ਬੁੱਲਬੁੱਲ ਦਾ ਗੀਤ ਅਤੇ ਰਾਜਾ

02/21/2020 5:02:33 PM

ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਦੇਸ਼ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਹ ਰਾਜਾ ਬਹੁਤ ਹੀ ਸੰਗੀਤ ਪ੍ਰੇਮੀ ਸੀ ਅਤੇ ਸੰਗੀਤਕਾਰਾਂ, ਗਾਇਕਾਂ, ਸਾਹਿਤਕਾਰਾਂ ਅਤੇ ਕਵੀਆਂ ਦਾ ਸਨਮਾਨ ਕਰਦਾ ਰਹਿੰਦਾ ਸੀ। ਉਸਨੇ ਆਪਣਾ ਮਹਿਲ ਵੀ ਸ਼ਹਿਰ ਤੋਂ ਬਾਹਰ ਬਹੁਤ ਹੀ ਰਮਨੀਕ ਥਾਂ ਪਰ ਬਣਾਇਆ ਹੋਇਆ ਸੀ ਤਾਂ ਕਿ ਉਹ ਕੁਦਰਤ ਦੇ ਬਹੁਤ ਨਜ਼ਦੀਕ ਰਹਿ ਸਕੇ। ਉਸਨੇ ਮਹਿਲ ਦੇ ਚਾਰੇ ਪਾਸੇ ਬਹੁਤ ਹੀ ਖੂਬਸੂਰਤ ਚੰਗੇ-ਚੰਗੇ ਰੁੱਖ ਲਗਾ ਰੱਖੇ ਸਨ।
ਇੱਕ ਦਿਨ ਜਦੋਂ ਉਹ ਰਾਜਾ ਸਵੇਰੇ ਆਪਣਾ ਨਾਸ਼ਤਾ ਕਰ ਰਿਹਾ ਸੀ, ਤਾਂ ਉਸਨੂੰ ਖਿੜਕੀ ਵਿਚੋਂ ਇੱਕ ਪੰਛੀ ਦੇ ਵਲੋਂ ਗਾਉਣ ਦੀ ਆਵਾਜ਼ ਆਈ। ਇਹ ਸੰਗੀਤਮਈ ਆਵਾਜ਼ ਉਸਨੂੰ ਬਹੁਤ ਪਿਆਰੀ ਲੱਗੀ। ਉਹ ਨਾਸ਼ਤਾ ਵਿਚਕਾਰ ਹੀ ਛੱਡ ਖਿੜਕੀ ਕੋਲ ਜਾ ਖੜ੍ਹਾ ਹੋਇਆ ਅਤੇ ਉਸ ਪੰਛੀ ਨੂੰ ਦੇਖਣਾ ਚਾਹਿਆ। ਉਸਨੇ ਦੇਖਿਆ ਕਿ ਇਹ ਸੰਗੀਤ ਮਈ ਆਵਾਜ਼ ਵਾਲਾ ਪੰਛੀ ਇਕ ਬਹੁਤ ਹੀ ਪਿਆਰੀ ਬੁੱਲਬੁੱਲ ਸੀ ਜੋ ਗਾ ਗਾ ਦੇ ਸਾਰੇ ਵਾਤਾਵਰਣ ਨੂੰ ਸੰਗੀਤ ਮਈ ਬਣਾ ਰਹੀ ਸੀ। ਇਸ ਤਰ੍ਹਾਂ, ਹਰ ਰੋਜ਼ ਹੀ ਰਾਜੇ ਦੇ ਨਾਸ਼ਤੇ ਦੇ ਸਮੇਂ ਉਹ ਬੁੱਲਬੁੱਲ ਉਸ ਰੁੱਖ ਤੇ ਆ ਬੈਠ ਜਾਂਦੀ ਅਤੇ ਰਾਜਾ ਵੀ ਆਪਣਾ ਨਾਸ਼ਤਾ ਛੱਡ ਉਸਨੂੰ ਕਾਫ਼ੀ-ਕਾਫ਼ੀ ਦੇਰ ਤੱਕ ਦੇਖਦਾ ਰਹਿੰਦਾ ਅਤੇ ਉਸਦੇ ਗਾਣੇ ਦਾ ਅਨੰਦ ਮਾਣਦਾ।
