ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Saturday, May 23, 2020 - 05:28 PM (IST)

ਬੋਹਾ (ਬਾਂਸਲ) : ਕਰਫਿਊ ਅਤੇ ਲਾਕਡਾਊਨ ਕਾਰਨ ਆਰਥਿਕ ਤੰਗੀ ਕਾਰਨ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬਾਜ਼ਾਰ 'ਚ ਸੁਨਿਆਰੇ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਰਣਧੀਰ ਸਿੰਘ ਪਿਛਲੇ ਦੋ ਦਿਨਾਂ ਤੋਂ ਬਿਨ੍ਹਾਂ ਦੱਸੇ ਘਰੋਂ ਅਚਾਨਕ ਗਾਇਬ ਹੋ ਗਿਆ, ਜਿਸਦੀ ਕੁਝ ਦਿਨਾਂ ਬਾਅਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਔਢਾ ਦੇ ਨੇੜਿਓ ਭਾਖੜਾ ਨਹਿਰ 'ਚੋਂ ਲਾਸ਼ ਬਰਾਮਦ ਕੀਤੀ ਗਈ ਹੈ। ਆਰਥਿਕ ਤੰਗੀ ਕਾਰਨ ਉਕਤ ਨੌਜਵਾਨ ਦੁਕਾਨ ਦਾ ਕਿਰਾਇਆ ਨਾ ਦੇ ਸਕਿਆ ਸੀ। ਮਾਨਸਿਕ ਤਣਾਅ ਕਾਰਨ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਦੁਕਾਨ ਖਾਲੀ ਕਰਕੇ ਸਮਾਨ ਘਰ ਲੈ ਗਿਆ ਸੀ। ਮ੍ਰਿਤਕ ਦੇ ਵਾਰਸਾਂ ਅਨੁਸਾਰ ਮ੍ਰਿਤਕ ਰਣਧੀਰ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਿਆ ਸੀ। ਕਰਫਿਊ ਅਤੇ ਲਾਕਡਾਊਨ ਦੌਰਾਨ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਬੀਮਾਰੀ 'ਤੇ ਵੀ ਕਾਫੀ ਖਰਚ ਹੋਣ ਕਾਰਨ ਪਰਿਵਾਰ ਤੇ ਕਰਜ਼ਾ ਚੜ੍ਹ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ ਅਤੇ ਦੋ ਧੀਆਂ ਛੱਡ ਗਿਆ।
ਆਰਥਿਕ ਤੰਗੀ ਤੋਂ ਪਰੇਸ਼ਾਨ ਮਜ਼ਦੂਰ ਵੱਲੋਂ ਖੁਦਕੁਸ਼ੀ
ਸ਼ੇਰਪੁਰ (ਅਨੀਸ਼) : ਪਿੰਡ ਗੁਰਬਖਸਪੁਰਾ ਵਿਖੇ ਆਰਥਿਕ ਤੰਗੀ ਤੋਂ ਪਰੇਸ਼ਾਨ ਮਜ਼ਦੂਰ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਜਗਸੀਰ ਸਿੰਘ (30) ਸਾਲ ਪੁੱਤਰ ਬਲਵੀਰ ਸਿੰਘ ਆਰਥਿਕ ਤੰਗੀ ਕਾਰਣ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਏ. ਐੱਸ. ਆਈ. ਓਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਤਫਤੀਸ਼ 'ਚ ਲਿਆਂਦੀ ਜਾ ਰਹੀ ਹੈ ਅਤੇ ਮ੍ਰਿਤਕ ਜਗਸੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ 2 ਛੋਟੇ ਬੱਚੇ ਲੜਕਾ ਅਤੇ ਲੜਕੀ ਛੱਡ ਗਿਆ ਹੈ। ਪਿੰਡ 'ਚ ਸਰਪੰਚ ਦੇ ਪਤੀ ਹਾਕਮ ਸਿੰਘ ਪਟਵਾਰੀ ਅਤੇ ਸਾਬਕਾ ਪੰਚ ਅੱਛਰਾ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।