾ ਉਲਥਾ ਕਈ ਵਿਦਵਾਨਾਂ ਦੁਆਰਾ ਕੀਤਾ ਗਿਆ  ਹੈ ।ਹਿੰਮਤ ਤੇ ਹੌਂਸਲੇ ਦੀ ਦਾਸਤਾਨ  ਕਹਿੰਦੀ ਇਹ ਰਚਨਾ ਵਿਰੋਧੀ ਪ੍ਰਸਥਿਤੀਆਂ ਚ ਸੰਘਰਸ਼ ਦੀ ਕਹਾਣੀ ਦਾ ਬਿਆਨ ਹੈ। ਇਹ ਨਾਵਲ ਦੱਸਦਾ ਹੈ ਕਿ ਮਨੁੱਖ ਨੂੰ ਮਿਟਾਇਆ ਤਾਂ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਹਰ ਸਮੇਂ ਸੰਘਰਸ਼ ਕਰਨਾ ਹੀ ਮਨੁੱਖ ਦਾ ਜਨੂੰਨ ਹੋਣਾ ਚਾਹੀਦਾ ਹੈ ।ਇਹਦਾ ਨਤੀਜਾ ਜਿੱਤ ਹੋਵੇ ਚਾਹੇ ਹਾਰ। ਜੇਕਰ ਜਿੱਤ ਸਦੀਵੀਂ ਨਹੀਂ ਹੁੰਦੀ ਤਾਂ ਫਿਰ ਹਾਰ ਵੀ ਸਦੀਵੀਂ ਨਹੀਂ ਹੋ ਸਕਦੀ। ਅਸਲ ਸੱਚ ਤਾਂ ਸੰਘਰਸ਼ ਹੈ। ਇਹੀ ਕਰ ਰਿਹਾ ਹੈ ਡਾਕਟਰੀ ਅਮਲਾ ਜਾਂ ਕੋਰੋਨਾ ਦੌਰ  ਦੇ ਹੋਰ ਯੋਧੇ। ਕਿਤੇ ਨਾ ਕਿਤੇ ਇਹ ਸੰਘਰਸ਼ ਨੈਤਿਕ ਹੋ ਨਿੱਬੜਦਾ ਹੈ। ਨੈਤਿਕ ਸੰਘਰਸ਼ `ਚ ਜਿੱਤ ਪ੍ਰਾਪਤ ਕਰਨਾ ਹੀ ਅਸਲੀਅਤ ਹੈ। ਪਦਾਰਥਕ ਜਿੱਤ ਸਮੇਂ ਦੀ ਲੋੜ ਹੋ ਸਕਦੀ ਹੈ।

ਨਾਵਲ ਦੀ ਕਹਾਣੀ ਯਕ ਦਮ ਸ਼ੂਰੁ ਹੁੰਦੀ ਹੈ ।ਵਡੇਰੀ ਉਮਰ ਦਾ ਨੌਜਵਾਨ ਦਿਲ ਬੁੱਢਾ ਸੈਂਨਟਿਆਗੋ ਮੱਛੀ ਫੜ੍ਹਨ ਦਾ ਕਿੱਤਾ ਕਰਦਾ ਹੈ। 84 ਦਿਨਾਂ ਤੋਂ ਕੋਈ ਵੀ ਮੱਛੀ ਨਹੀਂ ਫੜ੍ਹ ਸਕਿਆ। ਪਰ ਹੌਂਸਲਾ ਤੇ ਉਮੀਦ ਬਰਕਰਾਰ ਹੈ। 85 ਵੇਂ ਦਿਨ ਉਸਦੀ ਕੁੰਡੀ `ਚ ਐਡੀ ਵੱਡੀ ਮੱਛੀ ਫਸ ਜਾਂਦੀ ਹੈ;ਜਿਸਨੂੰ ਸ਼ਾਰਕਾਂ ਤੋਂ ਬਚਾਉਣ ਲਈ ਉਹ ਪੂਰੇ ਤਿੰਨ ਦਿਨ ਅਤੇ ਰਾਤਾਂ ਸੰਘਰਸ਼ ਕਰਦਾ ਹੈ। ਖਾਣ ਲਈ ਭੋਜਨ ਦੀ ਘਾਟ ਅਤੇ ਵਿਸ਼ਾਲ ਸਮੁੰਦਰ `ਚ ਪਿਆਸੇ ਦੀ ਜਦੋਜਹਿਦ ਹੀ ਨੈਤਿਕ ਜਿੱਤ ਦਾ ਪਰਚਮ ਹੈ। ਸ਼ਾਰਕਾਂ ਦਾ ਮੁਕਾਬਲਾ;ਮਹਿਜ਼ ਸੋਟੀਆਂ ਜਾਂ ਛੋਟੇ ਚਾਕੂ ਨਾਲ ਨਹੀਂ ਬਲਕਿ ਹੌਂਸਲੇ ਤੇ ਹਿੰਮਤ ਨਾਲ ਕੀਤਾ ਜਾ ਸਕਦਾ ਹੈ ।ਉਸਦਾ ਸਾਥੀ ਮੁੰਡਾ ਵੀ ਇਸ ਕਰਕੇ ਛੱਡ ਜਾਂਦਾ ਹੈ ਕਿ ਉਸ ਕੋਲੋਂ ਹੁਣ ਕੋਈ ਮੱਛੀ ਨਹੀਂ ਫੜ੍ਹ ਹੁੰਦੀ । ਪਰ ਉਹ ਸੇਂਨਟਿਆਗੋ ਦੇ ਜਜ਼ਬਾਤਾਂ ਨੂੰ ਸਮਝਣ `ਚ ਟਪਲਾ ਖਾ ਜਾਂਦਾ ਹੈ। ਕੋਰੋਨਾ ਦੌਰ ਅੰਦਰ ਇਹੀ ਨੈਤਿਕ ਸੰਘਰਸ਼ ਜਿੱਤ ਦੀ ਨਿਸ਼ਾਨਦੇਹੀ ਦਾ ਝੰਡਾਬਰਦਾਰ ਹੈ। ਸਾਡਾ ਫ਼ਰਜ਼ ਸੰਘਰਸ਼ ਕਰਨਾ ਹੈ। ਹਨ੍ਹੇਰੇ  ਬਾਅਦ ਸਵੇਰਾ ਹੋਣਾ ਨਿਸਚਿਤ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਅਸੀਂ  ਇਸ ਹਨ੍ਹੇਰੇ ਦੌਰ ਦਾ ਮੁਕਾਬਲਾ ਕਿਵੇਂ ਕਰਦੇ ਹਾਂ।

