ਖੋਖਲੀ ਹੋ ਰਹੀ ਚੀਨ ਦੀ ਅਰਥਵਿਵਸਥਾ

Friday, Dec 30, 2022 - 04:51 PM (IST)

ਖੋਖਲੀ ਹੋ ਰਹੀ ਚੀਨ ਦੀ ਅਰਥਵਿਵਸਥਾ

ਚੀਨ ਨੇ ਪਹਿਲਾਂ ਵਿਸ਼ਾਲ ਆਬਾਦੀ ਨੂੰ ਗੱਲਘੋਟੂ ਜ਼ੀਰੋ ਕੋਵਿਡ ਲਾਕਡਾਊਨ ’ਚ ਲੰਬੇ ਸਮੇਂ ਤੱਕ ਤੜਫਾਇਆ। ਜਦੋਂ ਲੋਕਾਂ ਦਾ ਗੁੱਸਾ ਸੜਕਾਂ ’ਤੇ ਉਤਰ ਗਿਆ ਤਾਂ ਸ਼ੀ ਜਿਨਪਿੰਗ ਨੇ ਜ਼ੀਰੋ ਕੋਵਿਡ ਨੀਤੀ ਨੂੰ ਛੱਡਿਆ ਪਰ ਅਜਿਹਾ ਕਰਦਿਆਂ ਹੀ ਇਕ ਨਵੀਂ ਮੁਸੀਬਤ ਚੀਨ ’ਤੇ ਆ ਡਿਗੀ। ਲਾਕਡਾਊਨ ਦੇ ਹਟਦਿਆਂ ਹੀ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਹਫਤੇ ’ਚ ਹੀ ਹਜ਼ਾਰਾਂ ਲੋਕਾਂ ਨੂੰ ਕੋਵਿਡ ਦੇ ਨਵੇਂ ਵੇਰੀਐਂਟ ਬੀ.ਐੱਫ-7 ਨੇ ਆਪਣੀ ਜਕੜ ’ਚ ਲੈ ਲਿਆ। ਹਾਲਾਤ ਅਜਿਹੇ ਹੋ ਗਏ ਕਿ ਮਰੀਜ਼ਾਂ ਨੂੰ ਹਸਪਤਾਲਾਂ ’ਚ ਬਿਸਤਰੇ ਤੱਕ ਨਹੀਂ ਮਿਲ ਰਹੇ। ਉਪਰੋਂ ਪਹਿਲਾਂ ਤੋਂ ਹੀ ਖੋਖਲੀ ਹੋ ਚੁੱਕੀ ਅਰਥਵਿਵਸਥਾ ਹੁਣ ਬੁਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ।

