ਏਅਰਪੋਰਟ ਪਾਰਕਿੰਗ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਮੌਤ

09/20/2018 7:40:21 AM

ਮੋਹਾਲੀ, (ਕੁਲਦੀਪ)- ਬੀਤੇ ਦਿਨ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਅਚਾਨਕ ਬੇਕਾਬੂ ਹੋਈ ਬੀ. ਐੱਮ. ਡਬਲਿਊ. ਕਾਰ ਦੀ ਟੱਕਰ ਨਾਲ ਪਾਰਕਿੰਗ ਵਿਚ ਜ਼ਖ਼ਮੀ ਹੋਏ ਲੋਕਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂ ਨਰਿੰਦਰ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਖਰਡ਼ ਦੇ ਪਿੰਡ ਹਲਾਲਪੁਰ ਦਾ ਰਹਿਣ ਵਾਲਾ ਸੀ ਤੇ ਉਹ ਕੈਬ ਚਾਲਕ ਸੀ। ਉਹ ਏਅਰਪੋਰਟ ਦੀ ਪਾਰਕਿੰਗ ਵਿਚ ਆਪਣੀ ਕਾਰ ਖਡ਼੍ਹੀ ਕਰਦਾ ਸੀ। 
 ਜ਼ਿਕਰਯੋਗ ਹੈ ਕਿ ਮੰਗਲਵਾਰ  ਦੁਪਹਿਰ  ਸਮੇਂ ਏਅਰਪੋਰਟ ਦੀ ਪਾਰਕਿੰਗ ਵਿਚ ਬੇਕਾਬੂ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਨਰਿੰਦਰ ਸਿੰਘ ਨਿਵਾਸੀ ਪਿੰਡ ਹਲਾਲਪੁਰ (ਖਰਡ਼), ਅੰਮ੍ਰਿਤਪਾਲ ਸਿੰਘ ਨਿਵਾਸੀ ਸੈਕਟਰ-70 ਮੋਹਾਲੀ, ਬਲਵਿੰਦਰ ਸਿੰਘ ਨਿਵਾਸੀ ਪਿਤਾ ਜੀ ਧਾਮ ਕਾਲੋਨੀ (ਚੰਡੀਗਡ਼੍ਹ), ਗੁਰਵਿੰਦਰ ਸਿੰਘ ਨਿਵਾਸੀ ਸੈਕਟਰ-45ਬੀ (ਬੁਡ਼ੈਲ) ਚੰਡੀਗਡ਼੍ਹ ਅਤੇ ਕਾਰ ਚਾਲਕ ਰਾਜੀਵ ਗਰਗ ਜ਼ਖ਼ਮੀ ਹੋ ਗਏ ਸਨ। ਨਰਿੰਦਰ ਸਿੰਘ ਦੀ ਹਾਲਤ ਕਾਫੀ ਗੰਭੀਰ ਚੱਲ ਰਹੀ ਸੀ। 
 ਹਸਪਤਾਲ ਵਿਚ ਦੂਜੇ ਜ਼ਖ਼ਮੀ ਨੌਜਵਾਨ ਬਲਵਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ, ਜਦੋਂਕਿ ਅੰਮ੍ਰਿਤਪਾਲ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਕੈਬ ਚਾਲਕ ਨਰਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ਤੇ ਬੀ. ਐੱਮ. ਡਬਲਿਊ. ਕਾਰ ਚਾਲਕ ਰਾਜੀਵ ਗਰਗ  ਖਿਲਾਫ ਕੇਸ ਦਰਜ ਕਰ ਲਿਆ  ਹੈ। 


Related News