ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ

12/10/2019 11:17:12 PM

ਖਰੜ, (ਸ਼ਸ਼ੀ, ਰਣਬੀਰ, ਅਮਰਦੀਪ)— ਗੁਲਮੋਹਰ ਕੰਪਲੈਕਸ ਦੇਸੂਮਾਜਰਾ ਵਿਖੇ ਬਿਜਲੀ ਦਾ ਬਲਬ ਲਗਾਉਣ ਸਮੇਂ ਅਚਾਨਕ ਪੈਰ ਫਿਸਲ ਜਾਣ ਕਰਕੇ ਚੌਥੀ ਮੰਜ਼ਿਲ ਤੋਂ ਹੇਠਾਂ ਡਿਗਣ ਕਾਰਨ ਇਕ ਨੌਜਵਾਨ ਅਰਸ਼ ਸ਼ਰਮਾ ਵਾਸੀ ਪਟਿਆਲਾ ਦੀ ਮੌਤ ਹੋ ਗਈ, ਜਦੋਂਕਿ ਇਕ ਔਰਤ ਵਿੱਕੀ ਸੱਗੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਸਬੰਧੀ ਵਿੱਕੀ ਸੱਗੀ (46) ਵਾਸੀ 104/4 ਗੁਲਮੋਹਰ ਕੰਪਲੈਕਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਸ਼ ਸ਼ਰਮਾ ਉਸ ਕੋਲ 9 ਦਸੰਬਰ ਨੂੰ ਆਇਆ ਸੀ ਤੇ ਬਿਜਲੀ ਦਾ ਕੰਮ ਜਾਣਦਾ ਸੀ, ਰਾਤੀ ਉਸ ਦੀ ਰਸੋਈ ਦੇ ਬਾਹਰ ਗੈਲਰੀ 'ਚ ਬਿਜਲੀ ਦਾ ਬਲਬ ਅਚਾਨਕ ਬੰਦ ਹੋ ਗਿਆ।
ਉਹ ਬਲਬ ਨੂੰ ਠੀਕ ਕਰਨ ਲਈ ਗੈਲਰੀ ਦੇ ਉਪਰ ਚੜ੍ਹ ਗਿਆ ਪਰ ਬਲਬ ਦਾ ਇਕਦਮ ਪਟਾਕਾ ਪੈਣ ਕਾਰਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਹੇਠਾਂ ਡਿਗਣ ਲੱਗਿਆ ਕਿ ਵਿੱਕੀ ਸੱਗੀ ਨੇ ਉਸ ਦਾ ਹੱਥ ਫੜਿਆ ਪਰ ਉਸ ਦਾ ਸਰੀਰ ਭਾਰਾ ਹੋਣ ਕਾਰਨ ਉਹ ਦੋਵੇਂ ਹੇਠਾਂ ਡਿੱਗ ਗਏ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਫੇਜ਼-6 ਹਸਪਤਾਲ ਮੋਹਾਲੀ ਵਿਖੇ ਇਲਾਜ ਲਈ ਲਿਜਾਇਆ ਗਿਆ। ਅਰਸ਼ ਸ਼ਰਮਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਤੇ ਵਿੱਕੀ ਸੱਗੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਅਰਸ਼ ਸ਼ਰਮਾ ਦੀ ਪੀ. ਜੀ. ਆਈ. ਵਿਖੇ ਮੌਤ ਹੋ ਗਈ। ਖਰੜ ਸਦਰ ਪੁਲਸ ਨੇ ਇਸ ਸਬੰਧੀ ਸੀ. ਆਰ. ਪੀ. ਸੀ. ਦੀ ਧਾਰਾ 174 ਅਧੀਨ ਕਾਰਵਾਈ ਕਰ ਲਈ ਹੈ।


KamalJeet Singh

Content Editor

Related News