ਕੋਵਿਡ ਮਹਾਮਾਰੀ ਤੋਂ ਪਹਿਲਾਂ ਹੀ ਚੀਨ ਦੇ ਕੌਮਾਂਤਰੀ ਵਪਾਰ ’ਚ ਗਿਰਾਵਟ ਹਾਵੀ ਹੋਣ ਲੱਗੀ ਸੀ। ਜਦੋਂ ਤੱਕ ਚੀਨ ਦੇ ਨੀਤੀ ਨਿਰਮਾਤਾ ਦੇਸ਼ ਦੀ ਖਪਤਕਾਰ ਆਧਾਰਿਤ ਅਰਥਵਿਵਸਥਾ ਬਣਾਉਣਗੇ ਉਦੋਂ ਤੱਕ ਤਰੱਕੀ ਦੀ ਰਫਤਾਰ ਬਹੁਤ ਮੱਠੀ ਰਹੇਗੀ। ਇਹ ਰੁਝਾਨ ਆਉਣ ਵਾਲੇ ਸਾਲਾਂ ਤੱਕ ਜਾਰੀ ਰਹੇਗਾ। ਚੀਨ ਨੇ ਜਿਸ ਤੇਜ਼ੀ ਨਾਲ ਆਪਣੀ ਜ਼ੀਰੋ ਕੋਵਿਡ ਲਾਕਡਾਊਨ ਦੀ ਨੀਤੀ ਨੂੰ ਛੱਡਿਆ ਹੈ, ਉਸ ਕਾਰਨ ਅਰਥਵਿਵਸਥਾ ’ਚ ਪਹਿਲਾਂ ਲਾਏ ਗਏ ਲੰਬੇ ਲਾਕਡਾਊਨ ਕਾਰਨ ਗਿਰਾਵਟ ਦੇ ਅਸਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਪਰ ਮਹਾਮਾਰੀ ਤੋਂ ਪਹਿਲਾਂ ਚੀਨ ਦੀ ਅਰਥਵਿਵਸਥਾ ਜਿਸ ਤਰ੍ਹਾਂ ਹੇਠਾਂ ਵੱਲ ਜਾ ਰਹੀ ਸੀ, ਉਹ ਕਾਰਕ ਅੱਜ ਵੀ ਚੀਨ ’ਚ ਮੌਜੂਦ ਹਨ। ਉਹੀ ਤਾਕਤਾਂ ਚੀਨ ਦੀ ਅਰਥਵਿਵਸਥਾ ਨੂੰ ਅੱਗੇ ਵਧਣ ਤੋਂ ਰੋਕਣਗੀਆਂ। ਜੇ ਕੋਈ ਚੀਜ਼ ਚੀਨ ਦੀ ਅਰਥਵਿਵਸਥਾ ਨੂੰ ਅੱਗੇ ਵਧਾ ਸਕਦੀ ਹੈ, ਉਸ ਦੀ ਆਰਥਿਕ ਤਰੱਕੀ ’ਚ ਰੁਕਾਵਟ ਬਣਨ ਤੋਂ ਰੋਕ ਸਕਦੀ ਹੈ ਤਾਂ ਉਸ ਲਈ ਚੀਨ ਨੂੰ ਮਜ਼ਬੂਤ ਮੂਲਢਾਂਚਾ ਸੁਧਾਰ ਆਪਣੀ ਅਰਥਵਿਵਸਥਾ ’ਚ ਕਰਨੇ ਹੋਣਗੇ।

ਜੇ ਚੀਨ ਨੇ ਇਸ ਨੂੰ ਸੰਭਾਲਣ ਲਈ ਜਲਦੀ ਹੀ ਕੁਝ ਨਾ ਕੀਤਾ ਤਾਂ ਇਹ ਹੋਰ ਰਸਾਤਲ ’ਚ ਪੁੱਜੇਗੀ, ਨਾਲ ਹੀ ਚੀਨ ਨੂੰ ਸਰਕਾਰੀ ਖਜ਼ਾਨੇ ਦੇ ਕਰਜ਼ਾ ਘਾਟੇ ਦੇ ਸੰਕਟ ’ਚ ਪਾ ਦੇਵੇਗੀ। ਚੀਨ ਇਸ ਸਮੇਂ ਜੋ ਕਰ ਰਿਹਾ ਹੈ, ਉਹ ਮਹਾਮਾਰੀ ਦਾ ਇਲਾਜ ਨਹੀਂ ਹੈ। ਜ਼ੀਰੋ ਕੋਵਿਡ ਨੂੰ ਪੜਾਅਵਾਰ ਢੰਗ ਨਾਲ ਖਤਮ ਕਰਨ ਨਾਲ ਹੀ ਮਹਾਮਾਰੀ ਨਹੀਂ ਜਾਵੇਗੀ ਸਗੋਂ ਇਹ ਚੀਨ ਦੀ ਨਕਾਰਾ ਨੀਤੀ ਹੈ ਜਿਸ ਕਾਰਨ ਚੀਨ ਹੁਣ ਖੁਦ ਨੂੰ ਦੁਨੀਆ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨੀ ਲੋਕਾਂ ਲਈ ਅਜਿਹਾ ਕਰਨਾ ਬਹੁਤ ਖਤਰਨਾਕ ਯਤਨ ਹੋਵੇਗਾ ਕਿਉਂਕਿ ਮਹਾਮਾਰੀ ਦੇ ਪਿਛਲੇ 3 ਸਾਲਾਂ ’ਚ ਜਿਸ ਢੰਗ ਨਾਲ ਸਮੁੱਚੀ ਦੁਨੀਆ ਨੇ ਵੈਕਸੀਨ ਲਵਾ ਕੇ ਖੁਦ ਨੂੰ ਬੀਮਾਰੀ ਨਾਲ ਲੜਨ ਦੀ ਸਮਰੱਥਾ ’ਚ ਵਾਧਾ ਕੀਤਾ ਹੈ, ਚੀਨ ਨੇ ਆਪਣੀ ਘਟੀਆ ਪੱਧਰ ਦੀ ਵੈਕਸੀਨ ਨਾਲ ਆਪਣੇ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਨਹੀਂ ਵਧਾਇਆ।

