ਮੱਝ ਮੇਰੇ ਦੇਸ਼ ਦੀ
Monday, Aug 06, 2018 - 10:44 AM (IST)

ਵੋਟਾਂ-ਰੂਪੀ ਕੁੰਡ ਨਾਲ ਇਸਨੂੰ, ਲੋਕੀ ਬਹੁਤਾ ਜੇ ਦੇਣ ਰਜਾ,
ਮੱਝ ਮੇਰੇ ਇਸ ਦੇਸ਼ ਦੀ ਆਪੇ, ਵੜਦੀ ਵਿਚ ਚਟਾਲੇ ਜਾ।
ਵੱਡੀ ਖੁਰਲੀ ਹੱਥ ਆ ਜਾਂਦੀ, ਮੱਲੋ-ਮੱਲੀ ਏ ਸਿੰਗ ਅੜਾਂਦੀ,
ਖੌਰੂ ਪਾਉਂਦੀ ਥੱਕਦੀ ਨਾਹੀਂ, ਮੈਂਅ-ਮੈਂਅ ਵਾਲੇ ਗੀਤ ਏ ਗਾਂਦੀ,
ਮਸਤੀ ਚੜ ਜਾਂਦੀ ਏ ਇਸਨੂੰ, ਤੂੜੀ ਬਹੁਤੀ ਜੇ ਦੇਈਏ ਪਾ।
ਵੋਟਾਂ-ਰੂਪੀ ਕੁੰਡ ਨਾਲ ਇਸਨੂੰ,......................।
ਚਮੜੀ ਇਹਦੀ ਚਿੱਟੀ-ਕਾਲੀ, ਐਵੇਂ ਈ ਅਰਿੰਗੇ ਬਾਹਲੀ,
ਪੱਠੇ ਖਾਦੀ ਮੂੰਹ ਹਲਾਉਂਦੀ, ਝੱਗ ਸੁੱਟਦੀ ਕਰੇ ਉਗਾਲੀ,
ਰਾਜਨੀਤੀ ਦੀ ਮੱਝ ਏ ਲੋਕੋ, ਲੈਂਦੀ ਆਪਣਾ ਰੰਗ ਵਟਾ।
ਵੋਟਾਂ-ਰੂਪੀ ਕੁੰਡ ਨਾਲ ਇਸਨੂੰ......................।
ਸੰਗਲ ਇਹਦਾ ਖੁੱਲ ਜਾਂਦਾ ਏ, ਆਸਾ-ਪਾਸਾ ਭੁੱਲ ਜਾਂਦਾ ਏ,
ਵੋਟਰਾਂ ਤਾਂਈਂ ਦੁਲੱਤੀ ਮਾਰੇ, ਇਸ ਦਾ ਝਾਕਾ ਖੁੱਲ ਜਾਂਦਾ ਏ,
ਮਦਮਸਤ ਹੋ ਖਰੂਦ ਹੈ ਕਰਦੀ, ਚੌਧਰ ਦੀ ਜਦ ਲਵੇ ਚੜਾ।
ਵੋਟਾਂ-ਰੂਪੀ ਕੁੰਡ ਨਾਲ ਇਸਨੂੰ,......................।
ਪਰਸ਼ੋਤਮ ਦੇ ਸਿੰਗ ਇਹ ਮਾਰੇ, ਭਾਵੇਂ ਇਸਨੂੰ ਲੂਣ ਵੀ ਚਾੜੇ,
ਡੰਡਾ ਫੜ ਕੇ ਸਰੋਏ ਪੁੱਛਦਾ, ਉਸ ਨੇ ਕੀ ਤੇਰੇ ਖੇਤ ਉਜਾੜੇ,
ਪੈਣੈਂ ਤੈਨੂੰ ਸੰਗਲ ਪਾਉਣਾ, ਨਾਕੂ ਦੇਣਾ ਤੇਰੇ ਨੱਕ ਵਿਚ ਪਾ।
ਵੋਟਾਂ-ਰੂਪੀ ਕੁੰਡ ਨਾਲ ਇਸਨੂੰ......................।
ਇਸਨੂੰ ਕੁੰਡ ਜਿਸਨੇ ਪਾਈ, ਉਸਦੀ ਕੀਤੀ ਕਿਉਂ ਭੁਲਾਈ,
ਧਾਲੀਵਾਲੀਆ ਏਸ ਮੱਝ ਨੇ, ਮਾਨਵਤਾ ਭੁੱਬੀਂ ਰੁਲਾਈ,
ਆਪਣੀ ਸਮਝ ਕੇ ਸੇਵਾ ਕੀਤੀ, ਇਸਨੇ ਸੰਗਲ ਲਿਆ ਤੜਾ।
ਵੋਟਾਂ-ਰੂਪੀ ਕੁੰਡ ਨਾਲ ਇਸਨੂੰ,......................।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348