ਚੰਗੇ ਅਫ਼ਸਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਹੋਣਾ ਬਹੁਤ ਜ਼ਰੂਰੀ-ਏ.ਐੱਸ. ਰਾਏ

Thursday, Jun 21, 2018 - 02:32 PM (IST)

ਚੰਗੇ ਅਫ਼ਸਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਹੋਣਾ ਬਹੁਤ ਜ਼ਰੂਰੀ-ਏ.ਐੱਸ. ਰਾਏ

''ਚੰਗੇ ਅਫ਼ਸਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ'' ਇਹ ਗੱਲ ਸ੍ਰੀ ਏ.ਐੱਸ. ਰਾਏ ਆਈ.ਪੀ.ਐੱਸ. ਆਈ.ਜੀ. ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐੱਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਆਈ.ਏ.ਐੱਸ./ਪੀ.ਸੀ.ਐੱਸ. ਦੀ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖੀ। ਸ੍ਰੀ ਏ.ਐੱਸ. ਰਾਏ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਵਕਤ ਖ਼ਰਾਬ ਕਰਨ ਦੀ ਬਜਾਏ ਕਿਤਾਬਾਂ ਨੂੰ ਆਪਣਾ ਦੋਸਤ ਬਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਦੋ-ਤਿੰਨ ਅਖ਼ਬਾਰ ਅਤੇ ਰਸਾਲੇ ਜ਼ਰੂਰ ਪੜ੍ਹ•ਨੇ ਚਾਹੀਦੇ ਹਨ ਇਸ ਨਾਲ ਵਿਦਿਆਰਥੀਆਂ ਨੂੰ ਚਲੰਤ ਮਾਮਲਿਆਂ ਬਾਰੇ ਸੰਪੂਰਨ ਜਾਣਕਾਰੀ ਮਿਲਦੀ ਰਹਿੰਦੀ ਹੈ। ਸ੍ਰੀ ਏ.ਐੱਸ. ਰਾਏ ਨੇ ਵਿਦਿਆਰਥੀਆਂ ਨੂੰ ਆਪਣੇ ਅਨੁਭਵ ਦੇ ਆਧਾਰ ਤੇ ਸਿਵਲ ਸਰਵਿਸ ਦੀ ਤਿਆਰੀ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਅਤੇ ਵਕਤ ਪ੍ਰਬੰਧਨ ਦੀ ਕਲਾ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦ੍ਰਿੜ ਇਰਾਦੇ, ਪ੍ਰਤੀਬੰਧਤਾ ਅਤੇ ਆਤਮ ਵਿਸ਼ਵਾਸ਼ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਡਾ: ਜੀ.ਐੱਸ. ਬੱਤਰਾ ਡੀਨ ਅਕਾਦਮਿਕ ਮਾਮਲੇ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ: ਬੱਤਰਾ ਨੇ ਸੰਖੇਪ ਵਿਚ ਵਿਭਾਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਭਾਗ ਵਿਖੇ ਵੱਖ-ਵੱਖ ਪ੍ਰਤੀਯੋਗਤਾ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਖ-ਵੱਖ ਕੋਰਸ ਚਲਾਏ ਜਾਂਦੇ ਹਨ। ਇਸ ਵਿਭਾਗ ਤੋਂ ਤਿਆਰੀ ਕਰਨ ਉਪਰੰਤ ਬਹੁਤ ਸਾਰੇ ਵਿਦਿਆਰਥੀ ਸਿਵਿਲ ਸਰਵਿਸ, ਜੂਡੀਸ਼ੀਅਲ ਸਰਵਿਸ ਅਤੇ ਹੋਰ ਵੱਖ-ਵੱਖ ਤਰਾਂ ਦੀਆਂ ਸੇਵਾਵਾਂ ਲਈ ਚੁਣੇ ਗਏ ਹਨ। ਡਾ: ਬੱਤਰਾ ਨੇ ਕਿਹਾ ਕਿ ਅੱਜ ਵਿਦਿਆਰਥੀ ਸ੍ਰੀ ਏ.ਐੱਸ. ਰਾਏ ਪਾਸੋਂ ਸਾਂਝੇ ਕੀਤੇ ਗਏ ਤਜ਼ਰਬਿਆਂ ਦਾ ਲਾਭ ਉਠਾ ਕੇ ਭਵਿੱਖ ਵਿਚ ਸਫ਼ਲ ਹੋਣ ਲਈ ਮਿਹਨਤ ਕਰਨਗੇ।
ਆਪਣੇ ਸਵਾਗਤੀ ਭਾਸ਼ਣ ਵਿਚ ਵਿਭਾਗ ਦੇ ਡਾਇਰੈਕਟਰ ਡਾ: ਅਮਰ ਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਸਖ਼ਤ ਜ਼ਰੂਰਤ ਹੈ ਅਤੇ ਸਾਡੀ ਕੋਸ਼ਿਸ਼ ਇਸ ਘਾਟ ਨੂੰ ਪੂਰਾ ਕਰਨ ਦੀ ਹੈ। ਡਾ: ਅਮਰ ਇੰਦਰ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੇਰਨਾਤਮਕ ਲੈਕਚਰ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ, ਜਿਸ ਤੋਂ ਪ੍ਰੇਰਨਾ ਲੈ ਕਿ ਉਹ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਅਜਿਹੇ ਅਫ਼ਸਰ ਸਾਹਿਬਾਨਾਂ ਪਾਸੋਂ ਵਿਦਿਆਰਥੀਆਂ ਲਈ ਵਿਸ਼ੇਸ਼ ਲੈਕਚਰ ਕਰਵਾਉਂਦੇ ਰਹਿਣਗੇ। ਉਨ੍ਹਾਂ ਇੱਥੇ ਆਉਣ ਤੇ ਸ੍ਰੀ ਏ.ਐੱਸ. ਰਾਏ ਦਾ ਧੰਨਵਾਦ ਕੀਤਾ।  
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਪਰਜੀਤ ਕੌਰ, ਡਾ: ਰਵਨੀਤ ਕੌਰ, ਡਾ: ਰਸ਼ਮੀ, ਰਣਜੀਤ ਸਿੰਘ, ਸਤਵੰਤ ਕੌਰ, ਹਰਜੋਤ ਸਿੰਘ, ਮਨਪ੍ਰੀਤ ਕੌਰ ਆਦਿ ਹਾਜ਼ਰ ਰਹੇ। 
   


Related News