PunjabKesari

ਹਰ ਦਿਨ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ। ਨਾਵਲ ਦਾ ਨਾਇਕ 84 ਦਿਨਾਂ ਦੇ ਲੰਮੇ ਇੰਤਜ਼ਾਰ ਮਗਰੋਂ ਵੀ ਸੰਭਾਵਨਾਵਾਂ ਦੀ ਤਲਾਸ਼ ਕਰਦਾ ਹੈ। ਤਲਾਸ਼ ਹੀ ਨਹੀਂ ਉਸਨੂੰ ਯਕੀਨ ਵੀ ਹੈ ਕਿ ਉਹ ਕੁਝ ਵੱਡਾ ਅਤੇ ਅਨੋਖਾ ਜ਼ਰੂਰ ਕਰੇਗਾ। ਉਹ ਹਰ  ਤਰ੍ਹਾਂ ਦੇ ਸਮੇਂ ਨਾਲ ਲੜਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਕਿਸਮਤ ਉਸਨੇ ਆਪਣੇ ਅਧੀਨ ਕਰ ਰੱਖੀ ਹੈ; ਇਹ ਨਾਇਕ ਦਾ ਮੰਨਣਾ ਹੈ। ਉਹਦੀ ਸਹਿਜਤਾ ਤਿਆਰ ਰਹਿਣ `ਚ ਹੈ। ਤਿਆਰ ਰਹਿਣਾ ਹੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ ।ਕਿਸਮਤ ਕਈ ਰੂਪਾਂ `ਚ ਸਾਡੇ ਦਰਵਾਜ਼ੇ `ਤੇ ਆਉਂਦੀ ਹੈ। ਪਰ ਪਛਾਣ ਕਰਨੀ ਸੌਖੀ ਨਹੀਂ।  ਜਦੋਂ ਵੀ ਕਿਸਮਤ ਜਾਗੇ ਅਸੀਂ ਉਸ ਦਾ ਲਾਭ ਲੈਣ ਲਈ ਤਿਆਰ ਹੋਈਏ। ਇਹ ਹਰ ਵਾਰ ਬਣੀ ਬਣਾਈ ਨਸੀਬ ਨਹੀਂ ਹੁੰਦੀ, ਕਈ ਵਾਰ ਕਿਸਮਤ ਨੂੰ ਖਰੀਦਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਹੈ । ਇਹ ਕੀਮਤ ਸੇਂਨਟਿਆਗੋ ਖ਼ੁਸ਼ੀ-ਖ਼ੁਸ਼ੀ ਅਦਾ ਕਰਦਾ ਹੈ। ਜੇਕਰ ਅਸੀਂ ਕੋਰੋਨਾ ਕਾਲ `ਚ ਜੀ ਰਹੇ ਹਾਂ , ਇਸ ਦੌਰ ਦਾ ਟਾਕਰਾ ਕਰਨ ਦੀ ਹਿੰਮਤ ਰੱਖਦੇ ਹਾਂ ਤਾਂ ਸਮਝੋ  ਨੈਤਿਕ ਜਿੱਤ ਦੇ ਸਫ਼ਰ `ਚੋਂ ਗੁਜ਼ਰ ਰਹੇ ਹੋ। ਅਫ਼ਸੋਸ ਕਿ ਕੋਰੋਨਾ ਕਾਲ ਦੀਆਂ ਉਹ ਖ਼ਬਰਾਂ ਜੋ ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਖ਼ੁਦਕੁਸ਼ੀ ਕਰਨ ਅਤੇ ਵਾਇਰਸ ਪ੍ਰਭਾਵਿਤ ਮ੍ਰਿਤਕਾਂ ਦਾ ਸੰਸਕਾਰ ਕਰਨ ਤੋਂ ਰੋਕਣ ਦੀਆਂ ਹਨ;ਸਾਡੀ ਨੈਤਿਕ ਹਾਰ ਦੀ ਜਵਾਬਦੇਹੀ ਹੈ। ਇਸ ਦੌਰ `ਚੋਂ ਲੰਘਣ ਲਈ ਸਾਨੂੰ ਵੱਡਾ ਮੁੱਲ ਤਾਰਨਾ ਪੈ ਸਕਦਾ ਹੈ ਅਤੇ ਅਸੀਂ ਇਹ ਮੁੱਲ ਤਾਰ ਵੀ ਰਹੇ ਹਾਂ। ਪਰ ਯਾਦ ਰੱਖੋ ਕਿ ਹਰ ਚੰਗੇ ਅਤੇ ਮਾੜੇ ਸਮੇਂ ਵਾਂਗ ਇਹ ਦੌਰ ਵੀ ਬੀਤਿਆ ਕੱਲ੍ਹ ਬਣੇਗਾ।