ਚੀਨ ’ਚ ਇਸ ਮਹਾਮਾਰੀ ਕਾਰਨ ਲੋਕ ਸਮਾਜਿਕ ਦੂਰੀ ਬਣਾਉਣ ਲਈ ਮਜਬੂਰ ਹੋ ਗਏ ਹਨ। ਇਸ ਨਾਲ ਚੀਨ ਦੇ ਸੇਵਾ ਉਦਯੋਗ ਨੂੰ ਵੱਡਾ ਘਾਟਾ ਪਵੇਗਾ ਅਤੇ ਉਸ ਦਾ ਭਵਿੱਖ ਵੀ ਚੰਗਾ ਨਜ਼ਰ ਨਹੀਂ ਆ ਰਿਹਾ। ਚੀਨ ਦੇ ਪ੍ਰਾਪਰਟੀ ਬਾਜ਼ਾਰ ਦੇ ਬੁਲਬੁਲੇ ਨੇ ਦੱਸ ਿਦੱਤਾ ਹੈ ਕਿ ਸਬਸਿਡੀ ਆਧਾਰਿਤ ਨਿਵੇਸ਼ ਕਾਰਨ ਕੋਈ ਵਿਕਾਸ ਨਹੀਂ ਹੁੰਦਾ, ਵਿਕਾਸ ਨੂੰ ਸਹੀ ਕੀਮਤ ’ਤੇ ਅੱਗੇ ਵਧਾਉਣਾ ਜ਼ਰੂਰੀ ਹੈ ਤੇ ਇਹ ਬਾਜ਼ਾਰ ਦੇ ਨਿਯਮਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਇਸ ਅਧੀਨ ਨਿਵੇਸ਼ ਜੀ. ਡੀ. ਪੀ. ਦੇ ਅਨੁਪਾਤ ’ਚ ਕਮੀ ਹੋਵੇ ਅਤੇ ਖਪਤਕਾਰ ਵਧੇਰੇ ਹੋਣ। ਹੁਣ ਤੱਕ ਚੀਨ ਨੇ ਇਸ ਵੱਲ ਕੋਈ ਰੁਝਾਨ ਨਹੀਂ ਵਿਖਾਇਆ, ਜਿਸ ਕਾਰਨ ਆਉਣ ਵਾਲੇ ਸਾਲਾਂ ’ਚ ਵੀ ਉਸ ਵਿਕਾਸ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ।