ਇੱਕ ਦਿਨ ਰਾਜੇ ਨੇ ਸੋਚਿਆ, ''ਕਿਉਂ ਨਾ ਮੈਂ ਇਸ ਪੰਛੀ ਨੂੰ ਫੜ ਪਿੰਜ਼ਰੇ ਵਿੱਚ ਪਾ ਆਪਣੇ ਮਹਿਲਾਂ ਵਿੱਚ ਹੀ ਰੱਖ ਲਵਾਂ, ਇਸ ਤਰ੍ਹਾਂ ਇਹ ਬੁੱਲਬੁੱਲ ਸਦਾ ਮੇਰੇ ਪਾਸ ਰਹੇਗੀ ਅਤੇ ਮੈਂ ਇਸ ਦੇ ਸੰਗੀਤ ਦਾ ਪੂਰਾ-ਪੂਰਾ ਅਨੰਦ ਲੈ ਸਕਾਂਗਾ। ਮੈਂ ਇਸ ਬੁੱਲਬੁੱਲ ਦੀ ਪੂਰੀ ਸੇਵਾ ਕਰਾਂਗਾ ਅਤੇ ਇਸ ਨੂੰ ਬੜਾ ਕੁਝ ਖਾਣ ਨੂੰ ਦਿਆਂਗਾ।''  ਇਹ ਸੋਚ ਰਾਜੇ ਨੈ ਆਪਣੇ ਸਿਪਾਹੀਆਂ ਨੂੰ ਆਖ ਇੱਕ ਜਾਲ ਲਗਵਾ ਕੇ ਉਸ ਪੰਛੀ ਨੂੰ ਫੜ ਪਿੰਜਰੇ ਵਿੱਚ ਬੰਦ ਕਰ ਦਿੱਤਾ। ਉਸ ਨੂੰ ਖਾਣ ਲਈ ਬਹੁਤ ਕੁਝ ਦਿੱਤਾ ਪਰ ਬੁੱਲਬੁੱਲ ਨਰਾਜ਼ ਨਜ਼ਰ ਆ ਰਹੀ ਸੀ।
ਦੂਜੀ ਸਵੇਰ ਜਦੋਂ ਰਾਜਾ ਨਾਸ਼ਤਾ ਕਰਨ ਲੱਗਿਆ ਤਾਂ ਫਿਰ ਬੁੱਲਬੁੱਲ ਨੇ ਗਾਣਾ ਸ਼ੁਰੂ ਕਰ ਦਿੱਤਾ ਪਰ ਉਸ ਦਿਨ ਉਹ ਸੰਗੀਤ ਮਈ ਗਾਉਣ ਦੀ ਬਜਾਏ, ਇੱਕ ਵਿਯੋਗ ਮਈ ਗੀਤ ਗਾਉਣ ਲੱਗੀ ਜਿਸਦਾ ਰਾਜੇ ਨੂੰ ਵੀ ਅਨੰਦ ਨਾ ਆਇਆ। ਕਈ ਦਿਨ ਇੰਝ ਹੀ ਹੁੰਦਾ ਰਿਹਾ ਤਾਂ ਰਾਜੇ ਨੂੰ ਰੂਹ ਦੀ ਖੁਰਾਕ ਸੰਗੀਤ ਨਾ ਮਿਲਣ ਕਾਰਣ, ਰਾਜਾ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗਾ।
