ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕੰਗ ''ਤੇ ਮਾਮਲਾ ਦਰਜ

01/30/2019 11:02:05 PM

ਖਰੜ,(ਅਮਰਦੀਪ, ਰਣਬੀਰ, ਸ਼ਸ਼ੀ)—ਸਿਟੀ ਪੁਲਸ ਨੇ ਇਕ ਪ੍ਰਾਈਵੇਟ ਕਾਲਜ ਦੀ ਬੱਸ ਦੇ ਡਰਾਈਵਰ ਨਾਲ ਕੁੱਟ-ਮਾਰ ਕਰਨ 'ਤੇ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਵੀਰ ਸਿੰਘ ਕੰਗ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਬਸਤਾ ਸਿੰਘ ਵਾਸੀ ਪਿੰਡ ਬੱਤਾ ਤਹਿਸੀਲ ਖਰੜ ਜ਼ਿਲਾ ਮੋਹਾਲੀ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਬੱਸ 'ਤੇ ਡਰਾਈਵਰੀ ਕਰਦਾ ਹੈ ਅਤੇ ਜਦੋਂ ਉਹ ਵਿਦਿਆਰਥੀਆਂ ਨੂੰ ਲੈ ਕੇ ਯੂਨੀਵਰਸਿਟੀ ਜਾ ਰਿਹਾ ਸੀ ਤਾਂ ਖਰੜ ਬੱਸ ਅੱਡੇ 'ਤੇ ਇਕ ਜੀਪ ਆ ਰਹੀ ਸੀ ਜਿਸ ਦਾ ਡਰਾਈਵਰ ਉਸ ਨੂੰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਜੀਪ ਨਾਲ ਬੱਸ ਟਕਰਾ ਗਈ। ਉਕਤ ਜੀਪ ਵਿਚ ਸਵਾਰ ਕਿਰਨਵੀਰ ਸਿੰਘ ਕੰਗ ਅਤੇ ਇਕ ਹੋਰ ਵਿਅਕਤੀ ਨੇ ਬੱਸ ਰੋਕ ਕੇ ਉਸ ਨੂੰ ਬਾਹਰ ਖਿੱਚ ਲਿਆ ਅਤੇ ਉਸ ਦੀ ਕੁੱਟ-ਮਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਨੇ ਡਰਾਈਵਰ ਦੇ ਬਿਆਨਾਂ ਦੇ ਆਧਾਰ 'ਤੇ ਕਿਰਨਵੀਰ ਸਿੰਘ ਕੰਗ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News