ਪਰ ਚੀਨ ਦੇ ਸਾਹਮਣੇ ਇਸ ਤੋਂ ਵੀ ਵੱਡੀ ਪ੍ਰੇਸ਼ਾਨੀ ਖੜ੍ਹੀ ਹੈ। ਕੌਮਾਂਤਰੀ ਮੰਦੀ ਦੇ ਦੌਰ ’ਚ ਚੀਨ ਦਾ ਇਕੋ-ਇਕ ਮੁਨਾਫੇ ਵਾਲਾ ਕੰਮ ਬੰਦ ਹੋ ਸਕਦਾ ਹੈ, ਭਾਵ ਉਸ ਦੀ ਬਰਾਮਦ। ਇਸ ਤੋਂ ਇਲਾਵਾ ਪਿਛਲੇ 4 ਸਾਲਾਂ ਤੋਂ ਅਮਰੀਕਾ ਤੋਂ ਚੱਲਣ ਵਾਲਾ ਵਪਾਰ ਸੰਘਰਸ਼, ਸੈਮੀਕੰਡਕਟਰ ਵਾਲੀ ਮੁਸੀਬਤ, ਚੀਨ ਦਾ ਬਰਾਮਦ ਸੈਕਟਰ ਹੁਣ ਵੀ ਡਾਵਾਂਡੋਲ ਹਾਲਤ ’ਚ ਹੈ। ਇਸ ਦਾ ਕਾਰਨ ਜ਼ੀਰੋ ਕੋਵਿਡ ਨੀਤੀ ਸੀ। ਹੋ ਸਕਦਾ ਹੈ ਕਿ ਇਹ ਸੈਕਟਰ ਚੀਨ ਨੂੰ ਮੁਨਾਫਾ ਕਮਾ ਕੇ ਦੇਵੇ ਪਰ ਜਦੋਂ ਪੂਰੀ ਦੁਨੀਆ ’ਚ ਆਰਥਿਕ ਮੰਦੀ ਅਤੇ ਵਧਦੀ ਮਹਿੰਗਾਈ ਕਾਰਨ ਸਭ ਦੇਸ਼ ਆਪਣੇ ਖਰਚਿਆਂ ਨੂੰ ਘੱਟ ਕਰ ਰਹੇ ਹਨ, ਅਜਿਹੀ ਹਾਲਤ ’ਚ ਕਿੰਨਾ ਮੁਨਾਫਾ ਚੀਨ ਨੂੰ ਬਰਾਮਦ ਤੋਂ ਮਿਲੇਗਾ, ਇਹ ਕਹਿਣਾ ਅਜੇ ਔਖਾ ਹੈ।

ਅਜਿਹੀ ਹਾਲਤ ’ਚ ਕੌਮਾਂਤਰੀ ਵਪਾਰ ਜਾਂ ਤਾਂ ਟਿਕਿਆ ਰਹੇਗਾ ਜਾਂ ਉਹ ਸੁੰਗੜ ਜਾਵੇਗਾ। ਅਜਿਹੇ ਕੌਮਾਂਤਰੀ ਵਾਤਾਵਰਣ ’ਚ ਚੀਨ ਦੀ ਅਰਥਵਿਵਸਥਾ ਨੂੰ ਲੀਹ ’ਤੇ ਲਿਆਉਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ। ਚੀਨ ’ਚ ਪ੍ਰਾਪਰਟੀ ਦੇ ਬੁਲਬੁਲੇ ਦੇ ਫਟਣ ਨਾਲ ਇਸ ਦਾ ਖਤਰਾ ਚੀਨ ਦੇ ਵਿੱਤੀ ਸਿਸਟਮ ’ਤੇ ਪਵੇਗਾ। ਸਥਾਨਕ ਸਰਕਾਰਾਂ ਆਪਣੇ ਖਰਚੇ ਘੱਟ ਕਰਨਗੀਆਂ ਤਾਂ ਜੋ ਉਨ੍ਹਾਂ ਕੋਲ ਇੰਨਾ ਪੈਸਾ ਰਹੇ ਕਿ ਉਹ ਖੁਦ ਨੂੰ ਮੰਦੀ ਤੋਂ ਬਚਾ ਸਕਣ। ਓਧਰ ਪ੍ਰਾਪਰਟੀ ਡਿਵੈਲਪਰਜ਼ ਨੂੰ ਆਪਣਾ ਕਰਜ਼ਾ ਚੁਕਾਉਣ ਲਈ ਭਾਰੀ ਸੰਘਰਸ਼ ਕਰਨਾ ਹੋਵੇਗਾ ਕਿਉਂਕਿ ਜੋ ਪੈਸਾ ਉਨ੍ਹਾਂ ਸਰਕਾਰ ਨੂੰ ਲੈ ਕੇ ਪ੍ਰਾਪਰਟੀ ਡਿਵੈੱਲਪ ਕਰਨ ’ਚ ਖਰਚ ਕੀਤਾ ਸੀ, ਉਹ ਨਾ ਵਿਕਣ ਕਾਰਨ ਉਨ੍ਹਾਂ ਕੋਲ ਪੈਸਾ ਵਾਪਸ ਨਹੀਂ ਆ ਰਿਹਾ ਹੈ।