ਨਾਵਲ ਦੇ ਵਿਅੰਗਮਈ ਨੁਕਤੇ ਆਸ਼ਾਭਰਪੂਰ ਹਨ, ਜਿਵੇਂ ਕਿ ਉਮਰ ਅਤੇ ਸਾਹਸ ਦਾ ਕੋਈ ਸਬੰਧ ਨਹੀਂ ਹੁੰਦਾ। ਦ੍ਰਿੜਤਾ ਇਹਨਾਂ ਨੁਕਤਿਆ ਦਾ ਮੂਲ ਹੈ ;ਜੋ ਹਰ ਉਮਰ ਨੂੰ ਹੌਂਸਲਾ ਬਖ਼ਸ਼ਦੀ ਹੈ। ਇਸੇ ਕਰਕੇ ਨਾਵਲ ਦੀ ਮੁੱਖ ਸੁਰ ‘ਮਨੁੱਖ ਹਾਰਨ ਵਾਸਤੇ ਨਹੀਂ ਬਣਿਆ’ , ਉਸਨੂੰ ਮੁਕਾਇਆ ਤਾਂ ਜਾ ਸਕਦਾ ਹੈ ਪਰ ਹੈਰਾਇਆ ਨਹੀਂ’ ਬੜੀ ਸਹਿਜਤਾ ਨਾਲ ਸਮਝਣ ਦੀ ਲੋੜ ਹੈ। ਸਾਹਸ ਦੇ ਨਾਲ ਨਿਮਰਤਾ ਦਾ ਹੋਣਾ ਲਾਜ਼ਮੀ ਹੈ। ਇਹ ਬਿਲਕੁਲ ਉਵੇਂ ਈ ਐ ਕਿ ਆਪਣੀ ਸਮਰੱਥਾ ਨੂੰ ਮੁੱਠੀ `ਚ ਕਿਵੇਂ ਕਾਬੂ ਰੱਖਣਾ ਹੈ। ਆਪਣੇ ਨਿਸ਼ਾਨੇ ਵੱਲ ਵਧਦਿਆਂ ਮੁਸੀਬਤਾਂ ਆਉਣੀਆਂ ਹੀ ਹਨ। ਮੁਸੀਬਤਾਂ;ਮੰਜ਼ਿਲ ਵੱਲ ਵੱਧਣ ਦੀ ਨਿਸ਼ਾਨੀ ਹਨ। ਮੰਜ਼ਿਲ ਦੀ ਆਪਣੀ ਚੋਣ ਹੋ ਸਕਦੀ ਹੈ ਪਰ ਉਸ ਤੱਕ ਪਹੁੰਚਣਾ ਸਾਡੀ ਚੋਣ ਹੋਵੇਗੀ।