ਆਖਿਰਕਾਰ ਬਹੁਤ ਦਿਨਾਂ ਬਾਅਦ ਰਾਜਾ ਬਿਮਾਰ ਹੋ ਬਿਸਤਰ ਪਰ ਪੈ ਗਿਆ। ਹੁਣ ਰਾਜੇ ਦੇ ਇਲਾਜ ਲਈ ਚੰਗੇ-ਚੰਗੇ ਡਾਕਟਰ, ਹਕੀਮ ਇਲਾਜ ਲਈ ਆਉਣ ਲੱਗੇ ਪਰ ਉਸਨੂੰ ਬਿਮਾਰੀ ਤੋਂ ਫਰਕ ਨਹੀਂ ਪੈ ਰਿਹਾ ਸੀ। ਰਾਜੇ ਦੇ ਇਲਾਜ ਲਈ ਸ਼ਹਿਰ-ਸ਼ਹਿਰ ਢਿੰਢੋਰਾ ਪਿਟਿਆ ਗਿਆ ਕਿ ਰਾਜੇ ਦਾ ਇਲਾਜ ਕਰਨ ਵਾਲੇ ਨੂੰ ਚੰਗਾ ਇਨਾਮ ਦਿੱਤਾ ਜਾਵੇਗਾ।
ਇਹ ਸੁਣ ਦੂਰ ਦੇ ਸ਼ਹਿਰ ਤੋਂ ਇਹ ਹਕੀਮ ਆਇਆ ਜਿਹੜਾ ਚੰਗਾ ਜੋਤਸ਼ੀ ਵੀ ਸੀ। ਜਦੋਂ ਉੁਹ ਰਾਜੇ ਨੂੰ ਮਿਲਿਆ ਤਾਂ ਸਮਝ ਗਿਆ ਕਿ ਰਾਜਾ ਮਾਨਸਿਕ ਰੋਗੀ ਬਣ
ਚੁੱਕਿਆ ਹੈ, ਤਾਂ ਉਸਨੇ ਆਪਣੀ ਦਵਾਈ ਦੇਂਦੇ ਹੋਏ ਰਾਜੇ ਨੂੰ ਕਿਹਾ, ''ਰਾਜਨ! ਤੁਸੀਂ ਇਹ ਦਵਾਈ ਤਾਂ ਲੈਣੀ ਹੀ ਹੈ ਪਰ ਤੁਸੀਂ ਇੱਕ ਪੰਛੀ ਤੇ ਜ਼ੁਲਮ ਕਰ ਰੱਖਿਆ ਹੈ, ਜਿਸਨੂੰ ਤੁਸੀਂ ਆਪਣੇ ਮਹਿਲਾਂ ਵਿੱਚ ਕੈਦ ਕਰ ਰੱਖਿਆ ਹੈ। ਪੰਛੀ ਦਾ ਟਿਕਾਣਾ ਮਹਿਲ ਨਹੀਂ, ਖੁਲ੍ਹਾ ਆਸਮਾਨ ਅਤੇ ਜੰਗਲ-ਬੇਲੇ ਹਨ। ਇਸ ਲਈ ਤੁਸੀਂ ਉਸਨੂੰ ਤੁਰੰਤ ਆਜ਼ਾਦ ਕਰ ਦੇਵੋ ਅਤੇ ਤੁਸੀਂ ਠੀਕ ਹੋ ਜਾਵੋਗੇ।'' ਰਾਜੇ ਨੇ ਵੀ ਹਕੀਮ ਦੀ ਗੱਲ ਮੰਨ ਬੁੱਲਬੁੱਲ ਨੂੰ ਤੁਰੰਤ ਆਜ਼ਾਦ ਕਰਨ ਦਾ ਹੁਕਮ ਦੇ ਦਿੱਤਾ। ਹੁਣ ਬੁੱਲਬੁੱਲ ਵੀ ਬਹੁਤ
ਖੁਸ਼ ਹੋਈ ਅਤੇ ਗਾਉਂਦੀ ਹੋਈ ਆਪਣੇ ਬੱਚਿਆਂ ਨੂੰ ਜਾ ਮਿਲੀ।
ਉਸ ਦਿਨ ਤੋਂ ਦੂਜੀ ਸਵੇਰ, ਬੁੱਲਬੁਲ ਫਿਰ ਨਾਸ਼ਤੇ ਦੇ ਸਮੇਂ ਰਾਜੇ ਦੇ ਕਮਰੇ ਦੀ ਖਿੜਕੀ ਸਾਹਮਣੇ ਉਸੇ ਰੁੱਖ ਤੇ ਬੈਠ ਫਿਰ ਸੰਗੀਤ ਮਈ ਆਵਾਜ਼ ਵਿੱਚ ਗਾਉਣ ਲੱਗੀ। ਰਾਜੇ ਨੇ ਸੰਗੀਤ ਮਈ ਧੁੰਨ ਸੁਣ ਕੁਝ ਆਰਾਮ ਮਹਿਸੂਸ ਕੀਤਾ ਅਤੇ ਦਿਨਾਂ ਵਿੱਚ ਹੀ ਇਹ ਸਿਲਸਿਲਾ ਚੱਲਣ ਕਰਕੇ, ਰਾਜੇ ਨੂੰ ਦਿਨ ਪ੍ਰਤੀ ਦਿਨ ਅਰਾਮ ਆਉਣ ਲੱਗਿਆ।