ਅਜਿਹੀ ਹਾਲਤ ’ਚ ਸਰਕਾਰ ਦਾ ਪੈਸਾ ਡੁੱਬ ਜਾਵੇਗਾ। ਸਰਕਾਰ ਕੋਲ ਇਨ੍ਹਾਂ ਕਰਜ਼ਿਆਂ ਨੂੰ ਵੱਟੇ-ਖਾਤੇ ਪਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ। ਇਸ ਕਾਰਨ ਵੀ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਵੇਗਾ। ਸਥਾਨਕ ਸਰਕਾਰਾਂ ਨੂੰ ਉਨ੍ਹਾਂ ਲੋਕਾਂ ਨੂੰ ਇਹ ਕਹਿਣਾ ਹੋਵੇਗਾ ਕਿ ਬੈਂਕਾਂ ’ਚ ਜਮ੍ਹਾ ਉਨ੍ਹਾਂ ਦਾ ਪੈਸਾ ਭਵਿੱਖ ’ਚ ਉਨ੍ਹਾਂ ਨੂੰ ਮਿਲੇਗਾ ਜ਼ਰੂਰ ਅਤੇ ਇਸ ਸਮੇਂ ਜੋ ਪ੍ਰਾਪਰਟੀ ਪੂਰੀ ਬਣ ਚੁੱਕੀ ਹੈ, ਉਸ ’ਚ ਸਰਕਾਰ ਕੁਝ ਪੈਸਾ ਹੋਰ ਲਾ ਕੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕਰੇਗੀ। ਤਦ ਹੀ ਆਉਣ ਵਾਲੇ ਸੰਭਾਵਿਤ ਖਤਰੇ ਤੋਂ ਕੁਝ ਹੱਦ ਤੱਕ ਬਚਾਅ ਹੋ ਸਕਦਾ ਹੈ। ਚੀਨ ਦੇ ਸੁਧਾਰ ਸੰਕਟ ਤੋਂ ਪ੍ਰੇਰਿਤ ਹਨ। ਆਉਣ ਵਾਲਾ ਸਮਾਂ ਯਕੀਨੀ ਤੌਰ ’ਤੇ ਉਨ੍ਹਾਂ ਨੂੰ ਮੱਠਾ ਕਰੇਗਾ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਲਟਾ ਹੀ ਦੇਵੇ। ਫਿਰ ਵੀ ਸੁਸਤ ਵਿਕਾਸ ਦੀ ਹਾਲਤ ਬਣੀ ਰਹੇਗੀ। ਉਹ ਉਦੋਂ ਤੱਕ ਰਹੇਗੀ ਜਦੋਂ ਤੱਕ ਕੋਈ ਵੱਡੀ ਸੰਭਾਵਨਾ ਸਾਹਮਣੇ ਨਾ ਆ ਜਾਵੇ।


author

Simran Bhutto

Content Editor

Related News