ਕਈ ਵਾਰ ਵੱਡੇ ਨਿਸ਼ਾਨੇ ਤੇ ਪਹੁੰਚਣ ਲਈ ਛੋਟੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ।ਸੇਂਨਟਿਆਗੋ ਇਹ ਕੁਰਬਾਨੀਆਂ ਸਰੀਰਕ ਕਸ਼ਟ ਅਤੇ ਲੰਮੇਂ ਇੰਤਜ਼ਾਰ ਦੇ ਰੂਪ `ਚ ਅਦਾ ਕਰਦਾ ਹੈ। ਜ਼ਿੰਦਗੀ ਦੀ ਜੰਗ ਸਹਿਜਤਾ ਨਾਲ ਜਿੱਤੀ ਜਾ ਸਕਦੀ ਹੈ । ਅਵੇਸਲਾਪਨ ,ਕਾਹਲਾਪਨ ਜਾਂ ਬੇਵਜ੍ਹਾ ਠਹਿਰਾਅ ਜਿੱਤ ਦੀ ਦੂਰੀ ਨੂੰ ਹੋਰ ਵਧਾ ਸਕਦਾ ਹੈ। ਸੇਂਨਟਿਆਗੋ ਦਾ ਸੰਵਾਦ ਹੈ –‘ਉਮੀਦ ਨਾ ਕਰਨਾ ਮੂਰਖਤਾ ਹੈ। ਮੈਂ ਮੁਸੀਬਤਾਂ ਦਾ ਟਾਕਰਾ ਕਰਾਂਗਾ , ਮੈਂ ਮਰਦੇ ਦਮ ਤਕ ਉਹਨਾਂ ਨਾਲ ਲੜਦਾ ਰਹਾਂਗਾ’। ਸੇਟਿਆਗੋ ਦਾ ਨਾਇਕ ਬਿੰਬ ਅਜਿਹੇ ਇਨਸਾਨ ਦੀ ਗਾਥਾ ਦਾ ਦ੍ਰਿਸ਼ ਹੈ ਜਿਸਦਾ ਕਰਮ ਕੇਵਲ ਸੰਘਰਸ਼ ਕਰਨਾ ਹੈ। ਜਿੱਤ ਜਾਂ ਹਾਰ ਦੀ ਪ੍ਰਵਾਹ ਕਰਨਾ ਨਹੀਂ । ਜੇਕਰ ਕਿਸੇ ਸਥਿਤੀ `ਚ ਹਾਰ ਹੁੰਦੀ ਵੀ ਹੈ ਤਾਂ ਅਜਿਹੇ ਸਮੇਂ ਨੈਤਿਕ ਜਿੱਤ ਬਰਕਰਾਰ ਰਹਿਣੀ ਚਾਹੀਦੀ ਹੈ। ਅਸਲ `ਚ ਜਿੱਤ ਦੀ ਸ਼ੁਰੂਆਤ ਈ ਨੈਤਿਕ ਜਿੱਤ`ਚ ਹੁੰਦੀ ਹੈ। ਇਨਸਾਨ ਦਾ ਸਰੀਰਕ ਪੱਖ ਨਾਲੋਂ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਜ਼ਿਆਦਾ ਜ਼ਰੂਰੀ ਹੈ। ਇਹੀ ਪਰਖ ਦੀ ਸੀਮਾ ਹੈ। ਸਮੇਂ ਦਾ ਫ਼ੈਸਲਾ ਸਾਨੂੰ ਕਿਸੇ ਪਾਸੇ ਵੱਲ ਵੀ ਲਿਜਾਏ ,ਸਾਡੀ ਦਾਅਵੇਦਾਰੀ ਆਪਣੇ ਜਨੂੰਨ ਨੂੰ ਜੀਣ ਦੀ ਹੋਣੀ ਚਾਹੀਦੀ ਹੈ। ਯਕੀਨਨ ਕੋਰੋਨਾ ਕਾਲ `ਚ ਇਹ ਦਾਅਵੇਦਾਰੀਆਂ ਜ਼ਿੰਦਗੀ ਨੂੰ ਮੁੜ ਉਸੇ ਲੀਹ`ਤੇ ਭਜਾਉਣ ਦੀਆਂ ਹੀ ਹੋਣੀਆਂ ਚਾਹੀਦੀਆਂ ਨੇ ਜਿਸਦੀ ਅਸੀਂ ਕਈ ਮਹੀਨਿਆਂ ਤੋਂ ਕਾਮਨਾ ਕਰ ਰਹੇ ਹਾਂ।

ਹਰਨੇਕ ਸਿੰਘ ਸੀਚੇਵਾਲ

9417333397


author

Harnek Seechewal

Content Editor

Related News