ਉੱਧਰ ਬੁੱਲਬੁੱਲ ਨੇ ਵੀ ਆਜ਼ਾਦੀ ਨਾਲ ਗਾਉਣਾ ਜਾਰੀ ਰੱਖਿਆ ਅਤੇ ਹੁਣ ਰਾਜਾ ਵੀ ਉਠ ਖਿੜਕੀ ਤੱਕ ਪਹੁੰਚ ਉਸ ਨੂੰ ਖੁਸ਼ੀ-ਖੁਸ਼ੀ ਦੇਖਣ ਲੱਗਾ, ਤਾਂ ਥੋੜ੍ਹੇ ਦਿਨਾਂ ਵਿੱਚ ਹੀ ਰਾਜਾ ਬਿਲਕੁਲ ਠੀਕ ਹੋ ਗਿਆ। ਉਸਨੇ ਉਸ ਹਕੀਮ ਨੂੰ ਬੁਲਾ ਕੇ ਚੰਗਾ ਇਨਾਮ ਦਿੱਤਾ ਅਤੇ ਕਿਹਾ, ''ਤੇਰੀ ਸਲਾਹ ਨੇ ਮੇਰੇ ਮਨ ਵਿੱਚ ਨਵੀਂ ਸੋਚ ਪੈਦਾ ਕੀਤੀ ਹੈ ਕਿ ਮਨੁੱਖ ਨੂੰ ਪੰਛੀਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਆਜ਼ਾਦ ਕਰ ਕੁਦਰਤ ਦੀ ਗੋਦ ਵਿੱਚ ਅਠਖੇਲੀਆਂ ਕਰਦਿਆਂ ਨੂੰ ਦੇਖ ਖੁਸ਼ ਹੋਣਾ ਚਾਹੀਦਾ ਹੈ।'' ਹਕੀਮ ਨੇ ਇਨਾਮ ਲਈ ਰਾਜੇ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਰਾਜੇ ਨੂੰ ਉਸਦੇ ਰਾਜ ਵਿੱਚ ਖਾਸ ਪੰਛੀ ਰੱਖਾਂ ਬਣਾਉਣ ਲਈ ਬੇਨਤੀ ਕੀਤੀ। ਕੁਝ ਹੀ ਮਹੀਨਿਆਂ ਵਿੱਚ ਰਾਜੇ ਦੇ ਪੂਰੇ ਰਾਜ ਵਿੱਚ ਵਿਸ਼ੇਸ਼ ਪੰਛੀ ਰੱਖਾਂ ਬਣਾਈਆਂ ਗਈਆਂ ਜਿਨ੍ਹਾਂ ਦੀ ਦੇਖਭਾਲ ਲਈ ਹਜ਼ਾਰਾਂ ਪੰਛੀ ਪ੍ਰੇਮੀਆਂ ਨੂੰ ਰੁਜ਼ਗਾਰ ਦਿੱਤਾ ਗਿਆ।

ਬਹਾਦਰ ਸਿੰਘ ਗੋਸਲ,
ਮਕਾਨ ਨੰਬਰ 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223


Aarti dhillon

Content Editor

Related News